ਘੁਲ੍ਹਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੰਨਾ ਪੀੜਨ ਲਈ ਬਣੇ ਸੰਦ ਨੂੰ ਘੁਲ੍ਹਾੜੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਘੁਲ੍ਹਾੜੀ ਨੂੰ ਵੇਲਨਾ ਕਹਿੰਦੇ ਹਨ। ਘੁਲ੍ਹਾੜੀ ਨਾਲ ਗੰਨਾ ਪੀੜ ਕੇ ਗੰਨੇ ਦਾ ਰਸ ਕੱਢਿਆ ਜਾਂਦਾ ਹੈ। ਗੰਨੇ ਦੇ ਰਸ ਨੂੰ ਕੜਾਹੇ ਵਿੱਚ ਪਾ ਕੇ ਬਹਿਣੀ ਉੱਪਰ ਰੱਖਿਆ ਜਾਂਦਾ ਹੈ। ਬਹਿਣੀ ਹੇਠ ਅੱਗ ਬਾਲ ਕੇ ਰਸ ਨੂੰ ਪਕਾ ਕੇ ਗੁੜ ਬਣਾਇਆ ਜਾਂਦਾ ਹੈ। ਹੁਣ ਮੈਂ ਤੁਹਾਨੂੰ ਘੁਲ੍ਹਾੜੀ ਦੀ ਬਣਤਰ ਤੇ ਘੁਲ੍ਹਾੜੀ ਦੇ ਹਰ ਹਿੱਸੇ ਬਾਰੇ ਦੱਸਦਾ ਹਾਂ। ਘੁਲ੍ਹਾੜੀ ਪਹਿਲਾਂ ਸਾਰੀ ਦੀ ਸਾਰੀ ਲੱਕੜ ਦੀ ਬਣਾਈ ਜਾਂਦੀ ਸੀ। ਉਨ੍ਹਾਂ ਸਮਿਆਂ ਵਿੱਚ ਗੰਨਿਆਂ ਨੂੰ ਘੁਲ੍ਹਾੜੀ ਵਿਚ ਦੋ ਵੇਰ ਪੀੜਿਆ ਜਾਂਦਾ ਸੀ। ਪਹਿਲੀ ਵੇਰ ਗੰਨਿਆਂ ਨੂੰ ਪੀੜ ਦੇ ਇਕ ਪਾਸੇ ਰੱਖ ਦਿੱਤਾ ਜਾਂਦਾ ਸੀ। ਫੇਰ ਘੁਲ੍ਹੜੀ ਦੇ ਵੇਲਨਿਆਂ ਨੂੰ ਕਸ ਕੇ ਹੋਰ ਨੇੜੇ ਕੀਤਾ ਜਾਂਦਾ ਸੀ। ਫੇਰ ਇਕ ਵੇਰ ਪੀੜੇ ਗੰਨਿਆਂ ਨੂੰ ਦੁਬਾਰਾ ਪੀੜ ਕੇ ਪੂਰਾ ਰਸ ਕੱਢਿਆ ਜਾਂਦਾ ਸੀ।[1]

ਹੁਣ ਘੁਲ੍ਹਾੜੀ ਸਾਰੀ ਦੀ ਸਾਰੀ ਲੋਹੇ ਦੀ ਦੇਗ ਦੀ ਬਣੀ ਹੁੰਦੀ ਹੈ। ਸਭ ਤੋਂ ਹੇਠਲੇ ਹਿੱਸੇ ਨੂੰ ਜਿਥੇ ਰਸ ਨਿਕਲ ਕੇ ਡਿੱਗਦਾ ਹੈ ਤੇ ਜਿਸ ’ਤੇ ਵੇਲਨੇ ਫਿੱਟ ਹੁੰਦੇ ਹਨ, ਉਸ ਨੂੰ ਪਾਰੀ ਕਹਿੰਦੇ ਹਨ। ਪਾਰੀ ਪਰਾਤ ਦੀ ਤਰ੍ਹਾਂ ਸਿਰਿਆਂ ਤੋਂ ਉੱਚੀ ਹੁੰਦੀ ਹੈ ਤਾਂ ਜੋ ਰਸ ਬਾਹਰ ਨਾ ਡੁਲ੍ਹੇ।