ਲਲਤੋਂ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਲਤੋਂ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਲੁਧਿਆਣਾ-1
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਲੁਧਿਆਣਾ

ਲਲਤੋਂ ਕਲਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਲੁਧਿਆਣਾ-1 ਦਾ ਇੱਕ ਪਿੰਡ ਹੈ।[1] ਲਲਤੋਂ ਕਲਾਂ ਦੇ ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਤੇ ਕਿੱਸਾਕਾਰਾਂ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ। ਇਹ ਪਿੰਡ ਪਹਿਲਾਂ ਜੀਂਦ ਰਿਆਸਤ ਦੇ ਸੰਗਰੂਰ ਦੇ ਰਾਜੇ ਅਧੀਨ ਹੁੰਦਾ ਸੀ। ਪਿੰਡ ਵਿੱਚ ਇੱਕ ਕਿਲ੍ਹਾ ਬਣਿਆ ਹੋਇਆ ਹੈ। ਇਸ ਕਿਲ੍ਹੇ ਵਿੱਚ ਚਾਰ ਭਰਾ ਰਹਿੰਦੇ ਸਨ ਜਿਨ੍ਹਾਂ ਦੇ ਨਾਂ ਬਾਘਾ, ਰੂਪ ਚੰਦ, ਹਿੰਮਤ ਤੇ ਗ ਸਨ। ਤਿੰਨ ਭਰਾ ਬਾਘਾ, ਰੂਪ ਚੰਦ ਤੇ ਹਿੰਮਤ ਕਿਲ੍ਹੇ ਤੋਂ ਬਾਹਰ ਆ ਕੇ ਲਲਤੋਂ ਖੁਰਦ ਵਿੱਚ ਰਹਿਣ ਲੱਗ ਪਏ ਜਿਨ੍ਹਾਂ ਦੇ ਨਾਂ ’ਤੇ ਤਿੰਨ ਪੱਤੀਆਂ ਅੱਜ ਵੀ ਹਨ।

ਪਿੰਡ ਬਾਰੇ[ਸੋਧੋ]

ਪਿੰਡ ਦੇ ਚਾਰੇ ਪਾਸੇ ਪਹਿਲਾਂ ਚਾਰ ਦਰਵਾਜ਼ੇ ਬੰਦ ਹੋਣ ’ਤੇ ਪਿੰਡ ਦੀ ਸੁਰੱਖਿਆ ਵੱਧ ਜਾਂਦੀ ਸੀ। ਜਦੋਂ ਕਦੇ ਬਾਹਰੋਂ ਹਮਲਾ ਹੁੰਦਾ ਤਾਂ ਪਿੰਡ ਦੇ ਚੜ੍ਹਦੇ ਪਾਸੇ ਇੱਕ ਡੇਰੇ ਉਪਰ ਚੜ੍ਹ ਕੇ ਨਗਾਰਾ ਵਜਾ ਦਿੱਤਾ ਜਾਂਦਾ ਸੀ ਜਿਸ ਨਾਲ ਸਾਰੇ ਪਿੰਡ ਵਾਸੀ ਆਪੋ-ਆਪਣੇ ਹਥਿਆਰ ਲੈ ਕੇ ਮੁਕਾਬਲਾ ਲਈ ਤਿਆਰ ਹੋ ਜਾਂਦੇ। ਇਸ ਪਿੰਡ ਵਿੱਚ ਮੁਸਲਮਾਨਾਂ ਦੇ ਕਈ ਘਰਾਂ ਉੱਤੇ ਸ਼ੀਸ਼ੇ ਦੀ ਮੀਨਾਕਾਰੀ ਦੇਖ ਕੇ ਰੂਹ ਨਸ਼ਿਆ ਜਾਂਦੀ ਹੈ। ਇਸੇ ਕਰਕੇ ਕਈ ਫ਼ਿਲਮਾਂ ਦੀ ਸ਼ੂਟਿੰਗ ਇਸ ਪਿੰਡ ਵਿੱਚ ਹੋਈ ਹੈ। ਪੁਰਾਣੇ ਸਮੇਂ ਵਿੱਚ ਪਿੰਡ ਦੇ ਲਹਿੰਦੇ ਪਾਸੇ ਟਿੱਬੇ ਹੀ ਟਿੱਬੇ ਸਨ। ਕਈ ਵਾਰੀ ਫ਼ੌਜ ਦੀਆਂ ਯੂਨਿਟਾਂ ਮਸ਼ਕਾਂ ਵੀ ਕਰਿਆ ਕਰਦੀਆਂ ਸਨ। ਹੁਣ ਇਹ ਸਾਰੇ ਟਿੱਬੇ ਲੁਧਿਆਣੇ ਸ਼ਹਿਰ ਦੇ ਛੱਪੜ ਅਤੇ ਨੀਵੀਆਂ ਥਾਵਾਂ ਨੂੰ ਭਰਨ ਲਈ ਖਪ ਗਏ। ਹੁਣ ਟਿੱਬਿਆਂ ਦੀ ਪੱਧਰ ਕੀਤੀ ਜ਼ਮੀਨ ਉੱਤੇ ਗੁਰਬਚਨ ਮੈਮੋਰੀਅਲ ਹਸਪਤਾਲ, ਪਸ਼ੂਆਂ ਦਾ ਹਸਪਤਾਲ, ਦਾਣਾ ਮੰਡੀ, ਪੁਲੀਸ ਚੌਕੀ ਤੇ ਬਿਜਲੀ ਦਫ਼ਤਰ ਬਣ ਗਿਆ ਹੈ। ਇਸ ਜ਼ਮੀਨ ਉੱਤੇ ਉਦਯੋਗ ਲੱਗਣ ਕਾਰਨ ਇਸ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।

