ਸਾਗ਼ਰ ਸਿੱਦੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਗ਼ਰ ਸਦੀਕੀ
ساغر صدیقی
ਜਨਮਮੁਹੰਮਦ ਅਖ਼ਤਰ
1928
ਅੰਬਾਲਾ, ਬਰਤਾਨਵੀ ਭਾਰਤ
ਮੌਤ19 ਜੁਲਾਈ 1974(1974-07-19) (ਉਮਰ 46)
ਲਹੌਰ, ਪਾਕਿਸਤਾਨ
ਕਿੱਤਾਉਰਦੂ ਸ਼ਾਇਰ
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ
ਵਿਧਾਗ਼ਜ਼ਲ, ਨਜ਼ਮ, ਮੁਕਤ ਕਾਵਿ

ਮੁਹੰਮਦ ਅਖ਼ਤਰ (1928–1974) (ਤਖ਼ੱਲਸ ਸਾਗ਼ਰ ਸਦੀਕੀ ਉਰਦੂ:ساغر صدیقی) ਇੱਕ ਪਾਕਿਸਤਾਨੀ ਉਰਦੂ ਸ਼ਾਇਰ ਸੀ। ਆਪਣੇ ਬਰਬਾਦ ਅਤੇ ਬੇਘਰ ਇਕੱਲ ਭਰੇ ਜੀਵਨ ਦੇ ਬਾਵਜੂਦ, ਉਹ ਅਖੀਰ ਦਮ ਤੱਕ ਇੱਕ ਭਿਖਾਰੀ ਦੇ ਤੌਰ 'ਤੇ ਮਸ਼ਹੂਰ ਰਿਹਾ। ਉਹ ਇੱਕ ਸੰਤ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਅਤੇ ਉਹ ਆਪਣੀ ਮੌਤ ਉਪਰੰਤ ਇੱਕ ਪਾਲਤੂ ਕੁੱਤੇ ਦੇ ਇਲਾਵਾ ਕੁਝ ਵੀ ਛੱਡ ਕੇ ਨਹੀਂ ਸੀ ਗਿਆ। ਉਸ ਕੁੱਤੇ ਦੀ ਵੀ ਉਸੇ ਗਲੀ ਵਿੱਚ ਇੱਕ ਸਾਲ ਦੇ ਬਾਅਦ ਵਿੱਚ ਮੌਤ ਹੋ ਗਈ ਜਿਥੇ ਸਾਗ਼ਰ ਦੀ ਹੋਈ ਸੀ।[1][2][3]

ਜੀਵਨੀ[ਸੋਧੋ]

