ਸਮੱਗਰੀ 'ਤੇ ਜਾਓ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: “ਸਾਹਿਤ ਅਤੇ ਇਤਿਹਾਸ ਮਨੁੱਖ ਰਾਹੀਂ ਸਿਰਜਿਤ ਅਜਿਹੇ ਦੋ ਸੁਤੰਤਰ ਸਾਂਸਕ੍ਰਿਤਕ ਵਰਤਾਰੇ ਹਨ ਜਿੰਨ੍ਹਾਂ ਦੀ ਆਪਣੀ ਮੌਲਿਕ ਹੋਂਦ ਵਿਧੀ, ਵਿਕਾਸ-ਪ੍ਰਕ੍ਰਿਆ ਅਤੇ ਰੂਪਾਂਤਰਣ-ਵਿਗਿਆਨ ਹੋਣ ਦੇ ਬਾਵਜੂਦ ਇਹ ਬੜੇ ਜਟਿਲ ਅਤੇ ਸੂਖਮ ਦਵੰਦਾਤਮਕ ਰਿਸ਼ਤਿਆਂ ਵਿੱਚ ਬੱਝੇ ਹੋਏ ਅੰਤਰ ਸੰਬੰਧਿਤ ਅਤੇ ਅੰਤਰ ਆਧਾਰਿਤ ਹਨ। ਗਿਆਨ ਦੀਆਂ ਦੋ ਵੱਖਰੀਆਂ ਅਤੇ ਸੁਤੰਤਰ ਸ਼ਾਖਾਵਾਂ ਵਜੋਂ ਇੰਨ੍ਹਾਂ ਦੇ ਅਧਿਐਨ ਦੀਆਂ ਵਿਧੀਆਂ, ਪ੍ਰਕ੍ਰਿਆਵਾਂ ਅਤੇ ਸੋਮਿਆਂ ਦਾ ਵੀ ਆਪਣਾ-ਆਪਣਾ ਮੌਲਿਕ ਸੁਭਾਅ ਹੈ। ਜਿਸ ਕਾਰਨ ਇੱਕ ਦੇ ਅਧਿਐਨ ਲਈ ਦੂਸਰੇ ਦੀਆਂ ਅਧਿਐਨ-ਜੁਗਤਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।``[1] “ਸਾਹਿਤ ਦੀ ਇਤਿਹਾਸਕਾਰੀ ਸਾਹਿਤ ਅਤੇ ਇਤਿਹਾਸ ਦਾ ਅਜਿਹਾ ਸੁਤੰਤਰ ਸੰਗਮ ਹੈ। ਸਾਹਿਤ ਦੀ ਇਤਿਹਾਸਕਾਰੀ ਵਿੱਚ ਸਾਹਿਤ ਅਤੇ ਇਤਿਹਾਸ ਦੀਆਂ ਅਧਿਐਨ ਜੁਗਤਾਂ ਦੀ ਵਰਤੋਂ ਆਵੱਸ਼ਕ ਹੋ ਜਾਂਦੀ ਹੈ।``[1] “ਸਾਹਿਤ ਦੀ ਇਤਿਹਾਸਕਾਰੀ ਨਾ ਤਾਂ ਸਾਹਿਤ ਦਾ ਨਿਰੋਲ ਇਤਿਹਾਸਕ ਅਧਿਐਨ ਹੈ ਅਤੇ ਨਾ ਹੀ ਇਤਿਹਾਸ ਦਾ ਕੇਵਲ ਸਾਹਿਤਕ ਅਧਿਐਨ ਮਾਤਰ।``[1] “ਇਤਿਹਾਸ ਅਤੇ ਸਾਹਿਤ ਤੋਂ ਛੁੱਟ ਸਾਹਿਤਕ ਇਤਿਹਾਸਕਾਰੀ ਭਾਸ਼ਾ, ਸੰਸਕ੍ਰਿਤੀ, ਸੁਹਜ ਸ਼ਾਸਤਰ, ਖੋਜ, ਜੀਵਨੀ, ਵਿਚਾਰਧਾਰਾ ਦੇ ਖੇਤਰਾਂ ਨੂੰ ਵੀ ਆਪਣੇ ਕਲੇਵਰ ਵਿੱਚ ਸਮੇਟਦੀ ਹੈ।``[2] “ਅਸਲ ਵਿੱਚ ਸਾਹਿਤ ਦੀ ਇਤਿਹਾਸਕਾਰੀ ਆਪਣਾ ਵਿਚਾਰਧਾਰਕ ਆਧਾਰ ਸਮੀਖਿਆ-ਵਿਧੀ ਵਿਚੋਂ ਹੀ ਗ੍ਰਹਿਣ ਕਰਦੀ ਹੈ। ਸਾਹਿਤ ਦੀ ਇਤਿਹਾਸਕਾਰੀ ਦੇ ਬੁਨਿਆਦੀ ਉਦੇਸ਼ ਇੰਨੇ ਸਪਸ਼ਟ ਹਨ ਜਿੰਨੇ ਬਾਰੇ ਮਤਭੇਦ ਹੋ ਹੀ ਨਹੀਂ ਸਕਦੇ। ਪਰੰਤੂ ਸਾਹਿਤ ਦੀ ਇਤਿਹਾਸਕਾਰੀ ਆਪਣਾ ਇਹ ਬੁਨਿਆਦੀ ਉਦੇਸ਼ ਇਤਿਹਾਸ ਲੇਖਕ ਦੀ ਇਤਿਹਾਸ ਦ੍ਰਿਸ਼ਟੀ ਤੋਂ ਹੀ ਗ੍ਰਹਿਣ ਕਰਦੀ ਹੈ।``[2] “ਨਤੀਜੇ ਵਜੋਂ ਸਾਹਿਤਕ ਇਤਿਹਾਸਕਾਰੀ ਦੇ ਅਧਿਐਨ-ਮੁਲਾਂਕਣ ਦਾ ਬੁਨਿਆਦੀ ਫੈਸਲਾਕੁਨ ਨੁਕਤਾ ਲੇਖਕ ਦੀ ਇਤਿਹਾਸ-ਦ੍ਰਿਸ਼ਟੀ ਹੀ ਬਣ ਜਾਂਦੀ ਹੈ ਜਿਸ ਸੰਬੰਧੀ ਭਾਵੇਂ ਸੁਚੇਤ ਤੌਰ ਤੇ ਪ੍ਰਤੀਬੱਧ ਨਾ ਵੀ ਹੋਵੇ।``[2]

