ਸਮੱਗਰੀ 'ਤੇ ਜਾਓ

ਬਲੈਕ ਸਵਾਨ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲੈਕ ਸਵਾਨ
The poster for the film shows Natalie Portman with white facial makeup, black-winged eye liner around bloodshot red eyes, and a jagged crystal tiara.
ਨਿਰਦੇਸ਼ਕਡੈਰਨ ਅਰੋਨੋਫ਼ਸਕੀ
ਸਕਰੀਨਪਲੇਅ
  • ਮਾਰਕ ਹੇਅਮੈਨ
  • ਐਂਡਰਸ ਹੀਨਜ਼
  • ਜੌਨ ਮਕਲਾਫ਼ਲਿਨ
ਕਹਾਣੀਕਾਰਐਂਡਰਸ ਹੀਨਜ਼
ਨਿਰਮਾਤਾ
ਸਿਤਾਰੇ
ਸਿਨੇਮਾਕਾਰਮੈਥਿਊ ਲਿਬਾਟੀਕ
ਸੰਪਾਦਕਐਂਡਰਿਊ ਵੀਸਬਲਮ
ਸੰਗੀਤਕਾਰਕਲਿੰਟ ਮਾਨਸੈਲ
ਡਿਸਟ੍ਰੀਬਿਊਟਰਫ਼ੌਕਸ ਸਰਚਲਾਈਟ ਪਿਕਚਰਜ਼
ਰਿਲੀਜ਼ ਮਿਤੀਆਂ
  • ਸਤੰਬਰ 1, 2010 (2010-09-01) (ਵੈਨਿਸ)
  • ਦਸੰਬਰ 3, 2010 (2010-12-03) (ਅਮਰੀਕਾ)
ਮਿਆਦ
108 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$13 ਮਿਲੀਅਨ[2]
ਬਾਕਸ ਆਫ਼ਿਸ$329.4 ਮਿਲੀਅਨ[3]

ਬਲੈਕ ਸਵਾਨ 2010 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਮਨੋਵਿਗਿਆਨਕ ਹੌਰਰ ਫ਼ਿਲਮ ਹੈ।[4][5] ਇਸ ਫ਼ਿਲਮ ਦਾ ਨਿਰਦੇਸ਼ਨ ਡੈਰਨ ਅਰੋਨੋਫ਼ਸਕੀ ਨੇ ਕੀਤਾ ਹੈ ਅਤੇ ਇਸਦੇ ਸਕ੍ਰੀਨਲੇਖਕ ਮਾਰਕ ਹੇਅਮੈਨ, ਐਂਡਰਸ ਹੀਨਜ਼ ਅਤੇ ਜੌਨ ਮਕਲਾਫ਼ਲਿਨ ਹਨ। ਇਸਦੀ ਕਹਾਣੀ ਐਂਡਰਸ ਹੀਨਜ਼ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਨਤਾਲੀ ਪੋਰਟਮੈਨ, ਵਿਨਸੈਂਟ ਕਾਸਲ, ਮੀਲਾ ਕੂਨਿਸ, ਬਾਰਬਰਾ ਹਰਸ਼ੀ ਅਤੇ ਵਿਨੋਨਾ ਰਾਈਡਰ ਹਨ। ਇਸ ਫ਼ਿਲਮ ਦੀ ਕਹਾਣੀ ਚੈਕੋਵਸਕੀ ਦੀ ਸੰਗੀਤਕ ਕਿਰਤ ਸਵਾਨ ਲੇਕ ਦੇ ਆਲੇ-ਦੁਆਲੇ ਘੁੰਮਦੀ ਹੈ। ਪ੍ਰੋਡਕਸ਼ਨ ਨੂੰ ਇੱਕ ਬੈਲੇ ਨ੍ਰਿਤਕੀ ਦੀ ਜ਼ਰੂਰਤ ਹੈ ਜਿਹੜੀ ਕਿ ਵ੍ਹਾਈਟ ਸਵਾਨ ਦੇ ਸਰਲਚਿੱਤ ਅਤੇ ਨਾਜ਼ੁਕ ਕਿਰਦਾਰ ਨੂੰ ਨਿਭਾ ਸਕੇ, ਜਿਸ ਵਿੱਚ ਇੱਕ ਬਹੁਤ ਹੀ ਦ੍ਰਿੜ ਡਾਂਸਰ ਨੀਨਾ (ਪੋਰਟਮੈਨ) ਪੂਰੀ ਤਰ੍ਹਾਂ ਢੁਕਦੀ ਹੈ। ਇਸ ਤੋਂ ਇਲਾਵਾ ਉਹ ਬਲੈਕ ਸਵਾਨ ਦੇ ਕਾਲੇ ਅਤੇ ਸੰਵੇਦਨਸ਼ੀਲ ਰੋਲ ਵਿੱਚ ਵੀ ਪੂਰੀ ਤਰ੍ਹਾਂ ਢੁਕਦੀ ਹੈ, ਜਿਸ ਵਿੱਚ ਇੱਕ ਨਵੀਂ ਆਉਣ ਵਾਲੀ ਕੁੜੀ ਲਿਲੀ (ਮੀਲਾ ਕੂਨਿਸ) ਉਸ ਨਾਲੋਂ ਵਧੀਆ ਡਾਂਸਰ ਹੈ। ਨੀਨਾ ਦੇ ਉੱਪਰ ਇਸ ਰੋਲ ਨੂੰ ਪੂਰੀ ਤਰ੍ਹਾਂ ਨਿਭਾਉਣ ਦਾ ਬੇਹੱਦ ਦਬਾਅ ਹਾਵੀ ਹੋ ਜਾਂਦਾ ਹੈ, ਜਿਸ ਨਾਲ ਉਹ ਵਾਸਤਵਿਕਤਾ ਦੇ ਉੱਪਰ ਆਪਣੀ ਪਕੜ ਹੌਲੀ-ਹੌਲੀ ਗਵਾ ਬੈਠਦੀ ਹੈ ਅਤੇ ਜਿਉਂਦੇ-ਜਾਗਦੇ ਵੇਲੇ ਵੀ ਖ਼ਤਰਨਾਕ ਖ਼ਿਆਲਾਂ ਵਿੱਚ ਡੁੱਬਦੀ ਚਲੀ ਜਾਂਦੀ ਹੈ।

