ਰੋਮਾਂਸਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਜੀਨ ਡੇਲਾਕ੍ਰੋਇਕਸ, ਡੈਥ ਆਫ਼ ਸਰਦਾਨਾਪਾਲੁਸ, 1827, ਆਪਣਾ ਪੂਰਬਵਾਦੀ ਵਿਸ਼ਾ ਲਾਰਡ ਬਾਇਰਨ ਦੇ ਇੱਕ ਨਾਟਕ ਤੋਂ ਲੈ ਕੇ]]
ਫਿਲਿਪ ਓਟੋ ਰੰਜ, ਸਵੇਰ, 1808

ਰੋਮਾਂਸਵਾਦ ਇੱਕ ਕਲਾਤਮਿਕ, ਸਾਹਿਤਕ ਅਤੇ ਬੌਧਿਕ ਅੰਦੋਲਨ ਹੈ ਜੋ 18ਵੀਂ ਸਦੀ ਦੇ ਪਿਛਲੇ ਅੱਧ ਵਿੱਚ ਯੂਰਪ ਵਿੱਚ ਸ਼ੁਰੂ ਹੋਇਆ ਅਤੇ ਅੰਸ਼ਕ ਤੌਰ ਤੇ ਉਦਯੋਗਕ ਕ੍ਰਾਂਤੀ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਇਹ ਕਿਤੇ ਵਧੇਰੇ ਤਾਕਤ ਫੜ ਗਿਆ ਅਤੇ 19ਵੀਂ ਸਦੀ ਦੇ ਪਹਿਲੇ ਅੱਧ (ਲਗਪਗ 1800 ਤੋਂ 1840) ਦੇ ਸਮੇਂ ਦੌਰਾਨ ਬਹੁਤੇ ਖੇਤਰਾਂ ਵਿੱਚ ਆਪਣੀ ਸਿਖਰ ਉੱਤੇ ਸੀ। ਕਲਾਸਕੀਵਾਦ ਅਤੇ ਨਵਕਲਾਸਕੀਵਾਦ ਦੇ ਕਰੜੇ ਅਨੁਸ਼ਾਸਨ ਤੋਂ ਵਿਦਰੋਹ ਦੇ ਨਾਲ ਨਾਲ ਇਹ ਕੁਝ ਹੱਦ ਤੱਕ ਵੀ ਪ੍ਰਬੁੱਧਤਾ ਦੇ ਅਤੇ 18ਵੀਂ ਸਦੀ ਦੇ ਬੁੱਧੀਵਾਦ ਦੇ ਖਿਲਾਫ ਇੱਕ ਪ੍ਰਤੀਕਰਮ ਵੀ ਸੀ।[1] ਰੋਮਾਂਸਵਾਦ ਦੀ ਸੰਸਾਰ ਸਾਹਿਤ ਨੂੰ ਉਹ ਇਤਿਹਾਸਕ ਤੇ ਜ਼ਿਕਰਯੋਗ ਦੇਣ ਹੈ ਜਿਸ ਸਦਕਾ ਸਾਹਿਤ ਨੂੰ ਆਜ਼ਾਦ ਤੌਰ ਤੇ ਵਿਚਰਨ ਦਾ ਅਵਸਰ ਹੀ ਪ੍ਰਾਪਤ ਨਹੀਂ ਹੋਇਆ ਸਗੋਂ ਇਸ ਖੇਤਰ ਵਿਚ ਨਵੇਂ ਨਵੇਂ ਪ੍ਰਯੋਗਾਂ, ਪ੍ਰਗਤੀ ਤੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਉਜਾਗਰ ਹੋਈਆਂ। ਰੋਮਾਂਸਵਾਦ ਤੋਂ ਪਹਿਲਾਂ ਸਾਹਿਤ ਪੂਰੀ ਤਰ੍ਹਾਂ ਸਨਾਤਨੀ ਕਾਵਿ-ਸਿਧਾਂਤਾਂ ਦੀ ਜਕੜ ਵਿਚ ਸੀ। ਇਸ ਜਕੜ ਕਾਰਨ ਸਨਾਤਨੀ ਨੇਮਾਵਲੀ ਅਧੀਨ ਵਿਚਰਦਾ ਸਾਹਿਤ ਸਨਾਤਨੀ ਐਲਾਨੀਆਂ ਗਈਆਂ ਰਚਨਾਵਾਂ ਦਾ ਵਸਤੂ, ਰੂਪ, ਭਾਸ਼ਾ, ਸ਼ੈਲੀ ਪੱਖੋਂ ਅਨੁਸਰਣ ਕਰਨਾ ਆਪਣਾ ਫ਼ਰਜ਼ ਸਮਝਦਾ ਸੀ। ਅਜਿਹਾ ਹੋਣ ਕਾਰਨ ਇਹ ਸੀ ਕਿ ਸਨਾਤਨੀ ਸਮਝੀਆਂ ਜਾਂਦੀਆਂ ਸਾਹਿਤ ਕਿਰਤਾਂ ਦਾ ਵਸਤੂ ਤੇ ਰਚਨਾਤਮਕ ਸੰਗਠਨ ਵਜੋਂ ਅਨੁਸਰਨ ਕਰਨਾ ਉੱਤਮ ਸਾਹਿਤਕਾਪੀ ਦਾ ਸਬੂਤ ਮੰਨਿਆਂ ਜਾਂਦਾ ਸੀ। ਸਿੱਟੇ ਵੱਜੋਂ ਸਾਹਿਤਕਾਰੀ ਆਪਣੇ ਪੂਰਵਵਰਤੀ ਸਨਾਤਨੀ ਸਾਹਿਤ ਨੂੰ ਆਪਣਾ ਆਦਰਸ਼ ਮਿੱਥਦੀ ਹੋਈ ਇਸਦੀ ਰੀਸ ਕਰਨ ਵਿੱਚ ਪੂਰਨ ਵਿਸ਼ਵਾਸ ਰੱਖਦੀ ਸੀ। ਇਸ ਨਾਲ ਸਾਹਿਤ-ਖੇਤਰ ਅੰਦਰ ਵਿਕਾਸ ਲਈ ਲੋੜੀਂਦੇ ਨਵੇਂ ਪ੍ਰਯੋਗਾਂ ਦੀ ਕਿਸੇ ਸੰਭਾਵਨਾ ਦੀ ਕੋਈ ਗੁੰਜਾਇਸ਼ ਨਹੀਂ ਸੀ ਇਸ ਤਰ੍ਹਾਂ ਸਨਾਤਨੀ ਨੇਮਾਵਲੀ ਦੀ ਜਕੜਨ ਸਾਹਿਤਕ ਪ੍ਰਗਤੀ ਲਈ ਪੂਰੀ ਤਰ੍ਹਾਂ ਬਾਧਕ ਬਣੀ ਹੋਈ ਸੀ। ਇਸ ਰੁਕਾਵਟ ਖਿਲਾਫ਼ ਰੋਮਾਂਸਵਾਦ ਇਕ ਵਿਦ੍ਰੋਹ ਬਣਕੇ ਸਾਹਮਣੇ ਆਇਆ ਜਿਸ ਨੇ ਸਨਾਤਨੀ ਰਚਨਾਤਮਕ ਦ੍ਰਿਸ਼ਟੀ ਨੂੰ ਵੰਗਾਰਦਿਆਂ ਇਸਦੀ ਸਰਦਾਰੀ ਮੰਨਣ ਤੋਂ ਇਨਕਾਰ ਕੀਤਾ। ਰੋਮਾਂਸਵਾਦ ਦੀ ਇਸ ਕਰਨੀ ਨਾਲ ਸਾਹਿਤ ਕਲਾ ਨੂੰ ਸਨਾਤਨੀ ਕਾਵਿ-ਸਿਧਾਂਤਾਂ ਦੀ ਕੈਦ ਤੋਂ ਮੁਕਤ ਹੋਣ ਦਾ ਅਵਸਰ ਮਿਲਿਆ। ਇਸ ਤਰ੍ਹਾਂ ਰੋਮਾਂਸਵਾਦੀ ਪ੍ਰਵਿਰਤੀ ਸਾਹਿਤ-ਖੇਤਰ ਅੰਦਰ ਜ਼ਿਕਰਯੋਗ ਤਬਦੀਲੀ ਲਿਆਉਣ ਦਾ ਸਬੱਬ ਬਣੀ।[2]

