ਰਾਜਿੰਦਰਜੀਤ
ਰਾਜਿੰਦਰਜੀਤ | |
---|---|
ਜਨਮ | ਕੋਟਕਪੂਰਾ,ਜਿਲਾ ਫਰੀਦਕੋਟ , ਭਾਰਤ ਪੰਜਾਬ |
ਕਿੱਤਾ | ਗ਼ਜ਼ਲਕਾਰ, |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | [[]] |
ਸ਼ੈਲੀ | ਗ਼ਜ਼ਲ |
ਜੀਵਨ ਸਾਥੀ | ਪਰਮਿੰਦਰਜੀਤ |
ਰਾਜਿੰਦਰਜੀਤ, ਪੰਜਾਬੀ ਦਾ ਇੱਕ ਸ਼ਾਇਰ ਹੈ ਜੋ ਬਰਤਾਨੀਆ ਦੇ ਸ਼ਹਿਰ ਲੰਡਨ ਵਿਖੇ ਰਹਿੰਦਾ ਹੈ | [1]ਉਹ ਜਿਲਾ ਫਰੀਦਕੋਟ ਦੇ ਕੋਟਕਪੂਰਾ ਦਾ ਜੰਮਪਲ ਹੈ |ਉਹ ਤਰਕਸ਼ੀਲ ਸੋਚ ਦਾ ਪਹਿਰੇਦਾਰ ਹੈ। ਉਸ ਦੀ ਗ਼ਜ਼ਲ ਜ਼ਿੰਦਗੀ ਪ੍ਰਤੀ ਆਸ, ਉਮੀਦ ਅਤੇ ਕੁਝ ਕਰ-ਗੁਜ਼ਰਨ ਦੀ ਪ੍ਰੇਰਨਾ ਦਿੰਦੀ ਹੈ। ਆਪਣੀ ਪਹਿਲੀ ਪੁਸਤਕ “ਸਾਵੇ ਅਕਸ” ਰਾਹੀਂ ਉਹ ਪੰਜਾਬੀ ਗ਼ਜ਼ਲ ਖੇਤਰ ਵਿਚ ਨਿਵੇਕਲੀਆਂ ਪੈੜਾਂ ਪਾ ਚੁੱਕਿਆ ਹੈ। ਰਾਜਿੰਦਰਜੀਤ ਦਾ ਜੀਵਨ-ਸੰਘਰਸ਼ ਉਸ ਦੀ ਸ਼ਾਇਰੀ ਵਿਚ ਪਰਪੱਕਤਾ ਲਿਆਉਣ ਵਿਚ ਸਹਾਈ ਸਿੱਧ ਹੋਇਆ ਹੈ ਅਤੇ ਉਸ ਨੇ ਜ਼ਿੰਦਗੀ ਚ ਦਰਪੇਸ਼ ਔਕੜਾਂ ਨੂੰ ਦਰ-ਕਿਨਾਰ ਕਰਦਿਆਂ ਹਾਂ-ਪੱਖੀ ਪਹੁੰਚ ਅਪਣਾਉਂਦੇ ਹੋਏ ਸ਼ਾਇਰੀ ਰਾਹੀਂ ਆਪਣੀਆਂ ਭਾਵਨਾਵਾਂ ਬਾਖ਼ੂਬੀ ਵਿਅਕਤ ਕੀਤੀਆਂ ਹਨ। ਮਹਾਨ ਸ਼ਾਇਰ ਸੁਰਜੀਤ ਪਾਤਰ ਦੇ ਸ਼ਬਦਾਂ ਅਨੁਸਾਰ ਉਸ ਵਿਚ ਜਜ਼ਬੇ ਦੀ ਸ਼ਿੱਦਤ ਵੀ ਹੈ, ਸੋਚ ਦੀ ਬਾਰੀਕੀ ਵੀ, ਕਲਪਨਾ ਦੀ ਪਰਵਾਜ਼ ਵੀ ਹੈ ਤੇ ਭਾਸ਼ਾ ਦੀ ਸਮਰੱਥਾ ਵੀ।
ਕਾਵਿ ਵੰਨਗੀ
[ਸੋਧੋ]
ਖ਼ੁਦੀ ਨੂੰ ਆਸਰਾ ਦਿੱਤਾ
ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ
ਨਦੀ ਉਛਲੇ ਬਹੁਤ ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ
ਤੂੰ ਹੁਣ ਭੇਜੇਂ ਜਾਂ ਅਗਲੇ ਪਲ ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਣਵਾਸ ਤੋਂ ਪਹਿਲਾਂ
ਹਰਿਕ ਟੁਕੜੇ 'ਚ ਸੀ ਕੋਈ ਕਸਿ਼ਸ਼, ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਤ ਹੋਣ ਦੇ ਅਹਿਸਾਸ ਤੋਂ ਪਹਿਲਾਂ
ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ
ਤਿਰਾ ਜਾਣਾ ਜਿਵੇਂ ਦੁਨੀਆਂ ਦਾ ਸੱਭ ਤੋਂ ਦਰਦ ਹੈ ਭਾਰਾ
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ
ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮਿਰੇ ਇਤਿਹਾਸ ਤੋਂ ਪਹਿਲਾਂ