ਬਾਵਾ ਬੁੱਧ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਵਾ ਬੁੱਧ ਸਿੰਘ
ਜਨਮ1878
ਪਿੰਡ ਸਲਹੱਟ, ਜ਼ਿਲ੍ਹਾ ਐਬਟਾਬਾਦ, ਪੋਠੋਹਾਰ, ਪੱਛਮੀ ਪੰਜਾਬ
ਮੌਤ16 ਅਕਤੂਬਰ 1931 (ਉਮਰ 53 ਸਾਲ)
ਕਿੱਤਾਸਾਹਿਤਕਾਰ ਅਤੇ ਇੰਜਨੀਅਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਇੰਜਨੀਅਰਿੰਗ ਦੀ ਡਿਗਰੀ
ਸ਼ੈਲੀਨਾਟਕ, ਨਾਵਲ, ਸਾਹਿਤ ਆਲੋਚਨਾ

ਬਾਵਾ ਬੁੱਧ ਸਿੰਘ (1878-16 ਅਕਤੂਬਰ 1931) ਪੰਜਾਬੀ ਸਾਹਿਤਕਾਰ ਅਤੇ ਇੰਜਨੀਅਰ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਹਾਸਕਾਰੀ ਅਤੇ ਖੋਜ ਦਾ ਮੁਢ ਬੰਨ੍ਹਿਆ ਅਤੇ ਪੰਜਾਬੀ ਵਿੱਚ ਪਹਿਲਾ ਨਾਟਕ ਲਿਖਿਆ।


  ਫਰਮਾ:ਬਾਵਾ ਬੁੱਧ ਸਿੰਘ : ਰਚਨਾਵਲੀ

ਬਾਵਾ ਬੁੱਧ ਸਿੰਘ : ਰਚਨਾਵਲੀ = ਬਾਵਾ ਬੁੱਧ ਸਿੰਘ ਨਾਟਕਕਾਰ, ਅਨੁਵਾਦਕ,ਨਿਬੰਧਕਾਰ,ਸਾਹਿਤ ਦੇ ਇਤਿਹਾਸਕਾਰ ਅਤੇ ਆਲੋਚਕ ਸਨ। ਉਹਨਾਂ ਨੇ ਚੰਦ੍ਰਹਰੀ (1909 ਈ.), ਨਾਰ ਨਾਵੇਲੀ (1928 ਈ.) ਕ੍ਰਿਸ਼ਨ ਕੁਮਾਰੀ (1909 ਈ.) ਮੁੰਦਰੀ ਛਲ (1927 ਈ.) ਦਾਮਿਨੀ (1930 ਈ.) ਲਿਖੇ ਸਨ। ਪੰਜਾਬ ਨਿਵਾਸੀਆਂ ਨੂੰ ਆਪਣੀ ਮਾਤ ਭਾਸ਼ਾ ਸੰਬੰਧੀ ਅਣਗਿਹਲੀ ਦਿਖਾਉਣ ਕਾਰਨ 1910 ਵਿਚ 32 ਪਨਿੰਆ ਦੀ ਅਪੀਲ ਆਮ ਪੰਜਾਬੀਆਂ ਵਿਚ ਵੰਡੀ ਸੀ। ਹੰਸਚੋਗ (1913 ਈ.), ਕੋਇਲ ਕੂ (1916 ਈ.) ਬੁੱਧ ਸਿੰਘ ਦੀਆਂ ਆਲੋਚਨਾ ਦੀਆਂ ਪੁਸਤਕਾਂ ਹਨ। ਪ੍ਰੀਤਮ ਕੌਰ (1927) ਨੀਤੀ ਸ਼ਤਕ (1920) ਅਨੁਵਾਦਿਤ ਕਾਵਿ ਰਚਨਾਵਾਂ ਹਨ। ਇਸ ਤਰ੍ਹਾਂ ਹੀ ਮਿਥਿਹਾਸਕ ਘਟਨਾਵਾਂ ਨੂੰ ਲੈਕੇ ਰਾਜਾ ਰਸਾਲ (1913) ਨਾਂ ਦੀ ਰਚਨਾ ਵਿਚ ਰਸਾਲੂ ਨਾਲ ਸਬੰਧਿਤ ਲੋਕ ਕਥਾਵਾਂ, ਵਾਰਾਂ ਅਤੇ ਗੀਤਾਂ ਦਾ ਸੰਪਾਦਨ ਵੀ ਕੀਤਾ ਹੈ।

ਜਾਣ ਪਹਿਚਾਣ[ਸੋਧੋ]

ਬਾਵਾ ਬੁੱਧ ਸਿੰਘ ਦੀ ਇਤਿਹਾਸਕ ਦ੍ਰਿਸ਼ਟੀ ਨੂੰ ਆਧਾਰ ਬਣਾ ਕੇ ਸ਼ੁਰੂ ਹੋਣ ਵਾਲੀ ਆਲੋਚਨਾ ਵਿਚਾਰਧਾਰਾ ਦੇ ਆਉਣ ਤੱਕ ਪ੍ਰਮੁੱਖ ਰੂਪ ਵਿੱਚ ਤਿੰਨ ਧਰਾਤਲਾਂ ਤੇ ਹੀ ਵਿਚਰਦੀ ਰਹੀ ਹੈ। ਜਿਸ ਵਿੱਚ ਸਾਹਿਤ ਦੇ ਇਤਿਹਾਸਕ ਕ੍ਰਮ ਵਿੱਚ ਪਹਿਚਾਣ, ਭਾਸ਼ਾ ਅਤੇ ਵੱਖ-ਵੱਖ ਸਾਹਿਤ ਰੂਪਾਂ ਨੂੰ ਆਧਾਰ ਬਣਾਇਆ ਜਾਂਦਾ ਰਿਹਾ ਹੈ। ਇਸ ਸਮੇਂ ਦੀ ਆਲੋਚਨਾ ਨੂੰ ਸਿਰਫ਼ ਇਹ ਆਧਾਰ ਬਣਾ ਕੇ ਛੁਟਿਆ ਦੇਣਾ ਕਿ ਇਸ ਸਮੇਂ ਦੀ ਆਲੋਚਨਾ ਵਿਚ ਸਿਰਫ਼ ਸਾਹਿਤ ਰਚਨਾਵਾਂ ਨੂੰ ਲੱਭਿਆ ਗਿਆ ਹੈ, ਇਸ ਧਾਰਾ ਨਾਲ ਅਨਿਆ ਹੈ। ਜਦੋਂ ਇਸ ਦੌਰ ਦੇ ਆਲੋਚਕਾਂ ਦੀਆਂ ਰਚਨਾਵਾਂ ਦਾ ਉਹਨਾਂ ਦੀ ਆਲੋਚਨਾ ਨੂੰ ਕੇਂਦਰੀ ਨੁਕਤਾ ਬਣਾ ਕੇ ਅਧਿਐਨ ਦਾ ਕੇਂਦਰ ਬਣਾਇਆ ਜਾਂਦਾ ਹੈ ਤਾਂ ਉਸ ਵਿਚੋਂ ਕਈ ਨਵੇਂ ਤੱਥ ਲੱਭ ਪੈਂਦੇ ਹਨ। ਇਹਨਾਂ ਸੰਬੰਧੀ ਪ੍ਰਚਲਿਤ ਕਿਸਮ ਦੀਆਂ ਸਰਲਅਰਥੀ ਧਾਰਨਾਵਾਂ ਨੂੰ ਆਧਾਰ ਬਣਾਕੇ ਆਪਣੀ ਰਾਇ ਪ੍ਰਸਤੁਤ ਕਰ ਦਿੱਤੀ ਜਾਂਦੀ ਹੈ, ਜਿਵੇਂ ਬਾਵਾ ਬੁੱਧ ਸਿੰਘ, ਭਾਈ ਮੋਹਨ ਸਿੰਘ ਵੈਦ, ਮੌਲਾ ਬਖ਼ਸ਼ ਕੁਸ਼ਤਾ ਆਦਿ ਨੇ ਆਲੋਚਨਾ ਦਾ ਕੰਮ ਸ਼ੁਰੂ ਕੀਤਾ ਸੀ। ਇਹ ਆਲੋਚਕ ਇਕ ਤਾਂ ਪੰਜਾਬੀ ਸਾਹਿਤ ਦੀਆਂ ਪੁਰਾਣੀਆਂ ਰਚਨਾਵਾਂ ਨੂੰ ਲੱਭਣ ਤੇ ਉਹਨਾਂ ਦੇ ਰੂਪ ਤਿਆਰ ਕਰਨ ਵਿੱਚ ਨਜ਼ਰ ਆਉਂਦੇ ਹਨ ਜਾਂ ਪੰਜਾਬ ਦੀ ਸਾਹਿਤਕ ਪਰੰਪਰਾ ਦਾ ਇਤਿਹਾਸਕ ਕ੍ਰਮ ਬਣਾਉਣ ਵਿਚ ਰਚਿਤ ਹਨ। ਉਹਨਾਂ ਪਾਸ ਉਹ ਬੌਧਿਕਤਾ ਨਹੀਂ ਸੀ ਇਸੇ ਕਾਰਨ ਉਹ ਕੇਵਲ ਮੁਢਲੀ ਵਿਆਖਿਆ ਤੱਕ ਸੀਮਤ ਰਹੇ। ਹਰਿਭਜਨ ਸਿੰਘ ਦੀ ਧਾਰਨਾ ਹੈ ਕਿ :"ਬਾਵਾ ਬੁੱਧ ਸਿੰਘ ਪੰਜਾਬੀ ਸਾਹਿਤ ਭੰਡਾਰ ਨੂੰ ਇਕ ਥਾਂ ਇਕੱਠਾ ਕਰਨ ਦੇ ਆਹਰ ਵਿਚ ਸੀ।"

ਬਾਵਾ ਬੁੱਧ ਸਿੰਘ ਅਨੁਸਾਰ: "ਕਵਿਤਾ ਅਸਲ ਕੀ ਏ, ਇਸ ਗੱਲ ਨੂੰ ਤੇ ਵੱਡੇ-ਵੱਡੇ ਕਵੀਆ ਦੀ ਅੱਡ-ਅੱਡ ਰਾਇ ਹੈ, ਯੂਨਾਨੀ ਤੇ ਆਖਦੇ ਹਨ ਕਿ ਕਵਿਤਾ ਲਈ ਇਕ ਖਾਸ 'ਸ਼ਕਲ' ਜਾਂ ਛੰਦ ਦੀ ਲੋੜ ਨਹੀਂ। ਸਿਰਫ਼ ਉਚ ਵਿਸ਼ੇ ਤੇ ਖ਼ਿਆਲ ਦੀ ਈ ਲੋੜ ਏ। ਪਰ 'ਹੀਗਲ'(hegel) ਕਵੀ,ਵਜ਼ਨ ਜਾਂ ਤੋਲ ਨੂੰ ਬੜਾ ਜ਼ਰੂਰੀ ਸਮਝਦਾ ਹੈ ਤੇ ਇਹ ਵੀ ਸੋਚ ਹੈ, ਬਿਨਾਂ ਵਜ਼ਨ ਦੇ ਕਵਿਤਾ ਦੀ ਸੋਚ ਆਮ ਲੋਕਾਂ ਨੂੰ ਘੱਟ ਪੈਂਦੀ ਹੈ।"

"ਕਵਿਤਾ ਕਹਿਣ ਲਈ ਇਹਨਾਂ ਵਸਤਾਂ ਦਾ ਹੋਣਾ ਜਰੂਰੀ ਹੈ, ਖ਼ਿਆਲ ਅਤੇ ਸੋਚ ਇਕ ਨੰਗੀ ਨਾਲ ਵਿਖਾਵੇ ਤਾਂ ਉਸ ਦੀ ਕਾਰਗਰੀ ਦਾ ਤਾਂ ਹੱਦ ਹੋ ਗਈ,ਪਰ ਉਹ ਨੰਗੀ ਤਸਵੀਰ ਸੋਸਾਇਟੀ ਤੇ ਚੰਗਾ ਅਸਰ ਨਹੀਂ ਕਰ ਸਕਦੀ।" ਕਵਿਤਾ ਇਕ ਆਰਟ ਹੀ ਨਹੀਂ ਸਗੋਂ ਆਰਟਾਂ ਵਿਚੋਂ ਸ਼੍ਰੋਮਣੀ ਆਰਟ ਏ, ਉਹ ਆਰਟ ਜਿਹੜਾ ਸੁਹੱਪਣ ਦੀ ਸਿਫ਼ਤ ਕਰਦਾ ਤੇ ਨਕਸ਼ ਖਿੱਚਦਾ ਏ। ਸਿਆਣਿਆਂ ਨੇ ਤਿੰਨ ਮਸ਼ਹੂਰ ਕੋਮਲ ਹੁਨਰ ਰੱਖੇ ਨੇ: ਕਵਿਤਾ, ਰਾਗ,ਚਿੱਤਰਕਾਰੀ। ਚਿੱਤਰਕਾਰੀ ਦੇ ਵਿੱਚ ਹੀ ਪੱਥਰ ਅਤੇ ਲੱਕੜੀ ਦੀਆਂ ਮੂਰਤੀਆਂ ਘੜਨੀਆਂ ਆ ਗਈਆਂ ਹਨ। ਹੁਣ ਇਹਨਾਂ ਹੁਨਰਾਂ ਵਿਚੋਂ ਮੁਢਲਾ ਨਿਯਮ ਹਾਰਮਨੀ ਜਾਂ ਮਿਲਾਉਣੀ ਏ। ਰੱਬ ਦੀ ਰਚਨਾ ਦਾ ਵੀ ਹਾਰਮਨੀ ਦਾ ਨਿਯਮ ਹੈ। ਕੋਮਲ ਹੁਨਰਾਂ ਦਾ ਧਰਮ ਏ ਕਿ ਆਪਣੇ ਅਸਰ ਦੁਆਰਾ ਮਨੁੱਖੀ ਮਨ ਦੀ 'ਹਾਰਮਨੀ' ਨੂੰ ਰਚਨਾ ਦੀ ਹਾਰਮਨੀ ਨਾਲ ਜੋੜ ਦੇਣ। ਹੁਣ ਅਸਾਂ ਵੇਖਣਾ ਏ,ਵੇ ਪਈ ਇਹਨਾਂ ਤਿੰਨਾਂ ਹੁਨਰਾਂ ਵਿਚੋਂ ਕਿਹੜਾ ਮਨ ਤੇ ਢੇਰ ਅਸਰ ਕਰਦਾ ਏ,ਮਨੁੱਖ ਦੇ ਅੰਦਰ ਦੇ ਸਾਜ ਨੂੰ ਕੁਦਰਤ ਦੇ ਸਾਜ ਨਾਲ ਇਕ ਸੂਰ ਬਣਾਉਂਦਾ ਹੈ।"


ਬਾਵਾ ਬੁੱਧ ਸਿੰਘ ਅਤੇ ਕਾਵਿ ਸ਼ਾਸਤਰ : ਬਾਵਾ ਬੁੱਧ ਸਿੰਘ ਨੂੰ ਕਾਵਿ-ਸ਼ਾਸਤਰ ਦਾ ਮੁਢਲੇ ਆਦਰਸ਼ਵਾਦੀ ਰੂਪ ਵਿੱਚ ਗਿਆਨ ਸੀ। ਉਸ ਨੇ ਪੰਜਾਬੀ ਕਵਿਤਾ ਦੇ ਸੁਭਾਆ,ਪੰਜਾਬੀ ਕਾਵਿ ਦੀ ਰਚਨਾ ਪ੍ਰਕਿਰਿਆ ਅਤੇ ਕਾਵਿ ਦਰਸ਼ਨ ਦੀਆਂ ਸੂਖਮ ਬਾਰੀਕੀਆਂ ਨੂੰ ਸਿਧਾਂਤਕ ਪੱਧਰ ਤੇ ਉਜਾਗਰ ਕੀਤਾ ਹੈ।ਅਫ਼ਲਾਤੂਨ ਨੇ ਆਪਣੀ ਕਿਤਾਬ poetics (ਕਵਿਤਾ ਸਬੰਧੀ)ਵਿਚ ਲਿਖਿਆ ਏ ਕੇ ਬ੍ਰਹਿਮੰਡ ਵਿੱਚ ਅੱਠ ਅਪਸਰਾਵਾਂ ਹਨ, ਜੋ ਇਕ ਧੂਰੇ ਦੇ ਗਿਰਦ ਆਪਣਾ ਰਾਗ ਗਾਵਦੀਆਂ ਨੇ। ਪੁਰਾਣੇ ਕਵੀ ਮਿਲਟਨ ਨੇ ਨੌ ਅਪਸਰਾਵਾਂ ਲਿਖੀਆਂ ਹਨ। ਇਹਨਾਂ ਮਹਾਂ ਪੁਰਸ਼ਾਂ ਦੀ ਮੁਰਾਦ ਅਪਸਰਾਵਾਂ ਤੋਂ ਗ੍ਰਹਿ ਮਲੂਮ ਹੁੰਦੀ ਹੈ। ਗੁਰੂ ਨਾਨਕ ਜੀ ਉਹ ਰੱਬੀ ਕਵੀ ਜੋ ਸਾਰੀ ਕੁਦਰਤ ਦੇ ਜਾਣੂ ਸਨ ਨੇ ਲਿਖਿਆ ਏ:-"ਗਾਵਿਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ" ਮੰਡਲ ਤੋਂ ਮਤਲਬ ਤਾਰੇ ਤੇ ਬ੍ਰਹਿਮੰਡ ਤੋਂ ਅਨੇਕ ਸੂਰਜ ਸੰਬੰਧੀ ਚੱਕਰ ਹਨ ਜੋ ਇਸ ਅਕਾਸ਼ ਵਿਚ ਸਾਡੇ ਸੂਰਜ ਦੇ ਚੱਕਰ ਵਾਂਗ ਭੱਜੇ ਫਿਰਦੇ ਹਨ।

'ਪੁਰਾਤਨ ਜਮਾਨੇ ਤੋਂ ਰਾਗ ਅਤੇ ਕਵਿਤਾ ਇਕੱਠੀ ਚਲੀ ਆਉਂਦੀ ਏ। ਰਾਗ ਦੇ ਬਿਨਾਂ ਕਵਿਤਾ ਦਾ ਅੱਧਾ ਅਸਰ ਰਹਿ ਜਾਂਦਾ ਹੈ। ਰਾਗ ਕਿਸੇ ਦੇ ਮਨ ਦੇ ਖ਼ਿਆਲ ਨੂੰ ਪ੍ਰਗਟ ਨਹੀਂ ਕਰ ਸਕਦਾ। ਰਾਗ ਅਲਾਪਣ ਨਾਲ ਮਨ ਦੀ ਸੂਰਤ ਤੇ ਖਿੱਚੀ ਜਾਂਦੀ ਹੈ ਕਵਿਤਾ ਵਿੱਚ ਖ਼ਿਆਲ ਦਾ ਵਾਧਾ ਏ।" ਕਵਿਤਾ ਦਾ ਸਭ ਤੋਂ ਉੱਚਾ ਕੰਮ ਇਹ ਹੈ ਕਿ ਮਨੁੱਖ ਦੀ ਅੰਦਰਲੀ ਮਿਲਾਉਣੀ ਨੂੰ ਕੁਦਰਤ ਦੀ ਬਾਹਰਲੀ ਹਾਰਮਨੀ ਨਾਲ ਇਕ ਸੂਰ ਕਰ ਦੇਵੇ।


