ਤੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੋਪੜਾ ਇਕ ਲੋਹੇ ਦਾ ਜੰਤਰ ਹੈ। ਇਸ ਵਿਚ ਬਰੂਦ ਪਾ ਕੇ ਭਾਰੀ ਆਵਾਜ਼ ਕੱਢੀ ਜਾਂਦੀ ਹੈ। ਭੜਾਕਾ ਪਾਇਆ ਜਾਂਦਾ ਹੈ। ਭੜਾਕੇ ਦੀ ਆਵਾਜ਼ ਸੁਣ ਕੇ ਹੀ ਖੇਤਾਂ ਵਿਚ ਫ਼ਸਲਾਂ ਨੂੰ ਨੁਕਸਾਨ ਕਰਨ ਵਾਲੇ ਪਸ਼ੂ, ਪੰਛੀ ਉਡ ਜਾਂਦੇ ਸਨ/ਹਨ। ਪਹਿਲੇ ਸਮਿਆਂ ਵਿਚ ਦੀਵਾਲੀ ਨੂੰ ਵੀ ਤੋਪੜੇ ਚਲਾਏ ਜਾਂਦੇ ਸਨ। ਪਹਿਲਾਂ ਥੋੜ੍ਹੀਆਂ ਜ਼ਮੀਨਾਂ ਹੀ ਆਬਾਦ ਹੁੰਦੀਆਂ ਸਨ ਜਿਥੇ ਖੇਤੀ ਕੀਤੀ ਜਾਂਦੀ ਸੀ। ਖੇਤੀ ਉਸ ਸਮੇਂ ਸਾਰੀ ਬਾਰਸ਼ਾਂ ’ਤੇ ਨਿਰਭਰ ਹੁੰਦੀ ਸੀ। ਇਸ ਲਈ ਫ਼ਸਲਾਂ ਦੀ ਜੰਗਲੀ ਜਾਨਵਰਾਂ ਤੇ ਪੰਛੀਆਂ ਤੋਂ ਰਾਖੀ ਕਰਨੀ ਪੈਂਦੀ ਸੀ। ਰਾਖੀ ਜਾਂ ਰਾਖੇ ਰੱਖ ਕੇ ਕੀਤੀ ਜਾਂਦੀ ਸੀ। ਜਾਂ ਤੋਪੜੇ ਚਲਾ ਕੇ ਕੀਤੀ ਜਾਂਦੀ ਸੀ। ਤੋਪੜੇ ਛੋਟੇ ਵੀ ਹੁੰਦੇ ਸਨ। ਵੱਡੇ ਵੀ ਹੁੰਦੇ ਸਨ।

ਆਮ ਤੋਪੜਾ ਬਣਾਉਣ ਲਈ ਡੇਢ ਕੁ ਫੁੱਟ ਦੇ ਦੋ ਸਰੀਏ ਲਏ ਜਾਂਦੇ ਸਨ। ਇਨ੍ਹਾਂ ਦੋਵਾਂ ਸਰੀਆਂ ਦੇ ਇਕ ਪਾਸੇ ਦੇ ਸਿਰਿਆਂ ਨੂੰ ਜੋੜਿਆ ਜਾਂਦਾ ਸੀ। ਇਕ ਸਰੀਏ ਦੇ ਇਕ ਕਿਨਾਰੇ 'ਤੇ ਦੋ ਕੁ ਇੰਚ ਚੌੜਾਈ ਮੁਟਾਈ ਵਾਲਾ ਚਾਰ ਕੁ ਇੰਚ ਲੰਮਾ ਲੋਹੇ ਦਾ ਟੁਕੜਾ ਵਿਚਕਾਰ ਜਿਹੇ ਤੋਂ ਜੋੜਿਆ ਜਾਂਦਾ ਸੀ। ਇਸ ਟੁਕੜੇ ਦੇ ਉਪਰਲੇ ਹਿੱਸੇ ਦੇ ਵਿਚਾਲੇ ਅੱਧਾ ਕੁ ਇੰਚ ਦੀ ਗੁਲਾਈ ਵਾਲੀ ਡੇਢ/ਦੋ ਕੁ ਇੰਚ ਡੂੰਘੀ ਖੋਡ ਬਣੀ ਹੁੰਦੀ ਸੀ। ਦੂਜੇ ਸਰੀਏ ਦੇ ਸਿਰੇ 'ਤੇ ਇਕ ਕੁ ਇੰਚ ਦੀ ਮੁਟਾਈ ਵਾਲਾ ਤੇ ਚਾਰ ਕੁ ਇੰਚ ਲੰਮਾ ਲੋਹੇ ਦਾ ਗੋਲ ਟੁਕੜਾ ਵਿਚਾਲੇ ਜਿਹੇ ਤੋਂ ਜੋੜਿਆ ਜਾਂਦਾ ਸੀ। ਬੱਸ, ਇਹ ਹੀ ਤੋਪੜਾ ਹੁੰਦਾ ਸੀ।