ਆਮ ਤੌਰ 'ਤੇ ਇਸ ਫ਼ਿਲਮ ਨੂੰ ਇੱਕ ਮਨੋਵਿਗਿਆਨਿਕ ਹੌਰਰ ਫ਼ਿਲਮਾਂ ਦੀ ਲੜੀ ਵਿੱਚ ਰੱਖਿਆ ਜਾਂਦਾ ਹੈ। ਬਲੈਕ ਸਵਾਨ ਦੀ ਕਲਾਤਮਕ ਪੂਰਨਤਾ ਹਾਸਿਲ ਕਰਨ ਦੇ ਮੈਟਾਫ਼ਰ ਵੱਜੋਂ ਵੀ ਵਿਆਖਿਆ ਕੀਤੀ ਜਾ ਸਕਦੀ ਹੈ, ਜਿਸ ਵਿੱਚ ਕਿਸੇ ਵਿਅਕਤੀ ਨੂੰ ਮਨੋਵਿਗਿਆਨਕ ਅਤੇ ਸਰੀਰਕ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਫ਼ਿਲਮ ਨੂੰ ਕਿਸੇ ਕਲਾਕਾਰ ਦੇ ਜਨਮ ਤੇ ਉੱਚ ਰੂਪਕ ਅਲੰਕਾਰ ਵੱਜੋਂ ਵੀ ਸਮਝਿਆ ਜਾ ਸਕਦਾ ਹੈ, ਅਤੇ ਇਹੀ ਕਲਾਤਮਕ ਪੂਰਨਤਾ ਹਾਸਿਲ ਕਰਨ ਲਈ ਨੀਨਾ ਮਨੋਵਿਗਿਆਨਿਕ ਤੌਰ 'ਤੇ ਉਲਝ ਜਾਂਦੀ ਹੈ ਅਤੇ ਉਸਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।[6]

