ਮਾਈਕਲ ਫ਼ੈਰਾਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਈਕਲ ਫ਼ੈਰਾਡੇ
Michael Faraday
ਮਾਈਕਲ ਫ਼ੈਰਾਡੇ, 1842
ਜਨਮ22 ਸਤੰਬਰ, 1791
ਨਿਊਇੰਗਟਨ ਬਟਸ, ਇੰਗਲੈਂਡ
ਮੌਤ25 ਅਗਸਤ 1867 (75 ਦੀ ਉਮਰ)
ਹੈਂਪਟਨ ਕੋਰਟ, ਮਿਡਲਸੈਕਸ, ਇੰਗਲੈਂਡ
ਰਾਸ਼ਟਰੀਅਤਾਬਰਤਾਨਵੀ
ਲਈ ਪ੍ਰਸਿੱਧਫ਼ੈਰਾਡੇ ਦਾ ਪ੍ਰੇਰਨਾ ਅਸੂਲ
ਬਿਜਲ-ਰਸਾਇਣ ਵਿਗਿਆਨ
ਫ਼ੈਰਾਡੇ ਅਸਰ
ਫ਼ੈਰਾਡੇ ਪਿੰਜਰਾ
ਫ਼ੈਰਾਡੇ ਪੱਕਾ ਨਾਪ
ਫ਼ੈਰਾਡੇ ਕੱਪ
ਫ਼ੈਰਾਡੇ ਦਾ ਬਿਜਲਈ ਨਿਖੇੜ ਦਾ ਅਸੂਲ
ਫ਼ੈਰਾਡੇ ਦਾ ਅਸੰਗਤ ਕਥਨ
ਫ਼ੈਰਾਡੇ ਘੁਮਾਊ
Faraday-efficiency effect
ਫ਼ੈਰਾਡੇ ਛੱਲ
ਫ਼ੈਰਾਡੇ ਚੱਕਾ
ਬਲ ਦੀਆਂ ਲਕੀਰਾਂ
ਪੁਰਸਕਾਰਸ਼ਾਹੀ ਤਗਮਾ (1835 & 1846)
ਕੌਪਲੀ ਤਗਮਾ (1832 & 1838)
ਰਮਫ਼ੋਰਡ ਤਗਮਾ (1846)
ਐਲਬਰਟ ਤਗਮਾ (1866)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ
ਅਦਾਰੇਸ਼ਾਹੀ ਅਦਾਰਾ
Influencesਹੰਫਰੀ ਡੇਵੀ
ਵਿਲੀਅਮ ਥਾਮਸ ਬਰਾਂਡ
ਦਸਤਖ਼ਤ
ਬਾਹਰੀ ਵੀਡੀਓ
video icon “Profiles in Chemistry: Michael Faraday” on ਯੂਟਿਊਬ, Chemical Heritage Foundation

ਮਾਈਕਲ ਫ਼ੈਰਾਡੇ, ਐੱਫ਼.ਆਰ.ਐੱਸ (22 ਸਤੰਬਰ 1791 – 25 ਅਗਸਤ 1867) ਇੱਕ ਅੰਗਰੇਜ਼ ਵਿਗਿਆਨੀ ਸੀ, ਜੀਹਨੇ ਬਿਜਲਚੁੰਬਕਤਾ ਅਤੇ ਬਿਜਲ-ਰਸਾਇਣ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਫ਼ੈਰਾਡੇ ਦੀਆਂ ਮੁੱਖ ਕਾਢਾਂ ਬਿਜਲਚੁੰਬਕੀ ਪ੍ਰੇਰਨਾ, ਦੂਹਰੀ ਚੁੰਬਕਤਾ ਅਤੇ ਬਿਜਲਈ ਨਿਖੇੜ ਹਨ।

