ਸਰਾਇ ਅਮਾਨਤ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਾਇ ਅਮਾਨਤ ਖ਼ਾਨ ਤਰਨਤਾਰਨ ਜ਼ਿਲ੍ਹੇ ਦਾ ਇੱਕ ਇਤਿਹਾਸਕ ਪਿੰਡ ਹੈ। ਇਹ ਅੰਮ੍ਰਿਤਸਰ ਤੋਂ 29 ਕਿਲੋਮੀਟਰ, ਤਰਨਤਾਰਨ ਤੋਂ 46 ਕਿਲੋਮੀਟਰ ਅਤੇ ਅਟਾਰੀ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਤਰਨਤਾਰਨ-ਅਟਾਰੀ ਸੜਕ ਉੱਤੇ ਸਥਿਤ ਹੈ। ਮੁਗ਼ਲ ਕਾਲ ਦੌਰਾਨ ਇਸ ਜਰਨੈਲੀ ਮਾਰਗ ਨੂੰ ਸ਼ੇਰਸ਼ਾਹ ਸੂਰੀ ਜਰਨੈਲੀ ਮਾਰਗ ਕਿਹਾ ਜਾਂਦਾ ਸੀ। ਸਰਾਇ ਅਮਾਨਤ ਖ਼ਾਨ ਮੁਗ਼ਲ ਕਾਲ ਦੀ ਭਵਨ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਹੈ ਜਿਸ ਨੂੰ ਭਵਨ ਨਿਰਮਾਤਾ ਤੇ ਸੁਲੇਖਕਾਰ ਅਮਾਨਤ ਖ਼ਾਨ ਨੇ ਬਣਵਾਇਆ ਸੀ। ਮੁਗ਼ਲ ਸ਼ਾਸਕਾਂ ਨੇ ਆਗਰਾ ਤੇ ਲਾਹੌਰ ਤਕ ਸਰਾਵਾਂ ਦਾ ਨਿਰਮਾਣ ਕਰਵਾਇਆ ਅਤੇ ਸਰਾਵਾਂ ਵਿੱਚ ਠਹਿਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਖ਼ਾਸ ਪ੍ਰਬੰਧ ਵੀ ਕੀਤੇ।

ਲਾਹੌਰੀ ਦਰਵਾਜ਼ਾ[ਸੋਧੋ]

ਮੁਗ਼ਲ ਕਾਲ ਵੇਲੇ ਜਿਸ ਇਲਾਕੇ ਵਿੱਚ ਸਰਾਂ ਬਣਾਈ ਜਾਂਦੀ ਸੀ, ਉੱਥੇ ਮਸਜਿਦ ਬਣਾਉਣੀ ਵੀ ਲਾਜ਼ਮੀ ਹੁੰਦੀ ਸੀ। ਮਸਜਿਦ ਦਾ ਧਾਰਮਿਕ ਪ੍ਰਚਾਰਕ ਜਾਂ ਮੌਲਵੀ, ਯਾਤਰੀਆਂ ਨੂੰ ਧਰਮ ਬਾਰੇ ਵੀ ਜਾਣਕਾਰੀ ਦਿੰਦਾ ਸੀ। ਲਾਹੌਰ ਤੋਂ ਗੋਇੰਦਵਾਲ ਜਾਂਦੀ ਜਰਨੈਲੀ ਸੜਕ ‘ਤੇ ਸਰਾਇ ਅਮਾਨਤ ਖ਼ਾਨ, ਨੂਰਦੀਨ ਸਰਾਂ, ਨੌਰੰਗਾਬਾਦ ਸਰਾਂ ਤੇ ਫਤਿਆਬਾਦ ਸਰਾਂ ਬਣਵਾਈਆਂ ਗਈਆਂ ਸਨ ਤਾਂ ਜੋ ਦਿੱਲੀ-ਲਾਹੌਰ ਜਰਨੈਲੀ ਸੜਕ ‘ਤੇ ਸਫ਼ਰ ਕਰਨ ਵਾਲੇ ਵਪਾਰੀ ਤੇ ਯਾਤਰੀ ਠਹਿਰ ਸਕਣ। ਗੋਇੰਦਵਾਲ ਦੇ ਪੱਤਣ ਤੋਂ ਲੰਘ ਕੇ ਨੂਰ ਮਹਿਲ ਦੀ ਸਰਾਂ ਨੂੰ ਰਸਤਾ ਜਾਂਦਾ ਸੀ। ਨੌਰੰਗਾਬਾਦ ਵਿੱਚ ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ ਗੁਰਦੁਆਰਾ ਹੈ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਲੰਗਰ ਛਕਦੇ ਸਮੇਂ ਸ਼ਹੀਦ ਕਰ ਦਿੱਤਾ ਸੀ। ਬਾਬਾ ਬੀਰ ਸਿੰਘ ਦੇ ਚੇਲੇ ਮਹਿਰਾਜ ਸਿੰਘ ਨੇ ਪਹਿਲੀ ਵਾਰ ਅੰਗਰੇਜ਼ਾਂ ਦੇ ਖ਼ਿਲਾਫ਼ ਝੰਡਾ ਚੁੱਕਿਆ ਸੀ। ਅੰਗਰੇਜ਼ਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਰੰਗੂਨ ਭੇਜ ਦਿੱਤਾ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ ਸੀ।

