ਸਤਿੰਦਰ ਬੀਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਤਿੰਦਰ ਬੀਬਾ ਪੰਜਾਬੀ ਗਾਇਕਾ ਸੀ। ਨਰਿੰਦਰ ਬੀਬਾ ਤੇ ਫਕੀਰ ਸਿੰਘ ਫਕੀਰ ਤੋਂ ਛੋਟੀ ਸਤਿੰਦਰ ਬੀਬਾ ਦਾ ਜਨਮ 1943 ਵਿੱਚ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ ਨੰ. 120 ਵਿਖੇ ਪਿਤਾ ਫ਼ਤਹਿ ਸਿੰਘ ਰਾਣਾ ਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। ਸਕੂਲ ਪੜ੍ਹਾਈ ਕਰਦੇ ਸਮੇਂ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੀ ਸਤਿੰਦਰ ਬੀਬਾ ਨੂੰ ਗਾਇਕੀ ਦਾ ਮਾਹੌਲ ਆਪਣੇ ਘਰ ਵਿੱਚੋਂ ਹੀ ਮਿਲਿਆ ਕਿਉਂਕਿ ਉਸਦੀ ਵੱਡੀ ਭੈਣ ਨਰਿੰਦਰ ਬੀਬਾ ਉਸ ਸਮੇਂ ਗਾਇਕੀ ਵਿੱਚ ਇੱਕ ਸਥਾਪਤ ਨਾਂ ਸੀ। ਸਤਿੰਦਰ ਬੀਬਾ ਨੇ ਗਾਇਕੀ ਵਿੱਚ ਆਪਣੀ ਵੱਡੀ ਭੈਣ ਨਰਿੰਦਰ ਬੀਬਾ ਨੂੰ ਉਸਤਾਦ ਧਾਰਿਆ ਤੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।[1]

ਗਾਇਕੀ[ਸੋਧੋ]

ਸ਼ੁਰੂਆਤੀ ਦਿਨਾਂ ਵਿੱਚ ਸਤਿੰਦਰ ਬੀਬਾ ਆਪਣੇ ਭਰਾਵਾਂ ਨਾਲ ਪ੍ਰੋਗਰਾਮਾਂ ’ਤੇ ਜਾਂਦੀ ਸੀ। ਉਸਦੀ ਸਭ ਤੋਂ ਪਹਿਲੀ ਰਿਕਾਰਡਿੰਗ ਉਸਦੇ ਭਰਾ ਅਮੀਰ ਸਿੰਘ ਰਾਣਾ ਨਾਲ ਮਿਲਦੀ ਹੈ। ਉਸ ਸਮੇਂ ਭਾਵੇਂ ਇਹ ਰਿਕਾਰਡਿੰਗ ਸਿਰਫ਼ ਕੁਲਦੀਪ ਮਾਣਕ ਨਾਲ ਹੀ ਹੋਣੀ ਸੀ, ਪਰ ਕੁਝ ਕਾਰਨਾਂ ਕਰਕੇ ਅਮੀਰ ਸਿੰਘ ਰਾਣਾ ਨੂੰ ਲੁਧਿਆਣਾ ਤੋਂ ਰਿਕਾਰਡਿੰਗ ਲਈ ਬੁਲਾਇਆ ਗਿਆ ਸੀ। ਸਤਿੰਦਰ ਬੀਬਾ ਵੱਲੋਂ ਅਮੀਰ ਸਿੰਘ ਰਾਣਾ ਤੇ ਕੁਲਦੀਪ ਮਾਣਕ ਨਾਲ ਰਲ ਕੇ ਗਾਇਆ ਦੋਗਾਣਾ ‘ਬੋਦੀ ਵਾਲਾ ਤਾਰਾ ਚੜ੍ਹਿਆ’ ਉਸ ਸਮੇਂ ਬਹੁਤ ਮਕਬੂਲ ਹੋਇਆ ਸੀ। ਉਸਨੇ ਜਿੱਥੇ ਸਾਕਾ ਸਰਹੰਦ ਤੇ ਕੁਝ ਉਪੇਰਿਆਂ ਵਿੱਚ ਗਾਇਆ ਉੱਥੇ ਕੁਝ ਮਸ਼ਹੂਰ ਕਲਾਕਾਰਾਂ ਨਾਲ ਦੋਗਾਣੇ ਵੀ ਰਿਕਾਰਡ ਕਰਵਾਏ। ਕੁਲਦੀਪ ਮਾਣਕ ਤੋਂ ਇਲਾਵਾ ਉਸਦੇ ਅਮੀਰ ਸਿੰਘ ਰਾਣਾ ਤੇ ਸੀਤਲ ਸਿੰਘ ਸੀਤਲ ਨਾਲ ਦੋਗਾਣੇ ਰਿਕਾਰਡ ਹੋਏ। ਸਾਲ 1983 ਵਿੱਚ ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿੱਚ ਸਤਿੰਦਰ ਬੀਬਾ ਨੇ ਨਰਿੰਦਰ ਬੀਬਾ ਤੇ ਗੁਲਸ਼ਨ ਕੋਮਲ ਨਾਲ ਬੋਲੀਆਂ ਵੀ ਗਾਈਆਂ। ਸਤਿੰਦਰ ਬੀਬਾ ਦੇ ਸਾਥੀ ਕਲਾਕਾਰਾਂ ਨਾਲ ਗਾਏ ਕੁਝ ਮਸ਼ਹੂਰ ਦੋਗਾਣੇ ਹਨ:

