ਫ਼ਰਦੀਨਾ ਦ ਸੌਸਿਊਰ
ਫ਼ਰਦੀਨਾ ਦ ਸੌਸਿਊਰ (ਫਰਾਂਸੀਸੀ: Ferdinand de Saussure; 26 ਨਵੰਬਰ 1857 – 22 ਫਰਵਰੀ 1913) ਇੱਕ ਸਵਿੱਸ ਭਾਸ਼ਾ ਵਿਗਿਆਨੀ ਸੀ। ਇਸ ਨੂੰ 20ਵੀਂ ਸਦੀ ਦੇ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ।
ਜਨਮ[ਸੋਧੋ]
ਫ਼ਰਦੀਨਾ ਦ ਸਸਿਊਰ ਦਾ ਜਨਮ 1857 ਈ: ਵਿੱਚ ਜਨੇਵਾ ਵਿੱਚ ਹੋਇਆ। ਚੌਦਾਂ ਸਾਲ ਦੀ ਛੋਟੀ ਉਮਰੇ ਹੀ ਚੋਖੀ ਪ੍ਰਤਿਭਾ ਅਤੇ ਬੌਧਿਕ ਸਮਰਥਾ ਦੇ ਉਸਦੇ ਤਕੜੇ ਆਸਾਰ ਨਜ਼ਰ ਆਉਣ ਲੱਗ ਪਏ ਸਨ।[1] ਉਸ ਦੇ ਪਿਤਾ ਇੱਕ ਪ੍ਰਸਿੱਧ ਪ੍ਰਕਿਰਤਕ ਵਿਗਿਆਨੀ ਸਨ। ਇਸ ਲਈ ਉਹਨਾਂ ਦੀ ਪ੍ਰਬਲ ਇੱਛਾ ਸੀ ਕਿ ਸੌਸਿਊਰ ਵੀ ਇਸ ਖੇਤਰ ਵਿੱਚ ਆਪਣਾ ਅਧਿਐਨ-ਕਾਰਜ ਕਰੋ। ਪਰ ਸੌਸਿਊਰ ਦੀ ਰੁਚੀ ਭਾਸ਼ਾ ਸਿੱਖਣ ਦੇ ਵੱਲ ਜਿਆਦਾ ਸੀ। ਇਹੀ ਕਾਰਨ ਸੀ ਕਿ ਜੇਨੇਵਾ ਯੂਨੀਵਰਸਿਟੀ ਵਿੱਚ 1875 ਵਿੱਚ ਭੌਤਿਕ ਸ਼ਾਸਤਰ ਅਤੇ ਰਸਾਇਣ ਸ਼ਾਸਤਰ ਵਿੱਚ ਪਰਵੇਸ਼ ਹੋਣ ਤੋਂ ਪਹਿਲਾਂ ਹੀ ਉਹ ਗਰੀਕ ਭਾਸ਼ਾ ਦੇ ਨਾਲ - ਨਾਲ ਫ਼ਰਾਂਸੀਸੀ, ਜਰਮਨ, ਅੰਗਰੇਜ਼ੀ ਅਤੇ ਲੈਟਿਨ ਭਾਸ਼ਾਵਾਂ ਤੋਂ ਵਾਕਫ਼ ਹੋ ਚੁੱਕਾ ਸੀ ਅਤੇ 1872 ਵਿੱਚ “ਭਾਸ਼ਾਵਾਂ ਦੀ ਸਧਾਰਨ ਵਿਵਸਥਾ” ਨਾਮਕ ਲੇਖ ਲਿਖ ਚੁੱਕਾ ਸੀ। ਪੰਦਰਾਂ ਸਾਲ ਦੀ ਉਮਰ ਵਿੱਚ ਲਿਖੇ ਇਸ ਲੇਖ ਵਿੱਚ ਉਸ ਨੇ ਇਹ ਦਰਸਾਉਣ ਦਾ ਜਤਨ ਕੀਤਾ ਕਿ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਮੂਲ ਵਿੱਚ ਤਿੰਨ ਆਧਾਰਭੂਤ ਵਿਅੰਜਨਾਂ ਦੀ ਵਿਵਸਥਾ ਹੈ।