ਇਤਿਹਾਸ[ਸੋਧੋ]

ਅਮਾਨਤ ਖ਼ਾਨ ਇਰਾਨ ਦੇ ਸ਼ਹਿਰ ਸ਼ਿਰਾਜ ਦਾ ਰਹਿਣ ਵਾਲਾ ਸੀ। ਉਸ ਦਾ ਅਸਲ ਨਾਂ ਅਬਦੁਲ ਹੱਕ ਸੀ। ਉਹ ਮੁਗ਼ਲ ਬਾਦਸ਼ਾਹ ਜਹਾਂਗੀਰ ਸਮੇਂ 1609 ਵਿੱਚ ਇਰਾਨ ਤੋਂ ਭਾਰਤ ਆਇਆ ਸੀ ਜੋ ਇੱਕ ਪ੍ਰਸਿੱਧ ਸੁਲੇਖਕਾਰ ਸੀ। ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਆਪਣੀ ਬੇਗ਼ਮ ਨੂਰਜਹਾਂ ਦੀ ਯਾਦ ਵਿੱਚ ਬਣਵਾਏ ਗਏ ਤਾਜਮਹੱਲ (ਆਗਰਾ) ‘ਤੇ ਸੁਲੇਖਕਾਰ ਅਮਾਨਤ ਖ਼ਾਨ ਕੋਲੋਂ ਕੁਰਾਨ ਸ਼ਰੀਫ਼ ਦੀਆਂ ਆਇਤਾਂ ਲਿਖਵਾ ਕੇ ਸੁਲੇਖ ਕਲਾ ਦਾ ਨਮੂਨਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਅਮਾਨਤ ਖ਼ਾਨ ਨੇ ਸਿਕੰਦਰਾਬਾਦ ਵਿੱਚ ਅਕਬਰ ਦਾ ਅਜਾਇਬਘਰ ਅਤੇ ਆਗਰੇ ਦੀ ਸ਼ਾਹੀ ਮਸਜਿਦ ‘ਤੇ ਸੁਲੇਖ ਕਲਾ ਕੀਤੀ। ਬਾਦਸ਼ਾਹ ਨੇ ਤਾਜਮਹੱਲ ‘ਤੇ ਕੀਤੀ ਸੁਲੇਖ ਕਲਾ ਤੋਂ ਪ੍ਰਭਾਵਿਤ ਹੋ ਕੇ ਅਬਦੁੱਲ ਹੱਕ ਨੂੰ ਅਮਾਨਤ ਖ਼ਾਨ ਦੇ ਖ਼ਿਤਾਬ ਨਾਲ ਨਿਵਾਜਿਆ ਅਤੇ ਤੋਹਫ਼ੇ ਵਜੋਂ ਇਹ ਜਾਗੀਰ ਦਿੱਤੀ। ਜਾਗੀਰ ਮਿਲਣ ‘ਤੇ ਅਮਾਨਤ ਖ਼ਾਨ ਨੇ ਦਿੱਲੀ-ਲਾਹੌਰ ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਤੇ ਵਪਾਰੀਆਂ ਦੇ ਠਹਿਰਨ ਲਈ ਇੱਕ ਸਰਾਇ ਬਣਾਈ ਜਿਸ ਵਿੱਚ ਕਮਰਿਆਂ ਤੋਂ ਇਲਾਵਾ ਬਾਰਾਂਦਰੀ ਤੇ ਮਸਜਿਦ ਵੀ ਸੀ। ਪੀਣ ਵਾਲੇ ਪਾਣੀ ਤੇ ਨਹਾਉਣ ਲਈ ਖੂਹ ਅਤੇ ਊਠਾਂ, ਘੋੜਿਆਂ ਤੇ ਬਲਦਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ। ਸਰਾਇ ਦੇ ਨਿਰਮਾਣ ਦੌਰਾਨ ਅਮਾਨਤ ਖ਼ਾਨ ਨੇ ਦੋ ਦਰਵਾਜ਼ੇ ਬਣਵਾਏ। ਪੂਰਬ ਦਿਸ਼ਾ ਵੱਲ ਖੁੱਲ੍ਹਦੇ ਦਰਵਾਜ਼ੇ ਨੂੰ ਦਿੱਲੀ ਦਰਵਾਜ਼ਾ ਅਤੇ ਪੱਛਮ ਵੱਲ ਖੁੱਲ੍ਹਦੇ ਦਰਵਾਜ਼ੇ ਦਾ ਨਾਂ ਲਾਹੌਰੀ ਦਰਵਾਜ਼ਾ ਰੱਖਿਆ। ਮਸਜਿਦ ਅਤੇ ਦੋਵਾਂ ਦਰਵਾਜ਼ਿਆਂ ਦੇ ਬਾਹਰ ਅਰਬੀ ਫ਼ਾਰਸੀ ਭਾਸ਼ਾਵਾਂ ਵਿੱਚ ਕੁਰਾਨ ਸ਼ਰੀਫ਼ ਦੀਆਂ ਆਇਤਾਂ ਲਿਖਵਾਈਆਂ ਅਤੇ ਅਦਭੁੱਤ ਸ਼ੀਸ਼ੇ ਦੀਆਂ ਟਾਇਲਾਂ ਨਾਲ ਸ਼ਿੰਗਾਰਿਆ ਗਿਆ। ਇਸ ਦੇ ਬਾਹਰੀ ਦਰਵਾਜ਼ਿਆਂ ‘ਤੇ ਹੋਈ ਪ੍ਰਾਚੀਨ ਮੀਨਾਕਾਰੀ ਦੇ ਕੁਝ ਅੰਸ਼ ਅੱਜ ਵੀ ਦਿਖਾਈ ਦਿੰਦੇ ਹਨ। ਦੋਵਾਂ ਦਰਵਾਜ਼ਿਆਂ ਦੀ ਡਿਊੜੀ ‘ਤੇ ਚਾਰ ਗੁੰਬਦ ਸਨ, ਜਿਨ੍ਹਾਂ ਵਿੱਚੋਂ ਤਿੰਨ ਅੱਜ ਵੀ ਮੌਜੂਦ ਹਨ ਪਰ ਦਿੱਲੀ ਦਰਵਾਜ਼ੇ ਦਾ ਇੱਕ ਗੁੰਬਦ ਢਹਿ ਚੁੱਕਾ ਹੈ। ਮਸਜਿਦ ਦੇ ਦਰਵਾਜ਼ੇ ‘ਤੇ ਅਰਬੀ ਫ਼ਾਰਸੀ ਵਿੱਚ ਲਿਖੀਆਂ ਕੁਰਾਨ ਦੀਆਂ ਆਇਤਾਂ ਦੀ ਮੀਨਾਕਾਰੀ ਮਿਟ ਚੁੱਕੀ ਹੈ। ਇੱਥੋਂ ਸੌ ਗਜ਼ ਦੂਰ ਬਣੀ ਬਾਉਲੀ ਤੇ ਖੂਹ ਖੰਡਰ ਹੋ ਚੁੱਕੇ ਹਨ।

ਪੁਰਾਤਤਵ ਵਿਭਾਗ[ਸੋਧੋ]

ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ ਸਰਾਇ ਅਮਾਨਤ ਖ਼ਾਨ ਨੂੰ ਵਿਰਾਸਤੀ ਯਾਦਗਾਰ ਐਲਾਨ ਕੇ ਇਸ ਦੀ ਸਾਂਭ-ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਸੈਲਾਨੀਆਂ ਦੇ ਵੇਖਣਯੋਗ ਬਣਾਉਣ ਲਈ ਵਿਸ਼ੇਸ਼ ਕਾਰੀਗਰਾਂ ਕੋਲੋਂ ਸਰਾਇ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪੁਰਾਤਤਵ ਵਿਭਾਗ ਵੱਲੋਂ ਸਰਾਇ ਅੰਦਰ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਇਹ ਥਾਂ ਖਾਲੀ ਕਰਨ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਸਰਕਾਰ ਨੂੰ ਫੌਰੀ ਤੌਰ ‘ਤੇ ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।