ਅਰੋਨੋਫ਼ਸਕੀ ਇਸ ਫ਼ਿਲਮ ਲਈ ਪ੍ਰੇਰਨਾ ਲਈ ਫ਼ਿਓਦੋਰ ਦੋਸਤੋਯੇਵਸਕੀ ਦੇ ਨਾਵਲ ਦ ਡਬਲ ਦਾ ਜ਼ਿਕਰ ਕਰਦਾ ਹੈ। ਅਰੋਨੋਫ਼ਸਕੀ ਬਲੈਕ ਸਵਾਨ ਨੂੰ ਉਸਦੀ 2008 ਦੀ ਫ਼ਿਲਮ ਦ ਰੈਸਲਰ ਦੀ ਜੋੜੀਦਾਰ ਫ਼ਿਲਮ ਮੰਨਦਾ ਹੈ ਕਿਉਂਕਿ ਇਹਨਾਂ ਦੋਵਾਂ ਹੀ ਫ਼ਿਲਮਾਂ ਵਿੱਚ ਵੱਖੋ-ਵੱਖ ਕਲਾ ਦੇ ਲਈ ਬਹੁਤ ਹੀ ਜ਼ਬਰਦਸਤ ਪੇਸ਼ਕਾਰੀਆਂ ਦੀ ਜ਼ਰੂਰਤ ਸ਼ਾਮਿਲ ਸੀ। ਉਸਨੇ ਅਤੇ ਪੋਰਟਮੈਨ ਨੇ ਇਸ ਫ਼ਿਲਮ ਬਾਰੇ 2000 ਵਿੱਚ ਗੱਲਬਾਤ ਕੀਤੀ ਸੀ। ਉਸ ਪਿੱਛੋਂ ਬਲੈਕ ਸਵਾਨ ਨੂੰ ਨਿਊਯਾਰਕ ਸ਼ਹਿਰ ਵਿੱਚ ਫ਼ੌਕਸ ਸਰਚਲਾਈਟ ਪਿਕਚਰਜ਼ ਵੱਲੋਂ ਬਣਾਇਆ ਗਿਆ ਸੀ। ਇਸ ਫ਼ਿਲਮ ਲਈ ਪੋਰਟਮੈਨ ਅਤੇ ਕੂਨਿਸ ਨੇ ਕਈ ਮਹੀਨੇ ਬੈਲੇ ਸਿੱਖਣ ਵਿੱਚ ਲਾਏ ਅਤੇ ਇਸ ਵਿੱਚ ਮੁਹਾਰਤ ਹਾਸਿਲ ਕੀਤੀ। ਉਹਨਾਂ ਨੂੰ ਸਿਖਾਉਣ ਵਿੱਚ ਬੈਲੇ ਦੀ ਦੁਨੀਆ ਦੇ ਮਸ਼ਹੂਰ ਲੋਕਾਂ ਨੇ ਮਦਦ ਕੀਤੀ।

ਇਸ ਫ਼ਿਲਮ ਨੂੰ 1 ਸਤੰਬਰ, 2010 ਨੂੰ 67ਵੇਂ ਵੈੈਨਿਸ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਦੀ ਸਭ ਤੋਂ ਪਹਿਲੀ ਫ਼ਿਲਮ ਵੱਜੋਂ ਵਿਖਾਇਆ ਗਿਆ ਸੀ। ਇਸ ਫ਼ਿਲਮ ਨੂੰ ਪੂਰਨ ਤੌਰ 'ਤੇ 17 ਦਿਸੰਬਰ, 2010 ਨੂੰ ਰਿਲੀਜ਼ ਕੀਤਾ ਗਿਆ ਸੀ। ਪੋਰਟਮੈਨ ਦੀ ਅਦਾਕਾਰੀ ਅਤੇ ਅਰੋਨੋਫ਼ਸਕੀ ਦੇ ਨਿਰਦੇਸ਼ਨ ਦੀ ਬਹੁਤ ਸ਼ਲਾਘਾ ਹੋਈ। ਇਸ ਫ਼ਿਲਮ ਨੇ ਦੁਨੀਆ ਭਰ ਵਿੱਚੋਂ 329 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ। ਇਸ ਫ਼ਿਲਮ ਨੂੰ ਅਕਾਦਮੀ ਅਵਾਰਡਾਂ ਵਿੱਚ 5 ਨਾਮਜ਼ਦਗੀਆਂ ਮਿਲੀਆਂ ਅਤੇ ਪੋਰਟਮੈਨ ਨੇ ਇਸ ਫ਼ਿਲਮ ਵਿੱਚ ਸਭ ਤੋਂ ਵਧੀਆ ਅਭਿਨੇਤਰੀ ਲਈ ਅਕਾਦਮੀ ਅਵਾਰਡ ਜਿੱਤਿਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫ਼ੈਸਟੀਵਲਾਂ ਅਤੇ ਅਵਾਰਡਾਂ ਵਿੱਚ ਉਸਨੂੰ ਸਭ ਤੋਂ ਵਧੀਆ ਅਭਿਨੇਤਰੀ ਵੱਜੋਂ ਨਵਾਜਿਆ ਗਿਆ। ਇਸ ਫ਼ਿਲਮ ਦੇ ਨਿਰਦੇਸ਼ਨ ਲਈ ਅਰੋਨੋਫ਼ਸਕੀ ਨੂੰ ਵੀ ਸਭ ਤੋਂ ਵਧੀਆ ਨਿਰਦੇਸ਼ਕ ਦੇ ਤੌਰ 'ਤੇ ਅਕਾਦਮੀ ਇਨਾਮਾਂ ਵਿੱਚ ਨਾਮਜ਼ਦਗੀ ਮਿਲੀ ਅਤੇ ਫ਼ਿਲਮ ਨੂੰ ਸਭ ਤੋਂ ਵਧੀਆ ਫ਼ਿਲਮ ਦੇ ਲਈ ਨਾਮਜ਼ਦਗੀ ਮਿਲੀ।

