ਵਿਆਹ ਦੀ ਭੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੰਡੇ/ਕੁੜੀ ਦੇ ਵਿਆਹ ਦਾ ਦਿਨ ਨਿਯਤ ਕਰਕੇ ਮੁੰਡੇ/ਕੁੜੀ ਦੀ ਮਾਂ ਆਪਣੇ ਪੇਕੇ ਵਿਆਹ ਦੇ ਰੱਖੇ ਦਿਨ ਦੀ ਸੂਚਨਾ ਦੇਣ ਲਈ ਗੁੜ ਦੀ ਭੇਲੀ ਲੈ ਕੇ ਜਾਂਦੀ ਸੀ, ਜਿਸ ਨੂੰ ਵਿਆਹ ਦੀ ਭੇਲੀ” ਕਿਹਾ ਜਾਂਦਾ ਸੀ। ਭੇਲੀ ਉੱਪਰ ਖੰਮ੍ਹਣੀ ਬੰਨ੍ਹੀ ਹੁੰਦੀ ਸੀ। ਨਾਲ ਹੀ ਵਿਆਹ ਦੇ ਦਿਨ ਸੰਬੰਧੀ ਸਾਦੇ ਕਾਗਜ ਤੇ ਚਿੱਠੀ ਲਿਖੀ ਹੁੰਦੀ ਸੀ। ਉੱਪਰ ਹਲਦੀ ਦਾ ਟਿੱਕਾ ਲਾਇਆ ਹੁੰਦਾ ਸੀ ਤੇ ਚਿੱਠੀ ਨੂੰ ਖੰਮਣੀ ਵਿਚ ਵਟਿਆ ਹੁੰਦਾ ਸੀ। ਪਹਿਲੇ ਸਮਿਆਂ ਵਿਚ ਮਿੱਠੀ ਵਸਤ ਗੁੜ ਤੇ ਸ਼ੱਕਰ ਹੀ ਹੁੰਦੀ ਸੀ। ਇਸ ਲਈ ਹਰ ਸ਼ਗਨ ਗੁੜ ਤੇ ਸ਼ੱਕਰ ਨਾਲ ਕੀਤਾ ਜਾਂਦਾ ਸੀ। ਭੇਲੀ ਆਮਤੌਰ ਤੇ ਪੰਜ ਕੁ ਕਿਲੋ ਵਜ਼ਨ ਦੀ ਹੁੰਦੀ ਸੀ। ਮੁੰਡੇ/ਕੁੜੀ ਦੇ ਵਿਆਹ ਤੋਂ 15 ਦਿਨ ਜਾਂ 21 ਦਿਨ ਮੁੰਡੇ/ਕੁੜੀ ਦੀ ਮਾਂ ਲੈ ਕੇ ਜਾਂਦੀ ਸੀ। ਭੇਲੀ ਲੈ ਕੇ ਗਈ ਧੀ ਨੂੰ ਦਰਵਾਜੇ ਤੇ ਤੇਲ ਚੋਅ ਕੇ ਅੰਦਰ ਵਾੜਿਆ ਜਾਂਦਾ ਸੀ। ਵਾਪਸ ਆਉਣ ਸਮੇਂ ਧੀ ਨੂੰ ਸੂਟ, ਆਪਣੇ ਜੁਆਈ ਨੂੰ ਪੱਗ ਜਾਂ ਖੇਸ ਦਿੱਤਾ ਜਾਂਦਾ ਸੀ। ਜੇਕਰ ਭੇਲੀ ਦੇਣ ਨਾਲ ਕੋਈ ਲਾਗੀ ਜਾਂਦਾ ਸੀ ਤਾਂ ਉਸ ਨੂੰ ਵੀ ਲਾਗ ਦੇ ਕੇ ਤੋਰਿਆ ਜਾਂਦਾ ਸੀ।

“ਵਿਆਹ ਦੀ ਭੇਲੀ” ਦੀ ਰਸਮ ਨੇ ਹੁਣ ਰੂਪ ਵਟਾ ਲਿਆ ਹੈ। ਭੇਲੀ ਤੋਂ ਬਾਅਦ ਪਤਾਸੇ ਦੇਣ ਦਾ ਰਿਵਾਜ ਚੱਲਿਆ। ਹੁਣ ਆਮ ਤੌਰ ਤੇ ਲੱਡੂ ਦੇ ਡੱਬੇ ਤੇ ਨਾਲ ਵਿਆਹ ਦਾ ਕਾਰਡ ਦੇਣ ਦਾ ਰਿਵਾਜ ਹੈ। ਕਈ ਬਰਫੀ ਦੇ ਡੱਬੇ ਦੇ ਦਿੰਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.