ਉਸ ਨੇ ਆਪਣਾ ਅਧਿਐਨ ਕਾਰਜ ਜੇਨੇਵਾ, ਪੈਰਿਸ ਅਤੇ ਲੇਪਜਿੰਗ ਵਿੱਚ ਸੰਸਕ੍ਰਿਤ ਅਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਅੰਤਰਗਤ ਮੁਕੰਮਲ ਕੀਤਾ। ਨਾਲ ਹੀ ਨਾਲ ਉਹ ਲੇਪਜਿੰਗ ਯੂਨੀਵਰਸਿਟੀ ਵਿੱਚ ਨਵੇਂ ਵਿਆਕਰਣਕਾਰਾਂ (ਬਰੁਗਮੈਨ ਅਤੇ ਕਾਰਲ ਬੱਬੜ) ਦੇ ਸੰਪਰਕ ਵਿੱਚ ਆਇਆ। ਇੱਕੀ ਸਾਲ ਦੀ ਉਮਰ ਵਿੱਚ ਉਸ ਨੇ ਯੂਰਪੀ ਭਾਸ਼ਾਵਾਂ ਦੀ ਆਧਾਰਭੂਤ ਵਿਵਸਥਾ ਉੱਤੇ ਲੇਖ ਲਿਖਿਆ। ਇਸ ਲੇਖ ਦੇ ਅਨੁਸਾਰ ਉਸ ਨੇ ਅਨੇਕ ਆਧਾਰਭੂਤ ਸੰਕਲਪਨਾਵਾਂ ਉੱਤੇ ਨਾ ਕੇਵਲ ਸਿਧਾਂਤਕ ਚੋਟ ਕੀਤੀ ਬਲਕਿ ਭਾਸ਼ਾ-ਸਬੰਧੀ ਖੋਜ ਦੇ ਖੇਤਰ ਵਿੱਚ ਪ੍ਰਣਾਲੀਗਤ ਵਿਸ਼ਲੇਸ਼ਣ ਦੀ ਗੱਲ ਵੀ ਉਠਾਈ।
ਉਸ ਦਾ ਦੂਜਾ ਆਧਾਰ ਕੰਮ ਡਾਕਟਰੇਟ ਦੀ ਉਪਾਧੀ ਲਈ ਪੇਸ਼ ਸ਼ੋਧ-ਪ੍ਰਬੰਧ ਸੀ। ਉਸ ਦੀ ਖੋਜ ਦਾ ਵਿਸ਼ਾ “ਸੰਸਕ੍ਰਿਤ ਭਾਸ਼ਾ" ਵਿੱਚ ਸੰਬੰਧਕਾਰਕ ਦੀ ਪ੍ਰਕਿਰਤੀ ਅਤੇ ਪ੍ਰਯੋਗ” ਸੀ। ਡਾਕਟਰੇਟ ਦੀ ਉਪਾਧੀ ਦੇ ਬਾਅਦ ਉਹ ਜਰਮਨੀ ਵਿੱਚ ਹੋਰ ਜਿਆਦਾ ਨਹੀਂ ਰੁਕਿਆ ਕਿਉਂਕਿ ਉਸਨੂੰ ਜਰਮਨੀ ਦਾ ਸਮਾਜਕ ਅਤੇ ਅਕੈਡਮਿਕ ਮਾਹੌਲ ਪਸੰਦ ਨਹੀਂ ਆਇਆ।
1880 ਵਿੱਚ ਸੌਸਿਊਰ ਜਰਮਨੀ ਛੱਡਕੇ ਫ਼ਰਾਂਸ ਆ ਗਿਆ। ਪੈਰਿਸ ਵਿੱਚ ਉਸ ਨੇ ਲਗਭਗ ਦਸ ਸਾਲਾਂ ਤੱਕ ਇਤਿਹਾਸਿਕ ਭਾਸ਼ਾ ਵਿਗਿਆਨ ਦਾ ਅਧਿਐਨ ਕੀਤਾ। ਬਾਅਦ ਵਿੱਚ ਉਹ ਪੈਰਿਸ ਦੀ ਭਾਸ਼ਾ ਵਿਗਿਆਨ ਸਬੰਧੀ ਸੰਸਥਾ ਦੇ ਮੈਂਬਰ ਬਣਿਆ। ਜਰਮਨੀ ਤੋਂ ਪਰਤਣ ਦੇ ਬਾਅਦ ਜਵਾਨ ਭਾਸ਼ਾ ਵਿਗਿਆਨੀ ਸੌਸਿਊਰ ਨੇ ਇੱਕ ਸਰਗਰਮ ਮੈਂਬਰ ਵਜੋਂ ਸਮਾਜ ਵਿੱਚ ਆਪਣਾ ਮਹੱਤਵਪੂਰਨ ਸਥਾਨ ਬਣਾ ਲਿਆ। ਗਿਆਰਾਂ ਸਾਲ ਉਹ "ਇਕੋਲ ਪਰਾਤੀਕ ਦ ਹੌਤਸ ਇਤਿਊਦਜ਼" ਨਾਮ ਦੀ ਪ੍ਰਸਿੱਧ ਖੋਜ ਸੰਸਥਾ ਵਿੱਚ ਪੜ੍ਹਾਉਂਦਾ ਰਿਹਾ। ਇਸ ਦੌਰਾਨ ਉਸ ਦਾ ਨਾਮ Chevalier de la Légion d'Honneur (ਲੀਜਨ ਆਫ਼ ਆਨਰ ਦਾ ਸੂਰਮਾ) ਪੈ ਗਿਆ।[2] ਜਦੋਂ 1891 ਵਿੱਚ ਜਨੇਵਾ ਤੋਂ ਪ੍ਰੋਫੈਸਰੀ ਦੀ ਪੇਸ਼ਕਸ਼ ਹੋਈ,ਉਹ ਵਾਪਸ ਪਰਤ ਆਇਆ। ਇਥੇ ਹੀ ਜੇਨੇਵਾ ਯੂਨੀਵਰਸਿਟੀ ਵਿੱਚ ਉਸ ਨੂੰ ਸਧਾਰਨ ਭਾਸ਼ਾ ਵਿਗਿਆਨ ਪੜ੍ਹਾਉਣ ਦਾ ਮੌਕਾ ਪ੍ਰਾਪਤ ਹੋਇਆ। ਉਸਨੇ ਇਸ ਵਿਸ਼ੇ ਵਿੱਚ 1907, 1909 ਅਤੇ 1911 ਵਿੱਚ ਤਿੰਨ ਵਾਰ ਅਧਿਆਪਨ ਕਾਰਜ ਕੀਤਾ। ਇਹ ਲੈਕਚਰ ਲੜੀ ਹੀ ਉਹਨਾਂ ਦੀ ਕਿਤਾਬ ਦਾ ਆਧਾਰ ਬਣੀ, ਜਿਸਨੂੰ ਉਸ ਦੇ ਦੋ ਪ੍ਰਬੁੱਧ ਸਾਥੀਆਂ ਨੇ 1913 ਵਿੱਚ ‘ਕੋਰਸ ਆਫ ਲਿੰਗੁਇਸਟਿਕ’ ਨਾਮਕ ਜਰਨਲ ਵਿੱਚ ਸੰਪਾਦਤ ਕੀਤਾ। ਸੌਸਿਊਰ ਦੇ ਨੋਟਸ ਨਾਂਹ ਦੇ ਬਰਾਬਰ ਸੀ, ਨਾ ਹੀ ਸੌਸਿਊਰ ਨੇ ਆਪਣੇ ਜੀਵਨ ਵਿੱਚ ਕੋਈ ਕਿਤਾਬ ਲਿਖੀ।
ਫਰਵਰੀ 1913 ਵਿੱਚ 53 ਸਾਲ ਦੀ ਉਮਰ ਵਿੱਚ ਸੌਸਿਊਰ ਦੀ ਮੌਤ ਹੋ ਗਈ। ਆਪਣੇ ਜੀਵਨ ਕਾਲ ਵਿੱਚ ਸੌਸਿਊਰ ਨੇ ਆਪ ਬਹੁਤ ਘੱਟ ਲਿਖਿਆ। ਡਾਕਟਰੇਟ ਉਪਾਧਿ ਲਈ ਲਿਖੇ ਗਏ ਆਪਣੇ ਜਾਂਚ ਗਰੰਥ ਦੇ ਇਲਾਵਾ ਉਸ ਨੇ ਕੋਈ ਕਿਤਾਬ ਨਹੀਂ ਲਿਖੀ, ਪਰ ਉਸ ਦੁਆਤਾ ਲਿਖੇ ਗਏ ਉਸ ਦੇ ਇੱਕ ਪੱਤਰ ਤੋਂ ਇਹ ਸੰਕੇਤ ਜ਼ਰੂਰ ਪ੍ਰਾਪਤ ਹੁੰਦਾ ਹੈ ਕਿ ਉਹ ਭਾਸ਼ਾ ਵਿਗਿਆਨ ਉੱਤੇ ਇੱਕ ਸਿਧਾਂਤਕ ਕਿਤਾਬ ਲਿਖਣਾ ਚਾਹੁੰਦਾ ਸੀ।