ਬਾਵਾ ਬੁੱਧ ਸਿੰਘ ਅਤੇ ਪੱਛਮੀ ਆਲੋਚਨਾ ਬਾਵਾ ਬੁੱਧ ਸਿੰਘ ਆਪਣੇ ਸਮੇਂ ਦੀਆਂ ਸੀਮਾਵਾਂ ਦੇ ਬਾਵਜੂਦ ਪੱਛਮੀ ਸਿਧਾਂਤ ਵਰਤਾਰੇ ਸਬੰਧੀ ਚੇਤਨ ਵਿਅਕਤੀ ਸਨ। ਉਹ ਕਵਿਤਾ ਦਾ ਆਧਾਰ ਨਿਸ਼ਚਿਤ ਕਰਦੇ ਕਵਿਤਾ ਬੁਨਿਆਦੀ ਹੋਂਦ ਸੰਬੰਧੀ ਅੰਗਰੇਜ਼ੀ ਸਾਹਿਤ-ਸਿਧਾਂਤ ਦੇ ਪ੍ਰਮੁੱਖ ਪੱਖਾਂ ਤੋਂ ਜਾਣੂ ਸਨ। ਪੱਛਮੀ ਸਿਧਾਂਤ ਰਾਹੀਂ ਨਾ ਸਿਰਫ਼ ਭਾਰਤੀ ਬਲਕਿ ਸਮੁੱਚੀ ਪੰਜਾਬੀ ਕਵਿਤਾ ਸੰਬੰਧੀ ਵੀ ਆਪਣੀ ਰਾਇ ਵਿਅਕਤ ਕਰਦੇ ਹਨ। ਆਪਣੀ ਧਾਰਨਾ ਪੇਸ਼ ਕਰਦੇ ਹੋਏ ਦੱਸਦੇ ਹਨ ਕਿ ਅੰਗਰੇਜ਼ੀ ਅਤੇ ਹੋਰ ਪੂਰਬੀ ਜ਼ਬਾਨਾਂ ਵਿੱਚ ਕਵਿਤਾ ਦੀਆਂ ਤਿੰਨ ਕਿਸਮਾਂ ਰੱਖੀਆਂ ਹਨ ਕਿ ਅੰਗਰੇਜ਼ੀ ਅਤੇ ਹੋਰ ਪੂਰਬੀ ਜ਼ਬਾਨਾਂ ਵਿਚ ਕਵਿਤਾ ਦੀਆਂ ਤਿੰਨ ਕਿਸਮਾਂ ਰੱਖੀਆਂ ਹਨ:

1. ਐਪਕ (epic) (ਬੀਰ ਰਸ ਦੀ ਕਵਿਤਾ) 2. ਨਾਟਕ (drama) 3. ਕਵਿਤਾ (lyric) ਲੀਰਕ(ਗੀਤ ਰਸ ਦੀ ਕਵਿਤਾ)1. ਐਪਕ(ਬੀਰ ਰਸ ਦੀ ਕਵਿਤਾ) :ਸਭ ਥਾਂ ਪ੍ਰਧਾਨ ਹੋਈ ਏ। ਹਿੰਦੁਸਤਾਨ ਦੀਆਂ ਪੁਰਾਣੀਆ ਕਿਤਾਬਾਂ ਰਾਮਾਇਣ ਤੇ ਮਹਾਂਭਾਰਤ ਬੀਰ ਰਸ ਦੇ ਪੁੰੰਜ ਹਨ। ਪੰਜਾਬੀ ਵਿੱਚ ਬੀਰ ਰਸ ਸਿਰਫ਼ ਵਾਰਾਂ ਵਿੱਚ ਹੀ ਏ ।

2. ਨਾਟਕ: ਇਹ ਕਵਿਤਾ ਦੀ ਸਭ ਤੋਂ ਉੱਚੀ ਕਿਸਮ ਏ। ਇਸ ਵਿਚ ਕਵੀ ਆਪਣੇ ਦਿਮਾਗੋ ਜਿਊਂਦੀਆਂ ਜਾਗਦੀਆਂ ਮੂਰਤੀਆਂ ਬਣਾ ਕੇ ਵਿਖਾਂਦਾ ਏ,ਉਹਨਾਂ ਦੇ ਕਰਤੱਵਾ ਤੋਂ ਉਹਨਾਂ ਨੂੰ ਇਕ ਅਜਿਹੀ ਹਾਰਮਨੀ ਵਿਚ ਬੰਨ੍ਹਦਾ ਏ,ਜੋ ਇਹ ਮੂਰਤ ਇਕ ਅਨੋਖੀ ਮੂਰਤ ਹੋ ਜਾਂਦੀ ਏ, ਇਉ ਸਮਝੋ ਕਿ ਕਵਿਤਾ ਦੇ ਖ਼ਿਆਲ ਦੀ ਜਿਉਂਦੀ ਤਸਵੀਰ ਹੈ। ਜਿਨੇ ਉੱਚੇ ਖ਼ਿਆਲ ਨੂੰ ਕਵੀ ਬੜੀ ਕਾਰਗਾਰੀ ਤੇ ਇਕ ਰਸਤੇ ਨਾਲ ਇਕ ਨਟ ਵਿਚ ਬੰਨਕੇ ਵਿਖਾਏ ਉਹਨਾਂ ਈ ਡਰਾਮਾਂ ਚੰਗਾ, ਡਰਾਮਾ ਜ਼ਰੂਰੀ ਨਹੀਂ ਕਿ ਛੰਦ-ਬੰਦੀ ਵਿਚ ਹੋਵੇ। ਵਲਾਇਤ ਵਿਚ ਹੁਣ ਚੰਗੇ ਡਰਾਮੇ ਸਿਰਫ਼ ਸਰਲ ਬੋਲੀ ਵਿਚ ਹੁੰਦੇ ਹਨ। ਖ਼ਿਆਲ ਉੱਚੇ ਚਾਹੀਦੇ ਨੇ।

3. ਕਵਿਤਾ: ਇਸ ਵਿਚ ਉਪਰਲੀਆਂ ਦੋ ਕਿਸਮਾਂ ਛੱਡ ਕੇ ਸਭ ਕਿਸਮ ਦੀ ਕਵਿਤਾ ਸਮਾਂ ਜਾਂਦੀ ਏ। ਇਸ ਵਿਚ ਗੀਤ, ਕਿੱਸੇ, ਕਹਾਣੀਆਂ,ਕਸੀਦੇ,ਮਾਰਸੀਦੇ ਆਦਿ ਸ਼ਾਮਲ ਹਨ। ਇਸ ਦੀਆਂ ਅੱਗੇ ਕਈ ਕਿਸਮਾਂ ਹਨ, ਜਿਵੇਂ: ੳ. ਪ੍ਰਸ਼ੰਗ ਜਾਂ ਵਾਰਤਕ। ਅ. ਕਿਸੇ ਕੁਦਰਤੀ ਨਜ਼ਾਰੇ ਦਾ ਨਿਰਪੁਨ ਕਰਨਾ ਜਾਂ ਕੋਈ ਪ੍ਰਸ਼ੰਗ ਸੁਣਾਉਣਾ । ੲ. ਗ਼ਜ਼ਲ ਅਤੇ ਗੀਤ।

ਇਹ ਤੇ ਸਾਹਿਤ ਦੀ ਪੱਛਮੀ ਵੰਡ ਏ। ਹਿੰਦੁਸਤਾਨੀ ਕਵੀਆਂ ਨੇ ਕਵਿਤਾ ਨੂੰ 9 ਹਿੱਸਿਆਂ ਵਿਚ ਵੰਡਿਆ ਏ ਤੇ ਹੋਰ ਇਕ ਹਿੱਸੇ ਦਾ ਨਾਉ ਰਸ ਆਖਿਆ ਏ। ਕਵਿਤਾ ਲਈ ਨਾਉ ਸਜਦਾ ਈ ਰਸ ਏ। ਰਸ ਤਦ ਹੀ ਹੁੰਦਾ ਏ ਜਦ ਮਾਲੋਨੀ ਕਵਿਤਾ ਦੀ ਜਾਨ ਹੋਈ। ਇਸ ਪਰਕਾਰ ਕਵਿਤਾ ਦੀ ਵਰਗ ਵੰਡ ਨੂੰ ਆਧਾਰ ਬਣਾਉਂਦੇ ਸਮੇਂ ਬਾਵਾ ਬੁੱਧ ਸਿੰਘ ਕੇਵਲ ਪੱਛਮੀ ਕਾਵਿ-ਸਿਧਾਂਤ ਜਾਂ ਕੇਵਲ ਭਾਰਤੀ ਕਾਵਿ ਸ਼ਾਸਤਰ ਨੂੰ ਪ੍ਰਮੁੱਖ ਬਣਾਉਂਦੇ ਬਲਕਿ ਦੋਹਾਂ ਦਾ ਸਮਤੋਲ ਹੀ ਉਹਨਾਂ ਦੀ ਅਲੋਚਨਾਂ ਦਾ ਪ੍ਰਮੁਖ ਅਧਾਰ ਬਣਦਾ ਹੈ ਉਹ ਕਵਿਤਾ ਦੀ ਭਾਰਤੀ ਪ੍ਰਸ਼ੰਗ ਵਿੱਚ ਵੰਡ ਕਰਦੇ ਹੋਈ ਸਪਸ਼ਟ ਕਰਦੇ ਹਨ ਕਿ ਹਿੰਦੂਸਤਾਨੀ ਵਿਚ ਕਵਿਤਾ ਦੀਆਂ ਦੋ ਵੰਡੀਆਂ ਹੋ ਸਕਦੀਆਂ ਹਨ।

1. ਸੰਸਕ੍ਰਿਤ ਸਾਕ ਵਾਲੀ ਕਵਿਤਾ 2. ਫ਼ਾਰਸੀ ਸਾਕ ਵਾਲੀ ਕਵਿਤਾ


ਬਾਵਾ ਬੁੱਧ ਸਿੰਘ ਪੰਜਾਬੀ ਭਾਸ਼ਾ ਵਿਚ ਰਚੇ ਜਾ ਰਹੇ ਸਾਹਿਤ ਦਾ ਬੁਨਿਆਦੀ ਨੇਮ ਵਿਧਾਨ ਸਿਰਫ਼ ਉਸਦੇ ਕਲਕ੍ਰਮੀਕ ਪਾਸਾਰ ਤੱਕ ਸੀਮਿਤ ਨਹੀਂ ਕਰਦੇ ਸਨ। ਉਹ ਸਾਹਿਤ ਅਤੇ ਭਾਸ਼ਾ ਦਾ ਤੁਲਨਾਤਮਿਕ ਪਰਿਪੇਖ ਵੀ ਸਿਧਾਂਤ ਬੱਧ ਕਰਨ ਦੀ ਕੋਸ਼ਿਸ ਕਰਦੇ ਹਨ। ਉਹ ਭਾਸ਼ਾ ਨੂੰ ਸਾਹਿਤ ਦਾ ਮੂਲ ਸ੍ਰੋਤ ਸਵੀਕਾਰ ਕਰਦੇ ਹੋਏ ਪੰਜਾਬੀ ਭਾਸ਼ਾ ਦੇ ਸਰੂਪ ਅਤੇ ਵਿਹਾਰ ਸੰਬੰਧੀ ਚੇਤਨ ਦ੍ਰਿਸ਼ਟੀਕੋਣ ਰੱਖਦੇ ਸਨ। ਬਾਵਾ ਬੁੱਧ ਸਿੰਘ ਬਹੁਪੱਖੀ ਸਖ਼ਸੀਅਤ ਸਨ। ਉਹਨਾਂ ਨੇ ਆਪਣੇ ਸਮੇਂ ਦੀ ਚੇਤਨਾ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਦੀ ਉਨਤੀ ਲਈ ਉਪਰਾਲਾ ਕੀਤਾ ਸੀ। [1]

ਜੀਵਨ[ਸੋਧੋ]

ਬਾਵਾ ਬੁੱਧ ਸਿੰਘ ਤੀਜੇ ਸਿੱਖ ਗੁਰੂ, ਗੁਰੂ ਅਮਰਦਾਸ ਜੀ ਦੇ ਖਾਨਦਾਨ ਵਿੱਚੋਂ ਸਨ। ਉਹ ਬਾਵਾ ਲਹਿਣਾ ਸਿੰਘ ਦੇ ਪੁੱਤਰ ਸਨ। ਮਸੀਤ ਵਿੱਚੋਂ ਫਾਰਸੀ ਸਿੱਖ ਕੇ ਉਹ ਮਿਸ਼ਨ ਸਕੂਲ ਵਿੱਚ ਦਾਖਲ ਹੋ ਗਏ ਅਤੇ ਉਥੋਂ ਦਸਵੀਂ ਪਾਸ ਕੀਤੀ। ਉਸ ਤੋਂ ਬਾਅਦ ਐਫ਼ ਸੀ ਕਾਲਜ, ਲਾਹੌਰ ਵਿੱਚ ਚਲੇ ਗਏ। ਫਿਰ ਉਨ੍ਹਾਂ ਨੇ ਰੁੜਕੀ ਤੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ।[2]

ਰਚਨਾਵਾਂ[ਸੋਧੋ]

ਪੰਜਾਬੀ ਸਾਹਿਤ ਦੀ ਖੋਜ[ਸੋਧੋ]

 • ਹੰਸ ਚੋਗ (1913)
 • ਕੋਇਲ ਕੂ (1916)
 • ਬੰਬੀਹਾ ਬੋਲ (1925)
 • ਪ੍ਰੇਮ ਕਹਾਣੀ (1932)[3] ਪੰਨਾ 19
 • ਰਾਜਾ ਰਸਾਲੂ (1931)[3] ਪੰਨਾ 19
 • ਪ੍ਰੀਤਮ ਛੋਹ[4]

[5]

ਹੰਸ ਚੋਗ[ਸੋਧੋ]

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਆਗਾਜ਼ ਬਾਵਾ ਬੁੱਧ ਸਿੰਘ ਦੁਆਰਾ ਰਚਿਤ ਪੁਸਤਕ ‘ਹੰਸ ਚੋਗ’ (1913) ਤੋਂ ਮੰਨਿਆ ਜਾਂਦਾ ਹੈ। ਇਸ ਵਿੱਚ ਬਾਵਾ ਜੀ ਨੇ ਪੰਜਾਬੀ ਸਾਹਿਤ ਦੀਆਂ ਚੋਣਵੀਆਂ ਵੰਨਗੀਆਂ ਦਾ ਬਿਉਰਾ ਅਤੇ ਹਵਾਲਾ ਦੇਣ ਦੇ ਨਾਲ ਨਾਲ ਆਪਣੇ ਵੱਲੋਂ ਇਸ ਦੀ ਕਾਲ ਵੰਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿੱਚ ਉਨ੍ਹਾਂ ਦੀ ਤਜਵੀਜ਼ ਹੇਠ ਲਿਖੇ ਅਨੁਸਾਰ ਹੈ;

 1. ਪੁਰਾਣੀ ਸਮਾਂ – 11ਵੀਂ ਸਦੀ ਤੋਂ 1800ਵੀਂ ਸਦੀ ਤਕ
 2. ਵਿਚਕਾਰਲਾ ਸਮਾਂ- 1860 ਈ. ਤੋਂ 1925 ਈ. ਤਕ
 3. ਨਵਾਂ ਸਮਾਂ – 1925 ਈ. ਤੋਂ ਅੱਗੇ।

ਬਾਵਾ ਬੁੱਧ ਸਿੰਘ ਨੇ ਹੰਸ ਚੋਗ ਦੀ ਉਥਾਨਕਾ ਵਿੱਚ ਦਾਅਵਾ ਕੀਤਾ ਹੈ ਕਿ ਕਿ ਉਸ ਨੇ ਪੰਜਾਬੀ ਦੇ ਕਵੀਆਂ ਅਤੇ ਕਵਿਤਾ ਦੀ ਵਿਆਖਿਆ ਕੀਤੀ ਹੈ। ਇਸ ਪੁਸਤਕ ਦਾ ਦੂਸਰਾ ਭਾਗ ‘ਸਤਿਜੁਗੀ ਦਰਬਾਰ’ ਇੱਕ ਨਾਟਕੀ ਦ੍ਰਿਸ਼ ਹੈ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਦੂਸਰੇ ਬਾਣੀ ਕਾਰਾਂ ਦੀ ਜਾਣ ਪਛਾਣ ਉਸ ਦਰਬਾਰ ਵਿੱਚ ਸਜੇ, ਸੰਤਾਂ ਭਗਤਾਂ ਅਤੇ ਫ਼ਕੀਰਾਂ ਦੇ ਰੂਪ ਵਿੱਚ ਕਰਵਾਈ ਗਈ ਹੈ। ਇਸ ਭਾਗ ਵਿੱਚ ਬਾਵਾ ਬੁੱਧ ਸਿੰਘ ਨੇ ਗੁਰੂ ਸਾਹਿਬ ਦੇ ਗਲਪੀ ਕਾਲਪਨਿਕ ਚਿੱਤਰ ਉਲੀਕੇ ਹਨ। ਇਨ੍ਹਾਂ ਕਾਲਪਨਿਕ ਖ਼ਾਕਿਆਂ ਨੂੰ ਉਹ ਲੋਕ ਮੰਨਤਾਂ ਜਾਂ ਕਰਾਮਾਤੀ ਜਨਮ-ਸਾਖੀਆਂ ਵਿੱਚ ਪੇਸ਼ ਘਟਨਾਵਾਂ ਅਤੇ ਚਰਿਤਰਾਂ ਦੇ ਆਧਾਰ ਉੱਪਰ ਬਣਾਉਂਦਾ ਹੈ।