ਕਥਾਨਕ

[ਸੋਧੋ]

ਨੀਨਾ ਸੇਅਰ 28 ਸਾਲਾਂ ਦੀ ਕੁੜੀ ਹੈ ਜਿਹੜੀ ਕਿ ਨਿਊਯਾਰਕ ਸ਼ਹਿਰ ਦੀ ਇੱਕ ਬੈਲੇ ਕੰਪਨੀ ਵਿੱਚ ਡਾਂਸਰ ਹੈ ਅਤੇ ਉਹ ਚੈਕੋਵਸਕੀ ਦੀ ਰਚਨਾ ਸਵਾਨ ਲੇਕ ਦੇ ਲਈ ਤਿਆਰੀ ਕਰ ਰਹੀ ਹੈ। ਕਿਉਂਕਿ ਮੁੱਖ ਬੈਲੇ ਨਾਚੀ ਬੈਥ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਜਾਂਦਾ ਹੈ, ਕਲਾਤਮਕ ਨਿਰਦੇਸ਼ਕ ਥੌਮਸ ਲੇਰੋਏ ਘੋਸ਼ਣਾ ਕਰਦਾ ਹੈ ਕਿ ਉਸਨੂੰ ਸਰਲਚਿੱਤ ਵ੍ਹਾਈਟ ਸਵਾਨ ਅਤੇ ਕਾਮੁਕ ਬਲੈਕ ਸਵਾਨ ਦੇ ਦੋਹਰੇ ਰੋਲ ਨੂੰ ਨਿਭਾਉਣ ਲਈ ਇੱਕ ਨਵੀਂ ਡਾਂਸਰ ਦੀ ਜ਼ਰੂਰਤ ਹੈ। ਨੀਨਾ ਇਸ ਰੋਲ ਲਈ ਆਡੀਸ਼ਨ ਦਿੰਦੀ ਹੈ ਅਤੇ ਵ੍ਹਾਈਟ ਸਵਾਨ ਦੇ ਰੋਲ ਦੇ ਲਈ ਇੱਕ ਸੰਪੂਰਨ ਪ੍ਰਦਰਸ਼ਨ ਕਰਦੀ ਹੈ ਪਰ ਉਹ ਬਲੈਕ ਸਵਾਨ ਦੇ ਕਿਰਦਾਰ ਨੂੰ ਸਾਕਾਰ ਕਰਨ ਵਿੱਚ ਅਸਫ਼ਲ ਰਹਿੰਦੀ ਹੈ।

