ਮੱਕੀ ਦੇ ਦਾਣੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਜ ਤੋਂ ਕਈ 50 ਕੁ ਸਾਲ ਪਹਿਲਾਂ ਮੱਕੀ ਪੰਜਾਬ ਦੀ ਸਾਉਣੀ ਦੀ ਮੁੱਖ ਫਸਲ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਸ਼ਾਮ ਨੂੰ ਤਕਰੀਬਨ ਹਰ ਪਰਿਵਾਰ ਮੱਕੀ ਦੇ ਦਾਣੇ ਭੁੰਨਾ ਕੇ ਜਰੂਰ ਖਾਂਦਾ ਸੀ। ਪਿੰਡ-ਪਿੰਡ ਦਾਣੇ ਭੁੰਨਣ ਵਾਲੀਆਂ ਭੱਠੀਆਂ ਹੁੰਦੀਆਂ ਸਨ। ਮੱਕੀ ਦੀਆਂ ਛੱਲੀਆਂ ਦੇ ਦਾਣੇ ਜਦ ਥੋੜ੍ਹੇ ਜਿਹੇ ਪੱਕ ਜਾਂਦੇ ਸਨ ਤਾਂ ਛੱਲੀਆਂ ਦੇ ਦਾਣੇ ਕੱਢ ਕੇ ਭੁੰਨਾਏ ਜਾਂਦੇ ਸਨ। ਇਨ੍ਹਾਂ ਭੁੰਨੇ ਦਾਣਿਆਂ ਨੂੰ ਮੁਰਮਰੇ ਕਹਿੰਦੇ ਸਨ। ਮੁਰਮਰੇ ਖਾਣੇ, ਵਿਸ਼ੇਸ਼ ਤੌਰ ਤੇ ਗਰਮ ਗਰਮ ਖਾਣੇ ਬਹੁਤ ਹੀ ਸੁਆਦ ਹੁੰਦੇ ਸਨ। ਸੁੱਕੀ ਮੱਕੀ ਦੇ ਭੁੰਨਾਏ ਦਾਣਿਆਂ ਦੀਆਂ ਖਿਲਾਂ ਬਣਦੀਆਂ ਸਨ। ਖਿੱਲਾਂ ਉਸੇ ਤਰ੍ਹਾਂ ਵੀ ਖਾਧੀਆਂ ਜਾਂਦੀਆਂ ਸਨ। ਖਿੱਲਾਂ ਦੇ ਭੂਤ ਪਿੰਨੇ ਵੀ ਬਣਾ ਕੇ ਖਾਧੇ ਜਾਂਦੇ ਸਨ। ਭੂਤ ਪਿੰਨੇ ਬਣਾਉਣ ਲਈ ਪਹਿਲਾਂ ਗੁੜ ਦੀ ਚਾਹਣੀ ਬਣਾਈ ਜਾਂਦੀ ਸੀ। ਫਿਰ ਖਿੱਲਾਂ ਨੂੰ ਚਾਹਣੀ ਵਿਚ ਰਲਾ ਕੇ ਪਿੰਨੀਆਂ ਬਣਾ ਲੈਂਦੇ ਸਨ।

ਹੁਣ ਮੱਕੀ ਦੀ ਫਸਲ ਦੀ ਥਾਂ ਜੀਰੀ ਨੇ ਲੈ ਲਈ ਹੈ। ਕਿਸੇ ਵੀ ਪਿੰਡ ਵਿਚ ਹੁਣ ਭੱਠੀ ਨਹੀਂ ਰਹੀ। ਇਸ ਲਈ ਸ਼ਾਮ ਨੂੰ ਮੱਕੀ ਦੇ ਦਾਣੇ ਖਾਣੇ ਸਾਡੇ ਵਿਰਸੇ ਵਿਚੋਂ ਅਲੋਪ ਹੋ ਗਏ ਹਨ। ਹੁਣ ਤਾਂ ਬਜ਼ਾਰ ਵਿਚੋਂ ਹੀ ਮੱਕੀ ਦੇ ਭੁੱਜੇ ਦਾਣੇ ਮਿਲਦੇ ਹਨ।[1]