ਬਾਵਾ ਬੁੱਧ ਸਿੰਘ ਦੀ ਅਧਿਐਨ ਯਾਤਰਾ ਬਾਣੀ ਕਾਰਾਂ ਸੰਬੰਧੀ ਪ੍ਰਚੱਲਿਤ ਲੋਕ ਰਾਇ ਤੋਂ ਸ਼ੁਰੂ ਹੁੰਦੀ ਹੈ ਅਤੇ ਪਹਿਲੇ ਜਾਂ ਦੂਸਰੇ ਤੇ ਸਥਾਪਿਤ ਨਾਂ ਜ਼ਾਤ, ਨਿਵਾਸ, ਅਸਥਾਨ, ਪਿਤਾ ਦਾ ਨਾਂ, ਜਨਮ ਮਿਤੀ, ਵਿਆਹ, ਵਿਸ਼ੇਸ਼ ਬਾਣੀ ਕਾਰਾਂ ਨਾਲ ਜੁੜੀਆਂ ਕਹਾਣੀਆਂ, ਔਲਾਦ, ਅੰਤ, ਪ੍ਰਸਿੱਧੀ ਦੇ ਕਾਰਨਾਂ ਅਤੇ ਪ੍ਰਸਿੱਧ ਰਚਨਾਵਾਂ ਦੁਆਲੇ ਘੁੰਮਦੀ ਹੋਈ ਰਚਨਾਵਾਂ ਸੰਬੰਧੀ ਮੁੱਢਲੀ ਅਤੇ ਸਧਾਰਨ ਬੁੱਧ ਆਧਾਰਤ ਜਾਣ ਪਛਾਣ ਕਰਵਾ ਕੇ ਸਮਾਪਤ ਹੋ ਜਾਂਦੀ ਹੈ।[6] ਇਸ ਸਾਰੀ ਸਾਹਿਤ ਸਮਗਰੀ ਨੂੰ ਲੇਖਕ ਨੇ ‘ਪੁਰਾਣਾ ਮੁੱਢ’ ਸਿਰਲੇਖ ਦਿੱਤਾ ਹੈ। ‘ਵਿਚਲਾ ਸਮਾਂ’ ਸਿਰਲੇਖ ਅਧੀਨ ਉਸ ਦੇ ਮੁਗ਼ਲ ਰਾਜ ਦੇ ਅੰਤਿਮ ਸਮੇਂ ਮੁਸਲਮਾਨ ਸਾਹਿਤਕਾਰਾਂ ਦੁਆਰਾ ਰਚੇ ਸਾਹਿਤ ਨੂੰ ਸ਼ਾਮਿਲ ਕੀਤਾ ਹੈ। ‘ਨਵਾਂ ਜ਼ਮਾਨਾ’ ਸਿਰਲੇਖ ਅਧੀਨ ਉਹ ਆਪਣੇ ਸਮਕਾਲੀ ਸਾਹਿਤ ਨੂੰ ਸ਼ਾਮਿਲ ਕਰਕੇ ਪਰਖਦਾ ਹੈ।[7]

ਕੋਇਲ ਕੂ[ਸੋਧੋ]

ਬਾਵਾ ਬੁੱਧ ਸਿੰਘ ਪੰਜਾਬੀ ਦਾ ਪਹਿਲਾ ਇਤਿਹਾਸਕਾਰ ਹੈ ਅਤੇ ਆਲੋਚਕ ਹੈ। ਉਸ ਨੇ ਸਭ ਤੋਂ ਪਹਿਲਾਂ ਇਤਿਹਾਸਕਾਰੀ ਕੀਤੀ। ਉਸ ਨੇ ਖਿੱਲਰੇ ਪੁਲਰੇ ਪੰਜਾਬੀ ਸਾਹਿਤ ਨੂੰ ਇਕੱਠਾ ਕੀਤਾ ਅਤੇ ਉਸ ਨੂੰ ਕਾਲ ਕ੍ਰਮ ਵਿੱਚ ਕ੍ਰਮ ਵਿੱਚ ਬੰਨ੍ਹ ਕੇ ਉਸ ਦੀ ਸਮੀਖਿਆ ਕਰਨ ਦਾ ਯਤਨ ਕੀਤਾ। ਉਨ੍ਹਾਂ ਦੀਆਂ ਤਿੰਨ ਪੁਸਤਕਾਂ ਹਨ:-

 1. ਹੰਸ ਚੋਗ (1914)
 2. ਕੋਇਲ ਕੂ (1916)
 3. ਬੰਬੀਹਾ ਬੋਲ (1923)

ਕੋਇਲ ਕੂ (1916) ਇਸ ਪੁਸਤਕ ਵਿੱਚ ਬਾਵਾ ਬੁੱਧ ਸਿੰਘ ਨੇ ਉਸ ਸਮੇਂ ਵਿਚਲੇ ਕਵੀਆਂ ਰਚਨਾਵਾਂ ਦਾ ਅਧਿਐਨ ਕੀਤਾ ਹੈ, ਜਿਨ੍ਹਾਂ ਨੇ ਮੁਲਤਾਨੀ ਭਾਸ਼ਾ ਦੇ ਪ੍ਰਭਾਵ ਅਧੀਨ ਸਾਹਿਤ ਰਚਨਾ ਕੀਤੀ। ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਨੂੰ ਉਸ ਨੇ ‘ਮੁਲਤਾਨੀ ਵੰਡ’ ਸਿਰਲੇਖ ਅਧੀਨ ਵਿਚਾਰਿਆ ਹੈ।[8] ਕੋਇਲ ਕੂ ਦੀ ਪਹਿਲੀ ਛਾਪ ਜਦ ਛਪੀ ਸੀ, ਉਸ ਸਮੇਂ ਕਈ ਮੁਗ਼ਲਈ ਕਵੀਆਂ ਦਾ ਪਤਾ ਨਹੀਂ ਸੀ। ਪਿੱਛੋਂ ਖੋਜ ਤੋਂ ਨਵੇਂ ਕਵੀਆਂ ਦੀਆਂ ਰਚਨਾਵਾਂ ਮਿਲੀਆਂ, ਜੀਕਨ:-

 1. ਦਮੋਦਰ ਦੀ ਹੀਰ
 2. ਪੀਲੂ ਦਾ ਮਿਰਜ਼ਾ ਸਾਹਿਬਾ
 3. ਨਜ਼ਾਬਤ ਦੀ ਵਾਰ

ਇਹ ਪੁਸਤਕ ਬੰਬੀਹਾ ਬੋਲ ਵਿੱਚ ਲਿਖੇ ਗਏ ਹਨ।[9] ਕੋਇਲ ਕੂ ‘ਪ੍ਰੇਮ ਜੰਞ’ ਵਾਲੇ ਭਾਗ ਵਿੱਚ ਹੋਰਨਾਂ ਕਿੱਸਾਕਾਰਾਂ ਵਾਂਗ ਉਹ ਵਾਰਿਸ ਸ਼ਾਹ ਦੇ ਵੀ ‘ਕਲਮੀ ਚਿੱਤਰ’ ਉਸਾਰਦਾ ਹੈ। ਕੋਇਲ ਕੂ ਵਿੱਚ ਕਾਵਿ ਸਿਧਾਂਤ ਜਿਵੇਂ ਕਵਿਤਾ ਕੀ ਹੈ? ਕਾਵਿ ਦੇ ਤੱਤ, ਕਾਵਿ ਦਾ ਪ੍ਰਯੋਜਨ, ਛੰਦ, ਰਸ ਅਲੰਕਾਰ ਦੀ ਨਾਲ ਬੜੀ ਮੁੱਢਲੀ ਕਿਸਮ ਦੀ ਵਾਕਫ਼ੀ ਦਰਜ ਹੈ। ਇਸ ਪੁਸਤਕ ਦੇ ਅਧਿਐਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਵਾ ਬੁੱਧ ਸਿੰਘ ਦਾ ਚਿੰਤਨ ਸੋਮਾ ਉਰਦੂ ਫ਼ਾਰਸੀ ਅਤੇ ਅੰਗਰੇਜ਼ੀ ਅਤੇ ਭਾਰਤੀ ਕਾਵਿ ਸ਼ਾਸਤਰ ਦੇ ਕੁੱਝ ਮੁੱਢਲੇ ਸਿਧਾਂਤ ਹਨ। ਉਹ ਇਨ੍ਹਾਂ ਸਿਧਾਂਤਾਂ ਤੋਂ ਅੰਤਰ ਦ੍ਰਿਸ਼ਟੀਆਂ ਗ੍ਰਹਿਣ ਕਰਕੇ ਪੰਜਾਬੀ ਸਾਹਿਤ ਦੇ ਕਿਸੇ ਮੌਲਿਕ ਸਿਧਾਂਤ ਦੀ ਉਸਾਰੀ ਵੱਲ ਰੁਚਿਤ ਨਹੀਂ। ਇਹ ਅਵਸਥਾ ਕਿਸੇ ਅੰਤਰ ਦ੍ਰਿਸ਼ਟੀ ਦੀ ਮਦਦ ਨਾਲ ਸਾਹਿਤ ਨੂੰ ਸਮਝਣ ਦੀ ਨਹੀਂ. ਗਿਣੇ ਮਿਥੇ ਸਿਧਾਂਤਾਂ ਨੂੰ ਠੋਸਣ ਦੀ ਹੈ। ਇਨ੍ਹਾਂ ਸਿਧਾਂਤਾਂ ਵਿੱਚ ਵਸਤੂ ਅਤੇ ਰੂਪ ਦੀ ਦਵੈਤ ਪ੍ਰਭਾਵਿਤ ਹੈ। ਕਾਵਿ ਦੀ ਪ੍ਰਕਿਰਤੀ ਪਛਾਣ ਤੱਤਾਂ ਦੇ ਸਮੂਹ ਦੇ ਆਧਾਰ ਉੱਪਰ ਕਰਾਈ ਗਈ ਹੈ। ਇਹ ਤੱਤ ਹਨ: ਚੰਗਾ ਖ਼ਿਆਲ, ਚੰਗੇ ਤੇ ਚੋਣਵੇਂ ਪਦ ਅਰ ਉਨ੍ਹਾਂ ਦੀ ਸੋਹਣੀ ਤਰਤੀਬ ਤੇ ਚਾਲ। ਅਲੰਕਾਰ ਅਤੇ ਦੇਸ਼ ਤੇ ਸਮੇਂ ਦਾ ਪ੍ਰਭਾਉ।[10]

ਬੰਬੀਹਾ ਬੋਲ[ਸੋਧੋ]

ਬਾਵਾ ਬੁੱਧ ਸਿੰਘ ਦੁਆਰਾ ਰਚਿਤ ਪੁਸਤਕ ਬੰਬੀਹਾ ਬੋਲ ਵਿੱਚ ਮੱਧਕਾਲੀ ਕਵਿਤਾ ਦੀ ਵੰਡ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ।

 1. ਮੁਗ਼ਲਈ ਵੰਡ
 2. ਖ਼ਾਲਸਾਈ ਵੰਡ
 3. ਸਿੱਖ ਸ਼੍ਰੇਣੀ ਦੀ ਕਵਿਤਾ।

ਮੁਗ਼ਲਈ ਵੰਡ[ਸੋਧੋ]

 1. ਮੁਗ਼ਲਈ ਵੰਡ ਵਿੱਚ ਬਾਵਾ ਬੁੱਧ ਸਿੰਘ ਪਹਿਲਾ ਦਮੋਦਰ ਦੁਆਰਾ ਰਚਿਤ ਹੀਰ ਰਾਂਝੇ ਦਾ ਕਿੱਸਾ ਹੈ। ਬਾਵਾ ਬੁੱਧ ਨੇ ਦਮੋਦਰ ਦੇ ਕਿੱਸੇ ਦੇ ਸਾਰੇ ਪੱਖ ਵਿਸਥਾਰ ਪੂਰਵਕ ਪੇਸ਼ ਕੀਤੇ ਹਨ। ਪਹਿਲਾ ਦਮੋਦਰ ਬਾਰੇ ਜਾਣਕਾਰੀ ਹੈ ਕਿ ਹੀਰ ਤੇ ਰਾਂਝੇ ਦਾ ਪਿਆਰ ਉਦੇ ਹੋਣਾ ਅਤੇ ਅਖੀਰ ਕੋਟ ਕਬੂਲੇ ਫ਼ੈਸਲਾ ਹੋਣਾ। ਇਹ ਸਾਰਾ ਕਿੱਸਾ ਬਾਵਾ ਜੀ ਨੇ ਪੇਸ਼ ਕੀਤਾ ਹੈ।
 2. ਮੁਗ਼ਲਈ ਵੰਡ ਵਿੱਚ ਦੂਜਾ ਕਿੱਸਾ ਪੀਲੂ ਸ਼ਾਇਰ ਦੁਆਰਾ ਰਚਿਤ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ, ਜਿਸ ਵਿੱਚ ਸਾਰੇ ਪੱਖ ਵਿਸਥਾਰ ਪੂਰਵਕ ਪੇਸ਼ ਕੀਤੇ ਹਨ। ਪਹਿਲਾ ਪੀਲੂ ਸ਼ਾਇਰ ਬਾਰੇ ਜਾਣਕਾਰੀ ਹੈ ਕਿ ਪੀਲੂ ਭਗਤ ਸ੍ਰੀ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ ਹਨ ਤੇ ਫਿਰ ‘ਮਿਰਜ਼ਾ ਸਾਹਿਬਾਂ’ ਦੇ ਮਿਲਾਪ ਦੀ ਪੇਸ਼ਕਾਰੀ ਤੋਂ ਲੈ ਕੇ ਸਾਹਿਬਾਂ ਨੂੰ ਘਰੋਂ ਕੱਢ ਕੇ ਘੋੜੀ ਤੇ ਟੁਰ ਪੈਣਾ ਮਿਰਜ਼ਾ ਥੱਕਿਆ ਹੋਣ ਕਾਰਨ ਜੰਡ ਹੇਠ ਵਿਸ਼ਰਾਮ ਕਰਨਾ ਤੇ ਚੰਦੜ ਘੋੜੀਆਂ ਲੈ ਕੇ ਚੜ੍ਹਾਈ ਕਰਨਾ, ਸ਼ਮੀਰ ਆਣ ਕੇ ਤੀਰ ਮਾਰ ਕੇ ਮਿਰਜ਼ੇ ਨੂੰ ਫੱਟੜ ਕਰ ਦਿੰਦਾ ਹੈ।
 3. ਮੁਗ਼ਲਈ ਵੰਡ ਵਿੱਚ ਬਾਵਾ ਬੁੱਧ ਸਿੰਘ ਅਗਲਾ ਪੱਖ ਨਜ਼ਾਬਤ ਦੀ ਨਾਦਰਸ਼ਾਹ ਦੀ ਵਾਰ ਹੈ। ਬਾਵਾ ਬੁੱਧ ਸਿੰਘ ਕਵੀ ਦੇ ਜੀਵਨ ਬਾਰੇ ਦੱਸਿਆ ਹੈ। ਉਸ ਤੋਂ ਬਾਅਦ ਬਾਵਾ ਬੁੱਧ ਨੇ ਵਾਰ ਦੇ ਅਮਲ ਕਰਤੇ ਬਾਰੇ ਦੱਸਿਆ ਹੈ ਤੇ ਫੇਰ ਵਾਰ ਦੀ ਪੇਸ਼ਕਾਰੀ ਦਿੱਤੀ ਹੈ। ਵਾਰ ਵਿੱਚ ਵੀਰ ਰਸ ਇੱਕ ਸੋਹਣੀ ਕਵਿਤਾ ਹੈ। ਇਹ ਪੁਰਾਣੇ ਸਮਿਆਂ ਦੀਆਂ ਲੜਾਈਆਂ ਦਾ ਨਕਸ਼ਾ ਮਿਲਦਾ ਹੈ।

ਖ਼ਾਲਸਾਈ ਵੰਡ[ਸੋਧੋ]

ਖ਼ਾਲਸਾਈ ਵੰਡ ਵਿੱਚ ਸਿੱਖ ਰਾਜ ਦੇ ਪੰਜਾਬੀ ਦੇ ਕਵੀਆਂ ਦਾ ਹਾਲ ਦੱਸਿਆ ਹੈ। ਇਸ ਵੰਡ ਦੇ ਕਈ ਕਵੀ ਸਿੱਖਾਂ ਦੇ ਰਾਜ ਤੋਂ ਸ਼ੁਰੂ ਹੋ ਕੇ ਅੰਗਰੇਜ਼ਾਂ ਦੇ ਰਾਜ ਤਕ ਰਹੇ।

ਕਵੀ ਅਗਰਾ[ਸੋਧੋ]

ਖ਼ਾਲਸਾਈ ਵੰਡ ਦਾ ਪਹਿਲਾ ਕਵੀ ਹੈ। ਅਗਰਾ ਇੱਕ ਹਿੰਦੂ ਕਵੀ ਹੋਇਆ ਹੈ। ਜਿਸ ਨੇ ਬਿਕਰਮੀ ਵਿੱਚ ਹਕੀਕਤ ਰਾਏ ਦੀ ਵਾਰ ਬਣਾਈ। ਸਿੱਧੀ ਬੋਲੀ ਵਿੱਚ ਵਾਰ ਲਿਖੀ ਹੈ। ਹਕੀਕਤ ਰਾਏ ਦੀ ਸਭ ਤੋਂ ਪੁਰਾਣੀ ਵਾਰ ਇਹ ਹੀ ਲਿਖੀ ਹੋਈ ਮਿਲਦਾ ਹੈ।

ਰਾਜ ਕਵੀ ਹਾਸ਼ਮ[ਸੋਧੋ]

ਖ਼ਾਲਸਾਈ ਵੰਡ ਦਾ ਦੂਜਾ ਕਵੀ ਇਹ ਕਵੀ ਜਾਤ ਦੇ ਤਰਖਾਣ, ਪਿਉ ਦਾ ਨਾਉਂ ਕਾਸਮ ਸ਼ਾਹ ਇਨ੍ਹਾਂ ਦੇ ਜੀਵਨ ਦੀ ਪੇਸ਼ਕਾਰੀ ਹੈ। ਇਨ੍ਹਾਂ ਜਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਿਤਾ ਸਵਰਗਵਾਸ ਹੋਏ ਤਾਂ ਇਨ੍ਹਾਂ ਨੇ ਇੱਕ ਵਾਰ ‘ਮਰਸੀਆ’ ਲਿਖੀ। ਹਾਸ਼ਮ ਨੇ ‘ਸੱਸੀ’ ਲਿਖੀ, ਜਿਸ ਦੀ ਵਿਸਥਾਰਪੂਰਵਕ ਜਾਣਕਾਰੀ ਮਿਲਦਾ ਹੈ।

ਮੀਆਂ ਕਾਦਰਯਾਰ[ਸੋਧੋ]

ਖ਼ਾਲਸਾਈ ਵੰਡ ਦਾ ਤੀਜਾ ਕਵੀ ਮੀਆਂ ਕਾਦਰਯਾਰ ਵੀ ਪੰਜਾਬ ਵਿੱਚ ਸਿੱਖਾਂ ਦੇ ਰਾਜ ਦੇ ਅੰਤਲੇ ਸਮੇਂ ਮਸ਼ਹੂਰ ਕਵੀ ਹੋਏ ਹਨ। ਇਨ੍ਹਾਂ ਦੀਆਂ ਮਸ਼ਹੂਰ ਰਚਿਤ ਪੁਸਤਕਾਂ ਇਹ ਹਨ: 1. ਮਹਿਰਾਜ ਨਾਮਾ 2. ਸੋਹਣੀ 3. ਪੂਰਨ ਭਗਤ 4. ਹਰੀ ਸਿੰਘ ਨਲੂਆ 5. ਰਾਜਾ ਰਸਾਲੂ। ਪੂਰਨ ਭਗਤ ਦੀ ਵਾਰ ਸਭਨਾਂ ਵਿਚੋਂ ਮਸ਼ਹੂਰ ਹੈ।

ਪੀਰ ਬਖ਼ਸ਼[ਸੋਧੋ]

