ਤਣੀ ਬੰਨ੍ਹਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਨ੍ਹੀ ਹੋਈ ਰੱਸੀ ਨੂੰ ਤਣੀ ਕਹਿੰਦੇ ਹਨ। ਤਣੀ ਉੱਪਰ ਕੱਪੜੇ ਸੁੱਕਣੇ ਪਾਏ ਜਾਂਦੇ ਹਨ। ਤਣੀ ਹੋਰ ਕਈ ਮੰਤਵਾਂ ਲਈ ਵੀ ਵਰਤੀ ਜਾਂਦੀ ਹੈ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਤਣੀ ਬੰਨ੍ਹਣ ਦੀ ਵੀ ਇਕ ਰਸਮ ਹੁੰਦੀ ਸੀ। ਇਹ ਰਸਮ ਮੁੰਡੇ/ ਕੁੜੀ ਦੇ ਮਾਮੇ ਵੱਲੋਂ ਕੀਤੀ ਜਾਂਦੀ ਸੀ। ਘਰ ਉਨ੍ਹਾਂ ਸਮਿਆਂ ਵਿਚ ਕੱਚੇ ਹੁੰਦੇ ਸਨ। ਛੱਤਾਂ ਸ਼ਤੀਰਾਂ, ਕੜੀਆਂ, ਸਲਵਾੜਾਂ ਦੀਆਂ ਹੁੰਦੀਆਂ ਸਨ। ਗਊ ਦੇ ਗੋਹੇ ਨੂੰ ਅਸੀਂ ਪਵਿੱਤਰ ਮੰਨਦੇ ਹਾਂ। ਗੋਹੇ ਮਿੱਟੀ ਨਾਲ ਘਰ ਦੇ ਬੂਹੇ ਦੇ ਸੱਜੇ ਪਾਸੇ ਵਾਲੇ ਕੌਲੇ ਨੂੰ ਲਿੱਖਿਆ ਜਾਂਦਾ ਸੀ। ਫੇਰ ਉਸ ਕੌਲੇ ਉੱਪਰ ਮੁੰਡੇ/ਕੁੜੀ ਦਾ ਮਾਮਾ ਆਪਣੇ ਖੱਬੇ ਹੱਥ ਉੱਪਰ ਤਵੇ ਦੀ ਕਾਲਖ ਲਾ ਕੇ ਸੱਤ ਵਾਰ ਛਾਪਾ ਲਾਉਂਦਾ ਸੀ।

ਪੰਜ ਠੂਠੀਆਂ ਲਈਆਂ ਜਾਂਦੀਆਂ ਸਨ ਜਿਨ੍ਹਾਂ ਦੇ ਵਿਚਾਲੇ ਗਲੀਆਂ ਹੁੰਦੀਆਂ ਸਨ। ਇਹ ਤਿੰਨ ਲੜੀ ਸਣ ਦੀ ਰੱਸੀ ਲਈ ਜਾਂਦੀ ਸੀ। ਦੋ ਦੋ ਠੂਠੀਆਂ ਦੇ ਮੂੰਹਾਂ ਨੂੰ ਜੋੜਿਆ ਜਾਂਦਾ ਸੀ। ਪੰਜਵੀਂ ਠੂਠੀ ਖਾਲੀ ਛੱਡੀ ਜਾਂਦੀ ਸੀ। ਇਨ੍ਹਾਂ ਠੂਠੀਆਂ ਨੂੰ ਰੱਸੀ ਵਿਚ ਪਰੋਇਆ ਜਾਂਦਾ ਸੀ। ਇਸ ਬਣੀ ਤਣੀ ਨੂੰ ਛੱਤ ਦੀ ਕੜੀ ਨਾਲ ਲਟਕਾ ਦਿੰਦੇ ਸਨ। ਇਸ ਬਣੀ ਵਸਤ ਨੂੰ ਹੀ ਤਣੀ ਬੰਨ੍ਹਣ ਦੀ ਰਸਮ ਕਹਿੰਦੇ ਸਨ ਇਹ ਤਣੀ ਪਰਿਵਾਰ ਵਿਚ ਹੋਏ ਵਿਆਹਾਂ ਦੀ ਗਿਣਤੀ ਦੱਸਦੀ ਹੁੰਦੀ ਸੀ। ਇਹ ਇਕ ਕਿਸਮ ਦਾ ਟੂਣਾ ਵੀ ਹੁੰਦਾ ਸੀ ਤਾਂ ਜੋ ਵਿਆਹਾਂ ਵਿਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ।ਹੁਣ ਲੋਕ ਪੜ੍ਹ ਗਏ ਹਨ। ਅੰਧ ਵਿਸ਼ਵਾਸੀ ਨਹੀਂ ਰਹੇ। ਹੁਣ ਵਿਗਿਆਨ ਦਾ ਯੁੱਗ ਹੈ। ਇਸ ਲਈ ਹੁਣ ਤਣੀ ਬੰਨ੍ਹਣ ਦੀ ਰਸਮ ਕੋਈ ਨਹੀਂ ਕਰਦਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.