ਅਗਲੇ ਦਿਨ ਨੀਨਾ ਥੌਮਸ ਨੂੰ ਉਹ ਰੋਲ ਕਰਨ ਲਈ ਇੱਕ ਵਾਰ ਫਿਰ ਵਿਚਾਰ ਕਰਨ ਲਈ ਕਹਿੰਦੀ ਹੈ। ਜਦੋਂ ਥੌਮਸ ਜ਼ਬਰਦਸਤੀ ਉਸਨੂੰ ਚੁੰਮਦਾ ਹੈ ਤਾਂ ਉਹ ਉਸਨੂੰ ਕੱਟ ਲੈਂਦੀ ਹੈ ਅਤੇ ਉਸਦੇ ਦਫ਼ਤਰ ਵਿੱਚੋਂ ਭੱਜ ਜਾਂਦੀ ਹੈ। ਪਿੱਛੋਂ ਉਸੇ ਦਿਨ ਉਸਨੂੰ ਅਤੇ ਉਸਦੀ ਬਹੁਤ ਹੀ ਫ਼ਿਕਰ ਕਰਨ ਵਾਲੀ ਮਾਂ ਨੂੰ ਪਤਾ ਲੱਗਦਾ ਹੈ ਕਿ ਉਸਨੂੰ ਇਸ ਰੋਲ ਲਈ ਚੁਣ ਲਿਆ ਗਿਆ ਹੈ। ਨਵੀਂ ਲੜੀ ਦੇ ਜਸ਼ਨ ਵਿੱਚ, ਨੀਨਾ ਦਾ ਸਾਹਮਣਾ ਨਸ਼ੇ ਵਿੱਚ ਚੂਰ ਬੈਥ ਨਾਲ ਹੁੰਦਾ ਹੈ, ਜਿਹੜੀ ਉਸਤੇ ਇਲਜ਼ਾਮ ਲਾਉਂਦੀ ਹੈ ਕਿ ਉਹ ਇਹ ਰੋਲ ਪਾਉਣ ਲਈ ਥੌਮਸ ਨਾਲ ਹਮਬਿਸਤਰ ਹੋਈ ਹੈ। ਅਗਲੇ ਦਿਨ ਨੀਨਾ ਨੂੰ ਪਤਾ ਲੱਗਦਾ ਹੈ ਕਿ ਬੈਥ ਨੂੰ ਪਤਾ ਲੱਗਦਾ ਹੈ ਕਿ ਬੈਥ ਸੜਕ ਉੱਤੇ ਜਾਂਦਿਆਂ ਇੱਕ ਕਾਰ ਵਿੱਚ ਵੱਜੀ ਹੈ ਅਤੇ ਉਸਦੀਆਂ ਲੱਤਾਂ ਟੁੱਟ ਗਈਆਂ ਹਨ ਅਤੇ ਥੌਮਸ ਮੰਨਦਾ ਹੈ ਕਿ ਉਸਨੇ ਇਹ ਕਿਸੇ ਕਾਰਨ ਕਰਕੇ ਕੀਤਾ ਹੈ।

ਰਿਹਰਸਲ ਦੇ ਦੌਰਾਨ, ਥੌਮਸ ਨੀਨਾ ਨੂੰ ਨਵੀਂ ਡਾਂਸਰ ਲਿਲੀ ਨੂੰ ਧਿਆਨ ਨਾਲ ਵੇਖਣ ਨੂੰ ਕਹਿੰਦਾ ਹੈ ਅਤੇ ਦੱਸਦਾ ਹੈ ਕਿ ਉਸ ਵਿੱਚ ਉਹ ਖ਼ਾਸੀਅਤ ਹੈ ਜਿਹੜੀ ਨੀਨਾ ਕੋਲ ਨਹੀਂ ਹੈ। ਨੀਨਾ ਨੂੰ ਬਿਲਕੁਲ ਆਪਣੇ ਵਰਗੀ ਇੱਕ ਕੁੜੀ ਦੇ ਭਰਮ ਹੁੰਦੇ ਹਨ, ਜਿਹੜੀ ਜਿੱਥੇ ਵੀ ਉਹ ਜਾਂਦੀ ਹੈ, ਉਸਦਾ ਪਿੱਛਾ ਕਰਦੀ ਹੈ। ਉਸਨੂੰ ਆਪਣੇ ਪਿੱਠ ਤੇ ਕਿਸੇ ਦੇ ਖੁਰਚਣ ਦੇ ਨਿਸ਼ਾਨ ਵੀ ਮਿਲਦੇ ਹਨ। ਇੱਕ ਰਾਤ ਉਹ ਲਿਲੀ ਦੇ ਰਾਤ ਦੇ ਖਾਣੇ ਦੇ ਬੁਲਾਵੇ ਨੂੰ ਮੰਨ ਲੈਂਦੀ ਹੈ ਹਾਲਾਂਕਿ ਉਸਦੀ ਮਾਂ ਇਸਦਾ ਵਿਰੋਧ ਕਰਦੀ ਹੈ।

ਡਿਨਰ ਤੋਂ ਬਾਅਦ, ਲਿਲੀ ਨੀਨਾ ਨੂੰ ਐਕਸਟੈਸੀ ਕੈਪਸੂਲ ਖਾਣ ਲਈ ਕਹਿੰਦੀ ਹੈ ਜਿਸ ਨਾਲ ਉਹ ਥੋੜ੍ਹੀ ਨਿਸ਼ਚਿੰਤ ਹੋ ਸਕੇ। ਨੀਨਾ ਉਸਦੀ ਗੱਲ ਨਹੀਂ ਮੰਨਦੀ ਪਰ ਮਗਰੋਂ ਉਹ ਐਕਸਟਸੀ ਪਾਊਡਰ ਮਿਲੀ ਸ਼ਰਾਬ ਪੀਣ ਲਈ ਮੰਨ ਜਾਂਦੀ ਹੈ। ਦੋਵੇਂ ਇੱਕ ਨਾਈਟਕਲੱਬ ਵਿਖੇ ਨੱਚਦੀਆਂ ਹਨ ਅਤੇ ਨੀਨਾ ਦੇ ਘਰ ਵਾਪਿਸ ਆ ਜਾਂਦੀਆਂ ਹਨ। ਆਪਣੀ ਮਾਂ ਨਾਲ ਲੜਨ ਪਿੱਛੋਂ, ਨੀਨਾ ਆਪਣੇ-ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦੀ ਹੈ ਅਤੇ ਲਿਲੀ ਨਾਲ ਸੈਕਸ ਕਰਦੀ ਹੈ। ਅਗਲੀ ਸਵੇਰ, ਨੀਨਾ ਇਕੱਲੀ ਉੱਠਦੀ ਹੈ ਅਤੇ ਪਾਉਂਦੀ ਹੈ ਕਿ ਉਹ ਰਿਹਰਸਲ ਲਈ ਲੇਟ ਹੈ। ਰਿਹਰਸਲ ਸੈਂਟਰ ਵਿਖੇ ਪਹੁੰਚਣ ਤੇ ਉਹ ਵੇਖਦੀ ਹੈ ਕਿ ਲਿਲੀ ਬਲੈਕ ਸਵਾਨ ਦੇ ਤੌਰ 'ਤੇ ਨੱਚ ਰਹੀ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਪਿਛਲੀ ਰਾਤ ਉਹਨਾਂ ਦੀ ਮੁਲਾਕਾਤ ਹੀ ਨਹੀਂ ਹੋਈ।

ਇਹ ਜਾਣਨ ਪਿੱਛੋਂ ਕਿ ਥੌਮਸ ਨੇ ਲਿਲੀ ਨੂੰ ਉਸਦੇ ਬਦਲ ਵੱਜੋਂ ਲਾ ਦਿੱਤਾ ਹੈ, ਨੀਨਾ ਦੇ ਭਰਮ ਬਹੁਤ ਜ਼ਿਆਦਾ ਵਧ ਜਾਂਦੇ ਹਨ। ਉਸਨੂੰ ਸ਼ੁਰੂਆਤੀ ਸ਼ੋਅ ਤੇ ਜਾਣ ਤੋਂ ਰੋਕਣ ਲਈ ਉਸਦੀ ਮਾਂ ਬਹੁਤ ਕੋਸ਼ਿਸ਼ ਕਰਦੀ ਹੈ ਅਤੇ ਸੈਂਟਰ ਵਿੱਚ ਫ਼ੋਨ ਕਰ ਦਿੰਦੀ ਹੈ ਕਿ ਨੀਨਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਨੀਨਾ ਜ਼ਬਰਦਸਤੀ ਆਪਣੇ ਘਰ ਤੋਂ ਨਿਕਲਦੀ ਹੈ ਅਤੇ ਸੈਂਟਰ ਪਹੁੰਚ ਜਾਂਦੀ ਹੈ, ਜਿੱਥੇ ਉਸਨੂੰ ਪਤਾ ਲੱਗਦਾ ਹੈ ਕਿ ਲਿਲੀ ਉਸਦੀ ਥਾਂ ਲੈਣ ਲਈ ਤਿਆਰ ਹੈ। ਉਹ ਥੌਮਸ ਦਾ ਸਾਹਮਣਾ ਕਰਦੀ ਹੈ, ਜਿਹੜਾ ਉਸਦੇ ਆਤਮਵਿਸ਼ਵਾਸ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਸ਼ੋਅ ਕਰਨ ਲਈ ਇਜਾਜ਼ਤ ਦੇ ਦਿੰਦਾ ਹੈ।