ਖ਼ਾਲਸਾਈ ਵੰਡ ਦੇ ਚੌਥੇ ਕਵੀ ਹਨ। ਇਹ ਵੀ ਸਿੱਖਾਂ ਦੇ ਵੇਲੇ ਚੰਗੇ ਕਵੀ ਹੋਏ ਹਨ। ਇਨ੍ਹਾਂ ਨੇ ਸੀਹਰਫੀਆਂ ਲਿਖੀਆਂ, ਜਿਨ੍ਹਾਂ ਵਿਚੋਂ ਫ਼ਰੀਦ ਸ਼ਕਰਗੰਜ ਦੀ ਸੀਹਰਫ਼ੀ ਢੇਰ ਮਸ਼ਹੂਰ ਹੈ। ਜ਼ੁਬਾਨ ਠੇਠ ਅਰ ਕਵਿਤਾ ਵਿੱਚ ਰਸ ਹੈ। ਇਲਮ ਘੱਟ ਸੀ।

ਹਾਫ਼ਜ਼ ਮੀਆਂ ਅੱਲਾਹ ਬਖ਼ਸ਼ ਪਿਆਰਾ[ਸੋਧੋ]

ਇਹ ਖ਼ਾਲਸਾਈ ਵੰਡ ਦੇ ਪੰਜਵੇਂ ਕਵੀ ਹਨ। ਇਹ ਕਵੀ ਅੱਜ ਕੱਲ੍ਹ ਦੇ ਪੰਜਾਬੀ ਕਵੀਆਂ ਦੀ ਇੱਕ ਖ਼ਾਸ ਲੜੀ ਦੇ ਉਸਤਾਦ ਹੋਏ ਹਨ। ਸਿੱਖਾਂ ਦੇ ਰਾਜ ਵਿੱਚ ਇਨ੍ਹਾਂ ਨੇ ਲਾਹੌਰ ਵਿੱਚ ਇੱਕ ਮਦਰਸਾ ਖੋਲ੍ਹਿਆ ਹੋਇਆ ਸੀ, ਜਿਹੜਾ ਬੜਾ ਮਸ਼ਹੂਰ ਹੋ ਗਿਆ। ਇੱਥੇ ਦੂਰੋਂ ਲੋਕ ਪੜ੍ਹਨ ਆਉਂਦੇ ਸਨ। ਇਨ੍ਹਾਂ ਦੀ ਆਪਣੀ ਕਵਿਤਾ ਘੱਟ ਮਿਲਦੀ ਹੈ। ਕੋਈ ਕਿੱਸਾ ਕਹਾਣੀ ਨਹੀਂ ਲਿਖਿਆ।

ਫ਼ਰੀਦ ਦੀਨ[ਸੋਧੋ]

ਇਹ ਖ਼ਾਲਸਾਈ ਵੰਡ ਦੇ ਛੇਵੇਂ ਕਵੀ ਹਨ। ਇਹ ਸਿੱਖਾਂ ਦੇ ਰਾਜ ਵਿੱਚ ਚੰਗੇ ਮਸ਼ਹੂਰ ਕਵੀ ਹੋਏ ਹਨ। ਇਹ ਫ਼ਾਰਸੀ ਵਿੱਚ ਕਵਿਤਾ ਲਿਖਦੇ ਸਨ। ਪੰਜਾਬੀ ਵਿੱਚ ਵੀ ਇਨ੍ਹਾਂ ਦੇ ਸ਼ਾਗਿਰਦਾਂ ਵਿੱਚੋਂ ਅਰੁੜੇ ਰਾਇ ਮਸ਼ਹੂਰ ਸੀ।

ਮੀਆਂ ਹੁਸੈਨ[ਸੋਧੋ]

ਇਹ ਖ਼ਾਲਸਾਈ ਵੰਡ ਦੇ ਸੱਤਵੇਂ ਕਵੀ ਹਨ। ਨਾਮ ਗ਼ੁਲਾਮ ਹੁਸੈਨ, ਝਨਾਂ ਦੇ ਇਲਾਕੇ ਦੇ ਰਹਿਣ ਵਾਲੇ ਜਾਪਦੇ ਸਨ। ਇਨ੍ਹਾਂ ਦੀਆਂ ਦੋ ਸੀਹਰਫੀਆਂ ‘ਹੀਰ ਹੁਸੈਨ’ ਕਰਕੇ ਮਸ਼ਹੂਰ ਹਨ। ਬੋਲੀ ਮਿੱਠੀ ਅਤੇ ਰਸਦਾਇਕ। ਕਵਿਤਾ ਬਿਰਹੋਂ ਅਤੇ ਪ੍ਰੇਮ ਨਾਲ ਭਰਪੂਰ ਹੈ।

ਮੀਆਂ ਅਸ਼ਰਫ਼[ਸੋਧੋ]

ਇਹ ਖ਼ਾਲਸਾਈ ਵੰਡ ਦੇ ਅੱਠਵੇਂ ਕਵੀ ਹਨ। ਮੀਆਂ ਅਸ਼ਰਫ਼ ਜਿਹਲਮ ਦੇ ਇਲਾਕੇ ਦੇ ਰਹਿਣ ਵਾਲੇ ਜਾਪਦੇ ਹਨ। ਇਨ੍ਹਾਂ ਦੀ ਇੱਕ ਸੀਹਰਫ਼ੀ ਮਸ਼ਹੂਰ ਹੈ। ਹੀਰ ਦੇ ਕਿੱਸੇ ਵਿਚੋਂ ਸਹਿਤੀ ਅਤੇ ਜੋਗੀ (ਰਾਂਝੇ) ਦਾ ਝਗੜਾ ਲਿਖਿਆ ਹੈ।

ਮੀਆਂ ਅਮਾਮ ਬਖ਼ਸ਼[ਸੋਧੋ]

ਇਹ ਖ਼ਾਲਸਾਈ ਵੰਡ ਦੇ ਨੌਵੇਂ ਕਵੀ ਹਨ। ਮੀਆਂ ਅਮਾਮ ਬਖ਼ਸ਼ ਜੀ ਪੰਜਾਬੀ ਬੋਲੀ ਦੇ ਇੱਕ ਚੰਗੇ ਕਵੀ ਹਨ। ਇਹ ਵੀ ਸਿੱਖਾਂ ਦੇ ਰਾਜ ਦੇ ਅੰਤ ਤੇ ਅੰਗਰੇਜ਼ਾਂ ਦੇ ਆਦਿ ਵਿੱਚ ਹੀ ਹੋਏ ਸਨ। ਇਨ੍ਹਾਂ ਦੀ ਰਚਨਾ ‘ਚੰਦਰ ਬਦਨ’ ਇਸ ਪਿੱਛੋਂ ‘ਬਹਿਰਾਮ ਗੁਰ’ ਕਿੱਸਾ ਛਪਿਆ। ਇਨ੍ਹਾਂ ਦੀ ਮਸ਼ਹੂਰੀ ਬਹਿਰਾਮ ਗੁਰ ਦੇ ਕਿੱਸੇ ਨੇ ਚੰਗੀ ਕੀਤੀ। ਬੋਲੀ ਠੇਠ ਹੈ ਇਨ੍ਹਾਂ ਦੀ ਕਵਿਤਾ ਇੱਕ ਸਿੱਧੀ ਸਾਦੀ ਕਵਿਤਾ ਹੈ।

ਨਿਹਾਲਾ ਕਵੀ[ਸੋਧੋ]

ਇਹ ਖ਼ਾਲਸਾਈ ਵੰਡ ਦੇ ਦਸਵੇਂ ਕਵੀ ਹਨ। ਨਿਹਾਲਾ ਕੌਣ ਸੀ? ਕਦ ਹੋਇਆ, ਇਸ ਦਾ ਪਤਾ ਨਹੀਂ ਪਰ ਇਸ ਦੀਆਂ ਲਿਖੀਆਂ ਹੋਈਆਂ ਦੋ ਵਾਰਾਂ 1. ਸਖੀ ਸਰਵਰ ਦਾ ਵਿਆਹ 2. ਸਖੀ ਸਰਵਰ ਤੇ ਜਤੀ Legends of the Punjabi ਵਿੱਚ ਲਿਖੀਆਂ ਹਨ। ਇਹ ਵਾਰ ਸਿੱਖਾਂ ਦੇ ਰਾਜ ਦੇ ਕੋਲ ਲਿਖੀ ਜਾਪਦੀ ਹੈ। ਠੀਕ ਪਤਾ ਨਹੀਂ।

ਸਾਈ ਦਾਸ[ਸੋਧੋ]

ਇਹ ਖ਼ਾਲਸਾਈ ਵੰਡ ਦਾ ਗਿਆਰ੍ਹਵਾਂ ਕਵੀ ਹੈ। ਇਹ ਵੀ ਸਿੱਖਾਂ ਦੇ ਰਾਜ ਦੇ ਅੰਤਲੇ ਸਮੇਂ ਹੋਏ ਹਨ। ਸੀਹਰਫ਼ੀ ਦੀ ਸ਼੍ਰੇਣੀ ਵਿੱਚ ਬੈਂਤ ਲਿਖੇ ਹਨ। ਬੋਲੀ ਸ਼ੁੱਧ ਹੈ, ਕਿਧਰੇ ਇੱਕ ਹਰਫ਼ ਦੇ ਦੋ-ਦੋ, ਤਿੰਨ-ਤਿੰਨ ਬੈਂਤ ਲਿਖ ਮਾਰੇ।

ਸ਼ਾਹ ਮੁਹੰਮਦ[ਸੋਧੋ]

ਇਹ ਖ਼ਾਲਸਾਈ ਵੰਡ ਦਾ ਬਾਰ੍ਹਵਾਂ ਕਵੀ ਹੈ। ਸ਼ਾਹ ਮੁਹੰਮਦ ਵਡਾਲਾ ਵੀਰਮ ਤਹਿਸੀਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੰਨ 1780-82 ਵਿੱਚ ਪੈਦਾ ਹੋਇਆ। ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਅਤੇ ਫ਼ਿਰੰਗੀਆਂ ਤੋਂ ਇਲਾਵਾ ਕਿੱਸਾ ਸੱਸੀ ਪੁੰਨੂੰ ਦੀ ਵੀ ਰਚਨਾ ਕੀਤੀ। ਪਰੰਤੂ ਜੋ ਪ੍ਰਸਿੱਧੀ ਅਤੇ ਸਫ਼ਲਤਾ ਉਸ ਨੂੰ ਜੰਗਨਾਮੇ ਤੋਂ ਮਿਲੀ ਹੈ, ਉਹ ਕਿੱਸਾ ਸੱਸੀ ਪੁੰਨੂੰ ਤੋਂ ਹਾਸਿਲ ਨਹੀਂ ਹੋਈ।

ਸਿੱਖ ਸ਼੍ਰੇਣੀ ਦੀ ਕਵਿਤਾ[ਸੋਧੋ]

ਸਿੱਖ ਸ਼੍ਰੇਣੀ ਦੀ ਕਵਿਤਾ ਨੇ ਹਿੰਦੀ ਧਾਰਨਾ ਦੀ ਧਾਰਨਾ ਧਾਰੀ। ਇਸ ਸ਼੍ਰੇਣੀ ਦੇ ਮੋਢੀ ਸਿੱਖ ਗੁਰੂ ਸਾਹਿਬਾਨ ਹੀ ਸਨ। ਇਸ ਕਵਿਤਾ ਦਾ ਮੁੱਖ ਗੁਰੂ ਅਤੇ ਵਾਹਿਗੁਰੂ ਤੇ ਭਗਤੀ ਭਾਵ ਹੀ ਰਿਹਾ। ਇਹ ਅਸਲ ਵਿੱਚ ਸਿੱਖੀ ਕਵਿਤਾ ਸੀ।

ਭਾਈ ਵੀਰ ਸਿੰਘ[ਸੋਧੋ]

ਭਾਈ ਵੀਰ ਸਿੰਘ ਸਿੱਖ ਸ਼੍ਰੇਣੀ ਦੀ ਕਵਿਤਾ ਦੇ ਪਹਿਲੇ ਕਵੀ ਹਨ। ਅੱਜ ਤੋਂ ਕੋਈ ਡੇਢ ਸਾਲ ਦੇ ਕਰੀਬ ਹੋਏ ਜਦ ਇਨ੍ਹਾਂ ਨੇ ਇੱਕ ਬਾਰਾਂਮਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਿੱਚ ਲਿਖਿਆ, ਜੋ ਬੀਰ ਰਸ ਦੀ ਕਵਿਤਾ ਦਾ ਇੱਕ ਸੁੰਦਰ ਨਮੂਨਾ ਹੈ। ਮੁੱਕਦੀ ਗੱਲ ਇਸ ਬਾਰਾਂਮਾਹ ਵਿੱਚ ਸ੍ਰੀ ਦਸਮ ਗੁਰੂ ਜੀ ਦੀ ਜ਼ਿੰਦਗੀ ਦੇ ਕਾਰਨਾਮਿਆਂ ਦਾ ਝਲਕਾ ਦੱਸਿਆ ਹੈ। ਬੀਰ ਰਸ ਦੀਆਂ ਉੱਚੀਆਂ ਕਵਿਤਾਵਾਂ ਦਾ ਰਸ ਦੱਸਿਆ ਹੈ।

ਭਾਈ ਲੱਛੀ ਰਾਮ[ਸੋਧੋ]

ਇਹ ਸਿੱਖ ਸ਼੍ਰੇਣੀ ਦੇ ਕਵਿਤਾ ਦੇ ਦੂਜੇ ਕਵੀ ਹਨ। ਇਸ ਕਵੀ ਦਾ ਅੱਗਾ ਪਿੱਛਾ ਨਾ-ਮਾਲੂਮ ਹੈ। ਇਨ੍ਹਾਂ ਦੇ ਕੁੱਝ ਇੱਕ ਸੈਂਚੀ ਲਿਖਤ ਵਿਚੋਂ ਮਿਲੇ ਹਨ। ਇਹ ਗੁਰੂ ਘਰ ਦੇ ਪ੍ਰੇਮੀ ਹਨ। ਆਪਣੀ ਵਾਰ ਦੇ ਮੁੱਢ ਵਿੱਚ ਸਤਿਗੁਰੂ ਅਤੇ ਵਾਹਿਗੁਰੂ ਦੀ ਉਪਮਾ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਨਾਂ ਦੀ ਵਡਿਆਈ ਨਾਮ ਲੈ ਕੇ ਕੀਤੀ ਹੈ।

ਮਿੱਠੜੇ[ਸੋਧੋ]

ਇਹ ਸਿੱਖ ਸ਼੍ਰੇਣੀ ਦੀ ਕਵਿਤਾ ਦਾ ਅਗਲਾ ਪੱਖ ਹੈ। ਇਹ ਸੁੰਦਰ ਮਨ ਭਾਉਣੀ ਕਵਿਤਾ ਕਿਸੇ ਦਰਦ ਭਰੇ ਬਿਰਹਾ ਵਾਲੇ ਕਵੀ ਨੇ ਸਿੱਖਾਂ ਦੇ ਰਾਜ ਵਿੱਚ ਕਹੀ। ਕਵੀ ਹਿੰਦੂ ਮੱਤ ਦਾ ਜਾਪਦਾ ਹੈ ਕਿਉਂਕਿ ਭੂਮਿਕਾ ਹਿੰਦੀ ਭਾਸ਼ਾ ਵਿੱਚ ਹੈ।

ਨਾਵਲ[ਸੋਧੋ]

 • ਦਲੇਰ ਕੌਰ (1918)[3] ਪੰਨਾ 19

ਨਾਟਕ[ਸੋਧੋ]

 • ਚੰਦਰ ਹਰੀ (1909)
 • ਮੁੰਦਰੀ ਛਲ (1927)[3] ਪੰਨਾ 19
 • ਦਾਮਨੀ (1930)[3] ਪੰਨਾ 19
 • ਨਾਰ ਨਵੇਲੀ (1928)[3] ਪੰਨਾ 19

ਅਨੁਵਾਦ[ਸੋਧੋ]

 • ਸਿੰਗਾਰ ਸ਼ੱਤਕ, ਭਰਥਰੀ ਹਰੀ (1921))[3] ਪੰਨਾ 19

ਪੰਨਾ 19

 • ਨੀਤੀ ਸ਼ੱਤਕ, ਭਰਥਰੀ ਹਰੀ (1920)[3] ਪੰਨਾ 19
 • ਵੈਰਾਗ ਸ਼ੱਤਕ, ਭਰਥਰੀ ਹਰੀ (1919)[11]

ਬਾਵਾ ਬੁੱਧ ਸਿੰਘ ਦੀ ਸਿਧਾਂਤਕ ਆਲੋਚਨਾ[ਸੋਧੋ]

ਸਿਧਾਂਤਕ ਆਲੋਚਨਾ ਤੋਂ ਭਾਵ ਹੈ ਸਾਹਿਤ ਦੇ ਕਿਸੇ ਵੀ ਰੂਪ ਦੇ ਮੁਲਾਂਕਣ ਲਈ ਕੁਝ ਮਾਪਦੰਡ ਨਿਸ਼ਚਤ ਕਰਨਾ | ਬਾਵਾ ਬੁੱਧ ਸਿੰਘ ਨੇ 1916 ਵਿੱਚ ਪੰਜਾਬੀ ਕਵਿਤਾ ਦੇ ਮੁਲਾਂਕਣ ਲਈ ਕੁਝ ਸਿਧਾਂਤਾ ਦੀ ਕਸਵਟੀ ਦੀ ਹੋਂਦ ਕੀਤੀ |)[12] ਪੰਨਾ 254

ਕਾਵਿ ਸਿਧਾਂਤ[ਸੋਧੋ]

ਬਾਵਾ ਬੁੱਧ ਸਿੰਘ ਦੇ ਸ਼ਬਦਾਂ ਵਿਚ,” ਇੱਕ ਖਿਆਲ ਨੂੰ ਟੋਲ ਕੇ ਕਹਿਣਾ, ਕਵੀ ਦਾ ਕੰਮ ਹੈ |” ਇਸ ਤੋਂ ਬਾਅਦ ਕਵਿਤਾ ਦੇ ਗੁਣਾਂ ਦਾ ਨਿਖੇੜਾ ਕਰਦੇ ਹੋਏ ਲਿਖਦਾ ਹੈ “ ਇੱਕ ਬੈਤ ਲਿਖਣ ਲਈ ਪਹਿਲਾਂ ਇੱਕ ਖਿਆਲ ਹੋਣਾ ਚਾਹੀਦਾ ਹੈ ਫੇਰ ਉਸ ਖਿਆਲ ਨੂੰ ਉੱਚੀ ਪਦਵੀ ਤੇ ਪੁੱਜਣ ਲਈ ਸੋਚ ਦੇ ਸਮੁੰਦਰ ਵਿੱਚ ਟੁਬੀ ਮਾਰ ਕੇ ਸੋਹਣੇ ਸੋਹਣੇ ਮੋਤੀ ਤੇ ਜਵਾਹਰ ਕਢਣੇ| ਫੇਰ ਕਾਰੀਗਰੀ ਨਾਲ ਉਹਨਾਂ ਮੋਤੀਆਂ ਤੇ ਜਵਾਹਰ ਨੂੰ ਥਾਉਂ ਥਾਈਂ ਸੋਹਣੀ ਰੀਤੀ ਨਾਲ ਲਾ ਕੇ ਸੁੰਦਰ ਗਹਿਣਾ ਬਣਾ ਦੇਣਾ ਇੱਕ ਚੰਗੇ ਕਵੀ ਦਾ ਕਾਮ ਹੈ |” ਬਾਵਾ ਬੁੱਧ ਸਿੰਘ ਜੀ ਅਨੁਸਾਰ ਇੱਕ ਚੰਗੇ ਕਵੀ ਕੋਲ ਲਿਖਣ ਲਗਿਆ ਤਿੰਨ ਤਤਾਂ ਦਾ ਹੋਣਾ ਚਾਹੀਦਾ ਹੈ |

