ਛੱਜੂ ਦਾ ਚੁਬਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੱਜੂ ਭਗਤ ਦਾ ਚੁਬਾਰਾ - ਅਨਾਰਕਲੀ ਰੋਡ, ਲਾਹੌਰ

ਪਿਛੋਕੜ ਅਤੇ ਜਾਣ ਪਹਿਚਾਣ[ਸੋਧੋ]

ਬਲਖ਼-ਬੁਖ਼ਾਰੇ ਤੋਂ ਵੀ ਵੱਧ ਸੁੱਖ ਤੇ ਸਕੂਨ ਦੇਣ ਵਾਲਾ ਛੱਜੂ ਦਾ ਚੌਬਾਰਾ ਨਾ ਤਾਂ ਕਾਲਪਨਿਕ ਹੈ ਅਤੇ ਨਾ ਹੀ ਇਹ ਸ਼ਬਦ ਮਹਿਜ਼ ਤੁਕਬੰਦੀ ਲਈ ਵਰਤਿਆ ਗਿਆ ਹੈ। ਅਸਲ ਵਿੱਚ ਛੱਜੂ ਦਾ ਚੌਬਾਰਾ, ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂਆਂ ਦਾ ਪ੍ਰਸਿੱਧ ਅਸਥਾਨ ਹੋਇਆ ਕਰਦਾ ਸੀ, ਅੱਜ ਵੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਮੌਜੂਦ ਹੈ। ਮੌਜੂਦਾ ਸਮੇਂ ਇਸ ਅਸਥਾਨ ‘ਤੇ ਲਾਹੌਰ ਦੇ ਮੈਓ ਹਸਪਤਾਲ ਨੇ ਆਪਣਾ ਕਬਜ਼ਾ ਕਰ ਰੱਖਿਆ ਹੈ, ਜਦੋਂਕਿ ਇਸ ਦਾ ਕਾਫ਼ੀ ਹਿੱਸਾ ਬੇਗ਼ਮ ਸ਼ਮਸ ਸ਼ਹਾਬੁਉੱਦੀਨ ਕਾਨਵਲੈਸੱਅੰਟ ਹੋਮ ਦੇ ਕਬਜ਼ੇ ਅਧੀਨ ਹੈ। ਛੱਜੂ ਭਾਟੀਆ (ਖੱਤਰੀ) ਲਾਹੌਰ ਦਾ ਨਿਵਾਸੀ ਸੀ ਅਤੇ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਦੇ ਸਮੇਂ ਲਾਹੌਰ ਵਿੱਚ ਹੀ ਸੁਨਿਆਰੇ ਦਾ ਕਾਰੋਬਾਰ ਕਰਦਾ ਸੀ। ਹਰ ਸਮੇਂ ਪ੍ਰਭੂ ਭਗਤੀ ਅਤੇ ਸਾਧੂ, ਫ਼ਕੀਰਾਂ ਅਤੇ ਯਾਤਰੂਆਂ ਦੀ ਸੇਵਾ ਵਿੱਚ ਰੁੱਝਿਆ ਰਹਿਣ ਕਰਕੇ ਉਹ ਛੱਜੂ ਭਾਟੀਆ ਦੀ ਬਜਾਏ ਛੱਜੂ ਭਗਤ ਦੇ ਨਾਂਅ ਤੋਂ ਜਾਣਿਆ ਜਾਣ ਲੱਗਾ। ਭਾਈ ਕਾਹਨ ਸਿੰਘ ਨਾਭਾਮਹਾਨ ਕੋਸ਼’ ਦੇ ਸਫ਼ਾ 485 ਅਨੁਸਾਰ ਛੱਜੂ ਭਗਤ ਦਾ ਚੌਬਾਰਾ ਲਾਹੌਰ ਦੀ ਪੁਰਾਣੀ ਅਨਾਰਕਲੀ ਵਿੱਚ ਮੈਓ ਹਸਪਤਾਲ ਦੇ ਨਾਲ ਹੀ ਰਤਨ ਚੰਦ ਦੀ ਸਰਾਂ ਦੇ ਦੱਖਣ ਵੱਲ ਹੈ। ਛੱਜੂ ਭਗਤ ਦੇ ਫ਼ਿਰਕੇ ਨੂੰ ਲੋਕ ਛੱਜੂ ਪੰਥੀ ਅਤੇ ਦਾਦੂ ਪੰਥੀ ਕਹਿ ਕੇ ਸੰਬੋਧਨ ਕਰਦੇ ਹਨ। ਇਸ ਫਿਰਕੇ ਦਾ ਮੁੱਖ ਅਸਥਾਨ ਮਿੰਟਗੁਮਰੀ (ਹੁਣ ਸਾਹੀਵਾਲ) ਦੀ ਤਹਿਸੀਲ ਮਲਕਾ-ਹਾਂਸ ਵਿੱਚ ਹੈ। ਛੱਜੂ ਭਗਤ ਦੇ ਫ਼ਿਰਕੇ ਦੇ ਨਿਯਮ ਹਿੰਦੂਆਂ ਅਤੇ ਮੁਸਲਮਾਨ ਧਰਮ ਦੇ ਮਿਲਵੇਂ ਹਨ। ਇਸ ਫ਼ਿਰਕੇ ਦੇ ਲੋਕ ਨਾ ਕੋਈ ਨਸ਼ਾ ਵਰਤਦੇ ਅਤੇ ਨਾ ਹੀ ਮਾਸ ਖਾਂਦੇ ਹਨ। ਛੱਜੂ ਭਗਤ ਦੇ ਬਾਰੇ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਇਨ੍ਹਾਂ ਨੇ ਹੀ ਪਹਿਲੀ ਵਾਰ ਸੂਫ਼ੀ ਕਵੀ ਲਾਲ ਹੁਸੈਨ ਨੂੰ ਸ਼ਾਹ ਹੁਸੈਨ ਕਹਿ ਕੇ ਸੰਬੋਧਨ ਕੀਤਾ ਸੀ। ਸਿੱਖ ਵਿਦਵਾਨਾਂ ਅਨੁਸਾਰ ਛੱਜੂ ਭਗਤ ਨੇ ਲਾਹੌਰ ਵਿੱਚ ਹੀ ਪਹਿਲੀ ਵਾਰ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਕੀਤੇ। ਸਯਦ ਮੁਹੰਮਦ ਲਤੀਫ਼ (ਸੰਨ 1892) ਨੇ ਪੁਸਤਕ ‘ਲਾਹੌਰ’ ਦੇ ਸਫ਼ਾ 207 ‘ਤੇ ਛੱਜੂ ਭਗਤ ਦੇ ਸਬੰਧ ਵਿੱਚ ਲਿਖਿਆ ਹੈ-‘ਰੱਬੀ ਸੁਭਾਅ ਹੋਣ ਕਰਕੇ ਛੱਜੂ ਭਗਤ ਲਈ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਦੇ ਦਿਲ ਵਿੱਚ ਵਿਸ਼ੇਸ਼ ਇੱਜ਼ਤ ਰਹੀ। ਹਿੰਦੂ-ਮੁਸਲਮਾਨ ਕਿਸੇ ਅਵਤਾਰ ਵਾਂਗ ਉਸ ਦੀ ਪੂਜਾ ਕਰਦੇ ਸਨ। ਸੰਨ 1640 ਵਿੱਚ ਆਪਣੇ ਅੰਤ ਸਮੇਂ ਛੱਜੂ ਭਗਤ ਆਪਣੇ ਕਮਰੇ ਵਿੱਚ ਗਿਆ ਅਤੇ ਕਾਫੀ ਸਮੇਂ ਤੱਕ ਬਾਹਰ ਨਾ ਆਇਆ। ਉਸ ਦੇ ਸ਼ਰਧਾਲੂਆਂ ਨੇ ਜਦੋਂ ਕਮਰਾ ਖੋਲ੍ਹਿਆ ਤਾਂ ਉਹ ਉਥੋਂ ਅਲੋਪ ਹੋ ਚੁੱਕਾ ਸੀ, ਜਿਸ ਤੋਂ ਬਾਅਦ ਉਹਨਾਂ ਉਸੇ ਕਮਰੇ ਵਿੱਚ ਇੱਕ ਸਫੈਦ ਸੰਗਮਰਮਰ ਦਾ ਥੜ੍ਹਾ ਤਿਆਰ ਕਰਕੇ ਉਸ ਉੱਪਰ ਛੱਜੂ ਭਗਤ ਦੀ ਸਮਾਧ ਬਣਾ ਦਿੱਤੀ। ਛੱਜੂ ਭਗਤ ਦੇ ਚੌਬਾਰੇ ‘ਚ ਠਹਿਰਨ ਵਾਲੇ ਸਾਧੂਆਂ, ਫ਼ਕੀਰਾਂ ਅਤੇ ਰਾਹਗੀਰਾਂ ਨੂੰ ਮੁਫ਼ਤ ਭੋਜਨ, ਫਲ ਅਤੇ ਪਹਿਨਣ ਲਈ ਕੱਪੜੇ ਦਿੱਤੇ ਜਾਂਦੇ ਸਨ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਾਨ ‘ਤੇ ਕੁਝ ਸ਼ਾਹੀ ਹਕੀਮ ਵੀ ਰੱਖੇ ਹੋਏ ਸਨ, ਜੋ ਸਭ ਦਾ ਮੁਫ਼ਤ ਇਲਾਜ ਕਰਦੇ ਸਨ। ਸੰਭਵ ਹੈ ਉਸੇ ਦੌਰਾਨ ਇਥੋਂ ਇਸ ਪ੍ਰਕਾਰ ਦੀਆਂ ਮਿਲਣ ਵਾਲੀਆਂ ਸੇਵਾਵਾਂ ਅਤੇ ਇਸ ਦੇ ਆਸ-ਪਾਸ ਦੇ ਸ਼ਾਂਤ ਅਤੇ ਖ਼ੁਸ਼ਗ਼ਵਾਰ ਵਾਤਾਵਰਨ ਕਰਕੇ ਇਸ ਸਥਾਨ ਨਾਲ ਸਬੰਧਤ ਇਹ ਅਖਾਣ ‘ਜੋ ਸੁੱਖ ਛੱਜੂ ਦੇ ਚੌਬਾਰੇ, ਨਾ ਬਲਖ਼ ਨਾ ਬੁਖ਼ਾਰੇ’ ਮਸ਼ਹੂਰ ਹੋ ਗਿਆ ਹੋਵੇਗਾ।

