ਸਮੱਗਰੀ 'ਤੇ ਜਾਓ

ਮਤਰੇਈ ਮਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਤਰੇਈ ਮਾਂ
ਲੇਖਕਨਾਨਕ ਸਿੰਘ
ਮੂਲ ਸਿਰਲੇਖਮਤਰੇਈ ਮਾਂ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਪੰਜਾਬ ਖਾਲਸਾ ਬੁੱਕ ਡਿਪੋ ਅੰਮ੍ਰਿਤਸਰ
ਪ੍ਰਕਾਸ਼ਨ ਦੀ ਮਿਤੀ
1924
ਮੀਡੀਆ ਕਿਸਮਪ੍ਰਿੰਟ

ਮਤਰੇਈ ਮਾਂ ਪੰਜਾਬੀ ਨਾਵਲਕਾਰ ਨਾਨਕ ਸਿੰਘ ਦਾ ਪਹਿਲਾ ਨਾਵਲ ਹੈ। ਇਹ ਸੰਨ 1924 ਵਿੱਚ[1] ਪ੍ਰਕਾਸ਼ਿਤ ਹੋਇਆ। ਨਾਨਕ ਸਿੰਘ ਪੰਜਾਬੀ ਵਿੱਚ ਆਦਰਸ਼ਵਾਦੀ-ਸੁਧਾਰਵਾਦੀ ਪ੍ਰਵਿਰਤੀ ਵਾਲਾ ਨਾਵਲਕਾਰ ਮੰਨਿਆ ਜਾਂਦਾ ਹੈ। ਇਹ ਨਾਵਲ ਵੀ ਉਸ ਦੇ ਇਸੇ ਸੁਰ ਨੂੰ ਦਰਸਾਉਂਦਾ ਹੈ। ਨਾਵਲ ਦੀ ਸਾਰੀ ਬੁਣਤੀ ਇੱਕ ਮਤਰੇਈ ਮਾਂ ਤੇ ਉਸ ਦੇ ਸੌਤੇਲੇ ਪੁੱਤਰ ਮਦਨ ਦੇ ਆਲੇ-ਦੁਆਲੇ ਬੁਣੀ ਗਈ ਹੈ। ਇਹ ਨਾਵਲ ਪੰਜਾਬੀ ਸਭਿਆਚਾਰ ਦੀ ਉਸ ਕਦਰ ਨੂੰ ਦਰਸਾਉਂਦਾ ਹੈ ਜਿਸ ਵਿਚ ਪਿਤਾ ਦੀ ਸਾਰੀ ਜਾਇਦਾਦ ਉਸ ਦੇ ਪੁੱਤਰ ਨੂੰ ਮਿਲਦੀ ਹੈ। ਨਾਵਲ ਦੀ ਮੁੱਖ ਪਾਤਰ ਮਾਂ ਇਹ ਜਾਇਦਾਦ ਸਿਰਫ਼ ਆਪਣੇ ਸਕੇ ਪੁੱਤਰ ਨੂੰ ਦਿਵਾਉਣਾ ਚਾਹੁੰਦੀ ਹੈ, ਮਤਰੇਏ ਪੁੱਤਰ ਨੂੰ ਨਹੀਂ। ਜਾਇਦਾਦ ਤੇ ਦੌਲਤ ਦੇ ਲਾਲਚ ਵਿਚ ਮਨੁੱਖ ਨੂੰ ਆਪਣੇ ਰਿਸ਼ਤਿਆਂ ਨੂੰ ਦੂਰ ਹੁੰਦੇ ਦਿਖਾਉਣਾ ਇਸ ਨਾਵਲ ਦਾ ਥੀਮ ਹੈ।

ਨਾਵਲ ਦੀ ਕਹਾਣੀ

[ਸੋਧੋ]

ਨਾਨਕ ਸਿੰਘ ਨਾਵਲ ਦੀ ਭੂਮਿਕਾ ਵਿਚੋਂ ਹੀ ਜਾਹਰ ਕਰ ਦਿੰਦਾ ਹੈ ਕਿ ਇਸ ਨਾਵਲ ਦੀ ਕਹਾਣੀ ਦਾ ਮੁੱਖ ਆਧਾਰ ਮਤਰੇਈ ਮਾਂ ਤੇ ਉਸ ਦੇ ਸੌਤੇਲੇ ਪੁੱਤਰ ਮਦਨ ਦੇ ਆਪਸੀ ਸੰਘਰਸ਼, ਖਹਿਬਾਜ਼ੀ ਤੇ ਟਕਰਾਅ ਭਰੇ ਰਿਸ਼ਤਾ ਹੈ। ਮਦਨ ਦੀ ਮਤਰੇਈ ਮਾਂ ਦਿਆਲੀ ਉਸ ਨੂੰ ਮਾਰਦੀ-ਕੁੱਟਦੀ ਹੈ। ਉਸ ਤੋਂ ਰੱਜਵਾਂ ਕੰਮ ਲੈਂਦੀ ਹੈ ਤੇ ਉੱਪਰੋਂ ਖਾਣ-ਪੀਣ ਤੇ ਪਹਿਨਣ ਨੂੰ ਵੀ ਕੁਝ ਚੱਜ ਦਾ ਨਹੀਂ ਦਿੰਦੀ। ਇਸ ਤੋਂ ਉਲਟ ਉਹ ਆਪਣੇ ਮੁੰਡੇ ਜੀਤ ਨੂੰ ਲਾਡਾਂ ਨਾਲ ਪਾਲਦੀ ਹੈ ਤੇ ਉਸ ਦਾ ਹਰ ਨਖਰਾ ਚੁੱਕਦੀ ਹੈ। ਮਦਨ ਆਪਣੇ ਨਾਲ ਇਹ ਵਿਤਕਰੇ ਵਾਲਾ ਵਤੀਰਾ ਦੇਖ ਮਾਂ ਨਾਲ ਸੰਘਰਸ਼ ਨਹੀਂ ਕਰਦਾ ਤੇ ਨਾ ਹੀ ਪਿਤਾ ਅੱਗੇ ਸ਼ਿਕਾਇਤ ਕਰਦਾ ਹੈ। ਉਹ ਆਪਣੇ ਨਾਨਕੇ ਚਲਾ ਜਾਂਦਾ ਹੈ। ਨਾਨਕਿਆਂ ਤੋਂ ਇੱਕ ਹੋਰ ਪਰਿਵਾਰ ਉਸ ਨੂੰ ਗੋਦ ਲੈ ਲੈਂਦਾ ਹੈ। ਇਹ ਨਵਾਂ ਪਰਿਵਾਰ ਕਾਫੀ ਅਮੀਰ ਤੇ ਰਸੂ਼ਖ਼ ਵਾਲਾ ਹੈ। ਉਹ ਮਦਨ ਨੂੰ ਪੜ੍ਹਨ ਵਾਸਤੇ ਅਲਾਹਾਬਾਦ ਭੇਜ ਦਿੰਦੇ ਹਨ। ਮਗਰੋਂ ਮਦਨ ਬਰਤਾਨੀਆ ਤੋਂ ਵਕਾਲਤ ਦੀ ਡਿਗਰੀ ਹਾਸਲ ਕਰ ਉੱਚ ਦਰਜੇ ਦਾ ਵਕੀਲ ਬਣ ਜਾਂਦਾ ਹੈ।