 • ਭਾਵ
 • ਕਲਪਨਾ
 • ਕਾਰੀਗਰੀ

ਬਾਵਾ ਬੁੱਧ ਸਿੰਘ ਦੇ ਅਨੁਸਾਰ ਖਿਆਲਾਂ ਦਾ ਸੰਬੰਧ ਮਨੁੱਖ ਦੇ ਤਜ਼ਰਬੇ ਤੇ ਵਿਦਿਅਕ ਗਿਆਨ ਨਾਲ ਹੈ | ਮਨੁੱਖ ਕੋਲ ਜਿੰਨੀ ਵਿਦਿਆ ਤੇ ਤਜਰਬਾ ਹੋਵੇਗਾ ਓਨੇ ਹੀ ਉਸਦੇ ਖਿਆਲ ਉਚੇ ਤੇ ਸੁਚੇ ਹੋਣਗੇ |ਇਸ ਤੋਂ ਇਲਾਵਾ ਕੁਝ ਪ੍ਰਭਾਵਸ਼ਾਲੀ ਗੱਲਾਂ ਵੀ ਭਾਵ ਪੈਦਾ ਕਰਨ ਦਾ ਕਰਨ ਬਣਦੀਆਂ ਹਨ | ਬਾਵਾ ਜੀ ਅਨੁਸਾਰ ਕਵੀ ਅਪਣਾ ਮਸਲਾ ਆਪਣੇ ਆਲੇ – ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤੇ ਨਜਾਰਿਆਂ ਤੋਂ ਅਨੁਭਵ ਦੀ ਮਦਦ ਨਾਲ ਗ੍ਰਹਿਣ ਕਰ ਲੈਦਾ ਹੈ | ਡੂੰਘੀ ਸੋਚ ਜਾ ਕਲਪਨਾ ਸ਼ਕਤੀਕਿਤੋਂ ਬਾਹਰੋਂ ਨਹੀਂ ਆਉੰਦੀ | ਇਹ ਇੱਕ ਰੱਬੀ ਦਾਤ ਹੈ,ਮਨੁੱਖ ਜੰਮਦਾ ਹੀ ਨਾਲ ਲੈ ਕੇ ਆਉਦਾ ਹੈ | ਹਰ ਇੱਕ ਕਵੀ ਆਪਣੇ ਆਲੇ ਦੁਆਲੇ ਤੋਂ ਗ੍ਰਹਿਣ ਕੀਤੇ ਖਿਆਲਾਂ ਨੂੰ ਆਪਣੀ ਕਲਪਨਾ ਸ਼ਕਤੀ ਦੁਆਰਾ ਇੱਕ ਨਵਾਂ ਰੰਗ ਦੇ ਦਿੰਦਾ ਹੈ | ਬਾਵਾ ਬੁੱਧ ਸਿੰਘ ਅਨੁਸਾਰ ਕਵੀ ਦਾ ਕੁਦਰਤ ਦੇ ਨਜਾਰਿਆਂ ਨਾਲ ਇੱਕ ਸੁਰ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਜੇ ਉਹ ਉਹਨਾਂ ਨਜਾਰਿਆਂ ਨਾਲ ਇੱਕਮਿਕ ਨਹੀਂ ਹੋਵੇਗਾ ਤਾਂ ਉਹ ਉਹਨਾ ਨਜਾਰਿਆਂ ਵਿੱਚ ਕਾਵਿ ਰੰਗ ਨਹੀਂ ਭਰ ਸਕੇਗਾ | ਉਹ ਲਿਖਦੇ ਹਨ,” ਜਦ ਮਨ ਦੀ ਅਵਸਥਾ ਅਜਿਹੀ ਹੋ ਜਾਵੇ ਜਿਵੇਂ ਇੱਕ ਰਾਗੀ ਦੀ ਸੁਰ ਸਾਜ ਦੀ ਆਵਾਜ਼ ਨਾਲ ਇੱਕ ਲੈਅ ਹੋ ਜਾਂਦੀ ਹੈ ਤਾਂ ਜਾਣੋ ਕਵੀ ਕਵਿਤਾ ਦੀ ਉੱਚੀ ਪਦਵੀ ਤੇ ਪੁੱਜ ਗਿਆ ਹੈਂ।


ਇਸ ਅਵਸਥਾ ਦੀ ਕਹੀ ਹੋਈ ਕਵਿਤਾ ਨੂੰ ਰੱਬੀ ਵਾਕ ਜਾਣੋ ਰਚਨਾ ਹੀ ਬੋਲਦੀ ਸਮਝੋ | ਬਾਵਾ ਬੁੱਧ ਸਿੰਘ ਦੇ ਵਿਚਾਰ ਅਨੁਸਾਰ ਜਿਹੜਾ ਕਵੀ ਕੁਦਰਤ ਦੇ ਨਜਾਰਿਆਂ ਨੂੰ ਦੇਖ ਕੇ ਉਹਨਾ ਦੇ ਦੁਆਲੇ ਆਪਣੀ ਕਲਪਨਾ ਦੀ ਦੁਨਿਯਾ ਉਸਾਰਦਾ ਹੈ, ਉਸ ਨਾਲੋ ਵਧੀਆ ਹੁੰਦੀ ਹੈ,ਜਿਹੜਾ ਬਨਾਉਟੀ ਦ੍ਰਿਸ਼ ਭਾਵ ਮਹੱਲਾਂ,ਬਾਗ ਆਦਿ ਤੋਂ ਪ੍ਰੇਰਿਤ ਹੋ ਕੇ ਲਿਖਦੇ ਹਨ | ਮਨ ਦੇ ਖਿਆਲ ਤੇ ਡੂੰਘੀ ਸੋਚ ਨੂੰ ਪ੍ਰਗਟਾਉਣ ਲਈ ਸ਼ਬਦਾ ਦੀ ਲੋੜ ਹੁੰਦੀ ਹੈ ਤੇ ਸ਼ਬਦਾ ਦੀ ਚੋਣ ਹੀ ਕਵੀ ਦੀ ਕਾਰੀਗਰੀ ਨੂੰ ਪ੍ਰਗਟਾਉਣ ਦਾ ਇੱਕ ਸਾਧਨ ਹੈ | ਬਾਵਾ ਜੀ ਸ਼ਬਦਾਵਲੀ ਦੀ ਮਹਤਤਾ ਨੂੰ ਪ੍ਰਗਟਾਉਂਦੇ ਹੋਏ ਲਿਖਦੇ ਹਨ,” ਪਦਾਂ ਦੀ ਚੋਣ ਕਵਿਤਾ ਲਈ ਇੱਕ ਕਪੜਿਆਂ ਦਾ ਕੰਮ ਕਰਦੀ ਹੈ, ਨਿਰ੍ਹਾ ਖਿਆਲ ਤੇ ਸੋਚ ਇੱਕ ਨੰਗੀ ਕਵਿਤਾ ਹੈ।”

ਬਾਵਾ ਬੁੱਧ ਸਿੰਘ ਅਨੁਸਾਰ ਇੱਕ ਕਵੀ ਨੂੰ ਖੋਜੀ ਵੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੁਰਾਤਨ ਕਾਵਿ ਭੰਡਾਰ ਵਿਚੋਂ ਅਜਿਹੇ ਪੁਰਾਣੇ ਸ਼ਬਦ, ਮੁਹਾਵਰੇ ਤੇ ਅਲੰਕਾਰ ਛਾਂਟ ਸਕੇ ਜਿਹੜੇ ਆਧੁਨਿਕ ਜੂਗ ਵਿੱਚ ਵੀ ਵਰਤੋਂ ਵਿੱਚ ਆ ਸਕਦੇ ਹੋਣ | ਬਾਵਾ ਬੁੱਧ ਜੀ ਅਨੁਸਾਰ ਕਵੀ ਦਾ ਪ੍ਰਗਟਾਉਣ ਢੰਗ ਇੱਕ ਅਜਿਹਾ ਗੁਣ ਹੈ ਜਿਹੜਾ ਕਿ ਕਿਸੇ ਵੀ ਰਚਨਾ ਨੂੰ ਪ੍ਰਭਾਵਸ਼ਾਲੀ ਬਣਾਉਦਾ ਹੈ| ਉਹ ਲਿਖਦੇ ਹਨ,” ਜਦ ਪਦਾਂ ਨੂੰ ਇੱਕ ਖਾਸ ਤਰੀਕੇ ਨਾਲ ਤਰਤੀਬ ਦੇ ਕ ਇੱਕ ਖਾਸ ਸੁਰ ਵਿੱਚ ਬੋਲਦੇ ਹਾਂ ਉਹਨਾ ਵਿੱਚ ਇੱਕ ਖਿਚਵਾਂ ਅਸਰ ਪੈਦਾ ਹੋ ਜਾਂਦਾ ਹੈ | ਇਹ ਅਜਿਹੀ ਖਿਚ ਹੁੰਦੀ ਹੈ ਜੋ ਸਾਰੇ ਹਿਰਦਿਆਂ ਨੂੰ ਖਿਚ ਕੇ ਇੱਕ ਰਸ ਕਰ ਦਿੰਦੀ ਹੈ | ਆਲੋਚਕ ਦਾ ਵਿਚਾਰ ਹੈ ਕਿ ਕਾਵਿ ਸਿਰਜਣਾ ਦੀ ਕਾਰੀਗਰੀ ਹਰ ਇੱਕ ਮਨੁੱਖ ਨੂੰ ਨਹੀਂ ਆ ਸਕਦੀ | ਬਲਕਿ ਇੱਕ ਖਾਸ ਮਾਨਸਿਕ ਅਵ੍ਸਤਾ ਵਾਲਾ ਵਿਅਕਤੀ ਹੀ ਇਸਦੀ ਵਰਤੋ ਕਰ ਸਕਦਾ ਹੈ | ਬਾਵਾ ਬੁੱਧ ਸਿੰਘ ਕਵਿਤਾ ਲਈ ਅਲੰਕਾਰਾਂ ਦੀ ਲੋੜ ਨੂੰ ਜਰੂਰੀ ਸਮਝਦੇ ਹਨ ਪਰ ਰਜਵਾੜਾ ਸ਼ਾਹੀ ਦੇ ਭਗਤ ਕਵੀਆਂ ਦੀ ਕਵਿਤਾ ਦੇ ਵਿਰੋਧੀ ਸਨ | ਸ਼ਬਦ ਤੇ ਅਰਥ ਅਲੰਕਾਰਾਂ ਤੇ ਬਹਿਸ ਕਰਦੇ ਹੋਏ ਉਹ ਤਸ਼ਬੀਹ (ਉਪਮਾ), ਇਸ਼ਤਿਆਰਾ(ਰੂਪਕ), ਮੁਬਾਲਗਾ (ਅਤਿਕਥਨੀ), ਆਦਿ ਦੀ ਗੱਲ ਉਰਦੂ ਅਲੰਕਾਰ- ਸ਼ਾਸਤਰੀਆਂ ਅਨੁਸਾਰ ਹੀ ਕਰਦੇ ਹਨ | ਕਵਿਤਾ ਦੀ ਚਿਤਰਕਲਾ, ਭਵਨ ਨਿਰਮਾਣ,ਕਲਾ ਤੇ ਸੰਗੀਤ ਕਲਾ ਆਦਿ ਨਾਲ ਤੁਲਨਾ ਕਰਕੇ ਉਹ ਪਛਮੀ ਆਲੋਚਨਾ ਅਨੁਸਾਰ ਕਵਿਤਾ ਦਿਆਂ ਕਿਸਮਾਂ ਦਰਸਾਉਂਦੇ ਹਨ | ਫਿਰ ਭਾਰਤੀ ਸਾਹਿਤ ਅਚਾਰੀਆਵਾ ਵਾਂਗ ਕਵਿਤਾ ਵਿੱਚ ਰਸ ਦੀ ਮਹਤਤਾ ਦਰਸਾ ਕੇ ਪ੍ਰਭਾਵਸ਼ਾਲੀ ਪੰਜਾਬੀ ਕਵਿਤਾ ਵਿਚੋਂ ਸਾਰੇ ਰਸਾਂ ਦੇ ਉਦਾਹਰਣ ਦਿੰਦੇ ਹਨ |[12] ਪੰਨਾ 255-257

ਨਾਟਕ ਸਿਧਾਂਤ[ਸੋਧੋ]

ਪੰਜਾਬੀ ਵਿੱਚ ਮੋਖਿਕ ਨਾਟਕ ਦਾ ਜਨਮ 1909 ਈ . ਵਿੱਚ ਬਾਵਾ ਬੁੱਧ ਸਿੰਘ ਦੇ ਨਾਟਕ ‘ ਚੰਦਰ ਹਰੀ’ ਦੇ ਨਾਲ ਹੋਇਆ ਹੈ |ਉਹਨਾਂ ਅਨੁਸਾਰ ਨਾਟਕ ਜਾਂ ਡਰਾਮਾ ਉਭਾਰਨ ਦਾ ਨਾਂ ਹੈ | ਉਹਨਾਂ ਦਾ ਵਿਚਾਰ ਹੈ ਕਿ “ ਨਿਰੀ ਨਕਲ ਨਾਟਕ ਨਹੀਂ, ਜਿਵੇਂ ਬਹੁ – ਰੂਪੀਆ ਸਿਪਾਹੀ ਦਾ ਸੰਗ ਬਣ ਜਾਵੇ | ਉਹ ਸਿਪਾਹੀ ਬਣ ਕੇ ਸਿਪਾਹੀ ਦੇ ਕੰਮਾਂ ਦੀ ਵੀ ਨਕਲ ਉਤਾਰੇ ਅਤੇ ਨਾਲ ਹੀ ਉਸਦੀ ਕ੍ਰਮ ਤੋਂ ਵੇਖਣ ਵਾਲਿਆਂ ਦੇ ਦਿਲਾਂ ਤੇ ਕੁਝ ਅਸਰ ਪੈਦਾ ਕਰਨ ਦਾ ਯਤਨ ਕਰੇ ਤਾਂ ਇਹ ਨਾਟਕ ਹੋ ਗਿਆ |” ਇਸਦਾ ਭਾਵ ਹੈ ਕਿ ਨਾਟਕ ਸਿਰਫ ਕਿਸੇ ਦੇ ਪਹਿਰਾਵੇ ਦੀ ਨਕਲ ਜਾਂ ਸੰਗ ਦਾ ਨਾਂ ਨਹੀਂ ਬਲਕਿ ਨਕਲ ਕਰਨ ਵਾਲੇ ਨੂੰ ਚਾਹਿਦਾ ਹੈ ਕਿ ਉਹ ਜਿਸਦਾ ਰੂਪ ਧਾਰਨ ਕਰੇ, ਉਸਦੀਆਂ ਸਰੀਰਕ ਤੇ ਮਾਨਸਿਕ ਦੋਵੇ ਤਰ੍ਹਾਂ ਦਿਆਂ ਹਰਕਤਾਂ ਨੂੰ ਪ੍ਰਗਟਾ ਕੇ ਲੋਕਾਂ ਤੇ ਪ੍ਰਭਾਵ ਪਾਵੇਤਾਂ ਹੀ ਨਾਟਕ ਨੂੰ ਰੰਗਮੰਚ ਦੇ ਦ੍ਰਿਸ਼ਟੀਕੋਣ ਤੋਂ ਸਫਲ ਕਿਹਾ ਜਾ ਸਕਦਾ ਹੈ | ਇਸਦੇ ਲਈ ਲੋੜੀਦੀਆਂ ਗੱਲਾਂ ਬਾਰੇ ਦਸਦਿਆ ਕਿਹਾ ਹੈ ਕਿ “ਨਾਟਕ ਲਈ ਸਭ ਤਿਨ ਜਰੂਰੀ ਗੱਲ ਇਹ ਹੈ ਕਿ ਨਾਟਕੀ ਕ੍ਰਮ ਪੂਰਾ ਹੋਵੇ ਤੇ ਇਕੋ ਕ੍ਰਮ ਵਿੱਚ ਹੀ ਹੋਵੇ, ਜਿਆਦਾ ਕ੍ਰਮਾੰ ਦੀ ਲੜੀ ਨਾ ਹੋਵੇ |” ਬਾਵਾ ਜੀ ਨੇ ਦਸਿਆਂ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਵਾਪਰੀ ਘਟਨਾ ਨੂੰ ਵਿਸ਼ਾ ਬਣਾ ਕੇ ਨਾਟਕਕਾਰ ਉਪਕ੍ਰਮ ਦੀ ਵਰਤੋ ਤਾ ਕਰ ਸਕਦਾ ਹੈ ਪਰ ਅਸਲੀ ਕ੍ਰਮ ਭਾਵ ਮੁਖ ਕ੍ਰਮ ਇੱਕ ਹੀ ਹੋਣਾ ਚਾਹੀਦਾ ਹੈ |” ਨਾਟਕਕਾਰ ਨੂੰ ਇਹ ਕ੍ਰਮ ਆਖੋੰ ਉਹਲੇ ਨਹੀਂ ਕਰਨਾ ਚਾਹੀਦਾ ਹੈ।

ਨਾਟਕਕਾਰ ਦੇ ਪਲਾਂਟ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਜਿਵੇਂ “ਡਰਾਮੇ ਦੇ ਕ੍ਰਮ ਵਿੱਚ ਜਰੂਰੀ ਹੈ ਕਿ ਸੰਖੇਪਤਾ ਹੋਵੇ ਜੋਸ਼ ਹੋਵੇ ਅਤੇ ਦੇਖਣ ਵਾਲਿਆਂ ਦੇ ਦਿਲਾਂ ਤੇ ਅਸਰ ਚੜ੍ਹਦੀ ਕਲਾ ਵਾਂਗ ਹੋਵੇ | ਜਿਉਂ ਜਿਉਂ ਵੇਖਣ ਉਹਨਾ ਦਾ ਤੋਖਲਾ (ਚਿੰਤਾ) ਵਧਦਾ ਜਾਵੇ | ਜਿਹੜਾ ਨਾਟਕ ਦੇ ਵਿਚਕਾਰ ਜਾ ਕੇ ਇਸ ਤੋਖਲੈ ਦੀ ਹੱਦ ਹੋ ਜਾਵੇ | ਜੀਅ ਵਿੱਚ ਸਹਿਮ ਜਿਹਾ ਆ ਜਾਵੇ ਕਿ ਖਵਰੇ ਕੀ ਹੋਣਾ ਹੈ |ਇਹ ਨਾਟਕ ਕ੍ਰਮ ਦੀ ਸਭ ਤੋਂ ਉੱਚੀ ਟੀਸੀ ਹੈ | ਇਸ ਤੋਂ ਬਾਅਦ ਇਹ ਤੋਖਲਾ ਹੋਲੀ ਹੋਲੀ ਘਟ ਕੇ ਅੰਤਿਮ ਸਿਟੇ ਤੇ ਪੁੱਜੇ | ਬਾਵਾ ਬੁੱਧ ਸਿੰਘ ਅਨੁਸਾਰ ਨਾਟਕ ਵਿੱਚ ਹਾਸਾ ਜਿਨ ਮਾਖੋਲ ਬਿਨਾਂ ਲੋੜ ਤੋਂ ਜਬਰਦਸਤੀ ਨਹੀਂ ਭਰਨਾ ਚਾਹੀਦਾ| ਬਾਵਾ ਬੁੱਧ ਸਿੰਘ ਨੇ ਨਾਟਕ ਕਲਾ ਬਾਰੇ ਕੁਝ ਹਦਾਇਤਾਂ ਦਿਤੀਆਂ ਹਨ | ਉਹ ਹਦਾਇਤਾਂ ਪੰਜਾਬੀ ਨਾਟਕ ਦੇ ਸਿਧਾਂਤ ਹਨ | ਨਾਟਕ ਰਚਨਾ ਬਾਰੇ ਇਹਨਾਂ ਦਾ ਖਿਆਲ ਰਖਣਾ ਜਰੂਰੀ ਹੈ।

