ਜਿਗਰ ਮੋਰਾਦਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਗਰ ਮੁਰਾਦਾਬਾਦੀ
ਜਾਣਕਾਰੀ
ਜਨਮ ਦਾ ਨਾਮਅਲੀ ਸਿਕੰਦਰ
ਜਨਮ6 ਅਪਰੈਲ 1890,
ਮੁਰਾਦਾਬਾਦ, ਉੱਤਰ ਪ੍ਰਦੇਸ਼, ਭਾਰਤ
ਮੌਤ9 ਸਤੰਬਰ 1960
ਗੋਂਡਾ (ਯੂ ਪੀ)
ਵੰਨਗੀ(ਆਂ)ਗਜ਼ਲ
ਕਿੱਤਾਕਵੀ

ਜਿਗਰ ਮੁਰਾਦਾਬਾਦੀ (6 ਅਪ੍ਰੈਲ 1890 - 9 ਸਤੰਬਰ 1960),ਅਸਲੀ ਨਾਂ ਅਲੀ ਸਿਕੰਦਰ, 20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਉਰਦੂ ਸ਼ਾਇਰਾਂ ਵਿੱਚੋਂ ਇੱਕ ਸੀ। ਇਹ ਇੱਕ ਪ੍ਰਸਿੱਧ ਉਰਦੂ ਗਜ਼ਲ ਲੇਖਕ ਸੀ। ਇਸਨੂੰ 1958 ਵਿੱਚ ਆਪਣੇ ਕਵਿਤਾਵਾਂ ਦੇ ਸੰਗ੍ਰਹਿ "ਆਤਿਸ਼-ਏ-ਗੁਲ" ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[1][2]

ਮੁਢਲਾ ਜੀਵਨ[ਸੋਧੋ]

ਜਿਗਰ ਮੁਰਾਦਾਬਾਦੀ ਦਾ ਜਨਮ ੬ ਅਪ੍ਰੈਲ ਅ੮੯੦ ਵਾਲੇ ਦਿਨ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਅੱਬਾ ਦਾ ਦੇਹਾਂਤ ਹੋ ਜਾਣ ਕਾਰਣ ਉਨ੍ਹਾ ਦਾ ਬਚਪਨ ਕਾਫ਼ੀ ਮੁਸ਼ਕਿਲਾਂ ਭਰਿਆ ਸੀ। ਅਰਬੀ, ਫ਼ਾਰਸੀ ਦੀ ਮੁਢਲੀ ਸਿੱਖਿਆ ਉਨ੍ਹਾ ਮਦਰਸੇ ਵਿੱਚ ਹਾਸਿਲ ਕੀਤੀ। ਸ਼ੁਰੂਆਤੀ ਦੌਰ ਵਿੱਚ ਸ਼ਾਇਰੀ ਦੇ ਉਨ੍ਹਾ ਦੇ ਉਸਤਾਦ ਰਜ਼ਾ ਰਾਮਪੁਰੀ ਸਨ।

ਜ਼ਿੰਦਗੀ ਦੇ ਦੂਜੇ ਦਹਾਕੇ ਵਿੱਚ ਹੀ ਜਿਗਰ ਹੋਰਾਂ ਦੀ ਮਕਬੂਲੀਅਤ ਦੂਰ-ਦੂਰ ਤਾਈਂ ਫੈਲ ਗਈ ਸੀ। ਇਸੇ ਦੌਰਾਨ ਉਹ ਲਖਨਊ ਨੇੜੇ ਗੌਂਡਾ ਵਿੱਚ ਆ ਕੇ ਰਹਿਣ ਲੱਗੇ। ਇਹ ਘਟਨਾ ਉਨ੍ਹਾ ਦੀ ਜ਼ਿੰਦਗੀ ’ਚ ਇੱਕ ਬੁਨਿਆਦੀ ਮੋੜ ਸਾਬਿਤ ਹੋਈ। ਇੱਥੇ ਉਨ੍ਹਾ ਦੀ ਦੋਸਤੀ ਅਸਗਰ ਗੌਂਡਵੀ ਨਾਲ ਹੋਈ, ਜੋ ਕਿ ਬਾਦ ਵਿੱਚ ਉਰਦੂ ਦੇ ਬਹੁਤ ਵੱਡੇ ਸ਼ਾਇਰ ਬਣ ਕੇ ਉਭਰੇ। ਗੌਂਡਵੀ ਭਾਵੇਂ ਜਿਗਰ ਨਾਲੋਂ ਛੇ ਹੀ ਸਾਲ ਵੱਡੇ ਸਨ ਪਰ ਜਿਗਰ ਦੀ ਸ਼ਾਇਰੀ ਅਤੇ ਜ਼ਿੰਦਗੀ ਵਿੱਚ ਉਨ੍ਹਾ ਦੀ ਅਹਿਮ ਭੂਮਿਕਾ ਤੇ ਪ੍ਰਭਾਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਜਿਗਰ ਨੇ ਉਨ੍ਹਾ ਦੀ ਸ਼ਗਿਰਦੀ ਕਬੂਲ ਲਈ ਸੀ, ਪਰ ਉਹ ਜਿਗਰ ਲਈ ਵੱਡੇ ਭਰਾ, ਉਸਤਾਦ, ਦੋਸਤ ਅਤੇ ਸਾਥੀ ਸ਼ਾਇਰ ਵੀ ਸਨ। ਜਿਗਰ ਦੀ ਸ਼ਾਦੀ ਵੀ ਗੌਂਡਵੀ ਦੀ ਪਤਨੀ ਦੀ ਭੈਣ ਨਾਲ ਹੋਈ।