“ਪੰਜਾਬੀ ਸਾਹਿਤਕ ਇਤਿਹਾਸਕਾਰੀ ਦਾ ਆਰੰਭ ਆਮ ਤੌਰ ਤੇ ਬਾਵਾ ਬੁੱਧ ਸਿੰਘ ਦੀਆਂ ਰਚਨਾਵਾਂ ਤੋਂ ਸਵੀਕਾਰ ਕੀਤਾ ਜਾਂਦਾ ਹੈ। ਬਾਵਾ ਬੁੱਧ ਸਿੰਘ ਅਤੇ ਉਨ੍ਹਾਂ ਦੀ ਪਰਵਰਤੀ ਇਤਿਹਾਸਕਾਰੀ ਦਾ ਕਾਲਕ੍ਰਮਕ ਵਿਕਾਸ ਅਤੇ ਮੁਲਾਂਕਣ ਇਕੱਲੇ-ਇਕੱਲੇ ਇਤਿਹਾਸਕਾਰ ਦੇ ਮਾਧਿਅਮ ਰਾਹੀਂ ਕਰਨ ਦੀ ਥਾਂ ਇਸ ਪਰੰਪਰਾ ਦੇ ਮੁੱਖ ਝੁਕਾਵਾਂ ਦੀ ਪਛਾਣ ਕਰਨੀ ਅਧਿਕ ਤਰਕ ਸੰਗ ਹੈ।``[3] ‘ਪੰਜਾਬੀ ਸਾਹਿਤ ਦਾ ਇਤਿਹਾਸ’ ਡਾ. ਗੋਪਾਲ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਪਹਿਲੀ ਵਾਰ ਲਿਖਿਆ। ਇਸ ਦਾ ਪਹਿਲਾ ਐਡੀਸ਼ਨ 1946 ਵਿੱਚ ਉਰਦੂ ਅੱਖਰਾਂ ਵਿੱਚ ਅਤੇ 1949, 1952ਈ. ਵਿੱਚ ਗੁਰਮੁੱਖੀ ਅੱਖਰਾਂ ਵਿੱਚ ਛਪਿਆ। ਇਸ ਤਰ੍ਹਾਂ ਪੰਜਾਬੀ ਸਾਹਿਤਕ ਇਤਿਹਾਸਕਾਰੀ ਨੂੰ ਤਿੰਨ ਪ੍ਰਮੁੱਖ ਝੁਕਾਵਾਂ ਹੇਠ ਰੱਖਿਆ ਜਾ ਸਕਦਾ ਹੈ।

ਪੰਜਾਬੀ ਸਾਹਿਤ ਇਤਿਹਾਸਕਾਰੀ ਦੀਆਂ ਦ੍ਰਿਸ਼ਟੀਆਂ[ਸੋਧੋ]

 1. ਕਾਲਕ੍ਰਮਕ ਦ੍ਰਿਸ਼ਟੀ
 1. ਇਤਿਹਾਸਵਾਦੀ ਦ੍ਰਿਸ਼ਟੀ
 1. ਇਤਿਹਾਸਕ ਦ੍ਰਿਸ਼ਟੀ

ਕਾਲਕ੍ਰਮਕ ਦ੍ਰਿਸ਼ਟੀ[ਸੋਧੋ]

“ਸਾਹਿਤ-ਇਤਿਹਾਸ ਦੀ ਕਾਲਕ੍ਰਮਕ ਦ੍ਰਿਸ਼ਟੀ ਦੇ ਪਹਿਲੇ ਸੰਸਥਾਪਕ ਬਾਵਾ ਬੁੱਧ ਸਿੰਘ ਹਨ। ਜਿੰਨ੍ਹਾਂ ਦੀਆਂ ਤਿੰਨੋਂ, ਪੁਸਤਕਾਂ ‘ਹੰਸ ਚੋਗ`, ‘ਕੋਇਲ ਕੁ` ਅਤੇ ‘ਬੰਬੀਹਾ ਬੋਲ` ਪੰਜਾਬੀ ਸਾਹਿਤਕਾਰੀ ਦਾ ਆਰੰਭ-ਬਿੰਦੂ ਸਵੀਕਾਰ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਪੁਸਤਕਾਂ ਦੀਆਂ ਭੂਮਿਕਾਵਾਂ ਵਿੱਚ ਨਿਰਦਿਸ਼ਟ ਉਦੇਸ਼ ਇਤਿਹਾਸਕਾਰੀ ਦੇ ਮੁੱਢਲੇ ਲੱਛਣਾਂ ਨਾਲ ਸੰਬੰਧਿਤ ਹਨ।``[3]

“ਇਨ੍ਹਾਂ ਪੁਸਤਕਾਂ ਦਾ ਮੁੱਖ ਉਦੇਸ਼ ਪੰਜਾਬੀ ਕਵਿਤਾ ਦਾ ਸੰਖੇਪ ਇਤਿਹਾਸ ਲਿਖਣਾ, ਪੰਜਾਬੀ ਭਾਸ਼ਾ ਨੂੰ ਵਿਕਸਿਤ ਕਰਨ ਦੇ ਯਤਨ, ਪੰਜਾਬੀ ਕਵਿਤਾ ਦੀ ਸਾਹਿਤਕਤਾ ਨੂੰ ਉਘਾੜਨਾ, ਪੰਜਾਬੀ ਨੂੰ ਸਮੁੱਚੇ ਪੰਜਾਬੀਆਂ ਦੀ ਭਾਸ਼ਾ ਸਥਾਪਤ ਕਰਨਾ ਹੈ। ਬਾਵਾ ਬੁੱਧ ਸਿੰਘ ਦੇ ਇਸ ਸੁਚੇਤ ਯਤਨ ਰਾਹੀਂ ਸਾਹਿਤ ਦੀ ਸੰਭਾਲ ਪ੍ਰਤਿ ਸਜਗਤਾ, ਉਸ ਦੀ ਗੋਰਵ ਸਥਾਪਤੀ, ਸਾਹਿਤਿਕਤਾ ਆਧਾਰਿਤ ਸਾਹਿਤਕ ਕਿਰਤਾਂ ਦੀ ਚੋਣ, ਕਾਲਕ੍ਰਮ ਅਨੁਸਾਰ ਰਚਨਾਵਾਂ ਦੀ ਖੋਜ ਅਤੇ ਸੰਕਲਨ, ਲੇਖਕਾਂ ਬਾਰੇ ਸਮੇਂ ਅਤੇ ਜੀਵਨੀ ਦੀ ਜਾਣਕਾਰੀ ਅਤੇ ਕਾਲਵੰਡ ਆਦਿ ਇਸ ਇਤਿਹਾਸਕਾਰੀ ਦੇ ਮੁੱਖ ਲੱਛਣਾਂ ਵਜੋਂ ਉੋਜਾਗਰ ਹੁੰਦੇ ਹਨ। ਪਰੰਤੂ ਇਨ੍ਹਾਂ ਲੱਛਣਾਂ ਜਾਂ ਜਰਾ ਡੂੰਘੇਰਾ ਅਧਿਐਨ ਕਰਨ ਤੋਂ ਪਤਾ ਚੱਲਦਾ ਹੈ ਕਿ ਸਮੁੱਚੇ ਦ੍ਰਿਸ਼ਟੀ ਕਾਲਕ੍ਰਮ ਨੂੰ ਇਤਿਹਾਸ ਅਤੇ ਸਾਹਿਤਕ ਕਿਰਤ ਦੇ ਪ੍ਰਭਾਵ ਨੂੰ, ਉਸ ਦੀ ਸਾਹਿਤਕਤਾ ਨੂੰ ਅਚੇਤ ਹੀ ਆਪਣਾ ਸਿਧਾਂਤਕ ਆਧਾਰ ਬਣਾ ਲੈਂਦੀ ਹੈ। ਕਾਲਕ੍ਰਮਕ ਵੇਰਵਿਆਂ ਦੇ ਕਵਿਤਾ ਦੇ ਨਮੂਨਿਆਂ ਦੇ ਸੰਕਲਨ ਤੋਂ ਸਿਵਾ ਇਸ ਵਿੱਚ ਕਿਸੇ ਪ੍ਰਕਾਰ ਦਾ ਹੋਰ ਇਤਿਹਾਸਕ ਪ੍ਰਸੰਗ ਪ੍ਰਾਪਤ ਨਹੀਂ ਹੁੰਦਾ।``[4]

