ਸਮੱਗਰੀ 'ਤੇ ਜਾਓ

ਲੰਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਕਿੱਲੋਮੀਟਰ ਦੀ ਮਿਆਰੀ ਲੰਬਾਈ ਸ਼ਾਹੀ ਨਾਪ ਦੇ 0.62137 ਮੀਲ ਬਰਾਬਰ ਹੁੰਦੀ ਹੈ।

ਜਿਆਮਿਤੀ ਨਾਪਾਂ ਵਿੱਚ ਲੰਬਾਈ ਕਿਸੇ ਜਿਨਸ ਦਾ ਸਭ ਤੋਂ ਲੰਮਾ ਪਸਾਰ ਹੁੰਦਾ ਹੈ।[1] ਮਾਪਾਂ ਦੇ ਕੌਮਾਂਤਰੀ ਪ੍ਰਬੰਧ ਵਿੱਚ ਲੰਬਾਈ ਵਿੱਥੀ ਪਸਾਰ ਵਾਲ਼ਾ ਕੋਈ ਵੀ ਮਾਪ ਹੁੰਦਾ ਹੈ। ਹੋਰ ਕਿਤੇ "ਲੰਬਾਈ" ਕਿਸੇ ਜਿਨਸ ਦਾ ਨਾਪਿਆ ਹੋਇਆ ਪਸਾਰ ਹੁੰਦਾ ਹੈ। ਮਿਸਾਲ ਵਜੋਂ, ਕਿਸੇ ਤਾਰ ਨੂੰ ਇਸ ਤਰਾਂ ਕੱਟਿਆ ਜਾ ਸਕਦਾ ਕਿ ਉਹਦੀ ਲੰਬਾਈ ਉਹਦੀ ਚੁੜਾਈ ਨਾਲ਼ੋਂ ਘੱਟ ਹੋਵੇ।

ਲੰਬਾਈ ਨੂੰ ਉੱਚਾਈ, ਜੋ ਕਿ ਖੜ੍ਹਵਾਂ ਵਿਸਤਾਰ ਹੁੰਦਾ ਹੈ ਅਤੇ ਚੁੜਾਈ, ਜੋ ਕਿ ਇੱਕ ਤੋਂ ਦੂਜੇ ਪਾਸੇ ਤੱਕ ਦੀ ਵਿੱਥ ਹੁੰਦੀ ਹੈ, ਤੋਂ ਵੱਖ ਦੱਸਿਆ ਜਾ ਸਕਦਾ ਹੈ। ਲੰਬਾਈ ਇੱਕ ਪਸਾਰ ਦਾ ਨਾਪ ਹੈ ਜਦਕਿ ਖੇਤਰਫਲ ਦੋ ਪਸਾਰਾਂ ਦਾ ਅਤੇ ਘਣਫਲ ਤਿੰਨ ਦਾ।

ਇਤਿਹਾਸ[ਸੋਧੋ]

ਮਨੁੱਖੀ ਜੀਵਨ ਵਿੱਚ ਇੱਕ ਲੰਮੇ ਸਮੇਂ ਤੋਂ ਮਾਪਣ ਦਾ ਬਹੁਤ ਮਹੱਤਵ ਹੈ। ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਗਿਆ ਤਿਵੇਂ ਤਿਵੈ ਮਾਪਣ ਦੇ ਸੰਦਾਂ ਦਾ ਵਿਕਾਸ ਹੁੰਦਾ ਰਿਹਾ।

ਲੰਬਾਈ ਦੇ ਸਭ ਤੋਂ ਪੁਰਾਣੇ ਮਾਪਾਂ ਵਿੱਚ "ਕਿਊਬਿਟ" ਸ਼ਾਮਲ ਹੈ ਜੋ ਉਂਗਲੀ ਤੋਂ ਲੈਕੇ ਕੂਹਣੀ ਤੱਕ ਦੇ ਮਾਪ ਨੂੰ ਕਿਹਾ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿੱਚ ਗਿੱਠ, ਗੱਜ ਆਦਿ ਮਾਪਣ ਦੇ ਪੁਰਾਣੇ ਮਾਪ ਹਨ।

ਆਈਨਸਟਾਈਨ ਦੀ ਵਿਸ਼ੇਸ਼ ਸਾਪੇਖਤਾ ਸਿਧਾਂਤ ਤੋਂ ਬਾਅਦ ਇਹ ਸਿੱਧ ਹੋ ਗਿਆ ਕਿ ਕਿਸੇ ਚੀਜ਼ ਦੀ ਲੰਬਾਈ ਕਦੇ ਵੀ ਇੱਕ ਸਾਰ ਨਹੀਂ ਹੁੰਦੀ। ਇੱਕ ਰੈਫਰੈਂਸ ਫਰੇਮ ਵਿੱਚ ਇੱਕ ਤਾਰ ਦੀ ਲੰਬਾਈ ਕਿਸੇ ਹੋਰ ਰੈਫਰੈਂਸ ਫਰੇਮ ਵਿੱਚ ਵੱਖ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਅਸਲ ਵਿੱਚ ਕਿਸੇ ਚੀਜ਼ ਦੀ ਲੰਬਾਈ ਦੇਖਣ ਵਾਲੇ ਉੱਤੇ ਨਿਰਭਰ ਕਰਦੀ ਹੈ।

ਇਕਾਈ[ਸੋਧੋ]

ਲੰਬਾਈ ਜਾਂ ਦੂਰੀ ਸਮਾਨਾਰਥਕ ਸ਼ਬਦ ਹਨ ਅਤੇ ਮੁੱਢਲੇ ਸਮੇਂ ਤੋਂ ਹੀ ਮਨੁੱਖ ਲੰਬਾਈ ਜਾਂ ਦੂਰੀ ਨੂੰ ਮਾਪਣ ਲਈ ਵੱਖ-ਵੱਖ ਪੈਮਾਨਿਆਂ ਅਤੇ ਸੰਦਾਂ ਦੀ ਵਰਤੋਂ ਕਰਦਾ ਆ ਰਿਹਾ ਹੈ। ਇਤਿਹਾਸਕ ਤੌਰ ਉੱਤੇ ਮਾਪਣ ਦੀਆਂ ਇਕਾਈਆਂ ਸ਼ਰੀਰਕ ਅੰਗਾਂ ਉੱਤੇ ਆਧਾਰਿਤ ਰਹੀਆਂ ਹਨ।

ਅੰਤਰਰਾਸ਼ਟਰੀ ਇਕਾਈ ਪ੍ਰਣਾਲੀ ਦੇ ਮੁਤਾਬਕ ਲੰਬਾਈ ਦੀ ਮੂਲ ਇਕਾਈ ਮੀਟਰ ਹੈ। ਇਸ ਤੋਂ ਬਿਨਾਂ ਸੈਂਟੀਮੀਟਰ ਅਤੇ ਕਿਲੋਮੀਟਰ ਇਕਾਈਆਂ ਦੀ ਵਰਤੋਂ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਹੁੰਦੀ ਹੈ। ਇਹਨਾਂ ਤੋਂ ਬਿਨਾਂ ਇੰਚ, ਫੁੱਟ, ਗੱਜ ਆਦਿ ਇਕਾਈਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

  1. Princeton.edu