ਦੂਜੇ ਐਕਟ ਦੇ ਅੰਤ ਦੇ ਵਿੱਚ, ਨੀਨਾ ਫਿਰ ਭਰਮਾਂ ਵਿੱਚ ਘਿਰ ਜਾਂਦੀ ਹੈ, ਜਿਸ ਨਾਲ ਉਸਦੇ ਸਾਥੀ ਨੂੰ ਉਸਨੂੰ ਸ਼ੋਅ ਦੌਰਾਨ ਹੇਠਾਂ ਡੇਗਣਾ ਪੈਂਦਾ ਹੈ। ਉਹ ਆਪਣੇ ਡ੍ਰੈਸਿੰਗ ਰੂਮ ਵਿੱਚ ਆਉਂਦੀ ਹੈ ਅਤੇ ਵੇਖਦੀ ਹੈ ਕਿ ਲਿਲੀ ਬਲੈਕ ਸਵਾਨ ਦੇ ਰੋਲ ਲਈ ਤਿਆਰੀ ਕਰ ਰਹੀ ਹੈ। ਜਦੋਂ ਲਿਲੀ ਨੀਨਾ ਦੇ ਰੂਪ ਵਿੱਚ ਤਬਦੀਲ ਹੋ ਜਾਂਦੀ ਹੈ ਤਾਂ ਦੋਵੇਂ ਲੜਨ ਲੱਗਦੀਆਂ ਹਨ, ਜਿਸ ਵਿੱਚ ਨੀਨਾ ਆਪਣੇ ਦੂਜੇ ਰੂਪ ਦੇ ਢਿੱਡ ਵਿੱਚ ਟੁੱਟੇ ਹੋਏ ਸ਼ੀਸ਼ੇ ਦਾ ਟੁਕੜਾ ਖੋਭ ਦਿੰਦੀ ਹੈ। ਉਹ ਲਾਸ਼ ਨੂੰ ਛੁਪਾ ਦਿੰਦੀ ਹੈ ਅਤੇ ਸਟੇਜ ਉੱਪਰ ਵਾਪਸ ਆਉਂਦੀ ਹੈ, ਜਿੱਥੇ ਉਹ ਆਪਣੇ-ਆਪ ਨੂੰ ਗਵਾ ਕੇ ਬਲੈਕ ਸਵਾਨ ਦੀ ਜ਼ਬਰਦਸਤ ਭੂਮਿਕਾ ਨਿਭਾਉਂਦੀ ਹੈ।

ਨੀਨਾ ਨੂੰ ਦਰਸ਼ਕਾਂ ਤੋਂ ਬਹੁਤ ਹੀ ਵਾਹ-ਵਾਹ ਮਿਲਦੀ ਹੈ ਅਤੇ ਉਹ ਥੌਮਸ ਨੂੰ ਇੱਕ ਚੁੰਮਣ ਵੀ ਦਿੰਦੀ ਹੈ ਅਤੇ ਆਪਣੇ ਡ੍ਰੈਸਿੰਗ ਰੂਮ ਵਿੱਚ ਵਾਪਸ ਆ ਜਾਂਦੀ ਹੈ। ਕੱਪੜੇ ਬਦਲਦੇ ਵੇਲੇ, ਨੀਨਾ ਬੂਹੇ ਤੇ ਆਹਟ ਸੁਣਦੀ ਹੈ ਅਤੇ ਬੂਹਾ ਖੋਲ੍ਹਦੀ ਹੈ, ਉਹ ਵੇਖਦੀ ਹੈ ਕਿ ਲਿਲੀ ਜ਼ਿੰਦਾ ਹੈ ਅਤੇ ਉਸਨੂੰ ਵਧਾਈਆਂ ਦੇਣ ਆਈ ਹੈ। ਇਹ ਪਤਾ ਲੱਗਣ ਤੇ ਕਿ ਉਹਨਾਂ ਦੀ ਝੜਪ ਕਦੇ ਨਹੀਂ ਹੋਈ ਅਤੇ ਸ਼ੀਸ਼ਾ ਅਜੇ ਵੀ ਟੁੱਟਿਆ ਹੋਇਆ ਹੈ, ਜਿਹੜਾ ਕਿ ਉਸਨੇ ਆਪਣੇ-ਆਪ ਨੂੰ ਹੀ ਮਾਰ ਲਿਆ ਸੀ, ਉਹ ਚੁੱਪ ਕਰਕੇ ਕੱਪੜੇ ਬਦਲਦੀ ਰਹੀ।