ਸਾਗ਼ਰ ਸਦੀਕੀ (ਜਨਮ ਸਮੇਂ ਮੁਹੰਮਦ ਅਖ਼ਤਰ محمد اختر) ਦਾ ਅਸਲ ਖ਼ਾਨਦਾਨ ਅੰਬਾਲੇ ਤੋਂ ਸੀ ਅਤੇ 1928 ਨੂੰ ਅੰਬਾਲੇ ਵਿੱਚ ਹੀ ਉਸਦਾ ਜਨਮ ਹੋਇਆ।[4][5] ਉਸ ਦੇ ਨਿੱਜੀ ਜੀਵਨ ਦੇ ਕੋਈ ਇਤਿਹਾਸਕ ਰਿਕਾਰਡ ਨਹੀਂ ਹਨ। ਉਸ ਨੇ ਇਸ ਸਬੰਧ ਵਿੱਚ ਘੱਟ ਹੀ ਕਦੇ ਕਿਸੇ ਨਾਲ ਕੋਈ ਗੱਲ ਕੀਤੀ ਅਤੇ ਉਸ ਦੇ ਗਵਾਹਾਂ ਤੋਂ ਹੀ ਉਸ ਬਾਰੇ ਮਾੜਾ ਮੋਟਾ ਪਤਾ ਚਲਦਾ ਹੈ।[6] ਘਰ ਦੇ ਮਾਹੌਲ ਤੋਂ ਤੰਗ ਆਕੇ ਉਹ ਛੋਟੀ ਉਮਰ ਵਿੱਚ ਹੀ ਅੰਮ੍ਰਿਤਸਰ ਚਲਿਆ ਗਿਆ ਅਤੇ ਉਥੇ ਹਾਲ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਕੋਲ ਨੌਕਰੀ ਕਰ ਲਈ, ਜੋ ਲੱਕੜੀ ਦੀਆਂ ਕੰਘੀਆਂ ਬਣਾ ਕੇ ਵੇਚਿਆ ਕਰਦਾ ਸੀ। ਉਸ ਨੇ ਵੀ ਇਹ ਕੰਮ ਸਿੱਖ ਲਿਆ। ਦਿਨ ਭਰ ਕੰਘੀਆਂ ਬਣਾਉਂਦਾ ਅਤੇ ਰਾਤ ਨੂੰ ਉਹ ਉਸੇ ਦੁਕਾਨ ਦੀ ਕਿਸੇ ਨੁੱਕਰ ਵਿੱਚ ਪੈ ਜਾਂਦਾ। ਉਹ 14, 15 ਸਾਲ ਦੀ ਉਮਰ ਵਿੱਚ ਹੀ ਸ਼ੇਅਰ ਕਹਿਣ ਲੱਗ ਪਿਆ ਸੀ। ਸ਼ੁਰੂ ਵਿੱਚ ਤਖ਼ੱਲਸ ਨਾਸਿਰ ਮਜ਼ਾਜ਼ੀ ਥਾ ਲੇਕਿਨ ਜਿਲਦ ਹੀ ਇਸੇ ਛੋੜ ਕਰ ਸਾਗ਼ਰ ਸਦੀਕੀ ਹੋ ਗਏ।

ਸਾਗ਼ਰ ਦੀ ਅਸਲ ਚੜ੍ਹਾਈ 1944 ਵਿੱਚ ਹੋਈ। ਇਸ ਸਾਲ ਅੰਮ੍ਰਿਤਸਰ ਵਿੱਚ ਇੱਕ ਬੜੇ ਪੈਮਾਨੇ ਦਾ ਮੁਸ਼ਾਇਰਾ ਕਰਵਾਇਆ ਗਿਆ ਸੀ, ਜਿਸ ਵਿੱਚ ਸ਼ਿਰਕਤ ਲਈ ਲਾਹੌਰ ਦੇ ਕੁਝ ਸ਼ਾਇਰ ਵੀ ਸੱਦੇ ਗਏ ਸੀ। ਉਨ੍ਹਾਂ ਵਿਚੋਂ ਇੱਕ ਸਾਹਿਬ ਨੂੰ ਪਤਾ ਲੱਗਿਆ ਕਿ ਇਹ "ਲੜਕਾ" (ਸਾਗ਼ਰ ਸਦੀਕੀ) ਵੀ ਸ਼ੇਅਰ ਕਹਿੰਦਾ ਹੈ। ਉਸ ਨੇ ਪਰਬੰਧਕਾਂ ਨੂੰ ਕਹਿ ਕੇ ਇਸੇ ਮੁਸ਼ਾਇਰੇ ਵਿੱਚ ਉਸਨੂੰ ਸ਼ੇਅਰ ਪੜ੍ਹਨ ਦਾ ਮੌਕਾ ਦਿਵਾ ਦਿੱਤਾ। ਸਾਗ਼ਰ ਦੀ ਆਵਾਜ਼ ਵਿੱਚ ਬਹੁਤ ਸੋਜ਼ ਸੀ ਅਤੇ ਤਰੰਨਮ ਵਿੱਚ ਪੜ੍ਹਨ ਦਾ ਉਸਦਾ ਜਵਾਬ ਨਹੀਂ ਸੀ। ਬੱਸ ਫਿਰ ਕੀ ਸੀ, ਉਸ ਰਾਤ ਉਸ ਨੇ ਸਹੀ ਮਾਹਨਿਆਂ ਚ ਮੁਸ਼ਾਇਰਾ ਲੁੱਟ ਲਿਆ।