ਅਸਲ ਵਾਕਿਆ ਸਥਿਤੀ[ਸੋਧੋ]

ਛੱਜੂ ਦਾ ਚੁਬਾਰਾ (Chhajju Da Chubara) ਲਹੌਰ ਵਿਖੇ ਸਥਿਤ ਇਹ ਉਹ ਇਤਿਹਾਸਕ 'ਛੱਜੂ ਦਾ ਚੁਬਾਰਾ' ਹੈ[1] ਜਿਸ ਨੇ ਕਹਾਵਤ ਜੋ ਸੁਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ[2] ਨੂੰ ਜਨਮ ਦਿੱਤਾ ਸੀ।

ਛੱਜੂ ਦਾ ਚੁਬਾਰਾ ਮੇਓ ਹਸਪਤਾਲ ਦੇ ਨੇੜੇ, ਰਤਨ ਚੰਦ ਦੀ ਸਰਾਏ ਦੇ ਦੱਖਣ ਵੱਲ ਅਨਾਰਕਲੀ ਰੋਡ ਲਾਹੌਰ ਤੇ ਸਥਿਤ ਹੈ।[3][4] ਇਹ ਸੰਪਤੀ ਪੇਸ਼ੇ ਤੋਂ ਸੁਨਿਆਰੇ ਭਗਤ ਛੱਜੂ ਭਾਟੀਆ ਨਾਲ ਸਬੰਧਤ ਹੈ ਅਤੇ ਭਾਰਤ ਪਾਕਿ ਵੰਡ ਦੇ ਬਾਅਦ ਪਾਕਿਸਤਾਨ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਔਕਾਫ) ਦੇ ਕੰਟਰੋਲ ਤਹਿਤ ਵਿਰਾਸਤੀ ਜਗ੍ਹਾ ਹੈ।[5]

ਹਵਾਲੇ[ਸੋਧੋ]

  1. http://look-way.com/files/resized/374494/402;260;a08a82be3c8c80f53dfa27aabafb3c04ed744090.jpg[permanent dead link]
  2. https://www.youtube.com/watch?v=TJ0eA0WYrm4
  3. http://searchgurbani.com/index.php/mahan_kosh/view/29450
  4. "ਪੁਰਾਲੇਖ ਕੀਤੀ ਕਾਪੀ". Archived from the original on 2013-02-26. Retrieved 2015-01-30. {{cite web}}: Unknown parameter |dead-url= ignored (help)
  5. http://timesofindia.indiatimes.com/india/Existence-of-historical-Chajju-da-Chaubara-in-Lahore-in-danger/articleshow/15394350.cms