ਮੁੰਡਾ ਜੰਮਣ ਦੀ ਭੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੰਨੇ ਦੇ ਰਸ ਨੂੰ ਕਾੜ੍ਹ ਕੇ ਗੁੜ ਬਣਦਾ ਹੈ। ਪੰਜ ਕੁ ਕਿਲੋ ਗੁੜ ਦੇ ਵੱਟੇ ਹੋਏ ਰੋੜੇ ਨੂੰ ਭੇਲੀ ਕਹਿੰਦੇ ਹਨ। ਭੇਲੀ ਗੁੜ ਦੀ ਹੀ ਬਣਦੀ ਹੈ, ਹੋਰ ਕਿਸੇ ਵਸਤ ਦੀ ਨਹੀਂ ਬਣਦੀ। ਪਹਿਲੇ ਸਮਿਆਂ ਵਿਚ ਗੁੜ ਹੀ ਮਿੱਠੀ ਚੀਜ਼ ਹੁੰਦੀ ਸੀ। ਇਸ ਲਈ ਸਾਰੇ ਸ਼ਗਨ ਗੁੜ ਨਾਲ ਹੀ ਕੀਤੇ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਮੁੰਡਾ ਜੰਮਣ ਤੇ ਵੀ ਭੇਲੀ ਭੇਜਣ ਦਾ ਰਿਵਾਜ ਸੀ।ਕੁੜੀ ਜੰਮਣ ਤੇ ਭੇਲੀ ਨਹੀਂ ਭੇਜੀ ਜਾਂਦੀ ਸੀ। ਜੇਕਰ ਮੁੰਡਾ ਜੰਮਣ ਸਮੇਂ ਇਸਤਰੀ ਪੇਕੇ ਘਰ ਹੁੰਦੀ ਸੀ ਤਾਂ ਮੁੰਡਾ ਜੰਮਣ ਦੀ ਖ਼ਬਰ ਸਹੁਰਿਆਂ ਨੂੰ ਨਾਈ ਹੱਥ ਭੇਲੀ ਭੇਜ ਕੇ ਕੀਤੀ ਜਾਂਦੀ ਸੀ। ਭੋਲੀ ਉੱਪਰ ਖੰਮ੍ਹਣੀ ਬੰਨ੍ਹੀ ਹੁੰਦੀ ਸੀ। ਖੰਮ੍ਹਣੀ ਧਾਗੇ ਦੀ ਰੰਗਦਾਰ ਅੱਟੀ ਨੂੰ ਕਹਿੰਦੇ ਹਨ ਜਿਸ ਦੀ ਵਰਤੋਂ ਸ਼ਗਨਾਂ ਲਈ ਕੀਤੀ ਜਾਂਦੀ ਹੈ। ਜੇਕਰ ਮੁੰਡਾ ਹੋਣ ਸਮੇਂ ਇਸਤਰੀ ਸਹੁਰੇ ਘਰ ਹੁੰਦੀ ਸੀ ਤਾਂ ਭੇਲੀ ਪੇਕੀਂ ਭੇਜੀ ਜਾਂਦੀ ਸੀ। ਭੇਲੀ ਲੈ ਕੇ ਆਏ ਨਾਈ ਨੂੰ ਖੇਸ ਤੇ ਚਾਂਦੀ ਦਾ ਇਕ ਰੁਪਿਆ ਦਿੱਤਾ ਜਾਂਦਾ ਸੀ। ਭੇਲੀ ਆਉਣ ਤੇ ਹੀ ਸਹੁਰਾ ਪਰਿਵਾਰ/ਪੇਕਾ ਪਰਿਵਾਰ ਪੰਜੀਰੀ ਬਣਾ ਕੇ ਭੇਜਦਾ ਸੀ।ਭੇਲੀ ਦੀ ਥਾਂ ਫੇਰ ਪਤਾਸੇ ਭੇਜਣ ਦਾ ਰਿਵਾਜ ਚੱਲਿਆ। ਹੁਣ ਲੱਡੂ/ਬਰਵੀ ਚ ਡੱਬੇ ਭੇਜੇ ਜਾਂਦੇ ਹਨ।ਹੁਣ ਮੁੰਡੇ ਦਾ ਬਾਪ/ਮਾਮਾ ਅਤੇ ਪਰਿਵਾਰ ਵਾਲੇ ਮੈਂਬਰ ਆਪ ਹੀ ਲੱਡੂ/ਬਰਫੀ ਦੇ ਡੱਬੇ ਲੈ ਕੇ ਆਉਂਦੇ ਹਨ। ਹੁਣ ਕੁੜੀ ਜੰਮਣ ਤੇ ਵੀ ਲੱਡੂ/ਬਰਫੀ ਦੇ ਡੱਬੇ ਭੇਜੇ ਜਾਂਦੇ ਹਨ। ਭੇਲੀ ਭੇਜਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.