ਪਾਰੀ ਦਾ ਅਗਲਾ ਹਿੱਸਾ ਪਰਨਾਲੇ ਦੀ ਸ਼ਕਲ ਦਾ ਹੁੰਦਾ ਹੈ, ਜਿਸ ਨੂੰ ਪਰਨਾਲਾ ਹੀ ਕਹਿੰਦੇ ਹਨ। ਏਸ ਪਰਨਾਲੇ ਵਿਚੋਂ ਦੀ ਹੋ ਕੇ ਹੀ ਰਸ ਬਹੇ/ਪੀਪੇ ਵਿਚ ਡਿੱਗਦਾ ਹੈ। ਘੁਲ੍ਹਾੜੀ ਦੇ ਅਗਲੇ ਹਿੱਸੇ ਵਿਚ ਦੋ ਵੇਲਨੇ ਲੱਗੇ ਹੁੰਦੇ ਹਨ ਤੇ ਇਕ ਵੇਲਨਾ ਪਿਛਲੇ ਪਾਸੇ ਹੁੰਦਾ ਹੈ। ਇਨ੍ਹਾਂ ਵੇਲਨਿਆਂ ਦੇ ਹੇਠਲੇ ਹਿੱਸੇ ਪਾਰੀ ਵਿਚ ਸੈੱਟ ਕੀਤੇ ਹੁੰਦੇ ਹਨ। ਤਿੰਨਾਂ ਵੇਲਨਿਆਂ ਉਪਰ ਦੇਗ ਦਾ ਢੱਕਣ ਲੱਗਿਆ ਹੁੰਦਾ ਹੈ ਜਿਸ ਨੂੰ ਧੱਕੜ ਕਹਿੰਦੇ ਹਨ। ਕਈ ਇਲਾਕਿਆਂ ਵਿਚ ਧੱਕੜ ਨੂੰ ਸਿਰਕੋਪ ਵੀ ਕਹਿੰਦੇ ਹਨ। ਏਸ ਧੱਕੜ ਵਿਚ ਵੇਲਨਿਆਂ ਦੇ ਉਪਰਲੇ ਪਤਲੇ ਸਿਰੇ ਫਿੱਟ ਕੀਤੇ ਜਾਂਦੇ ਹਨ। ਧੱਕੜ ਵਿਚ ਇਕ ਮੋਰੀ ਹੁੰਦੀ ਹੈ ਜਿਥੋਂ ਦੀ ਵੱਡੇ ਵੇਲਨੇ ਦਾ ਸਿਰਾ ਬਾਹਰ ਨਿਕਲਿਆ ਹੁੰਦਾ ਹੈ। ਏਸ ਸਿਰੇ ਵਿਚ ਲੋਹੇ ਦੀ ਦੇਗ ਦਾ ਟੋਪਾ ਫਿੱਟ ਕੀਤਾ ਜਾਂਦਾ ਹੈ। ਇਸ ਟੋਪੇ ਨੂੰ ਘੁਲ੍ਹਾੜੀ ਦਾ ਸਿਰ ਵੀ ਕਹਿੰਦੇ ਹਨ। ਏਸ ਟੋਪੇ/ਸਿਰ ਵਿਚ ਘੁਲਾੜੀ ਨੂੰ ਚਲਾਉਣ ਲਈ ਲੱਕੜ ਦੀ ਗਰਧਨ ਪਾਈ ਜਾਂਦੀ ਹੈ। ਗਰਧਨ ਨਲ ਬਲਦਾਂ ਦੀ ਜੋੜੀ ਜਾਂ ਊਠ ਜੋੜ ਕੇ ਹੀ ਘੁਲ੍ਹਾੜੀ ਚਲਾਈ ਜਾਂਦੀ ਹੈ। ਪਾਰੀ ਤੇ ਧੱਕੜ ਨੂੰ ਆਪਸ ਵਿਚ ਜੋੜਨ ਲਈ ਵੇਲਨਿਆਂ ਦੇ ਬਾਹਰ ਦੋਵੇਂ ਪਾਸੇ ਦੋ ਬਾਹੀਆਂ ਲੱਗੀਆਂ ਹੁੰਦੀਆਂ ਹਨ। ਇਹ ਬਾਹੀਆਂ ਪਾਰੀ, ਧੱਕੜ ਤੇ ਵੇਲਨਿਆਂ ਨੂੰ ਕੰਟਰੋਲ ਕਰਦੀਆਂ ਹਨ।[2]

