ਸਮੱਗਰੀ 'ਤੇ ਜਾਓ

ਧਰਮ ਸਿੰਘ ਓਲੰਪੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਰਮ ਸਿੰਘ ਓਲੰਪੀਅਨ

ਧਰਮ ਸਿੰਘ ਓਲੰਪੀਅਨ ਜਾਂ ਸੀਨੀਅਰ ਦਾ ਜਨਮ 19 ਜਨਵਰੀ 1919 ਨੂੰ ਤਰਨਤਾਰਨ[1] ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਢੱਟਲਾਂ ਵਿਖੇ ਹੋਇਆ।

ਸਿੱਖਿਆ ਅਤੇ ਖੇਡਾਂ[ਸੋਧੋ]

ਖ਼ਾਲਸਾ ਹਾਈ ਸਕੂਲ ਗੁੱਜਰਾਂਵਾਲਾ ’ਚ ਪੜ੍ਹਦਿਆਂ ਧਰਮ ਸਿੰਘ ਨੇ ਹਾਕੀ ਖੇਡਣ ਲਈ ਮੈਦਾਨ ’ਚ ਪੈਰ ਧਰਿਆ। ਇਸ ਪਿੱਛੋਂ ਚੱਲ ਸੋ ਚੱਲ। ਇਸ ਪਿੱਛੋਂ ਧਰਮ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਕਾਲਜ ਅਤੇ ਯੂਨੀਵਰਸਿਟੀ ਹਾਕੀ ਖੇਡਿਆ। ਖ਼ਾਲਸਾ ਕਾਲਜ ’ਚ ਪੜ੍ਹਦਿਆਂ ਹਾਕੀ ਕੋਚ ਹਰਬੇਲ ਸਿੰਘ ਨੇ ਧਰਮ ਸਿੰਘ ਦੀ ਮੈਦਾਨੀ ਖੇਡ ਨੂੰ ਇਸ ਤਰ੍ਹਾਂ ਚੰਡਿਆ ਕਿ ਉਸ ਦੇ ਪੱਲੇ ਆਖ਼ਰ ਤੱਕ ਜਿੱਤਾਂ ਦੀ ਖ਼ੈਰ ਪੈਂਦੀ ਰਹੀ। 1943 ਤੋਂ ਧਰਮ ਸਿੰਘ ਚਾਰ ਸਾਲ ਲਈ ਪੰਜਾਬ ਯੂਨੀਵਰਸਿਟੀ ਲਈ ਖੇਡਿਆ। 17 ਸਾਲ ਪੰਜਾਬ ਲਈ ਕੌਮੀ ਹਾਕੀ ਖੇਡਣ ਵਾਲਾ ਧਰਮ ਸਿੰਘ ਕਈ ਵਾਰ ਪੰਜਾਬ ਦੀ ਟੀਮ ਦਾ ਕਪਤਾਨ ਵੀ ਬਣਿਆ। ਇਸ ਤੋਂ ਇਲਾਵਾ ਉਸ ਨੇ ਕਲਿਆਣ ਮਿੱਲਜ਼ ਇੰਦੌਰ, ਕਮਲਾ ਹਾਕੀ ਕਲੱਬ ਲਖਨਊ ਅਤੇ ਸੂਰਤ ਦੀ ਮਾਨਵਾਦਾਰ ਸੰਸਥਾ ਵੱਲੋਂ ਵੀ ਲੰਮਾ ਸਮਾਂ ਹਾਕੀ ਖੇਡੀ।

ਓਲੰਪਿਕ ਖੇਡਾਂ[ਸੋਧੋ]

ਹੇਲੰਸਿਕੀ 1952 ਦੀਆਂ ਓਲੰਪਿਕ ਖੇਡਾਂ[2] ਵਿੱਚ ਹਾਕੀ ਦਾ ਸੋਨ ਤਗ਼ਮਾ ਜਿੱਤਿਆ। ਕਾਬਲੇਗੌਰ ਹੈ ਕਿ ਟੋਕੀਓ ਓਲੰਪਿਕ ’ਚ ਦੇਸ਼ ਦੀ ਜਿਸ ਹਾਕੀ ਟੀਮ ਨੂੰ ਓਲੰਪਿਕ ਚੈਂਪੀਅਨ ਬਣਨ ਦਾ ਮਾਣ ਮਿਲਿਆ, ਉਸ ਟੀਮ ਦਾ ਹਾਕੀ ਕੋਚ ਧਰਮ ਸਿੰਘ ਓਲੰਪੀਅਨ ਜਾਂ ਸੀਨੀਅਰ ਸੀ। ਇਹ ਇੱਕ ਇਤਿਹਾਸਕ ਤੱਥ ਹੈ ਕਿ ਦੂਜੀ ਆਲਮੀ ਜੰਗ ਲੱਗੀ ਹੋਣ ਕਾਰਨ 1940 ਦੀਆਂ ਓਲੰਪਿਕ ਖੇਡਾਂ ਅਤੇ 1952 ਦੀਆਂ ਓਲੰਪਿਕ ਖੇਡਾਂ ਨਹੀਂ ਕਰਵਾਈਆਂ ਗਈਆਂ। 1948 ਦੀਆਂ ਓਲੰਪਿਕ ਖੇਡਾਂ[3] ਸਮੇਂ ਧਰਮ ਸਿੰਘ ਦੇ ਭਰਾ ਦੀ ਮੌਤ ਹੋ ਜਾਣ ਕਾਰਨ ਉਹਨਾਂ ਨੂੰ ਖੇਡ ਤੋਂ ਪਰ੍ਹੇ ਰਹਿਣਾ ਪਿਆ। ਜੇ ਇਹ ਦੋਵੇਂ ਘਟਨਾਵਾਂ ਨਾ ਵਾਪਰਦੀਆਂ ਤਾਂ ਉਹਨਾਂ ਦਾ ਇਨ੍ਹਾਂ ਤਿੰਨਾਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ’ਚ ਚੁਣਿਆ ਜਾਣਾ ਲਾਜ਼ਮੀ ਸੀ ਅਤੇ ਉਹ ਵੀ ਊਧਮ ਸਿੰਘ ਦੀ ਤਰ੍ਹਾਂ ਓਲੰਪਿਕ ਹਾਕੀ ਦੇ ਚਾਰ ਟੂਰਨਾਮੈਂਟ ਖੇਡਣ ਦੀ ਪ੍ਰਾਪਤੀ ਦਰਜ ਕਰਨ ਵਾਲਾ ਦੂਜਾ ਪੰਜਾਬੀ ਓਲੰਪੀਅਨ ਬਣਦਾ।