ਤੋਪੜੇ ਦੀ ਖੋਡ ਵਾਲੇ ਹਿੱਸੇ ਵਿਚ ਬਰੂਦ ਪਾਕੇ ਤੇ ਦੂਜੇ ਸਰੀਏ ਦੇ ਸਿਰੇ 'ਤੇ ਲੱਗੇ ਗੋਲ ਹਿੱਸੇ ਨੂੰ ਬਰੂਦ ਭਰੀ ਖੋਡ ਉਪਰ ਰੱਖਿਆ ਜਾਂਦਾ ਸੀ। ਤੋਪੜੇ ਨੂੰ ਫੇਰ ਹੱਥ ਵਿਚ ਫੜ ਕੇ, ਪੁੱਠਾ ਕਰਕੇ ਕਿਸੇ ਇੱਟ ਉਪਰ ਜਾਂ ਪੱਕੀ ਚੀਜ਼ ਉਪਰ ਜ਼ੋਰ ਦੀ ਮਾਰਿਆ ਜਾਂਦਾ ਸੀ। ਜ਼ੋਰ ਦੀ ਮਾਰਨ ਨਾਲ ਤੋਪੜੇ ਦਾ ਭੜਾਕਾ ਪੈਂਦਾ ਸੀ। ਭੜਾਕੇ ਦੇ ਡਰ ਨਾਲ ਫ਼ਸਲ ਵਿਚ ਬੈਠੇ ਜੰਗਲੀ ਜਾਨਵਰ ਤੇ ਪੰਛੀ ਉੱਡ ਜਾਂਦੇ ਸਨ।

ਹੁਣ ਫ਼ਸਲਾਂ ਦੀ ਰਾਖੀ ਤੋਪੜੇ ਨਾਲ ਨਹੀਂ ਕੀਤੀ ਜਾਂਦੀ। ਫ਼ਸਲਾਂ ਦੀ ਰਾਖੀ ਹੁਣ ਡਰਨਾ ਗੱਡ ਕੇ, ਪੀਪਾ ਖੜਕਾ ਕੇ, ਚਿੱਟੇ ਰੰਗ ਦੇ ਚਮਕਦੇ ਰਿਬਨ ਫ਼ਸਲਾਂ ਦੇ ਚਾਰ ਚੁਫੇਰੇ ਬੰਨ੍ਹ ਕੇ ਕੀਤੀ ਜਾਂਦੀ ਹੈ। ਥੋੜ੍ਹੇ-ਥੋੜ੍ਹੇ ਸਮੇਂ ਪਿਛੋਂ ਭੜਾਕਿਆਂ ਦੀ ਆਵਾਜ਼ ਕੱਢਣ ਵਾਲੀਆਂ ਮਸ਼ੀਨਾਂ ਤੇ ਵੱਖ-ਵੱਖ ਕਿਸਮ ਦੇ ਜਾਨਵਰਾਂ ਦੀਆਂ ਆਵਾਜ਼ਾਂ ਕੱਢਣ ਵਾਲੀਆਂ ਮਸ਼ੀਨਾਂ ਨਾਲ ਵੀ ਰਾਖੀ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.