“ਹੰਸ ਚੋਗ ਵਿੱਚ ਕਾਲਵੰਡ ‘ਪੁਰਣਾ ਸਮਾਂ`, ‘ਵਿਚਲਾ ਸਮਾਂ` ਨਵਾਂ ਸਮਾਂ, ਦੇ ਸਿਰਲੇਖ ਹੇਠ ਕੀਤੀ ਗਈ ਹੈ। ਜਿਹੜੀ ਕਿ ਇਤਿਹਾਸਕ ਕਾਲ ਤੋਂ ਮੁਕਤ ਹੈ। ‘ਬੰਬੀਹਾ ਬੋਲ` ਵਿੱਚ ਇਹੋ ਵੰਡ ‘ਮੁਗਲਈ`, ਮੁਲਤਾਨੀ ਅਤੇ ‘ਖਾਲਸਾਈ` ਰੂਪ ਧਾਰਣ ਕਰ ਲਈ ਹੈ। ਇਸ ਵਿੱਚ ਕਿਸੇ ਨਿਸ਼ਚਿਤ ਦ੍ਰਿਸ਼ਟੀ ਦੀ ਥਾਂ ਰਾਜਨੀਤੀ ਭਾਸ਼ਾ ਅਤੇ ਧਰਮ ਨੂੰ ਰਲਗਡ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਪੁਸਤਕਾਂ ਵਿੱਚ ਇਤਿਹਾਸਕ ਪ੍ਰਸੰਗ ਗਾਇਬ ਹੋਣ ਦੇ ਨਾਲ-ਨਾਲ ਸਮੀਖਿਆ ਵਿਧੀ ਦਾ ਸੰਪੂਰਨ ਅਭਾਵ ਹੈ।``[4]

“ਅੰਤ ਵਿੱਚ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਾਹਿਤ ਦੀ ਇਤਿਹਾਸਕਾਰੀ ਦੇ ਇਹ ਯਤਨ ਕਾਲਕ੍ਰਮਕ ਦ੍ਰਿਸ਼ਟੀ ਤੋਂ ਅੱਗੇ ਨਹੀਂ ਨਿਕਲਦਾ।``[3]

ਇਤਿਹਾਸਵਾਦੀ ਦ੍ਰਿਸ਼ਟੀ[ਸੋਧੋ]

ਡਾ. ਮੋਹਨ ਸਿੰਘ ਦੀਵਾਨਾ ਇਤਿਹਾਸਕਾਰੀ ਦੀ ਇਤਿਹਾਸਵਾਦੀ ਦ੍ਰਿਸ਼ਟੀ ਦੇ ਸੰਸਥਾਪਕ ਹੀ ਨਹੀਂ ਸਗੋਂ ਪੰਜਾਬੀ ਵਿੱਚ ਪ੍ਰਮਾਣਿਕ ਸਾਹਿਤ-ਇਤਿਹਾਸਕਾਰੀ ਦੇ ਪ੍ਰਵਰਤਕ ਹਨ। ਇਤਿਹਾਸਵਾਦੀ ਦ੍ਰਿਸ਼ਟੀ ਕਾਲਕ ਇਕਾਈਆਂ ਨੂੰ ਅਸੰਬੰਧਿਤ ਇਕਾਈਆਂ ਦੀ ਥਾਂ ਸਮਰਕ ਰੂਪ ਵਿੱਚ ਗ੍ਰਹਿਣ ਕਰਦੀ ਹੈ ਪਰੰਤੂ ਇਸ ਸਮੱਗ੍ਰਤਾ ਨੂੰ ਉਹ ਕਾਰਨ ਰਹਿਤ ਨਿਰਪੇਖਤਾ ਸਵੀਕਾਰ ਕਰ ਬੈਠਦੀ ਹੈ, ਇਹ ਕਾਲਕ ਇਕਾਈਆਂ ਦੇ ਸੰਬੰਧਾਂ ਨੂੰ ਤਾਂ ਪਛਾਣ ਲੈਂਦੀ ਹੈ, ਪਰੰਤੂ ਇਨ੍ਹਾਂ ਸੰਬੰਧਾਂ ਹੇਠ ਕ੍ਰਿਆਸ਼ੀਲ ਨਿਯਮਾਂ ਤੋਂ ਵਿਰਵੀ ਹੰੁਦੀ ਹੈ। ਆਪਣੀ ਇਸੇ ਇਤਿਹਾਸਵਾਦੀ ਅੰਤਰ-ਦ੍ਰਿਸ਼ਟੀ ਕਾਰਨ ਹੀ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਦਾ ਪਹਿਲੇ ਪ੍ਰਮਾਣਿਕ ਇਤਿਹਾਸ ਦੀ ਸਿਰਜਨਾ ਕੀਤੀ ਜਿਸ ਦਾ ਆਦਿ, ਮੱਧ ਅਤੇ ਵਰਤਮਾਨ ਆਪਣੇ ਤੋਂ ਅਗਲੇ ਪਿਛਲੇ ਇਤਿਹਾਸ-ਬਿੰਦੂਆਂ ਨਾਲ ਬੜੇ ਸਜਿੰਦ ਰੂਪ ਵਿੱਚ ਜੁੜਿਆ ਹੋਇਆ ਹੈ।``[5]