ਨੋਕਰੀ ਅਤੇ ਅਹੁਦੇ[ਸੋਧੋ]

27 ਜਨਵਰੀ, 1949 ਨੂੰ ਉਹ ਪੰਜਾਬ ਪੁਲੀਸ ਵਿੱਚ ਸਹਾਇਕ ਸਬ-ਇੰਸਪੈਕਟਰ ਦੀ ਅਸਾਮੀ ’ਤੇ ਨਿਯੁਕਤ ਹੋਏ। ਉਹਨਾਂ ਨੇ 12 ਸਾਲਾਂ ਤੱਕ ਪੰਜਾਬ ਪੁਲੀਸ ਦੀ ਨੌਕਰੀ ਕੀਤੀ। 1961 ਵਿੱਚ ਉਹ ਪੰਜਾਬ ਪੁਲੀਸ ਤੋਂ ਪੰਜਾਬ ਖੇਡ ਵਿਭਾਗ ਵਿੱਚ ਡੈਪੂਟੇਸ਼ਨ ’ਤੇ ਆ ਗਏ, ਜਿੱਥੇ ਉਹਨਾਂ ਬਤੌਰ ਹਾਕੀ ਕੋਚ ਆਪਣੀਆਂ ਸੇਵਾਵਾਂ ਦਿੱਤੀਆਂ। ਸ਼ਾਨਦਾਰ ਕਾਰਗੁਜ਼ਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਸੀਨੀਅਰ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਪਦਉੱਨਤ ਕੀਤਾ। ਇਸ ਉੱਪਰੰਤ 1968 ਵਿੱਚ ਉਹ ਪੱਕੇ ਤੌਰ ’ਤੇ ਚੰਡੀਗੜ੍ਹ ਚਲੇ ਗਏ ਅਤੇ ਉੱਥੋਂ 31 ਜਨਵਰੀ, 1977 ਨੂੰ ਚੀਫ਼ ਹਾਕੀ ਕੋਚ ਦੇ ਅਹੁਦੇ ਤੋਂ ਸੇਵਾਮੁਕਤ ਹੋਏ।

ਕੋਚਿੰਗ[ਸੋਧੋ]

ਧਰਮ ਸਿੰਘ ਨੇ ਸੇਵਾਮੁਕਤੀ ਤੋਂ ਪਹਿਲਾਂ ਅਤੇ ਸੇਵਾਮੁਕਤ ਹੋਣ ਤੋਂ ਬਾਅਦ ਭਾਰਤ ਦੀਆਂ ਵੱਖ-ਵੱਖ ਹਾਕੀ ਟੀਮਾਂ ਨੂੰ ਕੋਚਿੰਗ ਵੀ ਪ੍ਰਦਾਨ ਕੀਤੀ। ਉਹਨਾਂ ਨੇ 1963 ਤੋਂ 1967 ਤੱਕ ਅਤੇ 1978 ਤੋਂ 1980 ਦੇ ਅੱਧ ਤੱਕ ਭਾਰਤੀ ਹਾਕੀ ਟੀਮਾਂ ਨੂੰ ਸਿਖਲਾਈ ਦਿੱਤੀ। ਭਾਰਤੀ ਹਾਕੀ ਸੰਘ ਨੇ ਉਹਨਾਂ ਨੂੰ 1964 ਦੀਆਂ ਓਲੰਪਿਕ ਖੇਡਾਂ ਜੋ ਟੋਕੀਓ[4] ਵਿਖੇ ਸਨ ਦਾ ਹਾਕੀ ਟੀਮ ਦਾ ਚੀਫ਼ ਕੋਚ ਨਿਯੁਕਤ ਕੀਤਾ। ਟੋਕੀਓ ਵਿਖੇ ਭਾਰਤ ਨੇ ਪਾਕਿਸਤਾਨ ਨੂੰ ਫਾਈਨਲ ਵਿੱਚ 1-0 ਗੋਲ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ‘ਗੁਰਮੀਤ ਯਾਦਗਾਰੀ ਹਾਕੀ ਟੂਰਨਾਮੈਂਟ, ਚੰਡੀਗੜ੍ਹ’ ਨੂੰ ਧਰਮ ਸਿੰਘ ਓਲੰਪੀਅਨ ਦੀ ਬਹੁਤ ਵੱਡੀ ਦੇਣ ਹੈ।

ਮੌਤ[ਸੋਧੋ]

ਧਰਮ ਸਿੰਘ 82 ਸਾਲਾਂ ਦੀ ਉਮਰ ਭੋਗ ਕੇ 5 ਦਸੰਬਰ, 2001 ਨੂੰ ਚੰਡੀਗੜ੍ਹ ਵਿਖੇ ਰੱਬ ਨੂੰ ਪਿਆਰੇ ਹੋ ਗਏ।

ਹਵਾਲੇ[ਸੋਧੋ]