ਮੱਕੀ ਦੇ ਦਾਣੇ ਦਾ ਗੀਤ - ਗੁਰਦੇਵ ਚੌਹਾਨ

ਜਦ ਮੀਂਹ ਪੈਂਦਾ ਹੈ,

ਤਾਂ ਮੈਂ ਭਿੱਜ ਜਾਂਦਾ ਹਾਂ

ਜਦ ਔੜ ਹੁੰਦੀ ਹੈ

ਤਾਂ ਮੈਂ ਆਪਣਾ ਮੂੰਹ

ਢੱਕ ਲੈਂਦਾ ਹਾਂ

ਜਦ ਮੇਰੀ ਰੁੱਤ ਆਉਂਦੀ ਹੈ

ਤਾਂ ਮੈਂ ਉੱਗ ਪੈਂਦਾ ਹਾਂ

ਮੈਂ ਮੱਕੀ ਦਾ ਦਾਣਾ ਹਾਂ

ਮੈਂ ਜਾਣਦਾ ਹਾਂ ਕਿ ਮੈਂ

ਸਿਰਫ਼ ਇਕ ਦਾਣਾ ਹਾਂ

ਪਰ ਮੈਂ ਇਕੱਲਾ ਨਹੀਂ ਹਾਂ

ਮੇਰੇ ਨਾਲ ਬਹੁਤ ਸਾਰੇ

ਛਲੀਆਂ ਦੇ ਖੇਤ ਹਨ

ਖੇਤਾਂ ਨਾਲ ਜੁੜੇ ਬਹੁਤ ਸਾਰੇ

ਕਿਸਾਨ ਹਨ

ਕਈ ਬਾਰ ਮੈਂ ਆਪਣੇ ਪਰਦੇ

ਨੂੰ ਚੁੱਕ ਕੇ ਸਵੇਰ ਨੂੰ ਵੇਖਿਆ ਹੈ

ਉਹ ਪਹਿਲਾਂ ਛੱਪਰ ਦੇ ਹਨੇਰੇ ਵਾਂਗ

ਆਪਣਾ ਜਿਸਮ ਛੰਡਦੀ ਹੈ

ਅਤੇ ਫਿਰ ਦਸਤਕ ਦੇ ਦਿੰਦੀ ਹੈ

ਉਹ ਕਦੇ ਚੋਰ ਵਾਂਗ

ਹਨੇਰੇ ਦੇ ਆਉਣ ਦੀ

ਉਡੀਕ ਨਹੀਂ ਕਰਦੀ

ਉਹ ਬਸ ਦਸਤਕ ਦਿੰਦੀ ਹੈ

ਅਤੇ ਕੁਝ ਦੇਰ ਉਡੀਕ ਵਿਚ

ਖਲੋਤੀ ਰਹਿੰਦੀ ਹੈ

ਫਿਰ ਆਪਣੇ ਪੈਰ ਦੇ ਅੰਗੂਠੇ ਨਾਲ

ਪੋਲਾ ਜਿਹਾ ਧੱਕਾ ਦਿੰਦੀ ਹੈ

ਅਤੇ ਸਾਰਾ ਆਲਾ ਦੁਆਲਾ

ਸੁੱਕਦੀਆਂ ਛਲੀਆਂ ਵਾਂਗ

ਲਾਲ ਹੋ ਜਾਂਦਾ ਹੈ

ਇਹ ਦੁਨੀਆਂ ਮੱਕੀ ਦੀ ਫ਼ਸਲ ਹੈ

ਇਹ ਪਹਿਲਾਂ ਹਾੜ੍ਹ ਵਾਂਗ ਤਪਦੀ ਹੈ

ਫਿਰ ਸੌਣ ਵਾਂਗ ਉੱਗ ਪੈਂਦੀ ਹੈ

ਅਤੇ ਫਿਰ ਅੱਸੂ ਵਾਂਗ ਪੱਕ ਜਾਂਦੀ ਹੈ

ਮੈਨੂੰ ਚਿੱਥ ਕੇ ਵੇਖ ਸਕਦੇ ਹੋ

ਆਪਣੇ ਕਿਸਾਨ ਦੀ ਮਿਹਨਤ

ਦੇ ਹੱਕ ਵਿਚ ਖਲੋਤਾ

ਮੈਂ ਪੱਕੀ ਹੋਈ ਮੱਕੀ ਦਾ

ਇਕ ਦਾਣਾ ਹਾਂ

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.