ਸਮੱਗਰੀ 'ਤੇ ਜਾਓ

ਜਗਮੋਹਣ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਮੋਹਣ ਕੌਰ
ਜਗਮੋਹਣ ਕੌਰ
ਜਨਮ ਦਾ ਨਾਮਜਗਮੋਹਣ ਕੌਰ
ਉਰਫ਼ਮਾਈ ਮੋਹਣੋ
ਜਨਮ(1948-10-15)15 ਅਕਤੂਬਰ 1948
ਪਠਾਨਕੋਟ, ਪੰਜਾਬ
ਮੌਤ6 ਦਸੰਬਰ 1997(1997-12-06) (ਉਮਰ 49)
ਵੰਨਗੀ(ਆਂ)ਲੋਕ-ਗੀਤ, ਦੋਗਾਣੇ, ਹਾਸਰਸ
ਕਿੱਤਾਗਾਇਕਾ

ਜਗਮੋਹਣ ਕੌਰ (15 ਅਕਤੂਬਰ 1948–6 ਦਿਸੰਬਰ 1997) ਇੱਕ ਉੱਘੀ ਪੰਜਾਬੀ ਗਾਇਕਾ[1] ਅਤੇ ਗੀਤਕਾਰਾ ਸੀ। ਉਹ ਆਪਣੇ ਗੀਤਾਂ ਬਾਪੂ ਵੇ ਅੱਡ ਹੁੰਨੀ ਐਂ, ਘੜਾ ਵੱਜਦਾ, ਘੜੋਲੀ ਵੱਜਦੀ ਆਦਿ ਲਈ ਜਾਣੀ ਜਾਂਦੀ ਹੈ। ਉਸਨੇ ਜੀਵਨ ਸਾਥੀ ਕੇ ਦੀਪ ਨਾਲ਼ ਦੋਗਾਣੇ ਵੀ ਗਾਏ ਅਤੇ ਇਹ ਜੋੜੀ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਹੈ ਅਤੇ ਇਹਨਾਂ ਦਾ ਗਾਇਆ ਗੀਤ ਪੂਦਣਾ ਇਹਨਾਂ ਦੇ ਜ਼ਿਕਰਯੋਗ ਗੀਤਾਂ ਵਿੱਚ ਸ਼ਾਮਲ ਹੈ। ਪੰਜਾਬੀ ਫ਼ਿਲਮ ਦਾਜ ਵਿੱਚ ਉਸਨੇ ਅਦਾਕਾਰੀ ਵੀ ਕੀਤੀ ਅਤੇ ਕਈ ਹੋਰਨਾਂ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕਾ ਵਜੋਂ ਗਾਇਆ।

ਮੁੱਢਲਾ ਜੀਵਨ

[ਸੋਧੋ]

ਜਗਮੋਹਣ ਕੌਰ ਦਾ ਜਨਮ 15 ਅਕਤੂਬਰ 1948 ਨੂੰ ਪਿਤਾ ਸ. ਗੁਰਬਚਨ ਸਿੰਘ ਕੰਗ ਅਤੇ ਮਾਂ ਪ੍ਰਕਾਸ਼ ਕੌਰ ਦੇ ਘਰ ਪਠਾਨਕੋਟ ਵਿੱਚ ਹੋਇਆ।[1] ਉਸ ਦਾ ਬਚਪਨ ਆਪਣੇ ਜੱਦੀ ਪਿੰਡ ਬੂੜਮਾਜਰਾ, ਜ਼ਿਲਾ ਰੋਪੜ ਵਿੱਚ ਬੀਤਿਆ ਅਤੇ ਇੱਥੋਂ ਹੀ ਉਸਨੇ ਮੁੱਢਲੀ ਸਿੱਖਿਆ ਹਾਸਲ ਕੀਤੀ। ਖ਼ਾਲਸਾ ਹਾਈ ਸਕੂਲ ਵਿੱਚ ਉਸਨੇ ਛੇਵੀਂ ਜਮਾਤ ਵਿੱਚ ਦਾਖ਼ਲਾ ਲਿਆ ਅਤੇ ਸਕੂਲ ਦੀ ਸਭਾ ਵਿੱਚ ਉਹ ਅਕਸਰ ਗਾਇਆ ਕਰਦੀ ਸੀ। ਦਸਵੀਂ ਤੋਂ ਬਾਅਦ ਉਹ ਆਰੀਆ ਟ੍ਰੇਨਿੰਗ ਸਕੂਲ, ਖਰੜ ਤੋਂ ਜੇ.ਬੀ.ਟੀ. ਕਰ ਕੇ ਅਧਿਆਪਿਕਾ ਬਣ ਗਈ ਪਰ ਗਾਇਕੀ ਵੱਲ ਝੁਕਾਅ ਹੋਣ ਕਰ ਕੇ ਉਸਨੇ ਨੌਕਰੀ ਛੱਡ ਦਿੱਤੀ ਅਤੇ ਕੰਵਰ ਮਹਿੰਦਰ ਸਿੰਘ ਬੇਦੀ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ।

ਕੱਲਕੱਤੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਦੀ ਮੁਲਾਕਾਤ ਗਾਇਕ ਕੇ. ਦੀਪ ਨਾਲ਼ ਹੋਈ। ਇਹਨਾਂ ਨੇ ਰਲ਼ ਕੇ ਆਪਣਾ ਗਰੁੱਪ ਬਣਾ ਲਿਆ ਅਤੇ ਬਾਅਦ ਵਿੱਚ ਇਹਨਾਂ ਅੰਤਰਜਾਤੀ ਵਿਆਹ ਕਰਵਾ ਲਿਆ।[1]

ਗਾਇਕੀ

[ਸੋਧੋ]

ਬੇਦੀ ਤੋਂ ਬਾਕਾਇਦਾ ਸੰਗੀਤਕ ਸਿੱਖਿਆ ਹਾਸਲ ਕਰਨ ਤੋਂ ਬਾਅਦ ਕੌਰ ਹੌਲ਼ੀ-ਹੌਲ਼ੀ ਨੌਕਰੀ ਛੱਡ ਪੂਰੀ ਤਰ੍ਹਾਂ ਗਾਇਕੀ ਵੱਲ ਹੋ ਗਈ। ਇਸੇ ਦੌਰਾਨ ਉਸ ਦੀ ਮੁਲਾਕਾਤ ਕੇ. ਦੀਪ ਨਾਲ਼ ਹੋਈ ਅਤੇ ਆਪਣਾ ਗਰੁੱਪ ਬਣਾ ਕੇ ਇਹ ਇਕੱਠੇ ਗਾਉਣ ਲੱਗੇ। ਬਾਅਦ ਵਿੱਚ ਇਹਨਾਂ ਨੇ ਵਿਆਹ ਵੀ ਕਰਵਾ ਲਿਆ। ਅੰਤਰਜਾਤੀ ਵਿਆਹ ਹੋਣ ਕਰ ਕੇ ਸ਼ੁਰੂ ਵਿੱਚ ਕੌਰ ਦੇ ਮਾਪੇ ਵਿਆਹ ਬਾਰੇ ਨਰਾਜ਼ ਵੀ ਹੋਏ ਪਰ ਬਾਅਦ ਵਿੱਚ ਸਭ ਠੀਕ ਹੋ ਗਿਆ।

ਕੌਰ ਨੇ ਸੋਲੋ, ਦੋਗਾਣੇ ਅਤੇ ਹਾਸਰਸ ਗੀਤ ਗਾਏ। 1972 ਵਿੱਚ ਉਸਨੇ ਰੇਡੀਓ ਤੋਂ ਗਾਉਣਾ ਸ਼ੁਰੂ ਕੀਤਾ ਅਤੇ ਫਿਰ ਜਲੰਧਰ ਟੀ.ਵੀ. ਦੇ ਉਦਘਾਟਨ ਮੌਕੇ ਨੱਚਾਂ ਮੈਂ ਲੁਧਿਆਣੇ, ਮੇਰੀ ਧਮਕ ਜਲੰਧਰ ਪੈਂਦੀ ਗਾਇਆ। ਲੋਕ-ਗੀਤਾਂ ਵਿੱਚ ਉਸਨੇ ਬੋਲੀਆਂ, ਟੱਪੇ, ਆਦਿ ਤੋਂ ਬਿਨਾਂ ਪ੍ਰੀਤ ਕਥਾਵਾਂ ਜਿਵੇਂ ਮਿਰਜ਼ਾ, ਹੀਰ ਆਦਿ ਗੀਤ ਗਾਏ।

ਕੇ. ਦੀਪ ਨਾਲ਼ ਗਾਇਆ ਪੂਦਣਾ ਅੱਜ ਵੀ ਮਕਬੂਲ ਹੈ। ਹਾਸਰਸ ਪਾਤਰ ਮਾਈ ਮੋਹਣੋ ਅਤੇ ਪੋਸਤੀ ਇਹਨਾਂ ਨੇ ਆਪ ਘੜੇ ਅਤੇ ਰਿਕਾਰਡ ਕੀਤੇ। ਇਹ ਜੋੜੀ ਰਿਕਾਰਡਾਂ ਵਿੱਚ ਹਾਸਰਸ ਰਿਕਾਡਿੰਗ ਕਰਾਉਣ ਵਾਲ਼ੀ ਪੰਜਾਬ ਦੀ ਪਹਿਲੀ ਜੋੜੀ ਸੀ[1] ਅਤੇ ਇਹਨਾਂ ਨੇ ਪੋਸਤੀ ਲੰਡਨ ’ਚ, ਪੋਸਤੀ ਕੈਨੇਡਾ ਵਿੱਚ, ਪੋਸਤੀ ਇੰਗਲੈਂਡ ਵਿੱਚ ਅਤੇ ਨਵੇਂ ਪੁਆੜੇ ਪੈ ਗਏ ਰਿਕਾਰਡ ਕੀਤੇ। 1974 ਵਿੱਚ ਪਹਿਲੀ ਵਾਰ ਉਸਨੇ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਨਾਰਵੇ, ਡੈਨਮਾਰਕ ਆਦਿ ਦੇਸ਼ਾਂ ਦੀ ਫੇਰੀ ਪਾਈ। ਇਸੇ ਫੇਰੀ ਦੌਰਾਨ ਬੀ.ਬੀ.ਸੀ. ਲੰਡਨ ਵੱਲੋਂ ਉਸ ਦੀ ਇੱਕ ਘੰਟੇ ਦੀ ਰਿਕਾਰਡਿੰਗ ਕੀਤੀ ਗਈ ਜੋ ਕਿਸੇ ਪੰਜਾਬੀ ਗਾਇਕਾ ਦੀ ਪਹਿਲੀ ਵੀਡੀਓ ਰਿਕਾਰਡਿੰਗ ਸੀ।[1]

ਹਵਾਲੇ

[ਸੋਧੋ]
  1. 1.0 1.1 1.2 1.3 1.4 ਥੂਹੀ, ਹਰਦਿਆਲ (14 ਮਾਰਚ 2015). "'ਬਾਪੂ ਵੇ ਅੱਡ ਹੁੰਨੀ ਆਂ' ਵਾਲੀ ਜਗਮੋਹਣ ਕੌਰ". ਪੰਜਾਬੀ ਟ੍ਰਿਬਿਊਨ. Retrieved 1 ਮਈ 2015.