ਨਾਵਲ ਵਿੱਚ ਮਦਨ ਦੇ ਪਾਤਰ ਦਾ ਸ਼ਾਂਤੀ ਨਾਂ ਦੀ ਇੱਕ ਕੁੜੀ ਨਾਲ ਪਿਆਰ ਸੰਬੰਧ ਵੀ ਦਰਸਾਏ ਗਏ ਹਨ। ਸ਼ਾਂਤੀ ਉਸੇ ਪਰਿਵਾਰ ਵਿਚੋਂ ਹੈ ਜੋ ਮਦਨ ਨੂੰ ਉਸ ਦੇ ਨਾਨਕਿਆਂ ਤੋਂ ਲੈ ਕੇ ਜਾਂਦਾ ਹੈ। ਮਦਨ ਤੇ ਸ਼ਾਂਤੀ ਨਿੱਕੇ ਹੁੰਦਿਆਂ ਤੋਂ ਇੱਕਠਿਆਂ ਖੇਡਦੇ ਰਹੇ ਹਨ। ਜੁਆਨੀ ਚੜ੍ਹਦੇ-ਚੜ੍ਹਦੇ ਇਹ ਦੋਸਤੀ ਮੁਹੱਬਤ ਵਿਚ ਬਦਲ ਜਾਂਦੀ ਹੈ ਪਰ ਵਕਾਲਤ ਦੀ ਪੜਾਈ ਲਈ ਮਦਨ ਨੂੰ ਜਦੋਂ ਬਰਤਾਨੀਆ ਜਾਣਾ ਪੈਂਦਾ ਹੈ ਤਾਂ ਉਹ ਦੋਵੇਂ ਵਿਛੜ ਜਾਂਦੇ ਹਨ। ਪਰਵਾਸ ਵਿੱਚ ਹੀ ਮਦਨ ਨੂੰ ਉਸ ਦੇ ਪਿਤਾ ਦੀ ਚਿੱਠੀ ਮਿਲਦੀ ਹੈ ਕਿ ਉੁਸ ਦਾ ਵਿਆਹ ਪੱਕਾ ਕਰ ਦਿੱਤਾ ਗਿਆ ਹੈ। ਇਹ ਨਹੀਂ ਪਤਾ ਕਿ ਕਿਸ ਨਾਲ ਪਰ ਪੱਕਾ ਕਰ ਦਿੱਤਾ ਗਿਆ ਹੈ। ਮਦਨ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲੈਂਦਾ ਹੈ।

ਨਾਵਲ ਦੀ ਆਲੋਚਨਾ

[ਸੋਧੋ]

ਨਾਵਲ ਆਦਰਸ਼ਵਾਦੀ ਪਾਤਰਾਂ ਦੀ ਪ੍ਰਤੀਨਿਧ ਕਰਨ ਵਾਲਾ ਨਾਵਲ ਹੈ। ਇਸ ਵਿਚ ਮਦਨ ਕੋਲ ਆਪਣੇ ਨਾਲ ਜ਼ੁਲਮਾਂ ਨਾਲ ਸਿੱਧਾ ਲੜਨ ਦਾ ਵਿਕਲਪ ਵੀ ਸੀ ਪਰ ਉਹ ਅਜਿਹਾ ਨਹੀਂ ਕਰਦਾ। ਉਹ ਉਨ੍ਹਾਂ ਆਦਰਸ਼ਵਾਦੀ ਕੀਮਤਾਂ ਹੇਠ ਦਬ ਜਾਂਦਾ ਹੈ ਜੋ ਮਤਰੇਈ ਮਾਂ ਨੂੰ ਵੀ ਮਾਂ ਦਾ ਦਰਜਾ ਦਿੰਦੀਆਂ ਹਨ। ਇਸੇ ਕਾਰਨ ਉਹ ਉਸ ਦਾ ਵਿਰੋਧ ਨਹੀਂ ਕਰ ਪਾਉਂਦਾ ਤੇ ਨਾ ਹੀ ਆਪਣੇ ਪਿਤਾ ਨਾਲ ਇਸ ਬਾਰੇ ਕੋਈ ਗੱਲ ਕਰਦਾ ਹੈ। ਬਦਲਦੇ ਸਮਾਜ ਵਿਚ ਆਦਰਸ਼ਵਾਦੀ ਪਾਤਰਾਂ ਲਈ ਉਨ੍ਹਾਂ ਦੇ ਅਸੂਲ ਹੀ ਉਨ੍ਹਾਂ ਦੇ ਸੰਤਾਪ ਦਾ ਆਧਾਰ ਬਣ ਜਾਂਦੇ ਹਨ। ਅਜਿਹਾ ਵਰਤਾਰਾ ਅਸੀਂ ਨਾਨਕ ਸਿੰਘ ਦੇ ਹੋਰਾਂ ਨਾਵਲਾਂ ਵਿੱਚ ਵੀ ਦੇਖਿਆ ਹੈ। ਨਾਵਲਕਾਰ ਨੂੰ ਮਦਨ ਨਾਲ ਹਮਾਇਤ ਵੀ ਹੈ ਪਰ ਉਹ ਉਸ ਦੀ ਸਮੱਸਿਆ ਦਾ ਹੱਲ ਉਸ ਦੇ ਆਦਰਸ਼ਵਾਦੀ ਮਾਪਦੰਡਾਂ ਦੇ ਮੁਤਾਬਿਕ ਕਰਦਾ ਹੈ। ਮਦਨ ਨੂੰ ਸੁਖਾਲਾ ਜੀਵਨ ਆਪਣੀ ਮਤਰੇਈ ਮਾਂ ਦੇ ਘਰ ਨਹੀਂ, ਸਗੋਂ ਆਪਣੀ ਖੁਦ ਦੀ ਮਿਹਨਤ ਨਾਲ ਬਣਾਏ ਘਰ ਵਿਚ ਨਸੀਬ ਹੁੰਦਾ ਹੈ। ਉਸ ਦੀ ਮਾਂ ਦੀ ਹੀ ਕਠੋਰਤਾ ਤੇ ਬਰਬਰਤਾ ਮਦਨ ਲਈ ਵਰਦਾਨ ਬਣ ਜਾਂਦੀ ਹੈ।[2]