 • ਬਾਵਾ ਬੁੱਧ ਸਿੰਘ ਅਨੁਸਾਰ ਨਾਟਕਕਾਰ ਨੂੰ ਚਾਹੀਦਾ ਹੈ ਕਿ ਉਹ ਨਾਟਕ ਦੀ ਪਲਾਂਟ ਸੋਚ ਸਮਝ ਕੇ ਤਿਆਰ ਕਰੇ | ਇਤਿਹਾਸਕ ਨਾਟਕਾਂ ਦੇ ਪਲਾਂਟਾਂ ਵਿੱਚ ਇੱਕ ਅੰਗ ਦੀ ਪ੍ਰਧਾਨਤਾ ਹੋਣੀ ਚਾਹੀਦੀ ਹੈ।
 • ਬਾਵਾ ਬੁੱਧ ਸਿੰਘ ਨਾਟਕ ਵਿੱਚ ਇਸਤਰੀ ਦੇ ਚਰਿਤਰ ਦਾ ਘਟੀਆ ਪਖ ਦਿਖਾਉਣ ਦੇ ਹੱਕ ਵਿੱਚ ਨਹੀਂ ਸੀ ਓਹਨਾ ਅਨੁਸਾਰ ਲੋਕਾਂ ‘ਤੇ ਬੁਰਾ ਅਸਰ ਪੈਦਾ ਹੈ।
 • ਨਾਟਕ ਦਾ ਉਦੇਸ਼ ਦੇਸ਼ ਜਾਂ ਸਮਾਜ ਦੀ ਕਿਸੇ ਬੁਰਾਈ ਨੂੰ ਉਲੀਕ ਕੇ ਉਸਨੂੰ ਦੂਰ ਕਰਨਾ ਹੋਣਾ ਚਾਹੀਦਾ ਹੈ।[13]

ਬਾਵਾ ਬੁੱਧ ਸਿੰਘ ਦੀ ਵਿਵਹਾਰਿਕ ਆਲੋਚਨਾ[ਸੋਧੋ]

ਇਸ ਵਿੱਚ ਬਾਵਾ ਜੀ ਦੀਆਂ ਇਹ ਪੁਸਤਕਾਂ ਸ਼ਾਮਿਲ ਹਨ:

ਹੰਸ ਚੋਗ (1913)[ਸੋਧੋ]

ਇਹ ਪੁਸਤਕ ਬਾਵਾ ਬੁੱਧ ਸਿੰਘ ਦੀ ਪਹਿਲੀ ਕਿਰਤ ਹੈ | ਇਸ ਵਿੱਚ ਸਿਖ ਗੁਰੂਆਂ, ਸੂਫ਼ੀਆਂ, ਭੱਟਾਂ ਆਦਿ ਦੀ ਬਾਣੀ ਨੂੰ ਸੰਕਲਿਤ ਕੀਤਾ ਹੈ | ਜਿਸ ਕਾਰਨਹੀਂ ਲੇਖਕ ਨੇ ਇਸ ਪੁਸਤਕ ਦਾ ਨਾਂ ‘ਹੰਸ ਚੋਗ’ ਰਖਿਆ | ਇਹ ਇੱਕ ਪਪ੍ਰਤੀਕਾਤਮਕ ਨਾਂ ਹੈ |’ਹੰਸ ‘ ਗੁਰਮੁਖਾਂ ਦਾ ਪ੍ਰਤੀਕ ਹੈ ਤੇ ‘ਚੋਗ’ ਗੁਰੂਆਂ ਤੇ ਭਗਤਾਂ ਦੇ ਅਮ੍ਰਿਤ ਬਚਨਾ ਲਈ ਹੈ | ਬਾਵਾ ਜੀ ਨੇ ‘ਸਤਜੁਗੀ ਦਰਬਾਰ’ ਸਿਰਲੇਖ ਹੇਠ ‘ਹੰਸਚੋਗ’ ਵਿੱਚ ਵਿਚਾਰੇ ਗਏ ਕਵੀਆਂ ਦਾ ਨਾਟਕੀ ਸ਼ੈਲੀ ਵਿੱਚ ਪਰਿਚੈ ਕਰਵਾਇਆ ਅਤੇ ਉਹਨਾ ਦੇ ਵਿਅਕਤਿਤਵ ਦਾ ਸ਼ਬਦ ਚਿਤ੍ਰ ਪੇਸ਼ ਕੀਤਾ |

ਕੋਇਲ ਕੂ[ਸੋਧੋ]

ਇਹ ਪੁਸਤਕ 1916 ਵਿੱਚ ਰਚੀ ਗਈ | ਇਸ ਪੁਸਤਕ ਵਿੱਚ ਉਸਨੇ ਵਿਚਲੇ ਸਮੇਂ ਦੇ ਉਹਨਾਂ ਕਵੀਆਂ ਦਿਆਂ ਰਚਨਾਵਾਂ ਦਾ ਅਧਿਐਨ ਕੀਤਾ ਹੈ ਜਿਹਨਾਂ ਨੇ ਮੁਲਤਾਨੀ ਭਾਸ਼ਾ ਦੇ ਪ੍ਰਭਾਵ ਅਧੀਨ ਸਾਹਿਤ ਰਚਨਾ ਕੀਤੀ | ਇਹਨਾਂ ਕਵੀਆਂ ਦਿਆਂ ਰਚਨਾਵਾਂ ਨੂੰ ਉਸਨੇ ‘ਮੁਲਤਾਨੀ ਸਿਰਲੇਖ’ ਅਧੀਨ ਵਿਚਾਰਿਆ ਹੈ | ਇਸ ਪੁਸਤਕ ਨੂੰ ਬਾਵਾ ਬੁੱਧ ਜੀ ਨੇ ਤਿੰਨ ਰਸਾਂ ਵਿੱਚ ਵੰਡਿਆ ਹੈ |ਇਸਦੇ ਪਹਿਲੇ ਰਸ ਵਿੱਚ ਉਹਨਾ ਨੇ ਕਵਿਤਾ ਦੀ ਪਰਿਭਾਸ਼ਾ ਦੱਸੀ |ਉਹ ਕੇਵਲ ਛੰਦਾਬੰਦੀ ਨੂ ਹੀ ਕਵਿਤਾ ਨਹੀਂ ਮੰਨਦੇ | ਪਛਮੀ ਕਾਵਿ ਆਚਾਰੀਆ ਵਾਂਗ ਉਹ ਇਸ ਨੂੰ ਜਜ਼ਬੇ, ਕਲਪਨਾ ਤੇ ਕਲਾ ਆਦਿ ਦਾ ਮਿਸ਼ਰਣ ਆਖਦੇ ਹਨ | ਇਸ ਪੁਸਤਕ ਦਾ ਦੂਜਾ ਸਿਰਲੇਖ ‘ਪ੍ਰੇਮ ਜੰਝ ‘ ਹੈ | ਪਹਿਲੇ ਵਿੱਚ ਕਵਿਤਾ ਬਾਰੇ ਵਿਸਤਾਰ ਸਹਿਤ ਆਪਣੇ ਵਿਚਾਰ ਪ੍ਰਗਟਾਉਣ ਮਗਰੋਂ ਦੂਜੇ ਰਸ ਵਿੱਚ ਬਾਵਾ ਜੀ ਸ਼ਿੰਗਾਰ ਰਾਸਿ ਕਵੀਆਂ ਦੇ ਸਮੂਹ ਨੂੰ ਪ੍ਰੇਮ ਜੰਝ ਆਖਦੇ ਹਨ | ਤੀਜੇ ਰਸ (ਮੁਗਲਈ ਵੰਡ) ਵਿੱਚ ਬਾਵਾ ਜੀ ਨੇ ਹਾਫ਼ਿਜ ਬਰਖੁਰਦਾਰ, ਮੁਕਬਲ ਅਤੇ ਵਾਰਿਸ਼ ਸ਼ਾਹ ਜੇਹੇ ਪ੍ਰਸਿੱਧ ਕਵੀਆਂ ਦੇ ਜੀਵਨ ਤੇ ਕਿਰਤਾਂ ਬਾਰੇ ਵਰਣਨ ਕੀਤਾ ਹੈ | ਇਹਨਾਂ ਨੇ ਇਸ ਪੁਸਤਕ ਦੇ ਤੀਜੇ ਅਤੇ ਅੰਤਿਮ ਰਸ ਓਹਨਾਂ ਨੇ ਅੰਗਰੇਜੀ ਭਾਸ਼ਾ ਵਿਗਿਆਨੀਆਂ ਦੀ ਗਲਤ ਧਾਰਨਾ ਦਾ ਖੰਡਨ ਕੀਤਾ ਹੈ ਅਤੇ ਸਿੱਧ ਕੀਤਾ ਹੈ ਕਿ ਮੁਲਤਾਨੀ ਕੋਈ ਅਲੱਗ ਭਾਸ਼ਾ ਨਹੀਂ ਸਗੋਂ ਪੰਜਾਬੀ ਦੀ ਹੀ ਉਪਭਾਸ਼ਾ ਹੈ |

ਬੰਬੀਹਾ ਬੋਲ (1925)[ਸੋਧੋ]

ਇਸ ਪੁਸਤਕ ਵਿੱਚ ਬਾਵਾ ਜੀ ਨੇ ਪੁਰਾਣੀ ਪੰਜਾਬੀ ਕਵਿਤਾ ਨੂੰ ਮੁਗਲਈ ਵੰਡ ਤੇ ਖਾਲਸਾਈ ਵੰਡ ਦੋ ਸਿਰਲੇਖਾਂ ਹੇਠ ਪੇਸ਼ ਕੀਤਾ ਹੈ | ਮੁਗਲਈ ਵੰਡ ਵਿੱਚ ਓਹਨਾਂ ਨੇ ਪਹਿਲਾ ਦਮੋਦਰ ਦੇ ‘ਹੀਰ ਰਾਂਝਾ ‘ ਤੇ ਪੀਲੂ ਦੇ ‘ਮਿਰਜ਼ਾ ਸਾਹਿਬਾ ‘ ਦਾ ਕਾਫ਼ੀ ਵਿਸਤ੍ਰਿਤ ਅਧਿਐਨ ਪੇਸ਼ ਕੀਤਾ ਹੈ | ਉਦਾਹਰਣ ਵਜੋਂ ਨਜਾਬਤ,ਪੀਲੂ,ਵੀਰ ਸਿੰਘ ਦੇ ਬਰਾਂਮਾਂਹ ਆਦਿ ਦਾ ਪੂਰਾ ਪਾਠ ਦਿੱਤਾ ਗਿਆ | ਦਮੋਦਰ,ਪੀਲੂ ਨਜਾਬਤ ਆਦਿ ਦੇ ਪਰਿਚਯ ਤੇ ਰਚਨਾ ਸੰਬੰਧੀ ਚਰਚਾ ਕੀਤੀ ਗਈ | ਕਿੱਸਿਆਂ ਦੇ ਪਲਾਂਟ,ਪਾਤਰਾਂ ਆਦਿ ਬਾਰੇ ਵੀ ਚਰਚਾ ਕੀਤੀ ਗਈ ਹੈ| ਇਸਤਰੀਆਂ ਦੀ ਬਹਾਦਰੀ ਆਦਿ ਦੀ ਉਸਤਤ ਕੀਤੀ ਗਈ ਹੈ |[14] ਪੰਨਾ 267 -270

ਬਾਵਾ ਬੁੱਧ ਸਿੰਘ ਦੀਆਂ ਆਲੋਚਨਾਤਮਕ ਵਿਧੀਆਂ[ਸੋਧੋ]

 • ਖੋਜਪਰਖ ਵਿਧੀ
 • ਜੀਵਨ ਬਿਰਤਾਂਤਕ ਵਿਧੀ
 • ਪਰਿਚਾਤਮਕ ਵਿਧੀ
 • ਪ੍ਰਭਾਵਵਾਦੀ ਵਿਧੀ
 • ਵਿਆਖਿਆਤਮਕ ਵਿਧੀ
 • ਤੁਲਨਾਤਮਕ ਵਿਧੀ
 • ਸ਼ਾਸਤਰੀ ਵਿਧੀ
 • ਇਤਿਹਾਸਕ ਵਿਧੀ

ਖੋਜਪਰਖ ਆਲੋਚਨਾ[ਸੋਧੋ]

ਬਾਵਾ ਬੁੱਧ ਸਿੰਘ ਸਿਰਫ ਆਲੋਚਕ ਹੀ ਨਹੀਂ ਸੀ, ਬਲਕਿ ਖੋਜੀ ਵੀ ਸੀ | ਉਹਨਾਂ ਨੇ ਪਹਿਲਾਂ ਤਾਂ ਪੁਰਾਣੇ ਕਵੀਆਂ ਦੀਆ ਰਚਨਾਵਾਂ ਲਭੀਆਂ,ਫੇਰ ਉਹਨਾਂ ਤੇ ਆਲੋਚਨਾਤਮਕ ਟਿਪਣੀਆਂ ਲਿਖ ਕੇ ਉਹਨਾਂ ਨੂੰ ਇੱਕ ਪੁਸਤਕ ਵਿੱਚ ਸੰਕਲਿਤ ਕੀਤਾ |’ਹੰਸ ਚੋਗ’ਵਿੱਚ ਬਾਵਾ ਬੁੱਧ ਸਿੰਘ ਨੇ ਫਰੀਦ ਸਾਨੀ ਤੇ ਸ਼ੇਖ ਫਰੀਦ ਬਾਰੇ ਵਿਦਵਾਨਾਂ ਵਿੱਚ ਪਾਏ ਜਾਣ ਵਾਲੇ ਮਤਭੇਦ ਦਾ ਜਿਕਰ ਕੀਤਾ ਹੈ| ਉਸਨੇ ਪੁਰਾਤਨ ਜਨਮਸਾਖੀਆਂ ਦਾ ਅਧਿਐਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਫਰੀਦ ਦੇ ਨਾਂ ਹੇਠ ਦਰਜ ਬਾਣੀ ਸੰਬੰਧੀ ਖੋਜ ਦੁਆਰਾ ਇਹ ਸਿੱਟੇ ਕਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਲੋਕ ਫਰੀਦ ਸਾਨੀ ਦੇ ਹਨ ਜਾ ਸੇਖ ਫਰੀਦ ਦੇ |

ਜੀਵਨ ਬਿਰਤਾਂਤਕ ਆਲੋਚਨਾ[ਸੋਧੋ]

ਇਸੇ ਤਰਾਂ ‘ਹੰਸ ਚੋਗ’ ਦਾ ‘ਸਤਜੁਗੀ ਦਰਬਾਰ’ ਤੇ ‘ਕੋਇਲ ਕੂ’ ਦਾ ‘ਪ੍ਰੇਮ ਜੰਝ’ ਵਾਲੇ ਅਧਿਆਇ ਬਿਰਤਾਂਤਕਆਲੋਚਨਾ ਦਾ ਹਿੱਸਾ ਹਨ | ਜਿਵੇਂ ਲੇਖਕ ਦੇ ਗੁਣਾਂ, ਸੁਭਾਅ ਅਤੇ ਚਰਿਤਰ ਬਾਰੇ ਪਾਠਕ ਦੇ ਦਿਲ ਤੇ ਉਹਨਾਂ ਬਾਰੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨਾ “ ਇੱਕ ਕਵੀ ਸੋਹਣਾ ਸਜੀਨਾ, ਲੰਬੇ ਵਾਲ, ਸਿਰ ਤੇ ਵੱਡੀ ਪੱਗ, ਝੂਮਦਾ ਝਾਮਦਾ ਪ੍ਰੇਮ ਵਿੱਚ ਮਸਤ ਚਲਿਆ ਆਉਦਾ ਹੈ|”

ਪਰਿਚਯਾਤਮਕ ਆਲੋਚਨਾ[ਸੋਧੋ]

ਜਦੋਂ ਤਕ ਆਲੋਚਕ ਵਿਚਾਰ ਅਧੀਨ ਰਚਨਾ ਨਾਲ ਪਾਠਕ ਦੀ ਜਾਣ ਪਛਾਣ ਨਹੀਂ ਕਰਾਉਂਦਾ ਉਦੋਂ ਤੱਕ ਪਾਠਕ ਦੀ ਸਾਹਿਤਕਾਰ ਤੇ ਉਸਦੀ ਰਚਨਾ ਨਾਲ ਸਾਂਝ ਨਹੀਂ ਪੈ ਸਕਦੀ | ਇਸ ਵਿੱਚ ਆਲੋਚਕ ਵਿਚਾਰੀ ਜਾ ਰਹੀ ਰਚਨਾ ਦੇ ਕਾਲ, ਵਿਸ਼ੇ ਅਤੇ ਬਿਆਨ ਦੀ ਵਿਸ਼ੇਸ਼ਤਾ ਬਾਰੇ ਵਿਚਾਰ ਕਰਦਾ ਹੈ | ਉਸ ਉੱਤੇ ਸਾਹਿਤਕਾਰ ਦੇ ਜੀਵਨ ਦਾ ਕਿੰਨਾ ਕੁ ਪ੍ਰਭਾਵ ਪਿਆ ਹੈ ? ਕਿਹੜੀ ਮਾਨਸਿਕ ਅਵਸਥਾ ਵਿੱਚੋਂ ਲਂਘਦੇ ਹੋਏ ਉਸਨੇ ਸਾਹਿਤ ਸਿਰਜਣਾ ਕੀਤੀ ਹੈ ? ਇਸ ਬਾਰੇ ਚਰਚਾ ਕੀਤੀ ਜਾਂਦੀ ਹੈ |

ਉਦਾਹਰਣ:

“ਮਿਰਜਾ ਸਾਇਤ ਵੇਖ ਨਾ ਚਲਿਆ, ਪੁਛ ਨਾ ਟੁਰਿਆ ਵਾਰ।
'ਅੱਗੇ ਬਾਹਮਣ ਮਿਲ ਯੋਗੂ ਸਾਹਮਣੇ, ਜੱਟ ਚੜ੍ਹ ਹੋਇਆ ਅਸਵਾਰ।

ਪ੍ਰਭਾਵਸ਼ਾਲੀ ਆਲੋਚਨਾ[ਸੋਧੋ]

ਕੋਈ ਵੀ ਆਲੋਚਕ ਜਦੋਂ ਕਿਸੇ ਵੀ ਰਚਨਾ ਦਾ ਅਧਿਐਨ ਕਰਦਾ ਹੈ ਤਾਂ ਉਸਦੇ ਮਨ ਉੱਤੇ ਰਚਨਾ ਦਾ ਕੋਈ ਚੰਗਾ ਜਾਂ ਮਾੜਾ ਪ੍ਰਭਾਵ ਜਰੂਰ ਪੇਂਦਾ ਹੈ | ਉਂਜ ਤਾਂ ਇੱਕ ਆਲੋਚਕ ਲਈ ਇਹ ਸ਼ਰਤ ਲਗਾਈ ਜਾਂਦੀ ਹੈ ਕਿ ਉਹ ਨਿਰਪਖ ਰਹਿ ਕੇ ਰਚਨਾ ਦਾ ਅਧਿਐਨ ਕਰੇ ਪਰ ਫੇਰ ਵੀ ਮਨੁਖੀ ਮਨ ਦੀ ਇਹ ਕਮਜ਼ੋਰੀ ਹੈ ਕਿ ਉਸਤੇ ਕੋਈ ਨਾ ਕੋਈ ਪ੍ਰਭਾਵ ਜਰੂਰ ਪੇਂਦਾ ਹੈ | ਵਾਰਿਸ਼ ਸ਼ਾਹ ਨੇ ਜੋ ਇਸ਼ਕ ਬਿਆਨ ਕੀਤਾ ਹੈ ਬਾਵਾ ਬੁੱਧ ਸਿੰਘ ਉਸ ਤੋਂ ਪ੍ਰਭਾਵਿਤ ਹੋ ਕੇ ਲਿਖਦੇ ਹਨ:- “ ਕਵੀ ਜੀ ਨੇ ਇਸ਼ਕ ਦੀ ਕੈਹੀ ਉਛੀ ਪਦਵੀ ਦੱਸੀ ਹੈ ਚੰਗਾ ਨਕਸ਼ਾ ਖਿਚਿਆ ਹੈ ਅਤੇ ਅਖਵਾਇਆ ਹੀਰ ਦੇ ਮੂਹੋਂ, ਕਿੰਨਾ ਫੱਬ ਗਿਆ | “ ਬਾਵਾ ਜੀ ਨੇ ਵਾਰਿਸ਼ ਸ਼ਾਹ ਦੀ ਇੱਕਲੀ ਤਾਰੀਫ਼ ਹੀ ਨਹੀਂ ਕੀਤੀ ਸਗੋ ਉਸਦੀਆਂ ਭੁੱਲਾਂ ਦਾ ਵੀ ਨਿਰਪਖ ਹੋ ਕੇ ਉਲੇਖ ਕੀਤਾ ਹੈ |

ਵਿਆਖਿਆਤਮਕ ਆਲੋਚਨਾ[ਸੋਧੋ]

ਜਦੋ ਆਲੋਚਕ ਕਿਸੇ ਸਾਹਿਤ ਰਚਨਾ ਵਿੱਚ ਲੁੱਕੇ ਹੋਏ ਸਾਹਿਤਕਾਰਾਂ ਦੇ ਭਾਵਾਂ ਨੂੰ ਆਪਣੀ ਸੂਝ ਦੇ ਅਧਾਰ ‘ਤੇ ਵਿਆਖਿਆ ਕਰਕੇ ਪਾਠਕਾ ਦੇ ਸਾਹਮਣੇ ਖੁਲ੍ਹੇ ਰੂਪ ਵਿੱਚ ਪੇਸ਼ ਕਰੇ ਤਾਂ ਉਸਨੂੰ ਵਿਆਖਿਆਤਮਕ ਆਲੋਚਨਾ ਕਿਹਾ ਜਾਂਦਾ ਹੈ | ਬੁੱਧ ਸਿੰਘ ਦੀ ਵਿਆਖਿਆਤਮਕ ਆਲੋਚਨਾ ਦੀ ਉਦਾਹਰਣ:- “ਗੁਰੂ ਜੀ ਸੰਸਾਰੀ ਵਿਵਹਾਰਾਂ ਨੂੰ ਪ੍ਰਮਾਰਥ ਵੱਲ ਢੁਕਾਨ ਵਿੱਚ ਉਚੇ ਦਰਜੇ ਦੇ ਕਵੀ ਸਨ | ਪ੍ਰੱਤਖ ਚੀਜਾਂ ਤੇ ਅਮਲਾ ਨੂੰ ਅੰਦਰੂਨੀ ਧਰਨਾ ਵੱਲ ਬਦਲਣਾ ਏਹ ਉਹਨਾ ਦਾ ਹੀ ਕੰਮ ਸੀ | ਜਦ ਜੋਗੀਆਂ, ਸੰਨਿਆਸੀਆਂ ਜਾਂ ਪੰਡਿਤਾਂ ਕੋਲ ਗਏ ਤਾਂ ਉਹਨਾਂ ਦੇ ਸਾਰੇ ਬਾਹਰਲੇ ਕਰਮਾਂ ਨੂੰ ਅੰਦਰ ਵਾਲ ਢੁਕਾਨ ਦਾ ਉਪਦੇਸ਼ ਦਿੱਤਾ | ਏਹਇਹਨਾਂ ਦੀ ਕਵਿਤਾ ਦਾ ਵੱਡਾ ਗੁਣ ਹੈ |” ਬਾਵਾ ਬੁੱਧ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀ ਟੀਕਾ ਟਿਪਣੀ ਨਹੀਂ ਕੀਤੀ ਬਲਕਿ ਉਹਨਾ ਦੀ ਬਾਣੀ ਵਿੱਚ ਮਿਲਦੇ ਮੂਲ ਸ਼ਬਦਾਂ ਦੀ ਵਿਆਖਿਆ ਕੀਤੀ ਹੈ |

ਤੁਲਨਾਤਮਕ ਆਲੋਚਨਾ[ਸੋਧੋ]

ਬਾਵਾ ਬੁੱਧ ਸਿੰਘ ਜੀ ਨੇ ਤੁਲਨਾਤਮਕ ਆਲੋਚਨਾ ਕਰਕੇ ਵੀ ਕਵੀ ਵਿਸ਼ੇਸ਼ ਤੇ ਵਿਅਕਤੀਗਤ ਗੁਣਾਂ ਨੂੰ ਉਬਾਰਿਆ ਹੈ | ਮੁਕਬਲ ਤੇ ਵਾਰਿਸ਼ ਦੀ ਤੁਲਨਾ ਕਰਦੇ ਹੋਏ ਲਿਖਦੇ ਹਨ,” ਕਿਸੇ ਗੱਲ ਵਿੱਚ ਮੁਕਬਲ ਦੇ ਬੇਂਤ ਵਾਰਿਸ਼ ਤੋਂ ਘਟ ਨਹੀਂ | ਹਾਂ ਵਾਰਿਸ਼ ਦੇ ਕਿੱਸੇ ਵਿੱਚ ਮੁਕਾਲਿਮਾ, ਦੂਬਦੂ ਗੱਲਾਂ ਦਾ ਬੜਾ ਜੋਰ ਹੈ ਅਤੇ ਉਸਨੇ ਇਹਨਾਂ ਗੱਲਾਂ ਨੂ ਸ਼ੇਖੀ ਨਾਲ ਭਰ ਦਿੱਤਾ ਹੈ,ਜੋ ਗੱਲ ਮੁਕਬਲ ਵਿੱਚ ਨਹੀਂ |

ਸ਼ਾਸ਼ਤਰੀ ਆਲੋਚਨਾ[ਸੋਧੋ]

ਸਿਧਾਂਤਕ ਆਲੋਚਨਾ ਦੁਆਰਾ ਸਾਹਿਤ ਨੂੰ ਪਰਖਣ ਲਈ ਨਿਸ਼ਚਿਤ ਕੀਤੇ ਗਏ ਮਾਪਢੰਡਾ ਦੇ ਅਧਾਰ ਤੇ ਜਦੋਂ ਆਲੋਚਕ ਕਿਸੇ ਸਾਹਿਤਕ ਕਿਰਤ ਨੂੰ ਪਰਖਦਾ ਹੈ ਉਸਨੂੰ ਸ਼ਾਸ਼ਤਰੀ ਆਲੋਚਨਾ ਕਿਹਾ ਜਾਂਦਾ ਹੈਂ ਕਿਉਂਕਿ ਇਸ ਵਿੱਚ ਸ਼ਾਸ਼ਤਰਾਂ ਵਿੱਚ ਵਰਣਿਤ ਸਿਧਾਂਤ ਹੀ ਕਸਵੱਟੀ ਦਾ ਕੰਮ ਕਰਦੇ ਹਨ | ਕਾਵਿ ਲਈ ਲੋੜੀਂਦੇ ਤਤਾਂ ਨੂੰ ਸਾਹਮਣੇ ਰਖ ਕੇ ਆਲੋਚਕ ਉਸ ਕਸਵੱਟੀ ਤੇ ਪਰਖਦਾ ਹੈ | ਇਹ ਆਲੋਚਨਾ ਪ੍ਰਣਾਲੀ ਵਿਗਿਆਨਕ ਨਹੀਂ ਮੰਨੀ ਜਾਂਦੀ ਕਿਉਂਕਿ ਯੁੱਗ ਪਰਿਵਰਤਨ ਦੇ ਨਾਲ- ਨਾਲ ਸਾਹਿਤਕਾਰਾਂ ਦੀ ਵਿਚਾਰਧਾਰਾ ਤੇ ਲਿਖਣ ਸ਼ੈਲੀ ਵਿੱਚ ਵੀ ਪਰਿਵਰਤਨ ਆਉੰਦਾ ਰਹਿੰਦਾ ਹੈ |

ਇਤਿਹਾਸਕ ਆਲੋਚਨਾ[ਸੋਧੋ]

ਕਿਸੇ ਖਾਸ ਸਮੇਂ ਵਿੱਚ ਵਿਸ਼ੇਸ਼ ਪ੍ਰਭਾਵ ਅਧੀਨ ਸਿਰਜੀ ਗਈ ਰਚਨਾ ਨੂੰ ਉਸ ਪ੍ਰਭਾਵ ਤੋਂ ਵਖ ਕਰਕੇ ਉਸਦਾ ਅਧਿਐਨ ਨਹੀਂ ਕੀਤਾ ਜਾ ਸਕਦਾ | ਮੁਗਲ ਕਾਲ ਤੋਂ ਪਹਿਲਾਂ ਕਿਹੋ ਜਿਹਾ ਮਾਹੋਲ ਸੀ ਮੁਗਲਾਂ ਦੇ ਆਉਣ ਨਾਲ ਦੇਸ਼ ਤੇ ਸਮਾਜ ਵਿੱਚ ਕਿ ਪਰਿਵਰਤਨ ਆਇਆ, ਉਸਦਾ ਸਾਹਿਤ ‘ਤੇ ਕੀ ਅਸਰ ਪਿਆ ਆਦਿ ਸਭ ਗੱਲਾਂ ਧਿਆਨ ਵਿੱਚ ਰਖ ਕੇ ਕੀਤੀ ਗਈ ਆਲੋਚਨਾ ਨੂੰ ਇਤਿਹਾਸਕ ਆਲੋਚਨਾ ਕਿਹਾ ਜਾਂਦਾ ਹੈ | ਇਤਿਹਾਸਕ ਆਲੋਚਕਾਂ ਨੂੰ ਆਲੋਚਨਾ ਦੇ ਨਾਂ ਨਾਲ ਇਤਿਹਾਸ ਦੇ ਤਥਾਂਦੀ ਵੀ ਪੂਰੀ -ਪੂਰੀ ਜਾਣਕਾਰੀ ਰਖਣੀ ਪੇਂਦੀ ਹੈ | ਉਸਦੇ ਅਧਾਰ ‘ਤੇ ਹੀ ਉਹ ਨਿਰਣਾ ਦੇ ਸਕਦਾ ਹੈ | ਬਾਵਾ ਬੁੱਧ ਸਿੰਘ ਨੇ ਕਈ ਥਾਈਂ ਇਸ ਆਲੋਚਨਾ ਪ੍ਰਣਾਲੀ ਦੀ ਵਰਤੋਂ ਕੀਤੀ ਹੈ |[3] ਪੰਨਾ 272-318

ਸਿਧਾਂਤਕ ਕਮੀਆਂ[ਸੋਧੋ]

ਬਾਵਾ ਬੁੱਧ ਸਿੰਘ ਦੀਆਂ ਤਿੰਨੇ ਪੁਸਤਕਾਂ ਵਿੱਚ ਓਹ ਪੰਜਾਬੀ ਸਾਹਿਤ ਦੇ ਮੁਢਲੇ ਇਤਿਹਾਸਕਾਰਾਂ ਵਜੋਂ ਸਥਾਪਿਤ ਹੁੰਦੇ ਹਨ ਪਰ ਇਤਿਹਾਸਕਾਰੀ ਦੇ ਆਦਰਸ਼ ਮਾਡਲ ਦੇ ਸਮਵਿਥ ਜਦੋਂ ਉਹਨਾਂ ਦੀ ਇਤਿਹਾਸਕਾਰੀ ਦੇ ਕਾਰਜ ਦੀ ਸਮੀਖਿਆ ਕੀਤੀ ਜਾਂਦੀ ਹੈ ਤਾਂ ਉਸਦੀਆਂ ਇਹਨਾਂ ਪੁਸਤਕਾਂ ਵਿੱਚ ਹੇਠ ਲਿਖੀਆਂ ਸਿਧਾਂਤਕ ਕਮੀਆਂ ਪ੍ਰਾਪਤ ਹੁੰਦੀਆਂ ਹਨ:-

 • ਬਾਵਾ ਬੁੱਧ ਸਿੰਘ ਦੇ ਸਾਹਮਣੇ ਸਾਹਿਤ ਦੀ ਇਤਿਹਾਸਕਾਰੀ ਦਾ ਕੋਈ ਮਾਡਲ ਨਹੀਂ ਸੀ ਜਿਸ ਕਰਕੇ ਉਹ ਇਹ ਨਿਰਣਾ ਪੂਰੀ ਤਰ੍ਹਾਂ ਨਹੀਂ ਕਰ ਸਕਿਆ | ਸਾਹਿਤ ਦੇ ਇਤਿਹਾਸ ਨੂੰ ਯੁੱਗ ਵਿਸ਼ੇਸ਼ ਦੇ ਅਧਾਰ ‘ਤੇ ਵੰਡਨਾ ਹੈ ਜਾਂ ਰਾਜ ਸ਼ਕਤੀ ਦੇ ਅਧਾਰ ‘ਤੇ| ਉਪਬੋਲੀਆਂ ਦੇ ਦੇ ਅਧਾਰ ‘ਤੇ ਇਹ ਵੰਡ ਠੀਕ ਰਹੇਗੀ ਜੰਨ ਫੇਰ ਪ੍ਰਵਿਰਤੀਆਂ ਦੇ ਅਧਾਰ ‘ਤੇ| ਏਹੋ ਕਰਨ ਹੈ ਕਿ ਉਹ ਰਾਜ ਅਤੇ ਧਰਮ ਨੂੰ ਸਾਹਿਤਕ ਵੰਡ ਦਾ ਅਧਾਰ ਬਣਾਉਂਦਾ ਹੈ | ਇਥੇ ਹੀ ਬਸ ਨਹੀਂ, ਉਹ ਇੱਕ ਪੁਸਤਕ ਵਿੱਚ ਪੇਸ਼ ਕੀਤੀ ਵਰਗ ਵੰਡ ਨੂੰ ਦੂਸਰੀ ਪੁਸਤਕ ਵਿੱਚ ਹੋਰ ਸਿਰਲੇਖਾਂ ਅਧੀਨ ਵਿਚਾਰਦਾ ਹੈ | ਇਸ ਆਲੋਚਕ ਦੀ ਦੁਬਿਧਾ ਦਾ ਸਾਫ਼ ਪਤਾ ਚਲਦਾ ਹੈ |
 • ਬਾਵਾ ਬੁੱਧ ਸਿੰਘ ਸਾਹਮਣੇ ਸਾਹਿਤ ਦੀ ਇਤਿਹਾਸਕਾਰੀ ਕਰਨ ਦਾ ਮਨੋਰਥ ਨਹੀਂ ਸੀ | ਉਸਦਾ ਉਦੇਸ਼ ਆਪਣੇ ਪੂਰਵਲੇ ਅਤੇ ਸਮਕਾਲੀ ਸਾਹਿਤ ਨੂੰ ਇੱਕਠਾ ਕਰਨ ਅਤੇ ਕਵੀਆਂ ਤੇ ਸਾਹਿਤਕਾਰਾਂ ਬਾਰੇ ਮੁਢਲੀ ਜਾਣਕਾਰੀ ਦੇ ਕੇ ਪੰਜਾਬੀ ਪਾਠਕਾਂ ਦੀ ਸੁਹਜਾਤਮਕ ਤ੍ਰਿਪਤੀ ਕਰਨਾ ਸੀ | ਨਾਲੋਂ ਨਾਲ ਉਹ ਇਸ ਯਤਨ ਰਾਹੀ ਪੰਜਾਬੀ ਭਾਸ਼ਾ ਨੂ ਬਣਦਾ ਸਤਿਕਾਰ ਵੀ ਦੇਣਾ ਚਾਹੁੰਦਾ ਹੈ|
 • ਬਾਵਾ ਬੁੱਧ ਸਿੰਘ ਦੀ ਇਤਿਹਾਸਕਾਰੀ ਵਿੱਚ ਤਥਾਂ ਨੂੰ ਇੱਕਤਰ ਕਰਨ ਤੇ ਕਾਲਕ੍ਰਮ ਵਿੱਚ ਤਾਂ ਟਿਕਾਇਆ ਗਿਆ ਹੈ ਪਰ ਇਹਨਾਂ ਤਥਾਂ ਵਿੱਚ ਨਿਰੰਤਰਤਾ ਦੀ ਘਾਟ ਹੈ | ਕਾਲਕ੍ਰ੍ਮਤਾ ਕਈ ਥਾਵਾਂ ਤੇ ਟੁਟਦੀ ਹੈ | ਜਿਵੇਂ ਉਹ ਵਖ ਵਖ ਪੁਸਤਕ ਵਿੱਚ ਇੱਕੋ ਸਮੇਂ ਦੀ ਕਵਿਤਾ ਨੂੰ ਵਖ –ਵਖ ਸਿਰਲੇਖਾਂ ਅਧੀਨ ਵਿਚਾਰਦਾ ਹੈ| ਉਹ ਵਾਰਿਸ਼ ਸ਼ਾਹ ਨੂੰ ਦਮੋਦਰ ਨਾਲੋਂ ਵੀ ਪਹਿਲਾਂ ਸਥਾਨ ਦਿੰਦਾ ਹੈ |
 • ਉਸਦੀ ਅਧਿਐਨ ਦ੍ਰਿਸ਼ਟੀ ਰਚਨਾਕਾਰ ਤੋ ਰਚਨਾ ਵੱਲ ਫੇਲਦੀ ਹੈ | ਕਈ ਵਾਰੀ ਉਹ ਰਚਨਾਕਾਰ ਉੱਤੇ ਹੀ ਏਨਾ ਕੇਂਦਰਿਤ ਹੋ ਜਾਂਦਾ ਹੈ ਕਿ ਰਚਨਾ ਤਾਂ ਅਣਗਾਉਲੀ ਹੀ ਰਹਿ ਜਾਂਦੀ ਹੈ| ਉਸਦੀ ਅਧਿਐਨ ਦ੍ਰਿਸ਼ਟੀ ਰਚਨਾਕਾਰਾਂ, ਬਾਣੀਕਾਰ ਦੇ ਜੀਵਨ ਸੰਬੰਧੀ, ਪ੍ਰਚਲਿਤ ਲੋਕਰਾਏਤੋਂ ਸ਼ੁਰੂ ਹੁੰਦੀ ਹੈਤੇ ਉਹਨਾਂ ਦੇ ਨਾਮ,ਜਾਤ,ਜਨਮ ਮਿਤੀ, ਵਿਆਹ,ਉਸ ਨਾਲ ਜੁੜੀਆਂ ਕਹਾਣੀਆਂ, ਪ੍ਰਸਿਧੀ ਦੇ ਕਾਰਨਾਂ ਆਲੇ-ਦੁਆਲੇ ਘੁੰਮਦੀ ਹੈ | ਰਚਨਾ ਉੱਤੇ ਤਾਂ ਉਹ ਸਭ ਤੋਂ ਪਿਛੋਂ ਆਉੰਦਾ ਹੈ | ਕਈ ਵਾਰੀ ਤਾਂ ਉਹ ਰਚਨਾ ਬਾਰੇ ਸਧਾਰਨ ਜਿਹੀ ਜਾਣਕਾਰੀ ਦੇਣ ਪਿਛੋਂ ਹੀ ਅਪਣਾ ਵਿਸ਼ਲੇਸ਼ਣ ਸਮਾਪਤ ਕਰ ਦਿੰਦਾ ਹੈ | ਜੀਵਨ ਸੰਬੰਧੀ ਵੇਰਵੇ ਦੇਣ ਵੇਲੇ ਲੋਕ ਪ੍ਰਚਲਿਤ ਵੇਰਵਿਆਂ ਦੀ ਪੇਸ਼ਕਾਰੀ ਤੋਂ ਇਲਾਵਾ ਕਲਪਨਾ ਤੋਂ ਵੀ ਕੰਮ ਲੇਂਦਾ ਹੈ | ਬਿੰਬ ਸਿਰਜਣ ਅਤੇ ਕਲਪਨਾ ਸ਼ਕਤੀ ਦੀ ਵਰਤੋਂ ਕਰਨ ਵਿੱਚ ਕਈ ਵਾਰ ਉਹ ਏਨਾ ਮੰਤਰ ਮੁਗਧ ਹੋ ਜਾਂਦਾ ਹੈ ਕਿ ਰਚਨਾਵਾਂ ਦੇ ਅਧਿਐਨ ਨੂੰ ਨਿਗੁਣਾ ਮਹੱਤਵ ਪ੍ਰਦਾਨ ਕਰਦਾ ਹੈ |
 • ਬਾਵਾ ਬੁੱਧ ਸਿੰਘ ਆਪਣੀਆਂ ਪੁਸਤਕਾਂ ਵਿੱਚ ਸਮੀਖਿਆ ਜੁਗਤਾਂ ਦੀ ਥਾਂ ਸਿਰਜਣਾ ਜੁਗਤਾਂ ਦਾ ਪ੍ਰਯੋਗ ਕਰਦਾ ਹੈ | ਇਹੋ ਕਰਨ ਹੈ ਕਿ ਉਸ ਦੁਆਰਾ ਵਰਤੀ ਭਾਸ਼ਾ ਸੰਕਲਪਾਤਮਕ ਹੋਣ ਦੀ ਥਾਂ ਕਾਵਿ ਭਾਸਾ ਦੇ ਵਧੇਰੇ ਨੇੜੇ ਹੈ| ਭਾਵੁਕਤਾ ਉਸਦੀ ਭਾਸ਼ਾ ਦਾ ਪਛਾਣ ਚਿੰਨ੍ਹ ਹੈ|
 • ਉਸ ਕੋਲ ਸਾਹਿਤ ਅਤੇ ਅਣ- ਸਾਹਿਤ ਦੀ ਪਛਾਣ ਲਈ ਕੋਈ ਪੈਮਾਨਾ ਨਹੀਂ ਹੈ | ਸਾਹਿਤ ਨਾਲੋਂ ਅਣ- ਸਾਹਿਤ ਦਾ ਵਿਖਰੇਵਾਂ ਨਹੀਂ ਕਰ ਸਕਦਾ |
 • ਉਸਦਾ ਕਾਰਜ ਇਤਿਹਾਸਕਾਰੀ ਖੋਜ ਅਤੇ ਆਲੋਚਨਾ ਦਾ ਮਿਲਗੋਭਾ ਹੈ | ਉਸਨੇ ਸਿਰਫ ਕਵਿਤਾ ਦੀ ਇਤਿਹਾਸਕਾਰੀ ਕੀਤੀ ਹੈ | ਸਾਹਿਤ ਦੇ ਹੋਰ ਰੂਪਾਂਸੰਬੰਧੀ ਉਸਨੇ ਅਜਿਹਾ ਨਹੀਂ ਕੀਤਾ | ਜਦਕਿ ਉਹ ਆਪ ਨਾਟਕ ਦਾ ਰਚੈਤਾ ਹੈ |