ਵੇਲਨਿਆਂ ਦੇ ਉਪਰਲੇ ਸਿਰਿਆਂ ਵਿਚ ਦੰਦੇ ਹੁੰਦੇ ਹਨ।ਅਗਲੇ ਦੋਵੇਂ ਵੇਲਨਿਆਂ ਦੇ ਅੱਗੇ ਦੇਗ ਦੀ ਇਕ ਫੱਟੀ ਲਾਈ ਹੁੰਦੀ ਹੈ ਜਿਸ ਦੇ ਵਿਚਾਲੇ ਇਕ ਬੜੀ ਸਾਰੀ ਮੋਰੀ ਹੁੰਦੀ ਹੈ ਜਿਸ ਨੂੰ ਘੁਲ੍ਹਾੜੀ ਦਾ ਮੂੰਹ ਕਹਿੰਦੇ ਹਨ। ਇਸ ਮੂੰਹ ਵਿਚ ਦੀ ਹੀ ਗੰਨੇ ਘੁਲ੍ਹਾੜੀ ਵਿਚ ਲਾ ਕੇ ਰਸ ਕੱਢਿਆ ਜਾਂਦਾ ਹੈ। ਘੁਲ੍ਹਾੜੀ ਦੀ ਪਾਰੀ ਤੇ ਜੋ ਬਾਹੀਆਂ ਲੱਗੀਆਂ ਹੁੰਦੀਆਂ ਹਨ, ਉਹ ਪਾਰੀ ਤੋਂ ਹੇਠਾਂ ਵੀ ਵਧੀਆਂ ਹੁੰਦੀਆਂ ਹਨ। ਬਾਹੀਆਂ ਦੇ ਇਨ੍ਹਾਂ ਹੇਠਲੇ ਹਿੱਸਿਆਂ ਵਿਚ ਗਲੀਆਂ ਹੁੰਦੀਆਂ ਹਨ। ਬਾਹੀਆਂ ਦੇ ਇਨ੍ਹਾਂ ਹਿੱਸਿਆਂ ਦੇ ਥੱਲੇ ਦੋ ਦੋ ਮਜ਼ਬੂਤ ਲੱਕੜਾਂ ਦੋਵੇਂ ਪਾਸੇ ਤਿਰਛੀਆਂ ਕਰ ਕੇ ਧਰਤੀ ਵਿਚ ਡੂੰਘੀਆਂ ਗੱਡੀਆਂ ਹੁੰਦੀਆਂ ਹਨ। ਇਨ੍ਹਾਂ ਲੱਕੜਾਂ ਦੇ ਸਿਰਿਆਂ ਵਿਚ ਦੀ ਤੇ ਬਾਹੀਆਂ ਦੇ ਹੇਠਲੇ ਹਿੱਸੇ ਦੀਆਂ ਗਲੀਆਂ ਵਿਚ ਦੀ ਲੋਹੇ ਦੇ ਕਾਬਲੇ ਪਾਏ ਜਾਂਦੇ ਹਨ। ਇਸ ਤਰ੍ਹਾਂ ਇਹ ਲੱਕੜਾਂ ਹੀ ਘੁਲ੍ਹਾੜੀ ਨੂੰ ਧਰਤੀ ਨਾਲ ਜਕੜ ਕੇ ਰੱਖਦੀਆਂ ਹਨ। ਇਹ ਹੈ ਘੁਲ੍ਹਾੜੀ ਦੇ ਹਰ ਹਿੱਸੇ ਦਾ ਵਰਣਨ[3]

ਹੁਣ ਪੰਜਾਬ ਵਿਚ ਬਹੁਤ ਹੀ ਘੱਟ ਗੰਨਾ ਘੁਲ੍ਹਾੜੀ ’ਤੇ ਪੀੜਿਆ ਜਾਂਦਾ ਹੈ। ਇਸ ਲਈ ਅੱਜ ਦੀ ਬਹੁਤੀ ਪੀੜ੍ਹੀ ਨੇ ਤਾਂ ਘੁਲ੍ਹਾੜੀ ਵੇਖੀ ਹੀ ਨਹੀਂ ਹੋਵੇਗੀ ?[4]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  4. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.