ਮਹਿੰਦਰ ਸਿੰਘ ਦੋਸਾਂਝ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਿੰਦਰ ਸਿੰਘ ਦੋਸਾਂਝ (ਜਨਮ 5 ਫਰਵਰੀ 1940) ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਸਾਹਿਤਕਾਰ ਹਨ। ਆਪ ਦਾ ਜਨਮ ਪ੍ਰਿੰਸੀਪਲ ਗੁਰਚਰਨ ਸਿੰਘ ਦੋਸਾਂਝ ਦੇ ਘਰ 5 ਫਰਵਰੀ 1940 ਨੂੰ ਪਿੰਡ ਜਗਤਪੁਰ, (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਸਕੂਲ ਦੀ ਰਸਮੀ ਸਿੱਖਿਆ ਤੋਂ ਲਾਂਭੇ ਰਹਿ ਕੇ ਹੀ ਉਸ ਬੁੱਧੀਮਾਨੀ ਤੇ ਗਿਆਨੀ ਪਾਸ ਕੀਤੀ। ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਗੂੜ੍ਹ ਗਿਆਤਾ ਸ ਦੇਸਾਂਝ ਨੇ ਸਾਹਿੱਤ ਸਿਰਜਣਾ ਦੇ ਨਾਲ ਨਾਲ ਅਗਾਂਹਵਧੂ ਖੇਤੀ ਕਰਕੇ ਵੀ ਅੰਤਰ ਰਾਸ਼ਟਰੀ ਪਛਾਣ ਬਣਾਈ।

ਦੇਸ਼ ਵਿਦੇਸ਼[ਸੋਧੋ]

ਗਿਆਨ ਪ੍ਰਾਪਤੀ ਲਈ ਆਪ ਨੇ ਯਾਤਰਾਵਾਂ ਕੀਤੀਆਂ ਆਪ ਨੇ ਰਾਸ਼ਟਰੀ ਪੱਧਰ ਤੇ ਜੰਮੂ ਕਸ਼ਮੀਰ, ਕੇਰਲਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਮਹਾਂਰਾਸ਼ਟਰ ਤੇ ਹਿਮਾਚਲ ਪ੍ਰਦੇਸ ਦੀ ਯਾਤਰਾ ਕੀਤੀ। ਅੰਤਰ-ਰਾਸ਼ਟਰੀ ਪੱਧਰ ਤੇ ਆਪ ਨੇ ਥਾਈਲੈਂਡ (1986), ਇੰਗਲੈਂਡ (1990), ਹਾਲੈਂਡ (1990 ਤੇ 1998), ਕੈਨੇਡਾ ਤੇ ਅਮਰੀਕਾ (1994 ਤੇ 1998), ਪਾਕਿਸਤਾਨ (2001) ਦਾ ਦੌਰਾ ਕੀਤਾ।

ਸੰਸਥਾਵਾਂ[ਸੋਧੋ]

ਆਪ ਨੂੰ ਖੇਤੀਬਾੜੀ ਖੋਜ ਨਾਲ ਸਬੰਧਿਤ ਅਦਾਰਿਆਂ ਦੀਆਂ ਕਮੇਟੀਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਵੀ ਹਾਸਲ ਹੈ ਜਿੰਨ੍ਹਾਂ ਵਿੱਚੋਂ ਮੈਂਬਰ, ਪੀ.ਏ.ਯੂ. ਰਿਸਰਚ ਕੌਂਸਲ ਲੁਧਿਆਣਾ,ਪੀ.ਏ.ਯੂ. ਪਬਲੀਕੇਸ਼ਨ ਕਮੇਟੀ, ਮੈਂਬਰ, ਜ਼ਿਲਾ ਖੇਤੀਬਾੜੀ ਪੈਦਾਵਾਰ ਕਮੇਟੀ ਨਵਾਂ ਸ਼ਹਿਰ। ਮੈਂਬਰ, ਜ਼ਿਲਾ ਹਾਈਪਾਵਰ ਕਮੇਟੀ ਸਹਿਕਾਰਤਾ ਵਿਭਾਗ ਨਵਾਂ ਸ਼ਹਿਰ ਮੈਂਬਰ, ਮਾਈਕਰੋ ਇਰੀਗੇਸ਼ਨ ਕਮੇਟੀ ਨਵਾਂ ਸ਼ਹਿਰ, ਪ੍ਰਧਾਨ, ਲਿਖਾਰੀ ਸਭਾ ਜਗਤਪੁਰ (ਰਜਿ.), ਮੈਂਬਰ, ਪੰਜਾਬ ਸਟੇਟ ਸੀਡ ਸੱਬ ਕਮੇਟੀ ਚੰਡੀਗੜ੍ਹ, ਮੈਂਬਰ, ਗਵਰਨਿੰਗ ਬੋਰਡ, ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਚੰਡੀਗੜ੍ਹ। ਮੈਂਬਰ, ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਜਲੰਧਰ,ਮੈਂਬਰ, ਪੰਜਾਬ ਸਟੇਟ ਅਗਜੈਕੇਟਿਵ ਕਮੇਟੀ ਵਾਸਤੇ ਰਾਸ਼ਟਰੀ ਹਾਰਟੀ ਕਲਚਰ ਮਿਸ਼ਨ ਚੰਡੀਗੜ੍ਹ,ਮੈਂਬਰ ਕੋਰ ਕਮੇਟੀ ਦੁਆਬਾ ਸਹਿਕਾਰੀ ਖੰਡ ਮਿੱਲ ਨਵਾਂ ਸ਼ਹਿਰ, ਮੈਂਬਰ, ਜ਼ਿਲਾ ਲੋਕ ਸੰਪਰਕ ਕਮੇਟੀ ਨਵਾਂ ਸ਼ਹਿਰ,ਮੈਂਬਰ ਪ੍ਰਬੰਧਕੀ ਕਮੇਟੀ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ (ਨਵਾਂ ਸ਼ਹਿਰ), ਮੈਂਬਰ, ਪ੍ਰੋਗਰਾਮ ਸਲਾਹਕਾਰ ਕਮੇਟੀ ਆਲ ਇੰਡੀਆ ਰੇਡੀਓ ਸਟੇਸ਼ਨ ਤੇ ਦੂਰ ਦਰਸ਼ਨ ਕੈਂਦਰ ਜਲੰਧਰ ਪ੍ਰਮੁੱਖ ਹਨ।

ਸਾਹਿਤਕ ਰਚਨਾਵਾਂ[ਸੋਧੋ]

ਆਪ ਦੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਮੌਲਿਕ ਕਾਵਿ ਸੰਗ੍ਰਹਿ, 1972) ਕਿਰਤ ਨਾਲ ਜੁੜੇ ਰਿਸ਼ਤੇ (ਮੌਲਿਕ ਕਹਾਣੀ ਸੰਗ੍ਰਹਿ, 1984), ਰੌਸ਼ਨੀ ਦੀ ਭਾਲ (ਮੌਲਿਕ ਕਾਵਿ ਸੰਗ੍ਰਹਿ, 1998) ਤੇ ਯਾਦਾਂ ਪਾਕਿਸਤਾਨ ਦੀਆਂ (ਛਪਾਈ ਅਧੀਨ ਸਫਰਨਾਮਾ) ਪ੍ਰਮੁੱਖ ਹਨ।

ਸਾਹਿਤਕ ਸੰਸਥਾਵਾਂ[ਸੋਧੋ]