ਫੈਰਾਡੇਅ ਭਾਂਵੇ ਘੱਟ ਪੜ੍ਹੇ ਸਨ ਪਰੰਤੂ ਉਹਨਾਂ ਦੀ ਗਿਣਤੀ ਅੱਵਲ ਦਰਜੇ ਦੇ ਵਿਗਿਆਨੀਆਂ ਵਿੱਚ ਕੀਤੀ ਜਾਂਦੀ ਹੈ।

ਜਨਮ ਅਤੇ ਬਚਪਨ[ਸੋਧੋ]

ਮਾਈਕਲ ਫ਼ੈਰਾਡੇ ਦੀ ਜੀਵਨੀ ਕੱਲਰ ਵਿੱਚ ਕੰਵਲ ਦੀ ਉੱਚਤਮ ਉਦਾਹਰਨ ਹੈ। ਮਾਈਕਲ ਫੈਰਾਡੇਅ ਦਾ ਜਨਮ 22 ਸਤੰਬਰ, 1791 ਈ: ਨੂੰ ਇੰਗਲੈਂਡ ਵਿੱਚ ਨਿਊਰਿੰਗਟਨ ਬੱਟਸ ਦੇ ਲਾਗੇ ਇੱਕ ਛੋਟੇ ਜਿਹੇ ਪਿੰਡ ਸੱਰੇ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਜੇਮਸ ਫ਼ੈਰਾਡੇ ਸੀ, ਜੋ ਕਿ ਇੱਕ ਲੁਹਾਰ ਸੀ। ਉਸਦਾ ਬਚਪਨ ਬੇਹੱਦ ਗਰੀਬੀ ਵਿੱਚ ਬੀਤਿਆ। ਮਾਈਕਲ ਪੰਜ ਵਰ੍ਹਿਆਂ ਦਾ ਸੀ ਤਾਂ ਉਸਨੂੰ ਸਕੂਲ ਪੜ੍ਹਨ ਲਈ ਭੇਜਿਆ ਗਿਆ। ਉਸਦਾ ਵੱਡਾ ਭਰਾ, ਰਾਬਰਟ ਵੀ ਉਸਦਾ ਸਹਿਪਾਠੀ ਸੀ। ਮਾਈਕਲ ਦਾ ਸ਼ਬਦਾਂ ਦਾ ਉਚਾਰਨ ਠੀਕ ਨਹੀਂ ਸੀ, ਉਹ 'ਰ' ਦੀ ਆਵਾਜ਼ ਨਹੀਂ ਕੱਢ ਸਕਦਾ ਸੀ। ਇਸ ਕਰਕੇ ਸਕੂਲੋਂ ਵੀ ਉਸਨੂੰ ਕਈ ਵਾਰ ਡਾਟਿਆ ਗਿਆ ਤੇ ਕੁੱਟਿਆ ਗਿਆ। ਇਸ ਲਈ ਮਾਈਕਲ ਦੀ ਮਾਤਾ ਨੇ ਪੜ੍ਹਨ ਨਾਲੋਂ ਉਸਦੀ ਸਿਹਤ ਨੂੰ ਜਰੂਰੀ ਸਮਝਦਿਆਂ, ਉਸਨੂੰ ਸਕੂਲੋਂ ਪੜ੍ਹਨੋਂ ਹਟਾ ਲਿਆ ਤੇ ਉਸਦੀ ਪੜ੍ਹਾਈ ਦਾ ਅੰਤ ਹੋ ਗਿਆ। ਜਦ ਮਾਈਕਲ ਦੇ ਪਿਤਾ ਨੇ ਵੇਖਿਆ ਕਿ ਇੱਥੇ ਰੋਟੀ ਕਮਾਉਣੀ ਮਸ਼ਕਿਲ ਹੈ ਤਾਂ ਉਹ ਆਪਣਾ ਪਿੰਡ ਛੱਡ ਕੇ ਪਰਿਵਾਰ ਸਮੇਤ ਲੰਡਨ ਚਲਿਆ ਗਿਆ। ਫਿਰ ਵੀ ਆਰਥਿਕ ਹਾਲਤ ਵਿੱਚ ਕੁਝ ਜਿਆਦਾ ਪਰਿਵਰਤਨ ਨਾ ਹੋਇਆ। ਫੈਰਾਡੇਅ ਨੂੰ ਉੱਥੇ ਤੇਰ੍ਹਾਂ ਸਾਲ ਦੀ ਉਮਰ ਵਿੱਚ ਜਾਰਜ ਰੀਬੋ ਨਾਮ ਦੇ ਕਾਗਜ਼ ਦੇ ਵਪਾਰੀ ਕੋਲ ਬਲੈਂਡਫੋਰਡ ਗਲੀ ਵਿੱਚ ਜਿਲਦਸ਼ਾਜ ਦੇ ਕੰਮ ਤੇ ਲਗਾਇਆ ਗਿਆ। ਸਮਾਂ ਕੱਢ ਕੇ ਮਾਈਕਲ ਓਨ੍ਹਾ ਪੁਸਤਕਾਂ ਨੂੰ ਵੀ ਪੜ੍ਹਦਾ। ਉਸਨੂੰ ਵਿਗਿਆਨ ਨਾਲ ਸੰਬੰਧਤ ਪੁਸਤਕਾਂ ਪਸੰਦ ਸੀ। ਬਾਅਦ ਵਿੱਚ ਉਹ ਰੀਬੋ ਦੀ ਸ਼ਗਿਰਦੀ ਛੱਡ ਕੇ ਇੱਕ ਫਰਾਂਸੀਸੀ ਸ੍ਰੀ ਰੋਚੇ ਦਾ ਫਿਰਤੂ ਜਿਲਦਸਾਜ਼ ਬਣ ਗਿਆ ਤੇ ਉਸਨੇ ਇਹ ਕੰਮ ਵੀ ਛੱਡ ਦਿੱਤਾ।