“ਡਾ. ਮੋਹਨ ਸਿੰਘ ਨੇ ਪਹਿਲੀ ਵਾਰੀ ਸਾਹਿਤਕ ਇਤਿਹਾਸਕਾਰੀ ਨੂੰ ਇੱਕ ਅਨੁਸ਼ਾਸਨ ਵਜੋਂ ਰੱਖਿਆ ਹੈ ਉਹਨਾਂ ਨੇ ਪੰਜਾਬੀ ਦਾ ਵਿਆਪਕ ਅਤੇ ਸਮੱਗ੍ਰ ਸਰਵੇਖਣ ਪੇਸ਼ ਕੀਤਾ ਹੈ। ਉਹਨਾਂ ਨੇ ਆਪਣੀ ਪਹਿਲੀ ਪੁਸਤਕ ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ ਦੀ ਭੂਮਿਕਾ ਵਿੱਚ ਉਨ੍ਹਾਂ ਨੇ ਪੰਜਾਬੀ ਲੋਕ ਜੀਵਨ ਅਤੇ ਸਾਹਿਤ ਦੀ ਅੰਤਰ-ਕ੍ਰਿਆ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਪੰਜਾਬੀ ਸਾਹਿਤ ਦੇ ਸੰਖੇਪ ਪੇਸ਼ ਕਰਨਾ ਇਤਿਹਾਸਕਾਰੀ ਦਾ ਉਦੇਸ਼ ਮਿਥਿਆ। ਲੇਖਕ ਦਾ ਇਹ ਵਿਚਾਰ ਹੈ ਕਿ ਕੋਈ ਵੀ ਕੌਮ ਆਪਣੇ ਸਾਹਿਤ ਵਿੱਚ ਆਪਣੇ ਜੀਵਨ ਦੀ ਅਸਲ ਪੱਧਰ ਤੋਂ ਉਤਾਂਹ ਨਹੀਂ ਉਠ ਸਕਦੀ। ਇਸ ਲਈ ਡਾ. ਮੋਹਨ ਸਿੰਘ ਨੇ ਸਮਾਜਕ ਇਤਿਹਾਸਕ ਪਿਛੋਕੜ ਤੋਂ ਰਚਨਾ ਅਤੇ ਲੇਖਕ ਤਕ ਪਹੁੰਚਣ ਨੂੰ ਆਪਣੀ ਵਿਧੀ ਦਾ ਮੂਲ ਆਧਾਰ ਸਵੀਕਾਰ ਕੀਤਾ ਹੈ।``[6]

“ਜਿਥੇ ਬਾਵਾ ਬੁੱਧ ਸਿੰਘ ਦੀ ਇਤਿਹਾਸਕਾਰੀ ਪਰੰਪਰਾ ਵਿੱਚ ਇਤਿਹਾਸਕ ਪ੍ਰਸੰਗ ਮੂਲੋਂ ਗਾਇਬ ਹੈ, ਉਥੇ ਇਸ ਪਰੰਪਰਾ ਵਿੱਚ ਜੀਵਨ ਸਾਹਿਤ ਅਤੇ ਇਤਿਹਾਸਕ ਸਮਾਨਾਂਤਰ ਤੁਰਦੇ ਹਨ ਪਰ ਇਨ੍ਹਾਂ ਵਿਚਲਾ ਜਟਿਲ ਦਵੰਦਾਤਮਕ ਸੰਬੰਧ ਸਪਸ਼ਟ ਨਹੀਂ। ਸਾਹਿਤਕ ਵਿਕਾਸ ਵਿੱਚ ਸਮਾਜਕ, ਆਰਥਿਕ ਅਤੇ ਰਾਜਨੀਤਕ ਪਰਿਸਥਿਤੀਆਂ ਦੇ ਪ੍ਰਭਾਵ ਦਾ ਅਧਿਐਨ ਅਤੇ ਵਿਸ਼ਲੇਸ਼ਣ ਤਾਂ ਪ੍ਰਾਪਤ ਹੰੁਦਾ ਹੈ ਪਰੰਤੂ ਇਸ ਪਰੰਪਰਾ ਵਿੱਚ ਇਨ੍ਹਾਂ ਪ੍ਰਭਾਵਾਂ ਦਾ ਆਧਾਰ ਦੀ ਪ੍ਰਕ੍ਰਿਆ ਦਾ ਕੋਈ ਉਲੇਖ ਨਹੀਂ। ਕਾਲਕ ਇਕਾਈਆਂ ਇੱਕ ਦੂਜੇ ਨਾਲ ਬੜੀ ਨੇੜਿਓ ਜੁੜੀਆਂ ਜ਼ਰੂਰ ਹੋਈਆਂ ਹਨ, ਪਰ ਕਿਸੇ ਕ੍ਰਿਆਸ਼ੀਲ ਆਧਾਰਾਂ ਦੀ ਅਣਹੋਂਦ ਕਾਰਨ ਜੀਵਤ ਰੂਪ ਵਿੱਚ ਸੰਬੰਧਿਤ ਹਨ।``[6]

“ਇਸ ਤਰ੍ਹਾਂ ਡਾ. ਮੋਹਨ ਸਿੰਘ ਨੇ ਪੰਜਾਬ ਦੇ ਲੋਕ ਜੀਵਨ ਦੀ ਆਦਰਸ਼ ਵਿਲੱਖਣਤਾ ਨੂੰ ਪੰਜਾਬੀ ਸਾਹਿਤ ਵਿੱਚ ਆਪਣੀ ਨਿਰਪੇਖ ਸੰਪੂਰਨਤਾ ਪ੍ਰਾਪਤ ਕਰਦਿਆਂ ਪੇਸ਼ ਕੀਤਾ ਹੈ। ਇਸ ਤਰ੍ਹਾਂ ਡਾ. ਮੋਹਨ ਸਿੰਘ ਦੀ ਇਤਿਹਾਸਵਾਦੀ ਦ੍ਰਿਸ਼ਟੀ ਦਾ ਮੂਲ ਆਧਾਰ ਹੈ। ਜਿਹੜਾ ਕਿ ਬਾਵਾ ਬੁੱਧ ਸਿੰਘ ਦੀਆਂ ਰਚਨਾਵਾਂ ਵਿਚੋਂ ਗਾਇਬ ਹੈ।``[7]