ਰੋਮਾਂਸਵਾਦ ਦੀ ਉਤਪਤੀ[ਸੋਧੋ]

ਰੋਮਾਂਸਵਾਦ ਦੀ ਉਤਪਤੀ ਦੇ ਪ੍ਰਸੰਗ ਵਿਚ 1798 ਈ. ਦੀ ਫਰਾਂਸੀਸੀ ਕ੍ਰਾਂਤੀ ਦੀ ਵਿਸ਼ੇਸ਼ ਭੂਮਿਕਾ ਮੰਨੀ ਜਾਂਦੀ ਹੈ। ਇਸ ਸ਼ਬਦ ਦੀ ਉਤਪਤੀ ਫ਼ਰਾਂਸੀਸੀ ਸ਼ਬਦ Romant(ਰੋਮਾਨ) ਤੋਂ ਹੋਈ ਹੈ ਜਿਹੜਾ ਅੰਗ੍ਰੇਜ਼ੀ ਵਿਚ ਬਹੁਅਰਥਕ ਸ਼ਬਦ ਰੋਮਾਂਸ(Romance) ਬਣ ਗਿਆ ਹੈ। ਰੋਮਾਂਸ ਇਕ ਅਜਿਹੀ ਕਾਵਿ ਕਥਾ ਨੂੰ ਕਹਿੰਦੇ ਹਨ ਜਿਸ ਵਿਚ ਕਲਪਨਾ ਦੇ ਅਦਭੁਤ ਰਸ ਦੀ ਪ੍ਰਧਨਤਾ ਹੋਵੇ। ਇਹ ਵਾਰਤਕ ਵਿਚ ਲਿਖੀ ਜਾਣ ਵਾਲੀ ਸਾਧਾਰਣ ਜੀਵਨ ਤੋਂ ਦੁਰਾਡੀ ਜਿਹੀ ਰੰਗੀਨ ਗਾਥਾ ਵੀ ਹੈ ਜਿਸ ਤੋਂ ਅੰਗ੍ਰੇਜ਼ੀ ਨਾਵਲ ਸਾਹਿਤ ਰੂਪ ਦਾ ਨਿਕਾਸ ਤੇ ਵਿਕਾਸ ਹੋਇਆ ਹੈ। ਅਜ ਕਲ ਇਸ਼ਕਬਾਜ਼ੀ ਕਰਨ ਨੂੰ ਵੀ ਰੋਮਾਂਸ ਲੜਾਣਾ ਕਹਿੰਦੇ ਹਨ। ਰੋਮਾਂਸ(romance) ਦਾ ਵਿਸ਼ੇਸਣ ਰੋਮਾਂਟਿਕ(romantic) ਹੈ ਜਿਸ ਤੋਂ ਰੋਮਾਂਸਵਾਦ ਜਾਂ Romanticism ਸ਼ਬਦ ਬਣਿਆ ਹੈ। ਇਸ ਕ੍ਰਾਂਤੀ ਨੂੰ ਵਾਲਟੇਅਰ ਤੇ ਰੂਸੋ ਦੇ ਵਿਚਾਰਾਂ ਨੇ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਕੀਤਾ। ਵਾਲਟੇਅਰ ਨੇ ਆਪਣੀਆਂ ਲਿਖਤਾਂ ਰਾਹੀਂ ਜ਼ੁਲਮ ਅਤੇ ਅਨਿਆ ਦੀ ਪੁਰਜ਼ੋਰ ਖਿਲਾਫਤ ਕੀਤੀ ਅਤੇ ਰੂਸੋ ਨੇ ਆਪਣੀ ਪੁਸਤਕ ਦੀ ਸੋਸ਼ਲ ਕਾਨਟ੍ਰੈਕਟ ਵਿਚ ਸਮਕਾਲੀ ਜੀਵਨ ਪ੍ਰਬੰਧ ਪ੍ਰਤਿ ਇਤਰਾਜ ਜਤਾਇਆ ਜੋ ਮਨੁੱਖ ਵਾਸਤੇ ਆਜ਼ਾਦ ਜੀਵਣ ਜੀਣ ਲਈ ਵੱਡਾ ਬਾਧਕ ਸੀ। ਤਤਕਾਲੀ ਸਮਾਜਕ ਜੀਵਨ ਪ੍ਰਤੀ ਉਸ ਦੀ ਅਸੰਤੁਸ਼ਟੀ ਤੇ ਉਦਾਸੀਨਤਾ ਨੂੰ ਉਸ ਦਾ ਪ੍ਰਸਿੱਧ ਵਾਕ ਮਨੁੱਖ ਸੁਤੰਤਰ ਪੈਦਾ ਹੋਇਆ ਹੈ ਪਰ ਹਰ ਥਾਂ ਜ਼ੰਜ਼ੀਰਾਂ ਵਿਚ ਜਕੜਿਆ ਰਹਿੰਦਾ ਹੈ ਸਪਸ਼ਟ ਤੌਰ ਤੇ ਜ਼ਾਹਿਰ ਕਰਦਾ ਹੈ।[3]

ਵਾਲਟੇਅਰ ਤੇ ਰੂਸੋ ਦੇ ਅਜਿਹੇ ਵਿਚਾਰਾਂ ਨੇ ਫਰਾਂਸ ਦੀ ਕ੍ਰਾਂਤੀ ਲਈ ਲੋਕਾਂ ਨੂੰ ਪ੍ਰੇਰਿਆ। ਇਸ ਤਰ੍ਹਾਂ ਇਨ੍ਹਾਂ ਵਿਚਾਰਾਂ ਨੇ ਫਰਾਂਸ ਦੀ ਕ੍ਰਾਂਤੀ ਦੇ ਬੀਜ ਰੂਪ ਵਜੋਂ ਕੰਮ ਕੀਤਾ। ਮਨੁੱਖੀ ਸੁਤੰਤਰਤਾ ਪ੍ਰਤੀ ਰੂਸੋ ਦੇ ਵਿਚਾਰ ਭਾਵੇਂ ਰਾਜਨੀਤਕ ਖੇਤਰ ਵਿਚ ਨਿਰੰਕੁਸ਼ ਰਾਜਤੰਤਰ ਲਈ ਵੰਗਾਰ ਬਣਦਿਆਂ ਲੋਕਤੰਤਰੀ ਸਰਕਾਰ ਦੀ ਸਥਾਪਤੀ ਲਈ ਪ੍ਰੇਰਕ ਬਣੇ ਪਰ ਇਨ੍ਹਾਂ ਵਿਚਾਰਾਂ ਨੇ ਰਾਜਨੀਤੀ ਤੋਂ ਇਲਾਵਾ ਜੀਵਨ, ਸਭਿਆਚਾਰ, ਸਾਹਿਤ ਅਤੇ ਕਲਾ ਦੇ ਖੇਤਰਾਂ ਨੂੰ ਵੀ ਪ੍ਰਭਾਵਿਤ ਕੀਤਾ। ਫਲਸਰੂਪ ਅਾਜ਼ਾਦੀ ਨਾਲ ਵਿਚਰਨ ਦੀ ਇਸ ਰੀਝ ਨੇ ਸਾਹਿਤਕ ਹਲਕਿਆਂ ਵਿਚ ਪ੍ਰਵੇਸ਼ ਕਰਦਿਆਂ ਸਨਾਤਨੀ ਕਾਵਿ-ਸਿਧਾਂਤਾਂ ਦੇ ਕਠੋਰ ਅਨੁਸ਼ਾਸਨ ਤੋਂ ਲੇਖਕ ਜਗਤ ਨੂੰ ਬਾਗੀ ਹੋਣ ਲਈ ਉਕਸਾਇਆ। ਇਸ ਕਰਕੇ ਫਰਾਂਸੀਸੀ ਕ੍ਰਾਂਤੀ ਨੂੰ ਰੋਮਾਂਸਵਾਦ ਦਾ ਵਿਦਾ ਬਿੰਦੂ ਮੰਨਿਆ ਜਾਂਦਾ ਹੈ।[4]

ਸਾਹਿਤਕ ਜਗਤ ਅੰਦਰ ਰੋਮਾਂਸਵਾਦ ਦਾ ਪ੍ਰਵੇਸ਼[ਸੋਧੋ]