ਸਰ ਹੰਫਰੀ ਡੇਵੀ ਨੂੰ ਮਿਲਣਾ[ਸੋਧੋ]

ਮਾਈਕਲ ਨੂੰ ਇੱਕ ਦਿਨ ਸਰ ਹੰਫਰੀ ਡੇਵੀ ਦੇ ਕੁਝ ਭਾਸ਼ਣ ਸੁਣਨ ਦਾ ਮੌਕਾ ਮਿਲਿਆ। ਮਾਈਕਲ ਨੇ ਇਸ ਭਾਸ਼ਣ ਦੇ ਨੋਟ ਬਣਾ ਕੇ ਸਰ ਹੰਫਰੀ ਨੂੰ ਘੱਲ ਕੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਬਾਅਦ ਵਿੱਚ ਸਰ ਹੰਫਰੀ ਨੇ ਉਸਨੂੰ ਇੱਕ ਸੌ ਪੌਂਡ ਵਾਰਸ਼ਿਕ ਦੇ ਹਿਸਾਬ ਨਾਲ ਆਪਣੀ ਪ੍ਰਯੋਗਸ਼ਾਲਾ ਵਿੱਚ ਸਹਾਇਕ ਵਜੋਂ ਨੌਕਰ ਰੱਖ ਲਿਆ। ਉਹ ਸਰ ਹੰਫਰੀ ਦਾ ਸਤਿਕਾਰ ਕਰਦਾ ਸੀ, ਪਰ ਇੱਕ ਵਾਰ ਹੰਫਰੀ ਦੀ ਲੈਂਪ ਦੀ ਕਾਢ ਕਰਕੇ ਓਨ੍ਹਾ ਵਿਚਕਾਰ ਝਗੜਾ ਹੋ ਗਿਆ। ਕੁਝ ਸਮਾਂ ਬਾਅਦ ਫੈਰਾਡੇਅ ਦਾ ਨਾਮ 'ਰਾਇਲ ਸੁਸਾਇਟੀ' ਦੀ ਮੈਂਬਰੀ ਲਈ ਪੇਸ਼ ਹੋਇਆ, ਪਰ ਡੇਵੀ ਨੇ ਇਸਦੀ ਵਿਰੋਧਤਾ ਕਰ ਕੇ ਗੁਸਤਾਖੀ ਦਾ ਬਦਲਾ ਲਿਆ। ਇਸਦਾ ਫ਼ੈਰਾਡੇ ਦੀ ਮੈਂਬਰੀ ਤੇ ਕੋਈ ਪ੍ਰਭਾਵ ਨਾ ਪਿਆ। ਹੰਫਰੀ ਡੇਵੀ ਦੀ ਮੌਤ ਤੋਂ ਬਾਅਦ ਵੀ ਫ਼ੈਰਾਡੇ ਦਾ ਸਤਿਕਾਰ ਉਸ ਪ੍ਰਤੀ ਬਣਿਆ ਰਿਹਾ।

