ਵਿਕੀਪੀਡੀਆ:ਚੁਣਿਆ ਹੋਇਆ ਲੇਖ/15 ਫ਼ਰਵਰੀ
ਪਹਿਲੀ ਐਂਗਲੋ-ਮਰਾਠਾ ਲੜਾਈ(1775-1782) ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਕਾਰ ਹੋਈ। ਇਹ ਲੜਾਈ ਸੂਰਤ ਦੀ ਸੰਧੀ ਨਾਲ ਸ਼ੁਰੂ ਹੋਈ ਅਤੇ ਸਾਲਬਾਈ ਦੀ ਸੰਧੀ ਨਾਲ ਖ਼ਤਮ ਹੋਈ। 1772 ਵਿੱਚ ਮਾਧਵਰਾਓ ਪੇਸ਼ਵਾ ਦੀ ਮੌਤ ਪਿੱਛੋਂ, ਉਸਦਾ ਭਰਾ ਨਰਾਇਣਰਾਓ ਮਰਾਠਾ ਸਾਮਰਾਜ ਦਾ ਪੇਸ਼ਵਾ ਬਣਾ ਦਿੱਤਾ ਗਿਆ ਸੀ। ਪਰ ਪੇਸ਼ਵਾ ਬਾਜੀਰਾਓ-1 ਦਾ ਪੁੱਤਰ ਰਘੂਨਾਥ ਰਾਓ ਪੇਸ਼ਵਾ ਦੀ ਉਪਾਧੀ ਹਥਿਆਉਣਾ ਚਾਹੁੰਦਾ ਸੀ। ਇਸੇ ਸਮੇਂ 'ਚ ਮਾਧਵਰਾਓ ਦੀ ਵਿਧਵਾ ਗੰਗਾਬਾਈ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਕਿ ਤਖ਼ਤ ਦਾ ਕਾਨੂੰਨੀ ਵਾਰਿਸ ਸੀ। ਇਸ ਬੱਚੇ ਦਾ ਨਾਮ ਸਵਾਏ ਮਾਧਵਰਾਓ ਰੱਖਿਆ ਗਿਆ। ਬਾਰਾਂ ਮਰਾਠਾ ਸਰਦਾਰ ਨਾਨਾ ਫੜਨਵੀਸ ਦੀ ਅਗਵਾਈ ਵਿੱਚ ਇਸ ਬੱਚੇ ਨੂੰ ਪੇਸ਼ਵਾ ਦੀ ਉਪਾਧੀ ਦੇਣਾ ਚਾਹੁੰਦੇ ਸਨ। ਰਘੂਨਾਥ ਰਾਓ, ਜਿਸਨੂੰ ਆਪਣੀ ਇਹ ਜਗ੍ਹਾ ਅਤੇ ਤਾਕਤ ਖੁੱਸ ਜਾਣ ਦਾ ਡਰ ਸੀ ਅਤੇ ਇਸਦੇ ਵਿਰੋਧ 'ਚ ਸੀ, ਨੇ ਅੰਗਰੇਜ਼ੀ ਹਕੂਮਤ ਬੰਬਈ ਤੋਂ ਮਦਦ ਮੰਗੀ ਅਤੇ 6 ਮਾਰਚ,1775 ਨੂੰ ਸੂਰਤ ਦੀ ਸੰਧੀ ਉੱਪਰ ਹਸਤਾਖਰ ਕਰ ਦਿੱਤੇ, ਜਿਸ ਦੀਆਂ ਸ਼ਰਤਾਂ ਵਜੋਂ ਰਘੂਨਾਥ ਨੂੰ ਸਲਸੱਟੀ ਅਤੇ ਵਸਈ ਦੇ ਇਲਾਕੇ ਅੰਗਰੇਜ਼ਾਂ ਨੂੰ ਦੇਣੇ ਸਨ, ਇਸਦੇ ਨਾਲ ਉਸਨੂੰ ਸੂਰਤ ਅਤੇ ਭਰੁਚ ਜ਼ਿਲ੍ਹਿਆਂ ਤੋਂ ਆਉਣ ਵਾਲਾ ਕਰ ਵੀ ਅੰਗਰੇਜ਼ਾਂ ਨੂੰ ਦੇਣਾ ਸੀ। ਇਸਦੇ ਬਦਲੇ ਅੰਗਰੇਜ਼ਾਂ ਨੇ ਰਘੂਨਾਥ ਨੂੰ 2500 ਸੈਨਿਕ ਮੁਹੱਈਆ ਕਰਨ ਦਾ ਵਾਅਦਾ ਕੀਤਾ। ਬ੍ਰਿਟਿਸ਼ ਕਲਕੱਤਾ ਕੌਂਸਲ ਨੇ ਸੂਰਤ ਦੀ ਸੰਧੀ ਦੀ ਨਿੰਦਾ ਕੀਤੀ ਅਤੇ ਕਰਨਲ ਉਪਟਨ ਨੂੰ ਇਸ ਸੰਧੀ ਨੂੰ ਰੱਦ ਕਰਕੇ ਨਵੀਂ ਸੰਧੀ ਕਰਨ ਲਈ ਪੂਨਾ ਭੇਜਿਆ। ਜਿਸਨੇ 1ਮਾਰਚ 1776 ਨੂੰ ਸੂਰਤ ਦੀ ਸੰਧੀ ਰੱਦ ਕਰਕੇ ਨਵੀਂ ਪੁਰੰਦਰ ਦੀ ਸੰਧੀ ਕੀਤੀ, ਜਿਸ ਅਨੁਸਾਰ ਰਘੂਨਾਥਰਾਓ ਨੂੰ ਪੈਨਸ਼ਨ 'ਤੇ ਕਰ ਦਿੱਤਾ ਗਿਆ ਅਤੇ ਉਸ ਨਾਲ ਕੀਤੇ ਸਾਰੇ ਵਾਅਦੇ ਰੱਦ ਕਰ ਦਿੱਤੇ ਗਏ ਪਰ ਸਲਸੱਟੀ ਅਤੇ ਭਰੁਚ ਦੇ ਇਲਾਕੇ ਉਹਨਾਂ ਨੇ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਹੀ ਰੱਖੇ। ਬੰਬਈ ਦੀ ਸਰਕਾਰ ਨੇ ਇਸ ਨਵੀਂ ਸੰਧੀ ਦਾ ਵਿਰੋਧ ਕੀਤਾ। 1977 ਵਿੱਚ ਨਾਨਾ ਫੜਨਵੀਸ ਨੇ ਫ਼ਰਾਸੀਸੀਆਂ ਨੂੰ ਪੱਛਮੀ ਘਾਟ 'ਤੇ ਇੱਕ ਬੰਦਰਗਾਹ ਦੇ ਕੇ ਇਸ ਸੰਧੀ ਦੀ ਉਲੰਘਣਾ ਕੀਤੀ, ਜਿਸਦੇ ਜਵਾਬ ਵਿੱਚ ਅੰਗਰੇਜ਼ਾਂ ਨੇ ਪੂਨੇ ਵੱਲ ਆਪਣੀ ਫ਼ੌਜ ਭੇਜ ਦਿੱਤੀ।