ਮਖੇਰਨਾ
ਮਖੇਰਨਾ ਘੋੜੇ, ਘੋੜੀਆਂ ਦੇ ਮੱਥੇ 'ਤੇ ਇਕ ਝਾਲਰ ਬੰਨ੍ਹੀ ਜਾਂਦੀ ਸੀ ਹੈ ਜਿਸ ਕਰਕੇ ਮੱਖੀਆਂ ਘੋੜੇ-ਘੋੜੀਆਂ ਦੀਆਂ ਅੱਖਾਂ ਉਪਰ ਨਹੀਂ ਬੈਠਦੀਆਂ, ਉਸ ਝਾਲਰ ਨੂੰ ਮਖੇਰਨਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਮਖੇਰਨਾ ਨੂੰ ਮਖਾਲਨਾ ਕਹਿੰਦੇ ਹਨ। ਮੱਖੀ ਖੰਭਾਂ ਵਾਲਾ ਇਕ ਛੋਟਾ ਜਿਹਾ ਕੀੜਾ ਹੈ। ਇਹ ਹਰ ਥਾਂ ਉੱਡਦਾ ਫਿਰਦਾ ਹੈ। ਸਾਰੇ ਪਸ਼ੂਆਂ ਨੂੰ ਬਹੁਤ ਤੰਗ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਸਾਉਣ ਭਾਦੋਂ ਦੇ ਮਹੀਨਿਆਂ ਵਿਚ ਸਭ ਤੋਂ ਜ਼ਿਆਦਾ ਤੰਗ ਕਰਦਾ ਹੈ। ਮੱਖੀਆਂ ਤਾਂ ਬੰਦਿਆਂ ਨੂੰ ਵੀ ਤੰਗ ਕਰਦੀਆਂ ਹਨ। ਸਭ ਤੋਂ ਜ਼ਿਆਦਾ ਬੀਮਾਰੀਆਂ ਵੀ ਮੱਖੀਆਂ ਫੈਲਾਉਂਦੀਆਂ ਹਨ।
ਮਖੇਰਨ ਦੀ ਵਰਤੋਂ ਘੋੜੇ-ਘੋੜੀਆਂ 'ਤੇ ਸਵਾਰੀ ਕਰਨ ਸਮੇਂ ਤਾਂ ਵਿਸ਼ੇਸ਼ ਤੌਰ 'ਤੇ ਕੀਤੀ ਜਾਂਦੀ ਸੀ। ਯੱਕੇ ਨੂੰ ਜੋ ਘੋੜੇ-ਘੋੜੀਆਂ ਜੋੜੇ ਜਾਂਦੇ ਸਨ, ਉਨ੍ਹਾਂ ਤਾਂ ਮਖੇਰਨਾ ਹਮੇਸ਼ਾ ਲਾ ਕੇ ਰੱਖਿਆ ਜਾਂਦਾ ਸੀ। ਬਲਦਾਂ ਦੀ ਜੋੜੀ ਨੂੰ ਜਦ ਵਿਆਹ ਸਮੇਂ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਗੱਡੇ ਅਤੇ ਰਥ ਨਾਲ ਜੋੜਿਆ ਜਾਂਦਾ ਸੀ, ਉਸੇ ਸਮੇਂ ਮਖੋਰਨਾ ਬੰਨ੍ਹਿਆ ਜਾਂਦਾ ਸੀ।
ਮਖਰਨਾ ਚਮੜੇ ਦਾ ਵੀ ਬਣਾਇਆ ਜਾਂਦਾ ਸੀ। ਸੂਤ ਦਾ ਵੀ ਬਣਾਇਆ ਜਾਂਦਾ ਸੀ। ਚਮੜੇ ਦਾ ਮਖੋਰਨਾ ਬਣਾਉਣ ਲਈ 12 ਕੁ ਇੰਚ ਲੰਮੀ ਤੇ 12 ਕੁ ਇੰਚ ਹੀ ਚੌੜੀ ਚਮੜੇ ਦੀ ਇਕ ਟੁਕੜੀ ਲਈ ਜਾਂਦੀ ਸੀ। ਇਸ ਟੁਕੜੀ ਦੇ ਹੇਠਲੇ 6-7 ਇੰਚ ਦੇ ਹਿੱਸੇ ਵਿਚ ਪਤਲੀਆਂ ਪਤਲੀਆਂ ਲੜੀਆਂ ਕੱਟੀਆਂ ਜਾਂਦੀਆਂ ਸਨ। ਠੋਸ ਚਮੜੇ ਦੇ ਉਪਰਲੇ ਦੋਵੇਂ ਕਿਨਾਰਿਆਂ ਤੋਂ ਚਮੜੇ ਦੀਆਂ ਹੀ ਲੰਮੀਆਂ ਵਧਰੀਆਂ ਲਾਈਆਂ ਜਾਂਦੀਆਂ ਸਨ। ਇਨ੍ਹਾਂ ਵੱਧਰੀਆਂ ਨਾਲ ਹੀ ਮਖੇਰਨੇ ਨੂੰ ਘੋੜੇ-ਘੋੜੀਆਂ ਅਤੇ ਬਲਦਾਂ ਦੇ ਮੱਥੇ 'ਤੇ ਬੰਨ੍ਹਿਆ ਜਾਂਦਾ ਸੀ। ਜੇਕਰ ਸੂਤ ਦਾ ਮਖੇਰਨਾ ਬਣਾਉਣਾ ਹੁੰਦਾ ਸੀ ਤਾਂ ਸੂਤ ਦੀ ਮੰਜੇ ਬੁਣਨ ਵਾਲੇ ਸੂਤ ਜਿੰਨੀ ਮੋਟੀ ਰੱਸੀ ਤਿਆਰ ਕੀਤੀ ਜਾਂਦੀ ਸੀ। ਫੇਰ ਉਸ ਦੀਆਂ ਲੜੀਆਂ ਬਣਾਈਆਂ ਜਾਂਦੀਆਂ ਸਨ। ਲੜੀਆਂ ਨੂੰ ਜੋੜ ਕੇ ਮਖੇਰਨਾ ਤਿਆਰ ਕੀਤਾ ਜਾਂਦਾ ਸੀ।
ਹੁਣ ਨਾ ਘੋੜੇ-ਘੋੜੀਆਂ ਸਵਾਰੀ ਲਈ ਵਰਤੇ ਜਾਂਦੇ ਹਨ। ਹੁਣ ਨਾ ਯੱਕੇ ਰਹੇ ਹਨ ਨਾ ਹੁਣ ਬਲਦਾਂ ਨਾਲ ਚੱਲਣ ਵਾਲੇ ਰਥ ਰਹੇ ਹਨ। ਇਸ ਲਈ ਮਖੇਰਨ ਵੀ ਅਲੋਪ ਹੋ ਗਏ ਹਨ। ਹਾਂ, ਫੌਜ ਦੀਆਂ ਘੋੜਾ ਰੈਜਮੈਂਟਾਂ ਤੇ ਘੜਾ ਪੁਲਿਸ ਦੇ ਘੋੜੇ ਘੋੜੀਆਂ ਦੇ ਮਖੇਰਨੇ ਜ਼ਰੂਰ ਵਰਤੇ ਜਾਂਦੇ ਹਨ।[1]
ਹਵਾਲਾ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar books pvt.ltd. p. 526. ISBN 978-93-82246-99-2.