ਫ਼ੈਰਾਡੇ ਦੀਆਂ ਖੋਜਾਂ[ਸੋਧੋ]

ਫ਼ੈਰਾਡੇ ਇੱਕ ਫ਼ਿਲਾਸਫਰ ਵੀ ਸੀ ਅਤੇ ਖੋਜੀ ਵੀ ਸੀ। ਕੁਦਰਤ ਦੇ ਮਹਾਨ ਪਸਾਰੇ ਵਿੱਚ ਉਹ ਜੋੜਨ ਵਾਲੇ ਨਿਯਮਾਂ ਨੂੰ ਲੱਭਣ ਦਾ ਚਾਹਵਾਨ ਸੀ। ਉਸ ਦੀਆਂ ਲਿਖਤਾਂ ਵਿੱਚ ਥਾਂ-ਥਾਂ ਇਹ ਸ਼ਬਦ ਲੱਭਦੇ ਹਨ, "ਚੁੰਬਕ ਸ਼ਕਤੀ ਨੂੰ ਬਿਜਲੀ ਵਿੱਚ ਬਦਲਣ ਦੀ ਕੋਸ਼ਿਸ਼ ਕਰੋ। ਤਰਲ ਪਦਾਰਥਾਂ ਅਤੇ ਗੈਸਾਂ ਦੇ ਪ੍ਸਪਰ ਸੰਬੰਧਾਂ ਦੀ ਘੋਖ ਕਰੋ। ਚੁੰਬਕੀ ਸ਼ਕਤੀ ਅਤੇ ਗੁਰੂਤਾਕਰਸ਼ਣ ਦਾ ਕੀ ਸੰਬੰਧ ਹੈ? ਕੀ ਬਿਜਲੀ ਦੀਆਂ ਸਾਰੀਆੰ ਹਾਲਤਾਂ ਕੁਦਰਤ ਵਿੱਚ ਇੱਕੋ ਹੀ ਹਨ? ਬਿਜਲੀ ਅਤੇ ਪ੍ਰਕਾਸ਼ ਦਾ ਕੀ ਸੰਬੰਧ ਹੈ?" ਉਹ ਸਾਰੀਆਂ ਬੁਝਾਰਤਾਂ ਦਾ ਇੱਕੋ ਹੀ ਰੱਬੀ ਹੱਲ ਲੱਭਣਾ ਲੋਚਦਾ ਸੀ।