ਆਖ਼ਰੀ ਐਕਟ ਵਿੱਚ ਨੱਚਣ ਤੋਂ ਬਾਅਦ, ਜਿੱਥੇ ਕਿ ਵ੍ਹਾਈਟ ਸਵਾਨ ਆਪਣੇ-ਆਪ ਨੂੰ ਚੋਟੀ ਤੋਂ ਹੇਠਾਂ ਸੁੱਟ ਕੇ ਆਤਮਹੱਤਿਆ ਕਰ ਲੈਂਦੀ ਹੈ, ਨੀਨਾ ਇੱਕ ਲੁਕਵੇਂ ਗੱਦੇ ਤੇ ਛਾਲ ਮਾਰਦੀ ਹੈ। ਥੀਏਟਰ ਤਾੜੀਆਂ ਦੀ ਗੜਗੜਾਹਟ ਨਾਲ ਭਰ ਜਾਂਦਾ ਹੈ, ਥੌਮਸ ਅਤੇ ਲਿਲੀ ਸਾਰੇ ਪਾਤਰਾਂ ਸਮੇਤ ਨੀਨਾ ਨੂੰ ਵਧਾਈਆਂ ਦੇਣ ਲਈ ਪਹੁੰਚਦੇ ਹਨ, ਜਿੱਥੇ ਉਹ ਵੇਖਦੇ ਹਨ ਕਿ ਨੀਨਾ ਦੇ ਪੇਟ ਵਿੱਚੋਂ ਬੁਰੀ ਤਰ੍ਹਾਂ ਖ਼ੂਨ ਵਹਿ ਰਿਹਾ ਹੈ। ਨੀਨਾ ਇਹ ਕਹਿੰਦੀ ਹੋਈ ਕਿ ਉਸਦਾ ਪ੍ਰਦਰਸ਼ਨ ਸੰਪੂਰਨ ਸੀ, ਉਹ ਆਪਣੇ ਹੋਸ਼ ਗਵਾਉਂਦੀ ਹੈ।

ਪਾਤਰ

[ਸੋਧੋ]

ਅੰਤਲੇ ਕਰੈਡਿਟਾਂ ਦੇ ਦੌਰਾਨ, ਮੁੱਖ ਪਾਤਰਾਂ ਨੂੰ ਉਹਨਾਂ ਦੇ ਫ਼ਿਲਮ ਪਾਤਰਾਂ ਅਤੇ ਸਵਾਨ ਲੇਕ ਦੇ ਪਾਤਰਾਂ ਦੇ ਨਾਮ ਨਾਲ ਵੀ ਦਰਸਾਇਆ ਹੈ।

ਹਵਾਲੇ

[ਸੋਧੋ]
  1. "Black Swan (15)". British Board of Film Classification. November 19, 2010. Retrieved September 21, 2016.
  2. Zeitchik, Steven (September 17, 2010). "Darren Aronofsky's 'Black Swan' a feature film of a different feather". The Korea Herald. McClatchy-Tribune Information Services. Archived from the original on ਮਾਰਚ 20, 2012. Retrieved February 4, 2012.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named mojo
  4. "Direct Effect Season 1, Episode 7 Darren Aronofsky of BLACK SWAN". Archived 2014-10-06 at the Wayback Machine. Fox Movie Channel Originals. TV Guide. October 8, 2011.
  5. Whipp, Glenn (December 9, 2010). "'Black Swan' director Darren Aronofsky likes a challenge". Los Angeles Times. Retrieved February 11, 2017.
  6. Skorin-Kapov, Jadranka (2015) Darren Aronofsky's Films and the Fragility of Hope, p. 96, Bloomsbury Academic

ਬਾਹਰਲੇ ਲਿੰਕ

[ਸੋਧੋ]