ਨਾਨਕ ਸਿੰਘ ਦੀ ਇਹ ਦ੍ਰਿਸ਼ਟੀ ਨਾਵਲ ਨੂੰ ਸੁਖਾਂਤਕ ਰੂਪ ਦੇ ਜਾਂਦੀ ਹੈ। ਇਹ ਉਸੇ ਸੁਖਾਂਤਕ ਦ੍ਰਿਸ਼ਟੀ ਦਾ ਹੀ ਇੱਕ ਲੱਛਣ ਹੈ ਜੋ ਉਹ ਆਪਣੇ ਪਾਠਕਾਂ ਦੇ ਮਨਾਂ ਵਿਚ ਜ਼ੁਲਮ ਤੇ ਅੱਤਿਆਚਾਰ ਭੋਗ ਰਹੇ ਪਾਤਰਾਂ ਲਈ ਤਰਸ ਦਾ ਭਾਵ ਜਗਾਉਂਦਾ ਹੈ। ਇਹ ਨਾਵਲ ਅੰਤ ਵਿਚ ਬਦੀ ਦੇ ਬੁਰੇ ਸਿੱਟੇ ਦਾ ਸੰਕੇਤ ਵੀ ਦਿੰਦਾ ਹੈ। ਮਦਨ ਦੇ ਪਿਓ ਜੀਤ ਤੇ ਮਤਰੇਈ ਮਾਂ ਦਾ ਦਿਆਲੀ ਦਾ ਅੰਤ ਭੋਰਾ ਵੀ ਸੁਖਾਲਾ ਨਹੀਂ ਹੁੰਦਾ। ਦਿਆਲੀ ਨੂੰ ਅੰਤ ਵਿਚ ਮਦਨ ਨਾਲ ਕੀਤੇ ਆਪਣੇ ਜ਼ਲਮਾਂ ਦਾ ਅਹਿਸਾਸ ਹੁੰਦਾ ਹੈ ਤੇ ਉਹ ਇਸੇ ਦੁੱਖ ਵਿਚ ਮਰ ਜਾਂਦੀ ਹੈ। ਜੀਤ ਨੂੰ ਕਿਸੇ ਗੈਰ-ਕਾਨੂੰਨੀ ਕੰਮ ਵਿਚ ਜੇਲ ਹੋ ਜਾਂਦੀ ਹੈ। ਜੇਲ ਵਿਚ ਹੀ ਜੀਤ ਨੂੰ ਵੀ ਆਪਣੇ ਦੁਸ਼ਕਰਮਾਂ ਦਾ ਚੇਤਾ ਆਉਂਦਾ ਹੈ। ਇਸ ਤਰ੍ਹਾਂ, ਨਾਵਲ ਪਛਤਾਵੇ ਦੇ ਭਾਵ ਨਾਲ ਬੁਰਿਆਂ ਨੂੰ ਚੰਗੇ ਵਿੱਚ ਤਬਦੀਲ ਕਰਨ ਦੀ ਕਥਾਨਕ ਰੂੜੀ ਸਿਰਜਦਾ ਹੈ।[3] ਗੁਰਚਰਨ ਸਿੰਘ ਮੁਤਾਬਿਕ "ਅੰਤ ਭਲੇ ਦਾ ਭਲਾ ਤੇ ਬੁਰੇ ਦਾ ਬੁਰਾ" ਪੂਰਵ ਆਧੁਨਿਕ ਕਾਲ ਦੇ ਸੰਰਦਭ ਸਿਰਜਣ ਦੀ ਸਟੀਕ ਰੂੜ੍ਹੀ ਹੈ।[4]