1816 ਤੋਂ 1832 ਈ: ਤਕ ਦੇ ਸਮੇਂ ਦੌਰਾਨ ਫ਼ੈਰਾਡੇ ਦਾ ਧਿਆਨ ਰਸਾਇਣਿਕ ਪ੍ਰਯੋਗਾਂ ਵੱਲ ਸੀ, ਤੇ ਚੰਬਕ ਸ਼ਕਤੀ ਵੱਲ ਵੀ ਸੀ। ਇਸ ਸਮੇਂ ਦੌਰਾਨ ਉਸ ਨੇ ਸ਼ੀਸ਼ੇ ਦੀ ਬਣਤਰ, ਬੋਰਕ ਦੇ ਤੇਜ਼ਾਬ, ਲੋਹੇ ਤੋਂ ਮੈਗਨੀਜ਼ ਦੇ ਅਲੱਗ ਕਰਨ ਅਤੇ ਜੰਗਾਲ ਰਹਿਤ ਫ਼ੌਲਾਦ ਦੀ ਤਿਆਰੀ ਬਾਰੇ ਪ੍ਰਯੋਗ ਕੀਤੇ ਅਤੇ ਕਲੋਰੀਨ ਗੈਸ ਨੂੰ ਤਰਲ ਅਵਸਥਾ ਵਿੱਚ ਬਦਲਣ ਦਾ ਕਠਿਨ ਕੰਮ ਸਿਰੇ ਚਾੜ੍ਹਿਆ। ਇਸ ਸਮੇਂ ਨੂੰ ਫ਼ੈਰਾਡੇ ਦੀਆਂ ਖੋਜਾਂ ਦਾ ਪਹਿਲਾ ਕਾਲ ਕਿਹਾ ਜਾਂਦਾ ਹੈ।

ਇਸ ਤੋਂ ਬਾਅਦ ਦੇ ਸਮੇਂ ਨੂੰ ਦੂਜਾ ਕਾਲ ਕਿਹਾ ਜਾਂਦਾ ਹੈ। ਇਸ ਕਾਲ ਦੌਰਾਨ ਫ਼ੈਰਾਡੇ ਕਈ ਕਠਿਨਾਈਆਂ ਦਾ ਸਾਹਮਣਾ ਕਰਨ ਮਗਰੋਂ ਚੁੰਬਕ ਸ਼ਕਤੀ ਨੂੰ ਬਿਜਲੀ ਸ਼ਕਤੀ ਵਿੱਚ ਬਦਲਣ ਦੇ ਕਠਿਨ ਕੰਮ ਵਿੱਚ ਸਫਲ ਹੋ ਗਿਆ। ਇਸ ਖੋਜ ਨੇ ਬਿਜਲੀ ਕਲਾ ਦੇ ਕਾਲ ਨੂੰ ਜਨਮ ਦਿੱਤਾ। ਉਸ ਨੇ ਬਿਜਲੀ ਅਤੇ ਚਾਨਣ ਦੇ ਸੰਬੰਧ ਨੂੰ ਵੀ ਖੋਜ ਕੱਢਿਆ, ਜਿਸ ਦੇ ਸਦਕਾ, ਬਾਅਦ ਵਿੱਚ ਐਡੀਸਨ ਨੇ ਬਿਜਲੀ ਦੀ ਉਹ ਚਿਣਗ ਪੈਦਾ ਕੀਤੀ, ਜਿਸ ਨੇ ਸੰਸਾਰ ਨੂੰ ਰੁਸ਼ਨਾ ਦਿੱਤਾ।

ਆਪਣੇ ਜੀਵਨ ਦੇ ਅੰਤਲੇ ਸਮੇਂ ਦੌਰਾਨ[ਸੋਧੋ]