“ਡਾ. ਮੋਹਨ ਸਿੰਘ ਦੀ ਇਸ ਇਤਿਹਾਸਵਾਦੀ ਪਰੰਪਰਾ ਵਿੱਚ ਹੀ ਡਾ. ਜੀਤ ਸਿੰਘ ਸੀਤਲ ਰਚਿਤ ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ ਰੱਖਿਆ ਜਾ ਸਕਦਾ ਹੈ ਤੱਥਮੂਲਕ ਅਨੁਸੰਪਾਨ ਦੀ ਥਾਂ ਇਸ ਰਚਨਾ ਵਿੱਚ ਅਲੋਚਨਾਤਮਕ ਮੁਲਾਂਕਣ ਨੂੰ ਅਧਿਕ ਬਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਹਿਤਕ ਇਤਿਹਾਸਕਾਰੀ ਦੇ ਪ੍ਰਮੁੱਖ ਲੱਛਣ ਸੰਬੰਧੀ ਮੋਟੇ ਤੌਰ ਤੇ ਡਾ. ਮੋਹਨ ਸਿੰਘ ਦੇ ਮਾਡਲ ਨੂੰ ਹੀ ਅਪਣਾਇਆ ਗਿਆ ਹੈ। ਪੰਜਾਬੀ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿੱਚ ਹੋਈ ਨਵੀਨ ਖੋਜ ਸਮੀਖਿਆ ਨੂੰ ਇਸ ਇਤਿਹਾਸਕਾਰੀ ਵਿੱਚ ਸਮੋ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬੀ ਸਾਹਿਤ ਪ੍ਰਤਿ ਉਪਭਾਵਕ ਪ੍ਰਤਿਬੱਧਤਾ ਸਮੁੱਚੇ ਮੁਲਾਂਕਣ ਨੂੰ ਅਧਿਕ ਅੰਤਰਮੁੱਖੀ ਅਤੇ ਨਿਰਪੇਖਤਾ ਮੂਲਕ ਬਣਾਉਣ ਦਾ ਕਾਰਨ ਬਣੀ ਹੈ। ਪੰਜਾਬ ਦੇ ਸਾਂਸਕ੍ਰਿਤਕ ਵਿਰਸੇ ਅਤੇ ਪੰਜਾਬੀ ਭਾਸ਼ਾ ਦੇ ਉਦਭਵ ਤੇ ਵਿਕਾਸ ਤੋਂ ਲੈ ਕੇ ਪੰਜਾਬੀ ਵਿੱਚ ਸਮੱਸਿਆਵਾਂ ਅਤੇ ਇਸ ਦੇ ਭਵਿੱਖ ਦੀ ਨੁਹਾਰ ਜਿਆਦਾਤਰ ਲੇਖਕ ਦੀ ਇਤਿਹਾਸਵਾਦੀ ਦ੍ਰਿਸ਼ਟੀ ਉੱਪਰ ਹੀ ਆਧਾਰਿਤ ਹੈ ਪਰ ਇਹ ਪੰਜਾਬੀ ਸਾਹਿਤ ਨੂੰ ਸਮੱਗ੍ਰਤਾ ਵਿੱਚ ਗ੍ਰਹਿਣ ਕਰਨ ਵਲ ਸਫਲਤਾ ਪੂਰਵਕ ਰਚਿਤ ਹੈ।``[7]

ਇਤਿਹਾਸਕ ਦ੍ਰਿਸ਼ਟੀ[ਸੋਧੋ]

“1952 ਵਿੱਚ ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਰਚਿਤ “ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ`` ਡਾ. ਮੋਹਨ ਸਿੰਘ ਦੁਆਰਾ ਸਥਾਪਤ ਇਤਿਹਾਸਕਾਰੀ ਦੀ ਪਰੰਪਰਾ ਨਾਲੋਂ ਆਪਣੀ ਪਹੁੰਚ ਅਤੇ ਵਿਧੀ ਵਿੱਚ ਵਿਲੱਖਣ ਹੋਣ ਕਾਰਨ ਇੱਕ ਨਵੀਂ ਦਿਸ਼ਾ ਦਾ ਆਰੰਭ ਸੀ। ਇਸ ਮੌਲਿਕਤਾ ਇਤਿਹਾਸ ਪ੍ਰਤਿਬੱਧਤਾ, ਸਾਹਿਤ ਪਦਾਰਥਵਾਦੀ ਇਤਿਹਾਸਕ ਦ੍ਰਿਸ਼ਟੀ ਹੈ।``[7]

“ਇਸ ਰਚਨਾ ਵਿੱਚ ਇਤਿਹਾਸ ਆਪਣੇ ਆਰਥਕ ਆਧਾਰ ਅਨੁਸਾਰ ਵਿਕਾਸ ਦੀਆਂ ਗੁੰਝਲਦਾਰ ਪ੍ਰਕ੍ਰਿਆਵਾਂ ਵਿਚੋਂ ਗੁਜਰਦਾ ਹੋਇਆ ਜੀਵੰਤ ਅਤੇ ਅਗਿਕ ਸੁਭਾਅ ਧਾਰਣ ਕਰਦਾ ਹੈ। ਭਾਸ਼ਾ, ਸਾਹਿਤ, ਸੰਸਕ੍ਰਿਤੀ, ਰਚਨਾਵਾਂ ਲੇਖਕ ਇਸੇ ਇਤਿਹਾਸਕ ਪ੍ਰਕ੍ਰਿਆ ਵਿੱਚ ਦੂਜੇ ਨਾਲ ਅੰਤਰ-ਕ੍ਰਿਆ ਵਿੱਚ ਬੱਝੇ ਹੋਏ ਰੂਪ ਵਿੱਚ ਪੇਸ਼ ਹੋਣ ਵਾਲਾ ਰਚਿਤ ਹੈ। ਕਾਲਕ ਇਕਾਈਆਂ ਇਤਿਹਾਸਕ ਗਤੀ ਦੇ ਮੂਲ ਆਧਾਰਾਂ ਅਨੁਸਾਰ ਹੀ ਵੰਡੀਆਂ ਗਈਆਂ ਹਨ।``[8]

“ਸੇਰੇਬਰੀਆਕੌਵ ਰਾਹੀ ਰਚਿਤ ‘ਪੰਜਾਬੀ ਸਾਹਿਤ` ਇਤਿਹਾਸਕਾਰੀ ਦੀ ਇਸੇ ਪਰੰਪਰਾ ਅਧੀਨ ਆਉਂਦਾ ਹੈ। ਇਤਿਹਾਸਕਾਰੀ ਦੀ ਥਾਂ ਇਹ ਰਚਨਾ ਪੰਜਾਬੀ ਸਾਹਿਤ ਦਾ ਸੰਖੇਪ ਰੂਪ-ਰੇਖਾ ਪੇਸ਼ ਕਰਦੀ ਹੈ ਪਰ ਇਸ ਦਾ ਮਹੱਤਵ ਇਸ ਪਿਛੇ ਕੰਮ ਕਰ ਰਹੀ ਇਤਿਹਾਸ-ਦ੍ਰਿਸ਼ਟੀ ਹੈ ਜਿਸਦਾ ਆਧਾਰ ਵਿਚਾਰਧਾਰਕ ਮਾਰਕਸਵਾਦੀ ਦਰਸ਼ਨ ਹੈ। ਸੇਰੇਬਰੀਆਕੋਵ ਨੇ ਸਮੁੱਚੇ ਪੰਜਾਬੀ ਸਾਹਿਤ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਹੈ। ਮੱਧਕਾਲੀਨ ਪੰਜਾਬੀ ਸਾਹਿਤ ਨੂੰ ਉਸ ਨੇ ‘ਸੁਰਮਿਆ ਦਾ ਵਿਰਸਾ` ਸਿਰਲੇਖ ਅਧੀਨ ਰੱਖਿਆ ਹੈ।``[8]