ਗੌਂਡਾ ਨੂੰ ਜਿਗਰ ਮੁਰਾਦਾਬਾਦੀ ਨੇ ਆਪਣਾ ਪੱਕਾ ਡੇਰਾ ਬਣਾ ਲਿਆ ਸੀ। ਉਹ ਗੌਂਡਾ ਦੀ ਸਭ ਤੋਂ ਮਕਬੂਲ ਸਹਿਤਕ ਸ਼ਖਸੀਅਤ ਬਣ ਗਏ ਸਨ। ਜਿਗਰ ਮੁਰਾਦਾਬਾਦੀ ਦਾ ਸਬੰਧ ਗ਼ਜ਼ਲਕਾਰੀ ਦੀ ਸ਼ਾਸਤਰੀ ਵਿਧਾ ਨਾਲ ਸੀ। ਜਿਗਰ ਉਰਦੂ ਦੇ ਮਸ਼ਹੂਰ ਸ਼ਾਇਰ ਅਤੇ ਫ਼ਿਲਮੀ ਗੀਤਕਾਰ ਮਜ਼ਰੂਹ ਸੁਲਤਾਨਪੁਰੀ ਦੇ ਉਸਤਾਦ ਵੀ ਸਨ, ਜਿਨ੍ਹਾ ਨੇ ਹਿੰਦੀ ਤੇ ਉਰਦੂ ਦੇ ਕਈ ਮਸ਼ਹੂਰ ਫ਼ਿਲਮੀ ਗੀਤ ਲਿਖੇ।

ਜਿਗਰ ਦੀ ਮੌਤ ੯ ਸਿਤੰਬਰ ੧੯੬੦ ਨੂੰ ਗੌਂਡਾ ਵਿੱਚ ਹੋਈ। ਗੌਂਡਾ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਕਲੋਨੀ ਦਾ ਨਾਂ ਜਿਗਰ ਮੁਰਾਦਾਬਾਦੀ ਦੇ ਨਾਮ ’ਤੇ ਰਖਿਆ ਗਿਆ ਹੈ। ਇਹ ਕਲੋਨੀ ਉਨ੍ਹਾ ਦੀ ਜੱਦੀ ਰਿਹਾਇਸ਼ ਦੇ ਬਿਲਕੁਲ ਨੇੜੇ ਹੀ ਬਣਾਈ ਗਈ ਹੈ। ਉਨ੍ਹਾ ਦੇ ਨਾਮ ਉੱਤੇ ਇੱਕ ਜਿਗਰ ਮੈਮੋਰੀਅਲ ਇੰਟਰ ਕਾਲੇਜ ਵੀ ਖੋਲਿਆ ਗਿਆ ਹੈ। ਜਿਗਰ ਦਾ ਮਜ਼ਾਰ ਤੋਪਖਾਨਾ ਗੌਂਡਾ ਵਿੱਚ ਮੌਜੂਦ ਹੈ।

ਭਾਵੇਂ ਕਿ ਜਿਗਰ ਮੁਰਾਦਾਬਾਦੀ ਨੇ ਕਦੇ ਕੋਈ ਰਸਮੀ ਉਚੇਰੀ ਵਿਦਿਆ ਨਹੀਂ ਸੀ ਹਾਸਿਲ ਕੀਤੀ, ਨਾ ਹੀ ਉਹ ਕਿਸੇ ਯੂਨੀਵਰਸਿਟੀ ’ਚ ਪੜ੍ਹੇ ਸਨ। ਪਰ ਉਨ੍ਹਾ ਨੇ ਆਪਣੇ ਚੁਣੇ ਹੋਏ ਖੇਤਰ ਵਿੱਚ ਆਪ ਹੀ ਖੁਦ ਨੂੰ ਸਿਖਿਅਤ ਕੀਤਾ ਸੀ। ਜਿਗਰ ਆਮ ਲੋਕਾਂ ਵਿੱਚ ਬੇਹਦ ਮਕਬੂਲ ਸਨ, ਜਿਹੜੇ ਕਿ ਉਨ੍ਹਾ ਨੂੰ ਆਪਣਾ ਸ਼ਾਇਰ ਮੰਨਦੇ ਸਨ। ਉਨ੍ਹਾ ਦਾ ਸ਼ੁਮਾਰ ਉਰਦੂ ਜ਼ੁਬਾਨ ਦੇ ਸਭ ਤੋਂ ਮਕਬੂਲ ਸ਼ਾਇਰਾਂ ਵਿੱਚ ਹੁੰਦਾ ਹੈ। ਅਲਾਮਾ ਇਕਬਾਲ ਤੋਂ ਬਾਦ ਜਿਗਰ ਉਰਦੂ ਦੇ ਦੂਜੇ ਅਜਿਹੇ ਸ਼ਾਇਰ ਹਨ ਜਿਨ੍ਹਾ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਡੀ.ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਉਰਦੂ ਸ਼ਾਇਰੀ ਵਿੱਚ ਉਨ੍ਹਾ ਦੀ ਤੁਲਨਾ ਗ਼ਾਲਿਬ ਅਤੇ ਇਕਬਾਲ ਦੇ ਨਾਲ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

  1. https://archive.org/details/Soz-e-jigarMehfilByHamidaBanuChopra।title=Soz-e-Jigar. {{cite web}}: Missing or empty |title= (help)
  2. http://www.arabnews.com/?page=21&section=0&article=88475&d=21&m=10&y=2006