ਸਮੱਗਰੀ 'ਤੇ ਜਾਓ

ਠੰਢਿਆਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖਸਖਸ, ਕਾਲੀਆਂ ਮਿਰਚਾਂ, ਮਗਜ਼, ਬਦਾਮ, ਗੁੜ/ਸ਼ੱਕਰ ਆਦਿ ਰਗੜ ਕੇ/ ਘੋਟ ਕੇ ਤੇ ਦੁੱਧ ਪਾ ਕੇ ਪੀਣ ਲਈ ਤਿਆਰ ਕੀਤੀ ਮਿੱਠੀ ਵਸਤ ਨੂੰ ਠੰਢਿਆਈ ਕਹਿੰਦੇ ਹਨ। ਠੰਢਿਆਈ ਨੂੰ ਸਰਦਾਈ ਵੀ ਕਹਿੰਦੇ ਹਨ। ਠੰਢਿਆਈ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਗਰਮੀ ਦੇ ਮੌਸਮ ਵਿਚ ਸ਼ਾਮ ਨੂੰ ਠੰਢਿਆਈ ਹੀ ਪੀਤੀ ਜਾਂਦੀ ਸੀ। ਜਿਮੀਂਦਾਰ ਜਦ ਫਲ੍ਹਿਆਂ ਨਾਲ ਗਾਹੀ ਕਰ ਕੇ ਫ਼ਸਲ ਕੱਢਦੇ ਸਨ, ਉਸ ਸਮੇਂ ਅੰਤਾਂ ਦੀ ਗਰਮੀ ਹੁੰਦੀ ਸੀ। ਠੰਢਿਆਈ ਹੀ ਗਰਮੀ ਤੋਂ ਰਾਹਤ ਦਵਾਉਂਦੀ ਸੀ। ਆਮ ਪਰਿਵਾਰ ਠੰਢਿਆਈ ਵਿਚ ਖਸਖਸ, ਕਾਲੀ ਮਿਰਚ, ਸ਼ੱਕਰ ਤੇ ਦੁੱਧ ਦੀ ਵਰਤੋਂ ਹੀ ਕਰਦਾ ਹੁੰਦਾ ਸੀ। ਜਿਨ੍ਹਾਂ ਪਰਿਵਾਰਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਸੀ, ਉਹ ਠੰਢਿਆਈ ਵਿਚ ਬਦਾਮ, ਮਗਜ਼ ਤੇ ਗੁਲਾਬ ਦੀਆਂ ਪੱਤੀਆਂ ਵੀ ਪਾਉਂਦੇ ਸਨ। ਹੁਣ ਦੀ ਪੀੜ੍ਹੀ ਨੂੰ ਤਾਂ ਠੰਢਿਆਈ ਕੀ ਹੁੰਦੀ ਸੀ, ਇਹ ਵੀ ਨਹੀਂ ਪਤਾ ? ਹੁਣ ਦੀ ਪੀੜ੍ਹੀ ਜਾਂ ਕੋਲਡ ਡਰਿੰਕਸ ਨੂੰ ਜਾਣਦੀ ਹੈ ਜਾਂ ਚਾਹ ਨੂੰ ਜਾਂ ਚਲ ਰਹੇ ਭਾਂਤ-ਭਾਂਤ ਦੇ ਨਸ਼ਿਆਂ ਨੂੰ[1]

ਅੱਜ ਦੀ ਪੀੜ੍ਹੀ ਨੂੰ ਸੱਤੂ ਕੀ ਹੁੰਦੇ ਸਨ, ਬਿਲਕੁਲ ਹੀ ਨੀ ਪਤਾ। ਜੌਂ ਦੇ ਦਾਣਿਆਂ ਨੂੰ ਪਹਿਲਾਂ ਭੁੰਨਿਆ ਜਾਂਦਾ ਸੀ। ਫੇਰ ਇਨ੍ਹਾ ਦਾਣਿਆਂ ਨੂੰ ਉੱਖਲੀ ਵਿਚ ਪਾ ਕੇ ਹੌਲੀ ਹੌਲੀ ਕੁੱਟ ਕੇ ਉਸ ਦਾ ਉਪਰਲਾ ਛਿੱਲੜ ਲਾਹਿਆ ਜਾਂਦਾ ਸੀ। ਫੇਰ ਜੌਆਂ ਨੂੰ ਪੀਹ ਕੇ ਆਟਾ ਬਣਾਇਆ ਜਾਂਦਾ ਸੀ। ਏਸ ਆਟੇ ਵਿਚ ਲੂਣ, ਮਿਰਚ ਹਲਦੀ ਮਿਲਾ ਕੇ ਗੁੰਨ੍ਹ ਕੇ ਖਾ ਲੈਂਦੇ ਸਨ। ਇਹ ਪਹਿਲੇ ਸਮਿਆਂ ਦੀ ਭਾਰਤ ਦੀਆਂਬਹੁਤੀਆਂ ਰਿਆਸਤਾਂ ਦੀ ਵਧੀਆ ਖ਼ੁਰਾਕ ਹੁੰਦੀ ਸੀ। ਏਸ ਆਟੇ ਵਿਚ ਪਾਣੀ ਘੋਲ ਕੇ ਵਿਚ ਸ਼ੱਕਰ ਜਾਂ ਲੂਣ ਪਾ ਕੇ ਪੀ ਲੈਂਦੇ ਸਨ। ਤੁਸੀਂ ਕ੍ਰਿਸ਼ਨ ਦੀ ਕਥਾ ਤਾਂ ਸੁਣੀ ਹੋਵੇਗੀ? ਜਿਸ ਸਮੇਂ ਕ੍ਰਿਸ਼ਨ ਨੂੰ ਉਨ੍ਹਾਂ ਦਾ ਦੋਸਤ ਸੁਦਾਮਾ ਮਿਲਣ ਗਿਆ ਸੀ, ਉਸ ਸਮੇਂ ਉਹ ਆਪਣੇ ਦੋਸਤ ਨੂੰ ਭੇਂਟ ਕਰਨ ਲਈ ਸੱਤੂ ਹੀ ਲੈ ਕੇ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਮਨੁੱਖੀ ਸੂਝ ਅਤੇ ਖੇਤੀ ਮੁੱਢਲੇ ਦੌਰ ਵਿਚ ਸੀ। ਖੇਤੀ ਸਾਰੀ ਦੀ ਸਾਰੀ ਬਾਰਿਸ਼ਾਂ ਤੇ ਨਿਰਭਰ ਹੁੰਦੀ ਸੀ। ਜੌਂ ਇਕ ਅਜਿਹੀ ਫ਼ਸਲ ਹੈ, ਜਿਹੜੀ ਹਰ ਮਾੜੀ, ਚੰਗੀ ਜ਼ਮੀਨ ਵਿਚ ਪੈਦਾ ਹੋ ਜਾਂਦੀ ਹੈ। ਏਸ ਕਰ ਕੇ ਹੀ ਉਸ ਸਮੇਂ ਜੌਂਆਂ ਦੇ ਸੱਤੂ ਬਣਾ ਕੇ ਲੋਕ ਖਾਂਦੇ ਸਨ। ਜਿਵੇਂ ਜਿਵੇਂ ਲੋਕਾਂ ਦੀ ਸੂਝ ਵਧਦੀ ਗਈ, ਖੇਤੀ ਵਿਚ ਹੋਰ ਫ਼ਸਲਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਜੌਂਆਂ ਦੇ ਨਾਲ ਕਣਕ, ਛੋਲੇ, ਜੁਆਰ, ਬਾਜਰਾ, ਚਾਵਲ ਅਤੇ ਹੋਰ ਵੱਖਰੀਆਂ ਵੱਖਰੀਆਂ ਰਿਆਸਤਾਂ ਵਿਚ ਵੱਖਰੀਆਂ ਵੱਖਰੀਆਂ ਫ਼ਸਲਾਂ ਹੋਣ ਲੱਗੀਆਂ। ਉਹ ਫ਼ਸਲਾਂ ਫੇਰ ਲੋਕਾਂ ਦੀ ਨਿੱਤ ਦੀ ਖ਼ੁਰਾਕ ਦਾ ਹਿੱਸਾ ਬਣਦੀਆਂ ਗਈਆਂ। ਭਾਰਤ ਦੀ ਆਜ਼ਾਦੀ ਤੋਂ ਪਿਛੋਂ ਤਾਂ ਫੇਰ ਖੇਤੀ ਵਿਚ ਬਹੁਤ ਤਰੱਕੀ ਹੋਈ ਹੈ। ਪੰਜਾਬ ਵਿਚ ਦਰਿਆਵਾਂ ਕਰ ਕੇ, ਜ਼ਮੀਨ ਚੰਗੀ ਉਪਜਾਊ ਹੋਣ ਕਰ ਕੇ ਇਥੇ ਪਹਿਲਾਂ ਤੋਂ ਹੀ ਜੌਆਂ ਦੇ ਨਾਲ ਜੁਆਰ, ਬਾਜਰਾ, ਕਣਕ, ਛੋਲੇ, ਮੱਕੀ ਆਦਿ ਦੀਆਂ ਫ਼ਸਲਾਂ ਹੁੰਦੀਆਂ ਸਨ। ਏਸ ਲਈ ਸੱਤੂ ਕਦੇ ਪੰਜਾਬ ਵਾਸੀਆਂ ਦੀ ਖ਼ੁਰਾਕ ਨਹੀਂ ਰਹੀ। ਗਰਮੀ ਦੇ ਮੌਸਮ ਵਿਚ ਪੰਜਾਬ ਵਾਸੀ ਵੀ ਸੱਤੂਆਂ ਵਿਚ ਲੂਣ, ਮਿਰਚ ਦੀ ਥਾਂ ਸ਼ੱਕਰ ਪਾ ਕੇ ਘੋਲ ਕੇ ਪੀਂਦੇ ਹੁੰਦੇ ਸਨ ਕਿਉਂ ਜੋ ਜੌਂਆਂ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਏਸੇ ਕਰ ਕੇ ਹੀ ਜੌਂਆਂ ਤੋਂ ਤਿਆਰ ਕੀਤੀ ਬੀਅਰ ਨੂੰ ਗਰਮੀ ਵਿਚ ਪੀਣਾ ਲੋਕ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ। ਸਫ਼ਰ ਵਿਚ ਪੰਜਾਬ ਵਿਚ ਵੀ ਸੱਤੂਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂ ਜੋ ਸਫ਼ਰ ਵਿਚ ਸੱਤੂ ਰੋਟੀ ਦਾ ਬਦਲ ਬਣ ਜਾਂਦੇ ਸਨ। ਸੱਤੂਆਂ ਨਾਲ ਕਈ ਅਖਾਣ, ਮੁਹਾਵਰੇ ਵੀ ਜੁੜੇ ਹੋਏ ਸਨ। ਜਿਹੜਾ ਬੰਦਾ ਜਿਸਮਾਨੀ ਤੌਰ ਤੇ ਕਮਜ਼ੋਰ ਹੋ ਜਾਂਦਾ ਸੀ, ਉਸ ਬਾਰੇ ਕਿਹਾ ਜਾਂਦਾ ਸੀ- 'ਏਸ ਦੇ ਤਾਂ ਸੱਤੂ ਮੁੱਕੇ ਹੋਏ ਹਨ।' ਉਨ੍ਹਾਂ ਸਮਿਆਂ ਵਿਚ ਲੋਕ ਖਿਚੜੀ ਖਾਂਦੇ ਸਨ। ਖਿਚੜੀ ਰਿੰਨ੍ਹ ਕੇ ਬਣਾਈ ਜਾਂਦੀ ਸੀ। ਸੱਤੂਆਂ ਨੂੰ ਘੋਲ ਕੇ ਪੀਤਾ ਜਾਂਦਾ ਸੀ। ਸੱਤੂਆਂ ਸਬੰਧੀ ਇਕ ਹੋਰ ਅਖਾਣ ਹੈ - ਸੱਤੂ ਮਨ ਮੱਤੂ, ਕਬ ਘੋਲੂੰ ਕਬ ਚੱਖੂੰ। ਖਿਚੜੀ ਪਕਾਈ, ਖਾਈ, ਚੱਲ ਮੇਰੇ ਭਾਈ। ਹੌਲੀ ਹੌਲੀ ਪੰਜਾਬ ਵਿਚ ਸੱਤੂਆਂ ਦੀ ਥਾਂ ਠੰਢਿਆਈ ਨੇ ਲੈ ਲਈ। ਹੁਣ ਵਾਲੀ ਪੀੜ੍ਹੀ ਠੰਢਿਆਈ ਕੀ ਹੁੰਦੀ ਸੀ, ਇਸ ਬਾਰੇ ਵੀ ਨਹੀਂ ਜਾਣਦੀ। ਆਮ ਆਦਮੀ ਦੀ ਠੰਢਿਆਈ ਵਿਚ ਖਸ਼ ਖਸ਼, ਕਾਲੀ ਮਿਰਚ, ਦੁੱਧ ਤੇ ਸ਼ੱਕਰ ਹੀ ਹੁੰਦੀ ਸੀ। ਜਿਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਸੀ, ਉਹ ਠੰਢਿਆਈ ਵਿਚ ਖਸ਼ ਖ਼ਸ਼, ਕਾਲੀ ਮਿਰਚ, ਦੁੱਧ, ਸ਼ੱਕਰ ਦੇ ਨਾਲ ਮਗਜ਼, ਬਦਾਮ ਅਤੇ ਗੁਲਾਬ ਦੀਆਂ ਪੱਤੀਆਂ ਵੀ ਪਾਉਂਦੇ ਸਨ। ਪਹਿਲਾਂ ਕੂੰਡੇ ਵਿਚ ਖਸ਼ ਖ਼ਸ਼ ਨੂੰ ਚੰਗੀ ਤਰ੍ਹਾਂ ਰਗੜਦੇ ਸਨ। ਫੇਰ ਮਗਜ਼, ਬਦਾਮ, ਗੁਲਾਬ ਦੀਆਂ ਪੱਤੀਆਂ ਤੇ ਕਾਲੀ ਮਿਰਚ ਨੂੰ ਵਿਚ ਪਾ ਕੇ ਰਗੜਿਆ ਜਾਂਦਾ ਸੀ। ਉਸ ਪਿੱਛੋਂ ਸ਼ੱਕਰ ਪਾ ਕੇ ਰਗੜਦੇ ਸਨ। ਫੇਰ ਦੁੱਧ ਪਾਉਂਦੇ ਸਨ। ਫੇਰ ਜਿੰਨੇ ਕੁ ਬੰਦਿਆਂ ਲਈ ਠੰਢਿਆਈ ਬਣਾਈ ਜਾਂਦੀ ਸੀ, ਉਸ ਵਿਚ ਓਨਾ ਪਾਣੀ ਪਾਇਆ ਜਾਂਦਾ ਸੀ। ਫੇਰ ਇਸ ਨੂੰ ਪੋਣੇ ਨਾਲ ਪੁਣਦੇ ਸਨ। ਇਸ ਤਰ੍ਹਾਂ ਠੰਢਿਆਈ ਬਣਦੀ ਸੀ। ਜਿਸ ਤਰ੍ਹਾਂ ਉਨ੍ਹਾਂ ਸਮਿਆਂ ਵਿਚ ਛੰਨਿਆਂ, ਕੌਲਿਆਂ ਤੇ ਕੰਗਣੀ ਵਾਲੇ ਗਲਾਸਾਂ ਵਿਚ ਲੱਸੀ ਪੀਤੀ ਜਾਂਦੀ ਸੀ, ਉਸੇ ਤਰ੍ਹਾਂ ਹੀ ਠੰਢਿਆਈ ਵੀ ਛੰਨਿਆਂ, ਕੌਲਿਆਂ ਤੇ ਕੰਗਣੀ ਵਾਲੇ ਗਲਾਸਾਂ ਵਿਚ ਪੀਂਦੇ ਸਨ। ਗਰਮੀ ਦੇ ਮੌਸਮ ਵਿਚ ਜਦ ਕਣਕ, ਛੋਲੇ, ਜੌਂਆਂ ਨੂੰ ਫਲ੍ਹਿਆਂ ਨਾਲ ਗਾਹਿਆ ਜਾਂਦਾ ਸੀ। ਛੋਲੇ, ਸਰ੍ਹੋਂ ਕੱਢੇ ਜਾਂਦੇ ਸਨ। ਉਸ ਸਮੇਂ ਤੀਜੇ ਪਹਿਰ/ਦੁਪਹਿਰ ਤੋਂ ਬਾਅਦ ਠੰਢਿਆਈ ਵਿਸ਼ੇਸ਼ ਤੌਰ ਤੇ ਪੀਤੀ ਜਾਂਦੀ ਸੀ। ਠੰਢਿਆਈ ਉਨ੍ਹਾਂ ਸਮਿਆਂ ਦੀ ਗਰਮੀ ਦੇ ਮੌਸਮ ਵਿਚ ਦੁਪਹਿਰ ਤੋਂ ਬਾਅਦ ਪੀਣ ਵਾਲੀ ਜ਼ਰੂਰੀ ਖ਼ੁਰਾਕੀ ਵਸਤ ਹੁੰਦੀ ਸੀ। ਲੱਸੀ ਵੀ ਉਨ੍ਹਾਂ ਸਮਿਆਂ ਵਿਚ ਸਾਰਾ ਦਿਨ ਹੀ ਪੀਤੀ ਜਾਂਦੀ ਸੀ। ਉਨ੍ਹਾਂ ਸਮਿਆਂ ਦਾ ਠੰਢਿਆਈ ਤੇ ਲੱਸੀ ਸਬੰਧੀ ਇਕ ਮੁਹਾਵਰਾ ਇਹ ਵੀ ਹੁੰਦਾ ਸੀ -'ਠੰਢਿਆਈ ਤੇ ਲੱਸੀ ਵਿਚ ਪਾਣੀ ਪਾ ਕੇ ਜਿੰਨਾ ਮਰਜ਼ੀ ਵਧਾ ਲਵੋ।' ਹੁਣ ਨਾ ਕੋਈ ਸੱਤੂ ਪੀਂਦਾ ਹੈ ਅਤੇ ਨਾ ਹੀ ਸੱਤੂਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ? ਏਸੇ ਤਰ੍ਹਾਂ ਹੁਣ ਨਾ ਕੋਈ ਠੰਢਿਆਈ ਪੀਂਦਾ ਹੈ ਅਤੇ ਨਾ ਹੀ ਕਿਸੇ ਨੂੰ ਠੰਢਿਆਈ ਬਾਰੇ ਕੋਈ ਜਾਣਕਾਰੀ ਹੈ। ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਚਾਹ ਹੀ ਪੀਤੀ ਜਾਂਦੀ ਹੈ

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.