ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/5 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਨਅਕਸ

ਲਿਨਅਕਸ ਜਾਂ ਲਿਨਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਸਾਫ਼ਟਵੇਅਰ ਆਪਰੇਟਿੰਗ ਸਿਸਟਮ ਹੈ। ਇਹ ਲਿਨਕਸ ਕਰਨਲ ’ਤੇ ਅਧਾਰਤ ਹੈ ਜੋ ਕਿ 5 ਅਕਤੂਬਰ 1991 ਨੂੰ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21-ਸਾਲਾ ਵਿਦਿਆਰਥੀ ਲੀਨਸ ਤੂਰਵਲਦਸ ਨੇ ਜਾਰੀ ਕੀਤਾ ਸੀ। ਪਿਛੋਂ ਇਸ ਨੂੰ ਅਮਰੀਕਾ ਦੇ ਗਨੂ (GNU) ਪ੍ਰਾਜੈਕਟ ਦੀ ਹਿਮਾਇਤ ਮਿਲ ਗਈ ਅਤੇ ਇਹ ਪੂਰੀ ਦੁਨੀਆ ਵਿੱਚ ਫੈਲਣ ਲੱਗਾ। 1970ਵਿਆਂ ਵਿੱਚ ਡੈਨਿਸ ਰਿਚੀ, ਕੇਨ ਥਾਮਪਸਨ ਅਤੇ ਹੋਰਨਾਂ ਨੇ ਯੂਨਿਕਸ ਦੀ ਖੋਜ ਕਰ ਲਈ ਸੀ ਜੋ ਪਹਿਲਾਂ-ਪਹਿਲ ਅਸੈਂਬਲੀ ਭਾਸ਼ਾ ਅਤੇ ਛੇਤੀ ਹੀ ਸੀ (ਪ੍ਰੋਗਰਾਮਿੰਗ ਭਾਸ਼ਾ) ਵਿੱਚ ਲਿਖਿਆ ਗਿਆ। 1991 ਵਿੱਚ ਮਾਈਕ੍ਰੋਸਾਫ਼ਟ ਦੇ ਬਿਲ ਗੇਟਸ ਵਲੋਂ ਖਰੀਦਿਆ ਗਿਆ ਡੋਸ (DOS) ਆਪਰੇਟਿੰਗ ਸਿਸਟਮ ਮਾਰਕਿਟ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਸੀ। ਐਪਲ ਦੇ ਮੈਕ (Mac) ਕੰਪਿਊਟਰ ਚੰਗੇ ਸਨ ਪਰ ਮਹਿੰਗੇ ਹੋਣ ਕਾਰਨ ਉਹ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ। ਯੂਨਿਕਸ ਵੇਚਣ ਵਾਲਿਆਂ ਦਾ ਤਬਕਾ ਹੁਣ ਆਪਣੇ ਕੋਡ ਨੂੰ ਸਾਂਭ-ਸਾਂਭ ਰੱਖਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਹੈਲਸਿੰਕੀ ਯੂਨੀਵਰਸਿਟੀ ਦੇ ਦੂਜੇ ਸਾਲ ਦੇ ਵਿਦਿਆਰਥੀ ਲੀਨਸ ਤੂਰਵਲਦਸ ਦੇ ਹੱਥ ਡੱਚ ਪ੍ਰੋਫ਼ੈਸਰ ਐਨਡ੍ਰਿਊ ਐੱਸ. ਤਾਨੇਨਬੌਮ ਦੀ ਇੱਕ ਕਿਤਾਬ ਲੱਗੀ। ਕਿਤਾਬ ਵਿੱਚ 12,000 ਲਾਇਨਾਂ ਦਾ ਮਿਨਿਕਸ ਆਪਰੇਟਿੰਗ ਸਿਸਟਮ ਦਾ ਕੋਡ ਸੀ। ਭਾਵੇਂ ਮਿਨਿਕਸ ਕੋਈ ਬਹੁਤ ਜ਼ਿਆਦਾ ਚੰਗਾ ਆਪਰੇਟਿੰਗ ਸਿਸਟਮ ਨਹੀਂ ਸੀ ਪਰ ਕਿਤਾਬ ਦਾ ਮੁੱਖ ਫ਼ਾਇਦਾ ਇਹ ਸੀ ਕਿ ਕੋਈ ਵੀ ਇਸ ਕਿਤਾਬ ਦੇ ਜ਼ਰੀਏ ਇਹ ਸਿੱਖ ਸਕਦਾ ਸੀ ਕਿ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਕੰਮ ਕਰਦੇ ਹਨ।