ਬਾਵਾ ਬੁੱਧ ਸਿੰਘ ਦੀ ਇਤਿਹਾਸਕਾਰੀ:ਪ੍ਰਾਪਤੀਆਂ[ਸੋਧੋ]

 • ਬਾਵਾ ਬੁੱਧ ਸਿੰਘ ਦੀ ਪਹਿਲੀ ਪ੍ਰਾਪਤੀ ਇਹ ਹੈ ਕਿ ਉਸ ਨੇ ਪੰਜਾਬੀ ਸਾਹਿਤਦਾ ਇੱਕਤਰੀਕਰਨ ਕਰਕੇ ਇਸਨੂੰ ਤਬਾਹ ਹੋਣ ਤੋਂ ਬਚਾਇਆ| ਇਹ ਕੰਮ ਉਸਨੇ ਪੂਰੀ ਸੁਚੇਤ ਅਵਸਥਾ ਵਿੱਚ ਕੀਤਾ |
 • ਉਸਦੀ ਦੂਸਰੀ ਪ੍ਰਾਪਤੀ, ਪਹਿਲੀ ਵਾਰੀ ਸਾਹਿਤ ਦੀ ਇਤਿਹਾਸਕਾਰੀ ਕਰਨ, ਪ੍ਰਾਪਤ ਰਚਨਾਵਾਂ ਨੂੰ ਕਾਲਕ੍ਰਮ ਵਿੱਚ ਬੰਨਣ ਅਤੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਹੈ |
 • ਉਸਦੀ ਤੀਸਰੀ ਪ੍ਰਾਪਤੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣਾ ਹੈ | ਉਹ ਆਪ ਲਿਖਦਾ ਹੈ ਕਿ ਉਸਦਾ ਦਿਲ ਪੰਜਾਬੀ ਵਿਰੋਧੀ ਸੁਣ-ਸੁਣ ਕੇ ਛਲਨੀ ਹੋਇਆ ਪਿਆ ਹੈ | ਜੇਕਰ ਪੰਜਾਬੀ ਲੋਕ, ਮੱਧਕਾਲੀ ਫ਼ਾਰਸੀ ਵਿੱਚ ਲਿਖੇ ਆਪਣੇ ਸਾਹਿਤ ਨਾਲ ਜੁੜ ਜਾਣ ਤਾਂ ਉਹ ਆਪਣੀ ਘਾਲਣਾ ਨੂੰ ਸਫਲ ਸਮਝੇਗਾ |
 • ਉਸਦੀ ਇੱਕ ਹੋਰ ਪ੍ਰਾਪਤੀ ਸਪਸ਼ਟੀਕਰਨ ਹੈ | ਉਸਨੇ ਸ਼ੇਖ ਫਰੀਦ ਦੀ ਬਾਣੀ ਸੰਬੰਧੀ ਪਾਈ ਜਾਂਦੀ ਅਸਪਸ਼ਟਤਾ ਨੂੰ ਦੂਰਕੀਤਾ | ਬਾਵਾ ਬੁੱਧ ਸਿੰਘ ਨੇ ਸ਼ੇਖ ਫਰੀਦ ਦੇ ਨਵੀਨਤੇ ਸ਼ੁੱਧ ਸਰੂਪ ਪਿਛੇ ਕਾਰਜਸ਼ੀਲ ਤਥਾਂ ਨੂੰ ਸਾਹਮਣੇ ਲਿਆਂਦਾ | ਹਾਮਦ ਤੇ ਹਾਫ਼ਿਜ ਬਰਖੁਰਦਾਰ ਬਾਰੇ ਉਸਦੇ ਕੱਢੇ ਸਿੱਟੇ ਅੱਜ ਵੀ ਪੰਜਾਬੀ ਆਲੋਚਨਾ ਵਿੱਚ ਸਵੀਕਾਰੇ ਜਾਂਦੇ ਹਨ |
 • ਉਹ ਆਪਣੀਆਂ ਇਹਨਾਂ ਪੁਸਤਕਾਂ ਵਿੱਚ ਪਹਿਲੀ ਵਾਰ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਬਾਰੇ ਚਰਚਾ ਛੇੜਦਾ ਹੈ | ਉਹ ਲਿਖਦਾ ਹੈ – ਜਦ ਪ੍ਰਕਿਰਤ ਏਸ ਤਰ੍ਹਾਂ ਵਿਗੜੀ ਤਾਂ ਉਸਨੂੰ ਅਪਭ੍ਰੰਸ਼ ਆਖਣ ਲੱਗੇ ਜਾਂ ਵਿਗੜੀ ਹੋਈ ਪ੍ਰਕਿਰਤ | ਇਹ ਪ੍ਰਕਿਰਤ ਪੰਜਾਬ ਵਿੱਚ ਹੋਰ ਸੀ, ਸਿੰਧ ਵਿੱਚ ਹੋਰ ਤੇ ਮਹਾਂਰਾਸ਼ਟਰ ਵਿੱਚ ਹੋਰ | ਇਸ ਵਿਗੜੀ ਹੋਈ ਪ੍ਰਕਿਰਤ ਦੀ ਇੱਕ ਲੜੀ ਸ਼ੋਰਸ਼ੇਨੀ ਸੀ | ਇਸ ਸ਼ੋਰਸ਼ੇਨੀ ਤੋਂ ਪੰਜਾਬੀ ਤੇ ਸ਼ੋਰਸ਼ੇਨੀ ਨਿਕਲੀਆਂ |
 • ਓਹ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਦੇ ਸੰਬੰਧ ਬਾਰੇ ਵੀ ਪਹਿਲੀ ਵਾਰੀ ਚਰਚਾ ਛੇੜਦਾ ਹੈ |
 • ਉਹ ਆਪਸੀ ਯੁੱਗ ਦੀ ਚੇਤਨਾ ਅਨੁਸਾਰ ਕਿੱਸਾ ਕਾਵਿ, ਸੂਫ਼ੀ ਕਾਵਿ ਅਤੇ ਗੁਰਮਤਿ ਕਾਵਿ ਦਿਆਂ ਵਿਲਖਣਤਾਵਾਂ ਅਤੇ ਵਿਅਕਤੀਗਤ ਚਰਿਤਰਕ ਵਿਸ਼ੇਸ਼ਤਾਵਾਂ ਬਾਰੇ ਵੀ ਚਰਚਾ ਛੇੜਦਾ ਹੈ |
 • ਉਹ ਪੰਜਾਬੀ ਲੋਕਾਂ ਦਾ ਮੁਸਲਮਾਨਾਂ ਦੁਆਰ ਗੇਰ ਗੁਰਮੁਖੀ (ਸ਼ਾਹਮੁਖੀ) ਵਿੱਚ ਲਿਖੀਆਂ ਰਚਨਾਵਾਂ ਨਾਲ ਮੋਹ ਪਾਉਂਦਾ ਹੈ |
 • ਮੱਧਕਾਲ ਬਾਰੇ ਕਿਸੇ ਕਿਸਮ ਦੀ ਸੂਚਨਾ ਲਈ ਬਾਵਾ ਜੀ ਦੀਆਂ ਪੁਸਤਕਾਂ (ਹੰਸ ਚੋਗ, ਕੋਇਲ ਕੂ, ਬੰਬੀਹਾ ਬੋਲ) ਅਹਿਮ ਸਰੋਤ ਹਨ | ਜੇਕਰ ਇਹਨਾਂ ਪੁਸਤਕਾਂ ਵਿਚੋਂ ਸਾਨੂੰ ਜਾਣਕਾਰੀ ਨਾ ਮਿਲੇ ਤਾਂ ਸਾਡੇ ਕੋਲ ਸੂਚਨਾ ਦਾ ਕੋਈ ਹੋਰ ਸਾਧਨ ਨਹੀਂ | ਹਾਸ਼ਮ ਦੇ ਕਿੱਸੇ ਸੱਸੀ -ਪੁਨੂੰ ਦੇ ਪ੍ਰਭਾਵ ਬਾਰੇ ਲਿਖਦਾ ਹੈ – “ਹਾਸ਼ਮ ਨੇ ਸੱਸੀ ਕਾਹਦੀ ਲਿਖੀ ਘਰ ਘਰ ਬਿਰਹਾ ਦੀ ਅੱਗ ਲਾ ਦਿੱਤੀ|”
 • ਬਾਵਾ ਜੀ ਦੇ ਵਿਸ਼ਲੇਸ਼ਣ ਦ੍ਰਿਸ਼ਟੀ ਵਿੱਚ ਆਲੋਚਨਾ ਦੇ ਸਾਰੇ ਰੂਪ ਖੋਜਪਰਖ ਆਲੋਚਨਾ, ਪ੍ਰਾਭਾਵਵਾਦੀ ਆਲੋਚਨਾ, ਜੀਵਨ ਬਿਰਤਾਂਤਕ ਆਲੋਚਨਾ, ਪਰਿਚਯਤਮਕ ਆਲੋਚਨਾ, ਵਿਆਖਿਆਤਮਕ ਆਲੋਚਨਾ, ਇਤਿਹਾਸਕ ਆਲੋਚਨਾ,ਤੁਲਨਾਤਮਕ ਆਲੋਚਨਾ, ਸ਼ਾਸ਼ਤਰੀ ਆਲੋਚਨਾ ਦੇ ਸਾਰੇ ਨਮੂਨੇ ਮਿਲਦੇ ਹਨ |[15] ਪੰਨਾ167-172

ਹਵਾਲੇ[ਸੋਧੋ]

 1. ਕੌਰ (2021). "ਬਾਵਾ ਬੁੱਧ ਸਿੰਘ:ਰਚਨਾਵਲੀ": 1 – via ਵਿਦਿਆਰਥੀ ਪੰਜਾਬੀ ਵਿਭਾਗ. {{cite journal}}: Cite journal requires |journal= (help); Unknown parameter |First= ignored (|first= suggested) (help)
 2. http://www.thesikhencyclopedia.com/biographies/famous-sikh-personalities/budh-singh-bawa
 3. 3.0 3.1 3.2 3.3 3.4 3.5 3.6 3.7 3.8 ਬਾਵਾ ਬੁਧ ਸਿੰਘ ਰਚਿਤ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਵਿਵੇਚਨ:Ph.D.ਖੋਜ ਪ੍ਰਬੰਧ ੧੯੮੧ ਖੋਜ ਕਰਤਾ:ਊਸ਼ਾ ਰਾਣੀ, ਨਿਗਰਾਨ:ਡਾਕਟਰ:ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ
 4. ਸਿੰਘ, ਬਾਵਾ ਬੁਧ. "ਪ੍ਰੀਤਮ ਛੋਹ". pa.wikisource.org.
 5. "From 1916 to 1926, Bava Budh Singh brought out a number of books including Koel Ku, Hans Choag, Bol Banbiha and Prem Kahani". Archived from the original on 2014-08-12. Retrieved 2013-01-04. {{cite web}}: Unknown parameter |dead-url= ignored (|url-status= suggested) (help)
 6. ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ ਪੁਨਰ:ਸੰਵਾਦ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
 7. ਰਾਜਿੰਦਰ ਸਿੰਘ ਸੇਖੋਂ, ਆਲੋਚਨਾ ਅਤੇ ਪੰਜਾਬੀ ਆਲੋਚਨਾ
 8. ਰਾਜਿੰਦਰ ਸਿੰਘ ਸੇਖੋਂ, ਆਲੋਚਨਾ ਅਤੇ ਪੰਜਾਬੀ ਆਲੋਚਨਾ, ਪੰਨਾ 167-68
 9. ਬਾਵਾ ਬੁੱਧ ਸਿੰਘ, ਕੋਇਲ ਕੂ ਅਰਥਾਤ ਪੰਜਾਬੀ ਕਵੀਆਂ ਦੀਆਂ ਮਨੋਹਰ ਰਚਨਾ ਤੇ ਉਨ੍ਹਾਂ ਦੇ ਸੰਖੇਪ ਹਾਲਾਤ, ਪੰਨਾ 6
 10. ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ
 11. http://www.panjabdigilib.org/webuser/searches/mainpage.jsp?CategoryID=1&Author=853
 12. 12.0 12.1 ਬਾਵਾ ਬੁਧ ਸਿੰਘ ਕਰਚਿਤ ਪੰਜਾਬੀ ਸਾਹਿਤ ਦਾ ਆਲੋਚਨਾਤਮ ਵਿਵੇਚਨ:Ph.D.ਖੋਜ ਪ੍ਰਬੰਧ ੧੯੮੧ ਖੋਜ ਕਰਤਾ:ਊਸ਼ਾ ਰਾਣੀ, ਨਿਗਰਾਨ:ਡਾਕਟਰ:ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ
 13. ਬਾਵਾ ਬੁਧ ਸਿੰਘ ਪੰਜਾਬੀ ਸਾਹਿਤ ਅਲੋਚਾਤਮਕ ਵਿਵੇਚਨ:ਖੋਜ ਪ੍ਰਬੰਧ ੧੯੮੧ ਖੋਜ ਕਰਤਾ:ਊਸ਼ਾ ਰਾਣੀ,ਨਿਗਰਾਨ:ਡਾਕਟਰ:ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 262 -265
 14. ਬਾਵਾ ਬੁਧ ਸਿੰਘ ਰਚਿਤ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਵਿਵੇਚਨ:ਖੋਜ ਪ੍ਰਬੰਧ Ph.D.੧੯੮੧ ਖੋਜ ਕਰਤਾ:ਊਸ਼ਾ ਰਾਣੀ,ਨਿਗਰਾਨ: ਗੁਰਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ
 15. ਪੰਜਾਬੀ ਆਲੋਚਨਾ (ਸਿਧਾਂਤ ਤੇ ਸਿਧਾਂਤਕਾਰ),ਟੀ.ਆਰ.ਵਿਨੋਦ,ਰਘਬੀਰ ਰਚਨਾ ਪ੍ਰਕਾਸ਼ਨ,ਚੰਡੀਗੜ੍ਹ