ਸਾਹਿਤਕ ਜਗਤ ਅੰਦਰ ਰੋਮਾਂਸਵਾਦ ਦਾ ਪ੍ਰਵੇਸ਼ ਭਾਵੇਂ 1798 ਈ. ਵਿਚ ਹੋਇਆ ਮੰਨਿਆ ਜਾਂਦਾ ਹੈ ਪਰ ਰੋਮਾਂਸਵਾਦ ਦੀ ਬਤੌਰ ਸਾਹਿਤਕ ਪ੍ਰਵਿਰਤੀ ਸਥਾਪਤੀ 1800 ਈ. ਵਿਚ ਵਰਡਜਵਰਥ ਦੇ ਦੂਜੀ ਵਾਰ ਛਪੇ ਕਾਵਿ-ਸੰਗ੍ਰਹਿ ਦੀ ਲਿਰੀਕਲ ਬੈਲਡਜ਼ ਨਾਲ ਹੋਈ। ਇਸ ਕਾਵਿ ਸੰਗ੍ਰਹਿ ਦੇ ਮੁੱਖ ਬੰਦ ਵਿਚ ਵਰਡਜ਼ਵਰਥ ਨੇ ਆਪਣੀ ਕਵਿਤਾ ਸੰਬੰਧੀ ਜੋ ਟਿੱਪਣੀਨੁਮਾ ਵਿਚਾਰ ਵਿਅਕਤ ਕੀਤੇ ਉਹ ਰੁਮਾਂਸਵਾਦ ਦੀ ਮੁੱਢਲੀ ਵਿਧੀਨਕਾਰੀ ਵਜੋਂ ਸਾਹਮਣੇ ਆਏ। ਇਸ ਤਰ੍ਹਾਂ ਰੋਮਾਂਸਵਾਦੀ ਦ੍ਰਿਸ਼ਟੀ ਨੂੰ ਸੁਤੰਤਰ ਤੌਰ ਤੇ ਸਥਾਪਿਤ ਕਰਨ ਅਤੇ ਲੋਕ ਮਾਨਤਾ ਦਿਵਾਉਣ ਦ ਮਾਣ ਵਰਡਜ਼ਵਰਥ ਨੂੰ ਜਾਂਦਾ ਹੈ।[5]

ਰੋਮਾਂਸਵਾਦੀ ਸਾਹਿਤ ਦਾ ਵਿਕਾਸ[ਸੋਧੋ]

ਰੋਮਾਂਸਵਾਦੀ ਸਾਹਿਤ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵੱਖੋ ਵੱਖਰੀ ਤਰ੍ਹਾਂ ਵਿਕਸਿਤ ਹੋਇਆ ਜਿਸ ਕਰਕੇ ਸੰਸਾਰ ਪੱਧਰ ਤੇ ਇਸ ਵਿਚ ਇਕਸਾਰਤਾ ਨਹੀਂ ਬਣ ਸਕੀ। ਇਕਸਾਰਤਾ ਦੀ ਕਮੀ ਵਿਚ ਰੋਮਾਂਸਵਾਦੀ ਸਾਹਿਤ ਦੇ ਸੰਕਲਪ ਨੂੰ ਕਿਸੇ ਇਕ ਨਿਸ਼ਚਿਤ ਤੇ ਬੱਝਵੀਂ ਪਰਿਭਾਸ਼ਾ ਰਾਹੀਂ ਵਿਅਕਤ ਕਰਨ ਦੀ ਸਮੱਸਿਆ ਵੀ ਅਕਸਰ ਬਣੀ ਰਹੀ। ਇਸ ਕਰਕੇ ਰੋਮਾਂਸਵਾਦ ਨੂੰ ਪਰਿਭਾਸ਼ਿਤ ਕਰਨ ਦੀ ਕਠਿਨਾਈ ਦਾ ਜ਼ਿਕਰ ਵੀ ਆਉਂਦਾ ਹੈ। ਰੋਮਾਂਸਵਾਦੀ ਸਾਹਿਤ ਦੇ ਸੰਸਾਰ ਪੱਧਰ ਤੇ ਪਾਈ ਜ਼ਾਦੀ ਭਿੰਨਤਾ ਦੇ ਬਾਵਜੂਦ ਵੀ ਵਿਦਵਾਨਾਂ ਨੇ ਸੰਸਾਰ ਦੇ ਇਸ ਸਮੁੱਚੇ ਸਾਹਿਤ ਨੂੰ ਆਧਾਰ ਬਣਾ ਕੇ ਰੋਮਾਂਸਵਾਦੀ ਰਚਨਾਤਮਕ ਦ੍ਰਿਸ਼ਟੀ ਦੇ ਕੁਝ ਸਾਂਝੇ ਸੂਤਰ ਖੋਜੇ ਤੇ ਰੋਮਾਂਸਵਾਦ ਦੀ ਵੱਖਰੀ ਪਛਾਣ ਨਿਰਧਾਰਤ ਕਰਨ ਹਿੱਤ ਵਿਭਿੰਨ ਪ੍ਰਕਾਰ ਦੀਆਂ ਪਰਿਭਾਸ਼ਾਵਾਂ ਦਾ ਸਿਰਜਨ ਕੀਤਾ। ਪ੍ਰਾਪਤ ਪਰਿਭਾਸ਼ਾਵਾਂ ਵਿਚ ਰੋਮਾਂਸਵਾਦ ਦੀਆਂ ਜ਼ਿਆਦਾ ਲੱਛਣਿਕ ਵਿਸ਼ੇਸ਼ਤਾਵਾਂ ਰੀਡਰਜ਼ ਇਨਸਾਈਕਲੋਪੀਡੀਆ ਵਿਚ ਅੰਕਿਤ ਕੀਤੀਆਂ ਮਿਲਦੀਆਂ ਹਨ, ਜਿਨ੍ਹਾਂ ਅਨੁਸਾਰ:

ਹਵਾਲੇ[ਸੋਧੋ]

  1. Encyclopædia Britannica. "''Romanticism''. Retrieved 30 January 2008, from Encyclopædia Britannica Online". Britannica.com. Retrieved 2010-08-24.
  2. ਡਾ:ਸੁਖਵਿੰਦਰ ਸਿੰਘ,ਸਾਹਿਤ ਵਿਧਾਨ,ਸੁੰਦਰ ਬੁੱਕ ਡਿਪੋ,ਸਾਲ-2005,ਮਾਈ ਹੀਰਾ ਗੇਟ ਜਲੰਧਰ,ਪੰਨਾ ਨੰ-43
  3. ਸੰ:ਰਤਨ ਸਿੰਘ ਜੱਗੀ,ਖੋਜ ਪਤ੍ਰਿਕਾ ਵਾਦ ਅੰਕ-31,ਪੁਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ-ਪਟਿਆਲਾ,ਪੰਨਾ ਨੰ:81
  4. ਡਾ:ਸੁਖਵਿੰਦਰ ਸਿੰਘ,ਸਾਹਿਤ ਵਿਧਾਨ,ਸੁੰਦਰ ਬੁੱਕ ਡਿਪੋ,ਸਾਲ-2005,ਮਾਈ ਹੀਰਾ ਗੇਟ ਜਲੰਧਰ,ਪੰਨਾ ਨੰ-44
  5. ਡਾ:ਸੁਖਵਿੰਦਰ ਸਿੰਘ,ਸਾਹਿਤ ਵਿਧਾਨ,ਸੁੰਦਰ ਬੁੱਕ ਡਿਪੋ,ਸਾਲ-2005,ਮਾਈ ਹੀਰਾ ਗੇਟ ਜਲੰਧਰ,ਪੰਨਾ ਨੰ-44