“ਕਿਸੇ ਇੱਕ ਸਮਾਜਿਕ ਮਨੁੱਖੀ ਇਕਾਈ ਦੇ ਇਤਿਹਾਸ ਅਤੇ ਵਿਸ਼ੇਸ਼ ਕਰ ਕੇ ਉਸ ਦੀਆਂ ਸਾਂਸਕ੍ਰਿਤਿਕ ਸਿਰਜਨਾਵਾਂ ਦੀਆਂ ਡੂੰਘੀਆਂ ਬਹੁਪਾਸਾਰੀ ਪਰਤਾਂ ਦੇ ਅਧਿਕ ਬਾਹਰਮੁੱਖੀ ਸ਼ੁੱਧ ਅਤੇ ਗੁੰਝਲਦਾਰ ਸੁਭਾਅ ਨੂੰ ਵਿਗਿਆਨਕ ਵਿਧੀ ਰਾਹੀਂ ਗ੍ਰਹਿਣ ਕਰਨ ਲਈ ਫੈਸਲਾਕੁਨ ਮੁੱਢਲਾ ਨੁਕਤਾ ਉਸ ਸਮਾਜਿਕ ਮਨੁੱਖੀ ਇਕਾਈ ਦੀ ਸੁਤੰਤਰ ਕੇਂਦਰੀ ਅਤੇ ਸੀਮਾਂਤ ਇਕਾਈ ਦੀ ਆਪਸੀ ਡਾਇਲੈਕਟਿਕਸ ਦੇ ਪ੍ਰਸੰਗ ਵਿੱਚ ਹੀ ਕੌਮੀ ਅਤੇ ਪ੍ਰਾਦੇਸ਼ਕ ਨਾਇਕ, ਘਟਨਾਵਾਂ, ਆਦਰਸ਼ਾਂ, ਬਿੰਬਾਂ, ਮਿੱਥਾਂ ਆਦਿ ਦੀ ਨਿਰੰਤਰ ਰੁਪਾਂਤਰਣ-ਪ੍ਰਕ੍ਰਿਆ ਉਨ੍ਹਾਂ ਦੋਨਾਂ ਦੀ ਆਪਣੀ ਸੁਤੰਤਰ ਸੱਤਾ ਅਤੇ ਉਨ੍ਹਾਂ ਵਿਚਲੇ ਅੰਤਰ ਸੰਬੰਧਾਂ ਦੇ ਅਸਲ ਸਾਰ ਨੂੰ ਸਹੀ ਢੰਗ ਨਾਲ ਗ੍ਰਹਿਣ ਕੀਤਾ ਜਾ ਸਕਦਾ ਹੈ।``[9]

ਸਿੱਟਾ:

ਅੰਤ ਵਿੱਚ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਲਈ ਇਨ੍ਹਾਂ ਤਿੰਨ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾ. ਰਵਿੰਦਰ ਰਵੀ ਦੁਆਰਾ ਲਿਖੀ ਗਈ ਰਵੀ ਚੇਤਨਾ ਪੁਸਤਕ ਵਿਚੋਂ ਅਸੀਂ ਸਾਹਿਤ ਨੂੰ ਲਿਖਣ ਦੀ ਵਿਧੀ ਪਕੜ ਸਕਦੇ ਹਾਂ। ਉਹਨਾਂ ਅਨੁਸਾਰ ਸਾਹਿਤ ਦੀ ਇਤਿਹਾਸਕਾਰੀ ਸਾਹਿਤ ਅਤੇ ਇਤਿਹਾਸ ਦਾ ਅਜਿਹਾ ਸੁਤੰਤਰ ਸੰਗਮ ਹੈ। ਸਾਹਿਤ ਦੀ ਇਤਿਹਾਸਕਾਰੀ ਵਿੱਚ ਇਨ੍ਹਾਂ ਦੋਹਾਂ ਦੀਆਂ ਅਧਿਐਨ ਜੁਗਤਾਂ ਦੀ ਵਰਤੋਂ ਆਵੱਸ਼ਕ ਹੋ ਜਾਂਦੀ ਹੈ। ਅਸਲ ਵਿੱਚ ਇਤਿਹਾਸਕਾਰੀ ਆਪਣਾ ਵਿਚਾਰਧਾਰਕ ਸਿਧਾਂਤਕ ਆਧਾਰ ਸਮੀਖਿਆ ਵਿਧੀ ਵਿਚੋਂ ਹੀ ਗ੍ਰਹਿਣ ਕਰਦੀ ਹੈ।

ਪੰਜਾਬੀ ਸਾਹਿਤ ਇਤਿਹਾਸਕਾਰੀ ਦੀਆਂ ਸਮੱਸਿਆਵਾਂ[ਸੋਧੋ]

ਸਾਹਿਤ ਦੀ ਇਤਿਹਾਸਕਾਰੀ ਇੱਕ ਜਟਿਲ ਪ੍ਰਕਿਰਿਆਂ ਹੈ। ਇਸ ਪ੍ਰਕਿਰਿਆਂ ਨੂੰ ਸੰਪੰਨ ਕਰਦਿਆਂ ਸਾਹਿਤ ਇਤਿਹਾਸਕਾਰ ਨੂੰ ਕਈ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ।

ਕਾਲ ਵੰਡ ਦੀ ਸਮੱਸਿਆ[ਸੋਧੋ]

ਸਾਹਿਤ ਇਤਿਹਾਸ ਲੇਖਕ ਨੂੰ ਕਾਲ ਵੰਡ ਨਿਰਧਾਰਿਤ ਕਰਨ ਲਈ ਇਹ ਸਮੱਸਿਆ ਆਉਂਦੀ ਹੈ ਕਿ ਕਾਲ ਵੰਡ ਖਾਸ-ਖਾਸ ਲੇਖਕਾਂ ਨੂੰ ਅਧਾਰ ਬਣਾ ਕੇ ਕੀਤੀ ਜਾਵੇ ਜਾਂ ਇਹ ਆਮ ਇਤਿਹਾਸ ਨੂੰ ਨਾਲ ਲੈ ਕੇ ਕੀਤੀ ਜਾਵੇ। ਇੱਕ ਸਮੱਸਿਆ ਇਹ ਵੀ ਸਾਹਮਣੇ ਆਉਂਦੀ ਹੈ ਵੱਖ-ਵੱਖ ਲੇਖਕਾਂ ਨੇ ਧਰਾਵਾਂ ਦਾ ਸਮਾਂ ਅਲੱਗ-ਅਲੱਗ ਲਿਆ ਹੈ। 

ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਪੰਜਾਬੀ ਸਾਹਿਤ ਦੀ ਕਾਲਵੰਡ ਵੱਖ-ਵੱਖ ਤਰ੍ਹਾਂ ਕੀਤੀ ਹੈ; ਜਿਵੇਂ ਕਿ ਬਨਾਰਸੀ ਦਾਸ ਜੈਨ ਨੇ ਪੰਜਾਬੀ ਸਾਹਿਤ ਦੇ ਰਚਨਾਕਾਰਾਂ ਦੀ ਧਾਰਮਿਕ ਪਛਾਣ ਦੇ ਆਧਾਰ 'ਤੇ ਪੰਜਾਬੀ ਸਾਹਿਤ ਦੀ ਵੰਡ ਕੀਤੀ ਹੈ ਤੇ ਸੁਰਿੰਦਰ ਸਿੰਘ ਕੋਹਲੀ ਨੇ ਧਰਾਵਾਂ ਦੇ ਅਧਾਰ 'ਤੇ ਡਾ. ਮੋਹਨ ਸਿੰਘ ਦੀਵਾਨਾ ਨੇ ਰਾਜਸੀ ਸੱਤਾ ਦੇ ਅਧਾਰ 'ਤੇ ਕਾਲ ਵੰਡ ਕੀਤੀ ਹੈ। ਇਨ੍ਹਾਂ ਵਿਚੋਂ ਇਹ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਕਿਸ ਲੇਖਕ ਦੀ ਕਾਲ ਵੰਡ ਨੂੰ ਸਹੀ ਮੰਨਿਆ ਜਾਵੇ।

ਸਾਹਿਤ ਤੇ ਅਣਸਾਹਿਤ ਦੀ ਸਮੱਸਿਆ[ਸੋਧੋ]

ਸਾਹਿਤ ਦੀ ਇਤਿਹਾਸਕਾਰੀ ਕਰਦੇ ਸਮੇਂ ਇੱਕ ਹੋਰ ਸਮੱਸਿਆ ਇਹ ਸਾਹਮਣੇ ਆਉਂਦੀ ਹੈ ਕਿ ਸਾਹਿਤ ਅਤੇ ਅਣ-ਸਾਹਿਤ ਦਾ ਨਿਖੇੜਾ ਕਰਨਾ। ਸਾਹਿਤ ਅਤੇ ਅਣਸਾਹਿਤ ਰੂਪ ਜਾਂ ਸ਼ਕਲ ਸੂਰਤ ਕਰ ਕੇ ਦੋਵੇਂ ਵਸਤਾਂ ਇੱਕੋਂ ਜਿਹੀਆ ਹਨ। ਮੂਲ ਰੂਪ ਵਿੱਚ ਸਾਹਿਤ ਅਤੇ ਅਣਸਾਹਿਤ ਕੋਈ ਨਾ ਕੋਈ ਹੱਥ ਲਿਖਤ ਹੀ ਹੁੰਦੀ ਹੈ। ਕੋਈ ਲਿਖਤ ਸਾਹਿਤ ਬਣ ਜਾਂਦੀ ਹੈ। ਅਤੇ ਕੋਈ ਅਜਿਹੀ ਹੋਣੇ ਰਹਿ ਜਾਂਦੀ ਹੈ ਤਾਂ ਤੇ ਨਿਰਣਾ ਲਿਖਤ ਵਿਚਲੇ ਭੇਦਕਾਰੀ ਤੱਤਾਂ ਦੇ ਵਿਚਾਰਾਂ ਦੁਆਰਾ ਹੀ ਸੰਭਵ ਹੋ ਸਕਦਾ ਹੈ।

ਸਮੱਗਰੀ ਦਾ ਇਕੱਤਰੀਕਰਨ[ਸੋਧੋ]

ਸਾਹਿਤ ਦੀ ਇਤਿਹਾਸਕਾਰੀ ਦੇ ਰਾਹ ਵਿੱਚ ਅਗਲੀ ਸਮੱਸਿਆ ਸਮੱਗਰੀ ਦਾ ਇਕੱਤਰੀਕਰਨ ਜਿੱਥੇ ਇਸ ਕੰਮ ਵਿੱਚ ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਰੁਕਾਵਟਾ ਆਉਂਦੀਆਂ ਉਥੇ ਇਸ ਸਮੱਗਰੀ ਦੀ ਸਾਹਿਤਕ ਜਾ ਅਣਸਾਹਿਤ ਵਜੋਂ ਪਛਾਣ ਕਰਨੀ ਵੀ ਇੱਕ ਵੱਡੀ ਸਮੱਸਿਆ ਹੈ। ਉਦਾਹਰਨ ਤੌਰ ਤੇ ਜਿਵੇਂ ਕਰਤਾਰਪੁਰੀ ਬੀੜ ਅੱਜ ਤੱਕ ਕਿਸੇ ਦੀ ਨਿੱਜੀ ਮਲਕੀਅਤ ਹੈ। ਜਿਵੇਂ ਕਿ ਜਿਹੜੀਆਂ ਹੱਥ-ਲਿਖਤਾਂ ਪਾਕਿਸਤਾਨ ਵਿੱਚ ਮੌਜੂਦ ਹਨ ਉਹਨਾਂ ਤੱਕ ਪਹੁੰਚ ਕਰਨੀ ਵੀ ਬਹੁਤ ਮੁਸ਼ਕਿਲ ਜਿਹੀ ਗੱਲ ਬਣ ਗਈ ਹੈ।

ਵਰਗੀਕਰਣ ਦੀ ਸਮੱਸਿਆਂ[ਸੋਧੋ]

ਕਈ ਰਚਨਾਵਾਂ ਨੂੰ ਸਾਹਿਤ-ਇਤਿਹਾਸ ਦਾ ਅੰਗ ਬਣਾਉਂਦੇ ਸਮੇਂ ਉਨ੍ਹਾਂ ਦੇ ਵਰਗੀਕਰਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਕਈ ਵਾਰ ਇਹ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਹੱਥਲੀ ਰਚਨਾ ਨੂੰ ਸਾਹਿਤ ਦੇ ਕਿਹੜੇ ਰੂਪ ਅਧੀਨ ਰੱਖਿਆ ਅਤੇ ਵਿਚਾਰਿਆ ਜਾਵੇ। ਉਦਾਹਰਨ ਵਜੋਂ ਸ਼ਾਹ ਮੁਹੰਮਦ ਦੀ ਰਚਨਾ ਨੂੰ ਕੁਝ ਲੋਕ ‘ਜੰਗਨਾਮਾ’ ਕੁਝ ਵਿਦਵਾਨ ‘ਵਾਰ’ ਅਤੇ ਕੁਝ ਅਲੋਚਕ ਕਿੱਸਾ ਆਖਦੇ ਹਨ। ਆਧੁਨਿਕ ਕਾਲ ਵਿੱਚ ਰਚੇ ਗਏ ਸਾਹਿਤ ਸੰਬੰਧੀ ਵੀ ਅਜਿਹੀਆ ਸਮੱਸਿਆਵਾਂ ਆਉਂਦੀਆਂ ਹਨ।