* ਮੁੰਡਾ ਮੰਗੇ ਮਸਰਾਂ ਦੀ ਦਾਲ ਨੀਂ ਮਾਏਂ

(ਸੀਤਲ ਸਿੰਘ ਸੀਤਲ ਤੇ ਸਤਿੰਦਰ ਬੀਬਾ)

* ਨਾਲ ਡਰਾਈਵਰ ਹਾਏ ਵੇ ਕੋਈ ਵਿਆਹ ਕਰਵਾਵੇ ਨਾ

(ਸੀਤਲ ਸਿੰਘ ਸੀਤਲ ਤੇ ਸਤਿੰਦਰ ਬੀਬਾ)

* ਵੇ ਕਾਲੀ ਗਾਨੀ ਮਿੱਤਰਾਂ ਦੀ

(ਕੁਲਦੀਪ ਮਾਣਕ ਤੇ ਸਤਿੰਦਰ ਬੀਬਾ)

* ਆਇਆ ਦਿਓਰ ਦਾ ਵਿਆਹ

(ਕੁਲਦੀਪ ਮਾਣਕ ਤੇ ਸਤਿੰਦਰ ਬੀਬਾ)

* ਭਾਬੀ ਤੇਰੀ ਭੈਣ ਪਟੋਲਾ

(ਅਮੀਰ ਸਿੰਘ ਰਾਣਾ ਤੇ ਸਤਿੰਦਰ ਬੀਬਾ)

ਸਤਿੰਦਰ ਬੀਬਾ ਜਦੋਂ ਅਖਾੜਿਆਂ ਵਿੱਚ ਗਾਉਂਦੀ ਸੀ ਤਾਂ ਇੱਕ ਵਾਰ ਪਤਾ ਲੱਗ ਜਾਂਦਾ ਸੀ ਕਿ ਕੋਈ ਬੁਲੰਦ ਤੇ ਉੱਚੀ ਆਵਾਜ਼ ਵਾਲੀ ਗਾਇਕਾ ਗਾ ਰਹੀ ਹੈ। ਉਸਦੀ ਆਵਾਜ਼ ਵੀ ਨਰਿੰਦਰ ਬੀਬਾ ਵਾਂਗ ਹੀ ਸੁਰੀਲੀ ਸੀ। ਉਹ ਅਖਾੜੇ ਸਮੇਂ ਕਈ ਵਾਰ ਚਾਰ ਚਾਰ ਸੋਲੋ ਗੀਤ ਬਿਨਾਂ ਰੁਕੇ ਹੀ ਗਾ ਜਾਂਦੀ ਸੀ। ਉਸਦਾ ਭਾਵੇਂ ਪੱਕਾ ਸੈੱਟ ਕਿਸੇ ਵੀ ਗਾਇਕ ਨਾਲ ਨਹੀਂ ਰਿਹਾ, ਪਰ ਉਸਨੇ ਸਭ ਤੋਂ ਵੱਧ ਪ੍ਰੋਗਰਾਮ ਕੁਲਦੀਪ ਮਾਣਕ ਨਾਲ ਲਾਏ ਤੇ ਰਿਕਾਰਡਿੰਗ ਕਰਵਾਈ।

ਪਰਿਵਾਰਕ ਜੀਵਨ[ਸੋਧੋ]

ਸਤਿੰਦਰ ਬੀਬਾ ਦਾ ਵਿਆਹ ਰੇਲਵੇ ਦੇ ਮੁਲਾਜ਼ਮ ਮਲਕੀਤ ਸਿੰਘ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਦੋ ਬੇਟੀਆਂ ਤੇ ਇੱਕ ਬੇਟੇ ਨੇ ਜਨਮ ਲਿਆ। ਬੀਬਾ ਜੀ ਦੇ ਪਤੀ ਮਲਕੀਤ ਸਿੰਘ ਨੇ ਉਨ੍ਹਾਂ ਨੂੰ ਗਾਇਕੀ ਵਿੱਚ ਕਾਫ਼ੀ ਸਹਿਯੋਗ ਦਿੱਤਾ। ਅਖੀਰਲੇ ਸਮੇਂ ਜਦੋਂ ਸਤਿੰਦਰ ਬੀਬਾ ਦਾ ਗਾਇਕ ਕੁਲਦੀਪ ਮਾਣਕ ਨਾਲ ਗਾਏ ਮਸ਼ਹੂਰ ਦੋਗਾਣਿਆਂ ਕਾਰਨ ਪੂਰਾ ਨਾਂ ਸੀ ।

ਦਿਹਾਂਤ[ਸੋਧੋ]

1981 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਲੁਧਿਆਣਾ ਆਉਂਦੇ ਸਮੇਂ ਸਤਿੰਦਰ ਬੀਬਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਪਤੀ ਦੀ ਵੀ ਮੌਤ ਹੋ ਗਈ।

ਹਵਾਲੇ[ਸੋਧੋ]