ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/10 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਈ ਮਨੀ ਸਿੰਘ (10 ਮਾਰਚ, ਸੰਨ 1644-24 ਜੂਨ ਸੰਨ 1734) ਦਾ ਜਨਮ 10 ਮਾਰਚ, ਸੰਨ 1644 ਈ. ਨੂੰ ਅਲੀਪੁਰ ਉਤਰੀ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਮਾਈ ਦਾਸ ਤੇ ਮਾਤਾ ਦਾ ਨਾਂ ਮਧਰੀ ਬਾਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ 1691 ਈ. ਦੀ ਵਿਸਾਖੀ ਵਾਲੇ ਦਿਨ ਦੀਵਾਨ ਨਿਯੁਕਤ ਕੀਤਾ ਸੀ। ਗੁਰੂ ਨੇ 1699 ਈ. ਵਿੱਚ ਵਿਸਾਖੀ ਦੇ ਮੇਲੇ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਸੀ। ਭਾਈ ਮਨੀ ਸਿੰਘ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਖਾਲਸਾ ਸਾਜਨਾ ਉਪਰੰਤ ਅੰਮ੍ਰਿਤਸਰ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ। ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਹਰਿਮੰਦਰ ਸਾਹਿਬ ਦਾ ਤੀਸਰਾ ਗ੍ਰੰਥੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਦਾ ਉਘਾ ਯੋਗਦਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਹਨਾ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਈ ਮਨੀ ਸਿੰਘ ਗੁਰਬਾਣੀ ਦਾ ਪ੍ਰਮਾਣਕ ਵਿਆਖਿਆਕਾਰ ਸੀ। ਉਹ ਸੁਲਝਿਆ ਹੋਇਆ ਸਾਖੀ ਉਚਾਰਕ ਸੀ। ਉਹ ਗੁਰੂ ਘਰ ਦਾ ਪ੍ਰਬੁੱਧ ਪ੍ਰਚਾਰਕ, ਪ੍ਰਬੰਧਕ ਤੇ ਯੋਧਾ ਸੀ। ਭਾਈ ਗੁਰਦਾਸ ਤੋਂ ਬਾਅਦ ਉਹ ਦੂਜਾ ਗੁਰਬਾਣੀ ਲਿੱਪੀਕਾਰ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਲਿਖੀ ਸੀ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਬੀੜ ਨੂੰ ਹੀ ‘ਗੁਰੂ’ ਪਦ ਬਖਸ਼ਿਆ ਗਿਆ ਸੀ। ਇਸ ਬੀੜ ਦਾ ਨਾਂ ਦਮਦਮੀ ਬੀੜ ਹੈ। 24 ਜੂਨ ਸੰਨ 1734 ਈ. ਨੂੰ ਲਾਹੌਰ ਦੇ ਨਖਾਸ ਚੌਕ ਅੰਦਰ ਬੰਦ ਬੰਦ ਕਟਵਾ ਕੇ ਸ਼ਹਾਦਤ ਨੂੰ ਚੁੰਮਣ ਵਾਲਾ ਭਾਈ ਮਨੀ ਸਿੰਘ ਗੁਰਬਾਣੀ ਦਾ ਪਹਿਲਾ ਸ਼ਹੀਦ ਲਿੱਪੀਕਾਰ ਹੈ।