ਵੱਖ-ਵੱਖ ਆਲੋਚਨਾ ਦ੍ਰਿਸ਼ਟੀਆਂ ਦੀ ਵਰਤੋਂ[ਸੋਧੋ]

ਸਾਡੀ ਸਾਹਿਤ ਇਤਿਹਾਸਕਾਰੀ ਦੀ ਇੱਕ ਸਮੱਸਿਆ ਇਹ ਹੈ ਕਿ ਸਾਡੇ ਸਾਹਿਤ ਇਤਿਹਾਸਕਾਰ ਕਿਸੇ ਇੱਕ ਆਲੋਚਨਾ ਦ੍ਰਿਸ਼ਟੀ ਨੂੰ ਅਧਾਰ ਬਣਾਉਣ ਦੇ ਲਗਭਗ ਅਸਮੱਰਥ ਹਨ। ਉਹ ਵੱਖ-ਵੱਖ ਆਲੋਚਨਾ ਦ੍ਰਿਸ਼ਟੀ ਨੂੰ ਅਧਾਰ ਬਣਾਉਣ ਕਾਰਨ ਕਿਸੇ ਇੱਕ ਰਾਏ ਤੇ ਨਹੀਂ ਪਹੁੰਚ ਪਾਉਂਦੇ। ਸੋਂ ਇਹ ਸਮੱਸਿਆ ਸਾਹਿਤ ਇਤਿਹਾਸਕਾਰੀ ਦੀ ਇੱਕ ਬੁਨਿਆਦੀ ਸਮੱਸਿਆ ਬਣਦੀ ਜਾ ਰਹੀ ਹੈ।

ਆਲੋਚਨਾਤਮਕ ਮੁਲਾਕਣ ਦਾ ਮਿਆਰ ਬਹੁਤ ਉੱਚਾ ਨਹੀਂ ਹੈ[ਸੋਧੋ]

ਸਾਹਿਤ ਦੀ ਇਤਿਹਾਸਕਾਰੀ ਦੀ ਅੱਗਲੀ ਸਮੱਸਿਆ ਇਹ ਹੈ ਕਿ ਆਲੋਚਨਾਤਮਕ ਮੁਲਾਕਣ ਦਾ ਮਿਆਰ ਬਹੁਤ ਉੱਚਾ ਨਹੀਂ ਹੈ। ਸਾਡੇ ਸਾਹਿਤ ਇਤਿਹਾਸਕਾਰ ਰੂਪ ਤੇ ਵਸਤੂ ਨੂੰ ਅਲੱਗ-ਅਲੱਗ ਕਰ ਕੇ ਵੇਖਦੇ ਹਨ।ਜਦੋਂ ਕਿ ਰੂਪ ਤੇ ਵਸਤੂ ਦਾ ਸੰਬੰਧ ਦਵੰਦਾਤਮਕ ਹੋਣਾ ਚਾਹੀਦਾ ਹੈ। ਕਿਉਂਕਿ ਰੂਪ ਵਸਤੂ ਤੇ ਵੱਖਰਾ ਨਹੀਂ ਹੋ ਸਕਦਾ ਤੇ ਵਸਤੂ ਰੂਪ ਤੋਂ ਇਸ ਲਈ ਸਾਡੇ ਸਾਹਿਤ ਇਤਿਹਾਸਕਾਰ ਕੇਵਲ ਵਸਤੂ ਉੱਪਰ ਹੀ ਜਿਆਦਾ ਜ਼ੋਰ ਦਿੰਦੇ ਹਨ ਰੂਪ ਤੇ ਨਹੀਂ ਸੋ ਇਹ ਸਾਹਿਤ ਇਤਿਹਾਸਕਾਰ ਦੀ ਇੱਕ ਸਮੱਸਿਆ ਬਣੀ ਹੈ।

ਸਿੱਟਾ[ਸੋਧੋ]

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਹਿਤ ਇਤਿਹਾਸਕਾਰੀ ਦੇ ਰਾਹ ਵਿੱਚ ਇਹ ਮੁੱਖ ਸਮੱਸਿਆਵਾਂ ਹਨ ਜਿਵੇਂ ਕਿ ਕਾਲ ਵੰਝ ਦੀ ਸਮੱਸਿਆ, ਸਾਹਿਤ ਅਤੇ ਅਣਸਾਹਿਤ ਦੀ ਸਮੱਸਿਆ, ਸਮੱਗਰੀ ਦਾ ਇੱਕਤਰੀਕਰਨ, ਵਰਗੀਕਰਣ ਦੀ ਸਮੱਸਿਆ, ਵੱਖ-ਵੱਖ ਆਲੋਚਨਾ ਦ੍ਰਿਸ਼ਟੀਆਂ ਦੀ ਵਰਤੋਂ ਅਤੇ ਆਲੋਨਾਤਮਕ ਮੁਲਾਂਕਣ ਦਾ ਮਿਆਰ ਬਹੁਤ ਉੱਚਾ ਨਹੀਂ।

ਸਹਾਇਕ ਪੁਸਤਕ[ਸੋਧੋ]

 1. ਡਾ. ਨਰਿੰਦਰ ਸਿੰਘ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਇੱਕ ਦ੍ਰਿਸ਼ਟੀ ਨੈਸ਼ਨਲ ਬੁੱਕ ਸ਼ਾਪ 32-ਬੀ, ਪਲੱਈਅਰ ਗਾਰਡਨ ਮਾਰਕਿਟ ਚਾਂਦਨੀ ਚੌਕ ਦਿੱਲੀ - 110006
 2. ਡਾ. ਰਵਿੰਦਰ ਸਿੰਘ ਰਵੀ ਰਵੀ ਚੇਤਨਾ

ਹਵਾਲੇ[ਸੋਧੋ]

 1. 1.0 1.1 1.2 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-119
 2. 2.0 2.1 2.2 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-120
 3. 3.0 3.1 3.2 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-121
 4. 4.0 4.1 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-122
 5. ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-123
 6. 6.0 6.1 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-124
 7. 7.0 7.1 7.2 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-125
 8. 8.0 8.1 ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-126
 9. ਰਵਿੰਦਰ ਸਿੰਘ ਰਵੀ, ਰਵੀ ਚੇਤਨਾ (ਸੰਪਾਦਕ ਡਾ. ਗੁਰਚਰਨ ਸਿੰਘ ਅਰਸ਼ੀ) ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ, 1991, ਪੰਨਾ-127