ਸੰਨ 1823 ਵਿੱਚ ਫ਼ੈਰਾਡੇ ਨੂੰ ਰਾਇਲ ਸੁਸਾਇਟੀ ਦਾ ਮੈਂਬਰ ਚੁਣਿਆ ਗਿਆ ਸੀ। 1825 ਵਿੱਚ ਉਸ ਦੀ ਨਿਯੁਕਤੀ ਸ਼ਾਹੀ ਪ੍ਰਯੋਗਸ਼ਾਲਾ ਵਿੱਚ ਮੁੱਖ ਪ੍ਰਬੰਧਕ ਵਜੋਂ ਹੋਈ ਸੀ। ਇਸ ਤੋਂ ਬਾਅਦ 1833 ਈ: ਵਿੱਚ ਉਹ ਸ਼ਾਹੀ ਸੰਸਥਾ ਵਿੱਚ ਰਸਾਇਣਿਕ ਵਿੱਦਿਆ ਦਾ ਪ੍ਰੋਫੈਸਰ ਵੀ ਥਾਪਿਆ ਗਿਆ। ਸਰ ਰਾਬਰਟ ਪੀਲ ਇਸ ਸਮੇਂ ਇੰਗਲੈਂਡ ਦਾ ਪ੍ਰਧਾਨ-ਮੰਤਰੀ ਸੀ ਤੇ ਬਾਅਦ ਵਿੱਚ ਲਾਰਡ ਮੈਲਬੋਰਨ ਨੇ ਦੇਸ਼ ਦੀ ਵਾਗਡੋਰ ਸੰਭਾਲੀ ਤੇ ਉਸਨੇ ਫ਼ੈਰਾਡੇ ਦੀ ਤਨਖਾਹ 300 ਪੌਂਡ ਵਾਰਸ਼ਿਕ ਦੇ ਹਿਸਾਬ ਨਾਲ ਨਿਯਤ ਕਰ ਦਿੱਤੀ। ਅਚਾਨਕ ਫ਼ੈਰਾਡੇ ਦੀ ਸਿਹਤ ਵਿਗੜ ਗਈ ਤੇ ਉਹ ਆਰਾਮ ਲਈ ਸਵਿਟਜ਼ਰਲੈਂਡ ਚਲਾ ਗਿਆ। ਸਿਹਤ ਠੀਕ ਹੋਣ ਮਗਰੋਂ ਫ਼ੈਰਾਡੇ ਫਿਰ ਆਪਣੇ ਕੰਮ ਵਿੱਚ ਰੁਝ ਗਿਆ। ਇਸ ਪ੍ਰਕਾਰ ਉਸਨੇ ਆਪਣੀ ਉਮਰ ਦੇ ਪਿਛਲੇ 40 ਵਰ੍ਹੇ ਸ਼ਾਹੀ ਪ੍ਰਯੋਗਸ਼ਾਲਾ ਵਿੱਚ ਹੀ ਬਿਤਾਏ। ਆਖਿਰੀ ਦਿਨਾਂ ਵਿੱਚ ਉਸਦੀ ਯਾਦ ਸ਼ਕਤੀ ਕਮਜ਼ੋਰ ਹੋ ਚੁੱਕੀ ਸੀ। ਸ਼ਹਿਜ਼ਾਦਾ ਐਲਬਰਟ ਦੀ ਸਿਫ਼ਾਰਿਸ਼ ਤੇ ਮਹਾਰਾਣੀ ਵਿਕਟੋਰੀਆ ਨੇ ਸੰਨ 1858 ਵਿੱਚ ਫ਼ੈਰਾਡੇ ਨੂੰ ਟੈਂਪਲ ਕੋਰਟ ਵਿੱਚ ਇੱਕ ਸੁੰਦਰ ਭਵਨ ਪ੍ਰਦਾਨ ਕੀਤਾ, ਜਿੱਥੇ ਉਸਨੇ ਜੀਵਨ ਦੇ ਅੰਤਲੇ ਨੌਂ ਵਰ੍ਹੇ ਸ਼ਾਂਤੀ ਤੇ ਅਮਨ ਨਾਲ ਬਿਤਾਏ। ਡੇਵੀ ਪ੍ਰਤੀ ਸਤਿਕਾਰ ਬਣਿਆ ਰਿਹਾ।

ਮੌਤ[ਸੋਧੋ]

ਮਾਈਕਲ ਫ਼ੈਰਾਡੇ ਦੀ ਮੌਤ 25 ਅਗਸਤ, 1867 ਈ: ਨੂੰ ਇੰਗਲੈਂਡ ਵਿੱਚ ਹੋਈ।

ਅਗਾਂਹ ਪੜ੍ਹੋ[ਸੋਧੋ]

ਜੀਵਨੀਆਂ[ਸੋਧੋ]

ਬਾਹਰਲੇ ਜੋੜ[ਸੋਧੋ]

ਜੀਵਨੀਆਂ[ਸੋਧੋ]

ਹੋਰ[ਸੋਧੋ]