ਮਹਿੰਦਰ ਸਿੰਘ ਦੋਸਾਂਝ ਨੇ ਸਾਹਿੱਤ, ਸਿੱਖਿਆ ਸਮਾਜ ਕਲਿਆਣ ਤੇ ਦਿਹਾਤੀ ਵਿਕਾਸ ਦੇ ਖੇਤਰ ਵਿਚ 1960 ਵਿਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ। ਇਲਾਕੇ ਦੇ ਲਗਪਗ 10 ਪਿੰਡਾਂ ਲਈ ਪੁਸਤਕਾਂ ਦੇ ਪ੍ਰਬੰਧ ਕਰਕੇ ਪੇਂਡੂ ਸਾਹਿੱਤਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਆਪ ਨੇ 1975 ਤੋਂ ਹੁਣ ਤੱਕ ਇਲਾਕੇ ਦੇ ਲਗਪਗ 7 ਉੱਘੇ ਨਗਰਾਂ ਵਿਚ ਲੇਖਕਾਂ ਤੇ ਪਾਠਕਾਂ ਨੂੰ ਉਤਸਾਹਿਤ ਕਰਕੇ ਸਾਹਿੱਤ ਸਭਾਵਾਂ ਚਾਲੂ ਕਰਵਾਈਆਂ। ਆਪ ਨੇ ਇਲਾਕੇ ’ਚ ਬਿਰਛ ਬੂਟੇ ਲਵਾਉਣ ਲਈ ਵੀ ਸਫ਼ਲ ਮੁਹਿੰਮ ਚਲਾਈ। ਆਪ ਨੇ ਵਿਧਵਾਂ ਇਸਤਰੀਆ, ਬਿਰਧ ਬੀਬੀਆਂ, ਆਸਰਾਹੀਣ ਬਜ਼ੁਰਗਾਂ ਅਤੇ ਗਰੀਬ ਬੱਚਿਆਂ ਦੀ ਲੋੜੀਂਦੀ ਮਦਦ ਕੀਤੀ।

ਮਾਨ ਸਨਮਾਨ[ਸੋਧੋ]

  • 16 ਅਕਤੂਬਰ 1986 ਛੇਵੇਂ ਵਿਸ਼ਵ ਖੁਰਾਕ ਦਿਵਸ ‘ਤੇ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਯੂ.ਐਨ.ਓ. ਵੱਲੋਂ ਬੈਂਕਾਕ (ਥਾਈਲੈਂਡ) ਵਿਖੇ ਅੰਤਰ-ਰਾਸ਼ਟਰੀ ਪੁਰਸਕਾਰ ਮਿਲਿਆ।
  • 21 ਅਕਤੂਬਰ 1990 ਨੂੰ ਸਾਹਿੱਤ ਤੇ ਕਲਾ ਦੇ ਖੇਤਰ ’ਚ ਕੰਮ ਲਈ ਅੰਤਰ-ਰਾਸ਼ਟਰੀ ਪੰਜਾਬੀ ਕਾਵਿ ਸੰਮੇਲਨ ’ਤੇ ਇੰਟਰਨੈਸ਼ਨਲ ਪੰਜਾਬੀ ਸਾਹਿੱਤ ਸਭਾ ਲੰਡਨ (ਯੂ.ਕੇ.) ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ. ਅਜੀਤ ਸਿੰਘ ਬੈਂਸ ਹੱਥੀਂ ਲੰਡਨ (ਯੂ.ਕੇ.) ਵਿਚ ਸਨਮਾਨਿਤ ਕੀਤਾ।
  • 26 ਜਨਵਰੀ 1996 ਨੂੰ ਗਣਤੰਤਰਤਾ ਦਿਵਸ ’ਤੇ ਆਪ ਜੀ ਨੂੰ ਨਵਾਂ ਸ਼ਹਿਰ ਵਿੱਖੇ ਖੇਤੀਬਾੜੀ ਦੇ ਖੇਤਰ ’ਚ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
  • 22 ਮਾਰਚ 1997 ਦੇ ਕਿਸਾਨ ਮੇਲੇ ’ਤੇ ਖੇਤੀ ਵਿਚ ਨਵੀਆਂ ਖੋਜਾਂ ਕਰਨ ਲਈ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਸ.ਦਲੀਪ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ।
  • 17 ਮਾਰਚ 2007 ਦੇ ਕਿਸਾਨ ਮੇਲੇ ’ਤੇ ਖੇਤੀ ਵੰਨ ਸਵੰਨਤਾ ਦਾ ਇਕ ਸ਼ਾਨਦਾਰ ਮਾਡਲ ਵਿਕਸਤ ਕਰਨ ਲਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕੀਤਾ।
  • 2024 ਵਿੱਚ ਸ ਪ੍ਰੀਤਮ ਸਿੰਘ ਬਾਸੀ ਪੁਰਸਕਾਰ

ਹਵਾਲੇ[ਸੋਧੋ]