ਸਮੱਗਰੀ 'ਤੇ ਜਾਓ

ਡੇਲਿਆਂ ਦਾ ਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰੀਰ ਦੀ ਝਾੜੀ ਨੂੰ ਦੇਸੀ ਬੇਰੀ ਦੇ ਬੇਰਾਂ ਦੇ ਸਾਈਜ਼ ਦੇ ਲੱਗਣ ਵਾਲੇ ਫਲ ਨੂੰ ਡੇਲੇ ਕਹਿੰਦੇ ਹਨ। ਕਰੀਰ ਇਕ ਬਿਨਾਂ ਪੱਤਿਆਂ ਵਾਲੀ ਜੰਗਲੀ ਕੰਡੇਦਾਰ ਝਾੜੀ ਹੈ। ਕਰੀਰ ਨੂੰ ਪਹਿਲਾਂ ਬਾਟਾ (ਫਲ ਦੀ ਮੁੱਢਲੀ ਅਵਸਥਾ) ਲੱਗਦਾ ਹੈ। ਬਾਟੇ ਤੋਂ ਕੱਚੇ ਡੇਲੇ ਬਣਦੇ ਹਨ। ਕੱਚੇ ਡੇਲਿਆਂ ਦਾ ਅਚਾਰ ਪਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਹਰ ਘਰ ਪਾਉਂਦਾ ਸੀ। ਡੇਲਿਆਂ ਦਾ ਅਚਾਰ ਲੋਕਾਂ ਦਾ ਮਨਭਾਉਂਦਾ ਅਚਾਰ ਹੁੰਦਾ ਸੀ। ਪੱਕੇ ਡੇਲਿਆਂ ਨੂੰ ਪੇਂਝੂ ਕਹਿੰਦੇ ਹਨ।

ਹੁਣ ਸ਼ਾਇਦ ਹੀ ਕਿਤੇ-ਕਿਤੇ ਕਰੀਰ ਦੀਆਂ ਝਾੜੀਆਂ ਹੋਣ ? ਡੇਲਿਆਂ ਦਾ ਅਚਾਰ ਜਰੂਰ ਸ਼ਹਿਰ ਦੀਆਂ ਅਚਾਰ ਵੇਚਣ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦਾ ਹੈ ਪਰ ਬਹੁਤ ਘੱਟ ਦੁਕਾਨਾਂ ਤੋਂ।[1]

ਹੋਰ

[ਸੋਧੋ]

ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ ਗਾਣਾ ਸੁਣ ਕੇ ਕਰੀਰਾਂ ਦੇ ਝਾੜ ਤੇ ਡੇਲੇ ਆ ਗਏ। ਡੇਲਿਆਂ ਦਾ ਅਚਾਰ ਹੁਣ ਤਾਂ ਬੱਸ ਪਚਰੰਗਾ ਵਾਲਿਆਂ ਦੇ ਡੱਬਿਆਂ ਚੋਂ ਈ ਕੱਢ ਕੱਢ ਖਾਈਦਾ। ਅੱਗੇ ਤਾਂ ਪਿੰਡਾਂ ਸ਼ਹਿਰਾਂ ਚ ਆਮ ਈ ਰੇਹੜੀਆਂ ਤੇ ਹਰੇ ਕੱਚੇ ਡੇਲੇ ਵਿਕਣ ਆਉਣੇ। ਇਹ ਵੀ ਜਿਵੇਂ ਕਹਿੰਦੇ ਹੁੰਦੇ ਆ ਰੁੱਤ ਰੁੱਤ ਦਾ ਈ ਮੇਵਾ ਹੁੰਦਾ।

ਰੇਤਲੇ ਇਲਾਕਿਆਂ ਚ ਆਮ ਈ ਹੋਣ ਵਾਲੇ ਇਹ ਝਾੜਾਂ ਵਰਗੇ ਬੂਟੇ ਵੀ ਕੁਦਰਤ ਦੇ ਕਰਿਸ਼ਮੇ ਤੋਂ ਘੱਟ ਨੀ, ਪੱਤੇ ਤਾਂ ਨਾਂ ਮਾਤਰ ਈ ਹੁੰਦੇ ਆ। ਹਰੀਆਂ ਕਚਨੂਰ ਟਾਹਣੀਆਂ ਦਾ ਈ ਬੱਸ ਜੰਗਲ ਜਿਹਾ ਬਣਕੇ ਬਿਨਾਂ ਪੱਤਿਆਂ ਤੋਂ ਵੀ ਚੰਗੀ ਸੰਘਣੀ ਛਾਂ ਕਰ ਦਿੰਦਾ। ਰੇਗਿਸਤਾਨ ਚ ਬੱਕਰੀਆਂ, ਭੇਡਾਂ ਦੀ ਮਨਪਸੰਦ ਖੁਰਾਕ ਆ ਇਹ ਝਾੜ। ਅੱਗੇ ਤਾਂ ਸੁਣਿਆਂ ਬਠਿੰਡੇ ਅੱਲ ਵਾਹਵਾ ਕਰੀਰ ਮਲ੍ਹੇ ਹੁੰਦੇ ਸਨ ਪਰ ਹੁਣ ਤਾਂ ਕੋਈ ਇੱਕਾ ਦੁੱਕਾ ਕਰੀਰਾਂ ਦੇ ਝਾੜ ਜਿਹੇ ਲੱਭਦੇ ਆ ਸੜਕਾਂ ਦੇ ਕਿਨਾਰੇ। ਪਹਿਲਾਂ ਤਾਂ ਇਹ ਸਾਰਾ ਸਾਲ ਹਰਾ ਰਹਿਣ ਵਾਲੇ ਪਿਆਰੇ ਜਿਹੇ ਦਰਖਤ ਨੇ ਬੜੇ ਸੋਹਣੇ ਗੁਲਾਬੀ ਸੰਤਰੀ ਜਿਹੇ ਫੁੱਲਾਂ ਨਾਲ ਭਰ ਕੇ ਸਾਰੇ ਸੁੱਕੇ ਰੇਗਿਲਤਾਨ ਚ ਆਸੇ ਪਾਸੇ ਖੁਸ਼ੀਆਂ ਦੀ ਬਹਾਰ ਲਿਆ ਦੇਣੀ। ਫੇਰ ਲੱਗਣੇ ਡੇਲੇ ਛੋਟੇ ਛੋਟੇ ਰੀਠਿਆਂ ਵਰਗੇ ਫਲ।

ਸੁਣਿਆਂ ਬਈ ਡੇਲੇ ਕਰੀਰਾਂ ਨਾਲੋਂ ਤੋੜਨੇ ਵੀ ਔਖਾ ਕੰਮ ਹੁੰਦਾ ਸੀ,ਹੱਥ ਬਾਹਵਾਂ ਛਿੱਲੀਆਂ ਜਾਣੀਆਂ ਪਰ ਲੋਕਾਂ ਨੇ ਸੁਆਦ ਦੇ ਮਾਰਿਆਂ ਨੇ ਤੋੜਨੇ ਜਰੂਰ। ਕੱਚੇ ਤੋੜ ਕੇ ਅਚਾਰ ਜਾਂ ਸਬਜੀ ਬਣਾਉਣੀ। ਪਰ ਅਸਲੀ ਸੁਆਦ ਲੱਗਣੇ ਜਦ ਪੱਕ ਕੇ ਲਾਲ ਹੋ ਜਾਣੇ ਤੇ ਕਹਿਣਾ ਪੇਂਜੂ। ਸ਼ਾਇਦ ਤਾਂਹੀ ਕਹਾਵਤ ਬਣੀ ਆ ਲਾਲ ਪੇਂਜੂ ਅਰਗਾ ਪਿਆ, ਗੋਲ ਮਟੋਲ, ਲਾਲ ਸੋਹਣਾ ਭਰਵਾਂ ਜਿਹਾ। ਸੁਣਿਆ ਬਹੁਤ ਸੁਆਦ ਹੁੰਦੇ ਆ ਮਿੱਠੇ ਮਿੱਠੇ।

ਕਹਿੰਦੇ ਆ ਕਰੀਰ ਦੀ ਲੱਕੜ ਬੜੀ ਸਖਤ ਹੁੰਦੀ ਆ ਤੇ ਛੇਤੀ ਕੀਤੇ ਟੁੱਟਦੀ ਨੀ, ਤਾਂਹੀ ਸ਼ਾਇਦ ਕਰੀਰ ਦੇ ਰੋਟੀ ਵੇਲਣ ਵਾਲੇ ਵੇਲਣੇ,ਕਪਾਹ ਵੇਲਣ ਵਾਲੇ ਵੇਲਣੇ, ਦੁੱਧ ਰਿੜਕਣ ਵਾਲੀਆਂ ਮਧਾਣੀਆਂ, ਦਾਲ ਘੋਟਣ ਵਾਲੀਆਂ ਘੋਟਣੀਆਂ ਤੇ ਚਟਣੀ ਰਗੜਨ ਵਾਲੇ ਘੋਟਣੇ ਪੁਰਾਣੇ ਜਮਾਨੇ ਚ ਆਮ ਬਣਦੇ ਸੀ।

ਵੈਸੇ ਵੀ ਸੁਣਿਆ ਕਰੀਰ ਦੀ ਲੱਕੜ ਬੜੀ ਗੁਣਕਾਰੀ ਹੁੰਦੀ ਆ, ਸ਼ਾਇਦ ਇਸੇ ਕਰਕੇ ਇਹ ਲੱਕੜ ਵਰਤਦੇ ਸੀ ਤਾਂ ਕਿ ਖਾਣ ਪੀਣ ਚ ਹਰ ਰੋਜ ਈ ਥੋੜਾ ਬਹੁਤਾ ਰਸ ਜਾਂ ਕਰੀਰ ਦਾ ਗੁਣ ਸਾਡੀ ਖੁਰਾਕ ਚ ਰਲੀ ਜਾਵੇ।

ਜੇ ਅਸੀਂ ਇਹਨਾਂ ਬਿਮਾਰੀਆਂ ਤੋਂ ਬਚਣਾ ਜਾਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣਾ ਤਾਂ ਆਪਣੇ ਪੁਰਾਣੇ ਪੁਰਖਿਆਂ ਜਾਂ ਦਾਦਿਆਂ ਪੜਦਾਦਿਆਂ ਦੀ ਖੁਰਾਕ ਵੱਲ ਨੂੰ ਮੁੜਨਾ ਪੈਣਾ। ਇਹ ਸ਼ਾਇਦ ਸਾਡੀ ਤਰੱਕੀ ਦਾ ਸਿਲਾ ਮਿਲਿਆ ਸਾਨੂੰ, ਅਸੀਂ ਬਿਲਕੁਲ ਵਾਪਸ ਤਾਂ ਨੀ ਜਾ ਸਕਦੇ ਪਰ ਹਾਂ ਸ਼ਾਇਦ ਇਹ ਕੁਦਰਤੀ ਖਜਾਨਿਆਂ ਨੂੰ ਸਾਂਭ ਜਰੂਰ ਸਕਦੇ ਆਂ।

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.