ਮਦਨ ਦੇ ਪਾਤਰ ਪ੍ਰਤੀ ਸੁਖਾਂਤ ਹੋਰ ਵਧਾਉਣ ਲਈ ਉਸ ਦਾ ਸ਼ਾਂਤੀ ਨਾਂ ਦੀ ਇੱਕ ਕੁੜੀ ਨਾਲ ਮੁਹੱਬਤੀ ਪ੍ਰਸੰਗ ਚਿਤਰਿਆ ਗਿਆ ਹੈ। ਸ਼ਾਤੀ ਦੇ ਵਿਯੋਗ ਵਿੱਚ ਉਹ ਖੁਦਕੁਸ਼ੀ ਕਰਨ ਤੱਕ ਜਾ ਪਹੁੰਚਦਾ ਹੈ ਤੇ ਸ਼ਾਂਤੀ ਵੀ ਉਸ ਤੋਂ ਵਿਛੜਣ ਦੇ ਗ਼ਮ ਵਿਚ ਸ਼ਦੈਣ ਹੋ ਜਾਣ ਦਾ ਖੌਫ ਪਾਲ ਬੈਠਦੀ ਹੈ ਪਰ ਨਾਨਕ ਸਿੰਘ ਦੀ ਸੁਖਾਂਤਕ ਤੇ ਆਸ਼ਾਵਦੀ ਦ੍ਰਿਸ਼ਟੀ ਉਨ੍ਹਾਂ ਦਾ ਅੰਤ ਵਿੱਚ ਵਿਆਹ ਕਰਵਾ ਦਿੰਦੀ ਹੈ ਤੇ ਉਹ ਸੁਖੀ-ਸੁਖੀ ਰਹਿਣ ਲੱਗਦੇ ਹਨ।

ਹੋਰ ਵੇਖੋ

[ਸੋਧੋ]
  1. http://www.punjabikahani.punjabi-kavita.com/NanakSingh.php
  2. https://panjpedia.org/pa/wiki/%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98 Archived 2021-08-10 at the Wayback Machine.
  3. https://punjabipedia.org/topic.aspx?txt=%E0%A8%A8%E0%A8%BE%E0%A8%A8%E0%A8%95%20%E0%A8%B8%E0%A8%BF%E0%A9%B0%E0%A8%98

ਹਵਾਲੇ

[ਸੋਧੋ]
  1. "28 ਦਸੰਬਰ 47ਵੀਂ ਬਰਸੀ ਮੌਕੇ : ਨਾਵਲ ਦੇ ਪਿਤਾਮਾ ਨਾਨਕ ਸਿੰਘ ਨੂੰ ਯਾਦ ਕਰਦਿਆਂ". Punjabi Jagran News. Retrieved 2021-08-10.
  2. ਸੇਖੋਂ, ਅਮਰਜੋਤ (1986). ਪੰਜਾਬੀ ਨਾਵਲ ਦਾ ਇਤਿਹਾਸ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 48.
  3. ਕੌਰ, ਸੁੱਖਪ੍ਰੀਤ (1989). ਨਾਨਕ ਸਿੰਘ ਦੇ ਨਾਵਲਾਂ ਵਿਚ ਦੁਖਾਂਤ ਦ੍ਰਿਸ਼ਟੀ. ਅੰਮ੍ਰਿਤਸਰ: ਨਾਨਕ ਸਿੰਘ ਪੁਸਤਕਮਾਲਾ. p. 59.
  4. ਸਿੰਘ, ਗੁਰਚਰਨ. ਪੰਜਾਬੀ ਗਲਪਕਾਰ. ਲਾਹੌਰ ਬੁੱਕ ਸ਼ਾਪ. p. 176.