ਪਿੰਡ ਦੇ ਸਾਹਿਤਕਾਰ ਅਤੇ ਹੋਰ ਕਲਾਕਾਰ[ਸੋਧੋ]

ਪੰਜਾਬ ਵਿੱਚ ਪੁਰਾਣੇ ਸਮੇਂ ਵਿੱਚ ਵਿਆਹ ਵੇਲੇ ਜੰਝ ਬੰਨ੍ਹਣ ਦਾ ਰਿਵਾਜ ਸੀ। ਬੋਲੀ ਦਾ ਜਵਾਬ ਬੋਲੀ ਨਾਲ ਦਿੰਦਿਆ ਹੋਇਆਂ ਜੰਝ ਛੁਡਾਉਣ ਤੋਂ ਬਾਅਦ ਹੀ ਰੋਟੀ ਖਾਧੀ ਜਾਂਦੀ ਸੀ। ਇਸ ਰਵਾਇਤ ਨੂੰ ਮੁੱਖ ਰੱਖਦਿਆਂ ਪਿੰਡ ਦੇ ਸੰਤਾ ਸਿੰਘ ਰਾਮਗੜ੍ਹੀਆ ਨੇ ਕਿੱਸਾ ਲਿਖਿਆ ਜਿਸ ਨੇ ਮਾਲਵੇ ਦੇ ਕਿੱਸਾ ਸਾਹਿਤ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ। ਜੇਕਰ ਪਿੰਡ ਨਾਲ ਸਬੰਧਤ ਉੱਘੀਆਂ ਹਸਤੀਆਂ ਦਾ ਜ਼ਿਕਰ ਹੋਵੇ ਤਾਂ ਪੱਤਰਕਾਰ ਪੀ.ਡੀ. ਮਹਿੰਦਰਾ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉੱਘੇ ਅਦਾਕਾਰ ਧਰਮਿੰਦਰ ਨੇ ਵੀ ਮੁਢਲੀ ਪੜ੍ਹਾਈ ਇਸੇ ਪਿੰਡ ਦੇ ਸਕੂਲ ਵਿੱਚੋਂ ਕੀਤੀ ਸੀ। ਪਿੰਡ ਦੇ ਬਲਦੇਵ ਲਲਤੋਂ ਨੇ ਦਰਜਨ ਤੋਂ ਵੱਧ ਹਿੰਦੀ, ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਲਲਤੋਂ ਕਲਾਂ ਵਿੱਚ ਬਕਲਮਖੁਦ ਤੋਂ ਇਲਾਵਾ ਸੁਖਦੇਵ ਸਿੰਘ ਨੌਰਥ ਅਤੇ ਸੇਵਾ ਸਿੰਘ ਨੌਰਥ ਵਰਗੇ ਚੰਗੇ ਗੀਤਕਾਰ ਪੈਦਾ ਹੋਏ ਹਨ। ਇਸ ਪਿੰਡ ਦੇ ਨਰੰਜਣ ਸਿੰਘ ਨੰਜੀ ਦੀ ਛਪਾਰ ਦੇ ਮੇਲੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ। ਤਿੰਨ-ਤਿੰਨ ਦਿਨ ਤੇ ਰਾਤਾਂ ਖੜ੍ਹ ਕੇ ਬੋਲੀਆਂ ਪਾਉਣੀਆਂ, ਉਹ ਵੀ ਮੂੰਹ ਜ਼ੁਬਾਨੀ ਜੋੜਨੀਆਂ ਪੜ੍ਹਿਆਂ-ਲਿਖਿਆਂ ਦੇ ਵਸ ਦੀ ਗੱਲ ਨਹੀਂ ਸੀ ਤੇ ਉਹ ਅਨਪੜ੍ਹ ਹੋਣ ਦੇ ਬਾਵਜੂਦ ਬੋਲੀਆਂ ਦਾ ਬਾਦਸ਼ਾਹ ਸੀ। ਇਸ ਪਿੰਡ ਦੇ ਨਾਵਲਕਾਰ ਅਤੇ ਕਹਾਣੀਕਾਰ ਹਰੀ ਸਿੰਘ ਦਿਲਬਰ ਨੇ ਪੰਜਾਬੀ ਸਾਹਿਤ ਦੀ ਝੋਲੀ 13 ਨਾਵਲ ਅਤੇ 9 ਕਹਾਣੀ ਸੰਗ੍ਰਹਿ ਪਾਏ ਹਨ। ਉਜਾਗਰ ਲਲਤੋਂ ਨੇ ਵੀ ਦੋ ਨਾਵਲ ਤੇ ਕੁਝ ਕਹਾਣੀਆਂ ਸਾਹਿਤ ਦੀ ਝੋਲੀ ਪਾਈਆਂ ਹਨ। ਬਹਾਦਰ ਸਿੰਘ ਗਰੇਵਾਲ ਨੇ ਪਿੰਡ ਦੇ ਸੁਨਹਿਰੀ ਇਤਿਹਾਸ ਨੂੰ ਆਪਣੀ ਕਿਤਾਬ "ਲਲਤੋਂ ਪਿੰਡ ਦਾ ਇਤਿਹਾਸ" ਵਿੱਚ ਕਲਮਬੰਦ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ। ਗੁਰਦੀਪ ਗਰੇਵਾਲ ਦਾ ‘ਸਫ਼ਰ ਦੇ ਬੋਲ’ ਕਾਵਿ ਸੰਗ੍ਰਹਿ ਪਾਠਕਾਂ ਨੇ ਬਹੁਤ ਪਸੰਦ ਕੀਤਾ ਸੀ। ਬਕਲਮਖੁਦ ਨੇ ਵੀ ‘ਨਜ਼ਮ ਜੋ ਹਾਲੇ ਲਿਖਣੀ ਹੈ’ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਪਿੰਡ ਦਾ ਨੌਜਵਾਨ ਕਰਮਜੀਤ ਗਰੇਵਾਲ ਬਾਲ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ ‘ਛੱਡ ਕੇ ਸਕੂਲ ਮੈਨੂੰ ਆ’ ਨਾਮੀ ਪੁਸਤਕ ਲਈ ਬਾਲ ਸਾਹਿਤ ਪੁਰਸਕਾਰ ਵੀ ਮਿਲਿਆ। ਭਜਨ ਸਿੰਘ ਮਸਤਾਨਾ ਅਤੇ ਪੰਜਾਬ ਮੋਹਣੀ ਦੀ ਜੋੜੀ ਦੇ ਤਵੇ ਮੋਗੇ ਦੀ ਰੀਗਲ ਕੰਪਨੀ ਵਿੱਚ ਰਿਕਾਰਡ ਹੋਏ ਸਨ। ਅੱਜ-ਕੱਲ੍ਹ ਕਰਮਜੀਤ ਗਰੇਵਾਲ, ਸਰਬਣ ਸਿੰਘ ਨੌਰਥ ਅਤੇ ਜੱਗਾ ਲਲਤੋਂ ਇਸ ਖੇਤਰ ’ਚ ਜ਼ੋਰ ਅਜ਼ਮਾਈ ਕਰ ਰਹੇ ਹਨ। ਮੈਡੀਕਲ ਖੇਤਰ ਵਿੱਚ ਪਿੰਡ ਦੇ ਡਾ. ਗੁਰਚਰਨ ਸਿੰਘ ਗਰੇਵਾਲ ਦਾ ਨਾਮ ਜ਼ਿਕਰਯੋਗ ਹੈ।

ਹਵਾਲੇ[ਸੋਧੋ]