ਸਮੱਗਰੀ 'ਤੇ ਜਾਓ

ਬੀਂਡੀ 1

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਲਟ, ਹਲ, ਘੁਲਾੜੀ ਤੇ ਖਰਾਸ ਤੇ ਜੋੜਨ ਸਮੇਂ ਊਠ ਦੀ ਢੂਹੀ ਉਪਰ ਲੱਕੜ, ਨੁਮਾਰ ਅਤੇ ਰੱਸਿਆਂ ਦਾ ਬਣਾਇਆ ਜੋ ਢਾਂਚਾ ਪਾਇਆ ਜਾਂਦਾ ਸੀ, ਉਸ ਨੂੰ ਬੀਂਡੀ ਕਹਿੰਦੇ ਸਨ। ਬੀਂਡੀ ਬਣਾਉਣ ਲਈ 20 ਕੁ ਇੰਚ ਲੰਮੀਆਂ ਦੋ ਕੁ ਇੰਚ ਚੌੜੀਆਂ ਤੇ ਡੇਢ ਕੁ ਇੰਚ ਮੋਟੀਆਂ ਨੌ ਫੱਟੀਆਂ ਲਾਈਆਂ ਜਾਂਦੀਆਂ ਸਨ। ਫੇਰ ਦੋ ਦੋ ਫੱਟੀਆਂ ਵਿਚ 15 ਕੁ ਇੰਚ ਦੀ ਦੂਰੀ ਰੱਖ ਕੇ 15 ਇੰਚ ਤੇ ਦੋ-ਦੋ ਫੱਟੀਆਂ ਲਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਫੱਟੀਆਂ ਦੇ ਦੋ ਫਰੇਮ ਬਣ ਜਾਂਦੇ ਸਨ। ਫੇਰ ਇਨ੍ਹਾਂ ਦੋਵੇਂ ਫਰੇਮਾਂ ਨੂੰ 25 ਕੁ ਇੰਚ ਦੀ ਦੂਰੀ ਰੱਖ ਕੇ ਤਿਰਛਾ ਜੋੜਿਆ ਜਾਂਦਾ ਸੀ। ਤਿਰਛੇ ਜੋੜੇ ਥਾਂ 'ਤੇ ਮਜ਼ਬੂਤੀ ਲਈ ਇਕ ਫੱਟੀ ਲਾਈ ਜਾਂਦੀ ਸੀ। ਲੱਕੜ ਦੇ ਬਣੇ ਇਸ ਫਰੇਮ ਨੂੰ ਘੋੜੀ ਕਹਿੰਦੇ ਸਨ। ਘੋੜੀ ਉਠ ਦੀ ਬੰਨ੍ਹ/ਘੁਆਂਟ ਦੇ ਅੱਗੇ ਰੱਖੀ ਜਾਂਦੀ ਸੀ। ਘੋੜੀ ਹੇਠ ਗੱਦੀ ਰੱਖੀ ਜਾਂਦੀ ਸੀ ਤਾਂ ਜੋ ਘੋੜੀ ਚੁਭੇ ਨਾ।

ਘੋੜੀ ਦੇ ਅੱਗੇ ਊਠ ਦੀ ਗਰਦਨ ਵਾਲੇ ਹਿੱਸੇ ਤੇ ਮੋਟੀ ਰੱਸੀਆਂ ਦੀ ਬਣੀ ਨੁਮਾਰ ਲੱਗੀ ਹੁੰਦੀ ਸੀ। ਇਸ ਨੁਮਾਰ ਦੇ ਦੋਵੇਂ ਸਿਰਿਅੰ ’ਤੇ ਲੰਮੇ ਰੱਸੇ ਬੰਨ੍ਹੇ ਹੁੰਦੇ ਸਨ। ਇਨ੍ਹਾਂ ਰੱਸਿਆਂ ਨੂੰ ਘੋੜੀ ਦੇ ਉਪਰੋਂ ਦੀ ਇਕ ਹੋਰ ਰੱਸਾ ਪਾ ਕੇ ਆਪਸ ਵਿਚ ਜੋੜਿਆ ਹੁੰਦਾ ਸੀ। ਇਕ ਰੱਸੀਆਂ ਦੀ ਬਣੀ ਨੁਮਾਰ ਉਠ ਦੇ ਢਿੱਡ ਹੇਠਾਂ ਦੀ ਲੰਘਾ ਕੇ ਇਨ੍ਹਾਂ ਰੱਸਿਆਂ ਨਾਲ ਜੋੜੀ ਜਾਂਦੀ ਸੀ। ਇਸ ਨੁਮਾਰ ਨੂੰ ਤੰਗ ਕਹਿੰਦੇ ਸਨ। ਬੰਨ੍ਹ ਦੇ ਪਿਛੇ ਫੇਰ ਇਕ ਨੁਮਾਰ ਹੋਰ ਪਾ ਕੇ ਇਨ੍ਹਾਂ ਰੱਸਿਆਂ ਨਾਲ ਜੋੜੀ ਜਾਂਦੀ ਸੀ। ਫੇਰ ਇਨ੍ਹਾਂ ਰੱਸਿਆਂ ਦੇ ਸਿਰਿਆਂ ਨਾਲ ਇਕ ਡੰਡਾ ਬੰਨ੍ਹਿਆ ਜਾਂਦਾ ਸੀ। ਇਸ ਡੰਡੇ ਦੇ ਵਿਚਾਲੇ ਇਕ ਲੋਹੇ ਦਾ ਕੁੰਡਾ ਲੱਗਿਆ ਹੁੰਦਾ ਸੀ। ਇਸ ਕੁੰਡੇ ਨੂੰ ਔਕੜ ਕਹਿੰਦੇ ਸਨ। ਔਕੜ ਵਿਚ ਮੋਟਾ ਰੱਸਾ ਪਾ ਕੇ ਹਲਟ, ਘੁਲ੍ਹਾੜੀ, ਖਰਾਸ ਦੀ ਗਰਧਨ ਨਾਲ ਬੰਨ੍ਹ ਕੇ ਊਠ ਨੂੰ ਚਲਾਇਆ ਜਾਂਦਾ ਸੀ।ਊਠ ਨੂੰ ਹਲ ਨਾਲ ਜੋੜਨ ਸਮੇਂ ਕੁੰਡੇ ਵਿਚ ਹਰਨਾਲੀ ਪਾਈ ਜਾਂਦੀ ਸੀ।[1]

ਹੁਣ ਊਠ ਸਾਡੀ ਖੇਤੀਬਾੜੀ ਵਿਚੋਂ ਅਲੋਪ ਹੋ ਗਿਆ। ਨਾਲ ਹੀ ਬੀਂਡੀ ਅਲੋਪ ਹੋ ਗਈ ਹੈ।

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.