ਸੁਭਾਵਕ ਹੀ ਉਸ ਦੇ ਬਾਅਦ ਅੰਮ੍ਰਿਤਸਰ ਅਤੇ ਲਾਹੌਰ ਦੇ ਮੁਸ਼ਾਇਰਿਆਂ ਵਿੱਚ ਉਸ ਦੀ ਮੰਗ ਵੱਧ‍ ਗਈ। ਉਸਨੇ ਕੰਘੀਆਂ ਬਣਾਉਣ ਦਾ ਕੰਮ ਛੱਡ ਦਿੱਤਾ ਅਤੇ ਬਾਅਜ਼ ਵਲੀ ਅਹਬਾਬ ਦੀ ਮਦਦ ਨਾਲ ਆਪਣਾ ਇਲਮ ਅਤੇ ਯੋਗਤਾ ਵਧਾਉਣ ਦੀ ਕੋਸ਼ਿਸ਼ ਕੀਤੀ। ਮੁਸ਼ਾਇਰਿਆਂ ਵਿੱਚ ਸ਼ਿਰਕਤ ਦੇ ਸਬੱਬ ਇੰਨੀ ਆਮਦਨ ਹੋ ਜਾਂਦੀ ਸੀ ਕਿ ਉਸਨੂੰ ਆਪਣਾ ਢਿੱਡ ਪਾਲਣ ਲਈ ਹੋਰ ਸਖ਼ਤ ਮਿਹਨਤ ਦੀ ਜ਼ਰੂਰਤ ਨਾ ਰਹੀ। ਘਰ ਵਾਲੇ ਬੇਸ਼ੱਕ ਨਰਾਜ ਸਨ ਕਿ ਮੁੰਡਾ ਅਵਾਰਾ ਹੋ ਗਿਆ ਹੈ ਅਤੇ ਕੋਈ ਕੰਮ ਨਹੀਂ ਕਰਦਾ। ਲੇਕਿਨ ਉਸ ਨੂੰ ਉਨ੍ਹਾਂ ਦੀ ਕੀ ਪਰਵਾਹ ਸੀ, ਉਸਨੇ ਘਰ ਆਣਾ ਜਾਣਾ ਹੀ ਛੱਡ ਦਿੱਤਾ। ਕਲਾਮ ਬਾਰੇ ਅਗਵਾਈ ਲੈਣ ਲਈ ਲਤੀਫ਼ ਅਨਵਰ ਗੁਰਦਾਸਪੂਰੀ ਨੂੰ ਉਸਤਾਦ ਬਣਾਇਆ ਅਤੇ ਉਸ ਤੋਂ ਬਹੁਤ ਫ਼ਾਇਦਾ ਉਠਾਇਆ।

1947 ਵਿੱਚ ਪਾਕਿਸਤਾਨ ਬਣਿਆ ਤਾਂ ਉਹ ਅੰਮ੍ਰਿਤਸਰ ਤੋਂ ਲਾਹੌਰ ਚਲਾ ਗਿਆ। ਇੱਥੇ ਦੋਸਤਾਂ ਨੇ ਉਸਨੂੰ ਹੱਥੋ-ਹੱਥ‍ ਲਿਆ। ਉਸ ਦਾ ਕਲਾਮ ਪਰਚਿਆਂ ਵਿੱਚ ਛਪਣ ਲਗਾ। ਸਿਨੇਮਾ ਫ਼ਿਲਮ ਬਣਾਉਣ ਵਾਲੀਆਂ ਨੇ ਉਸਨੂੰ ਗੀਤਾਂ ਦੀ ਫਰਮਾਇਸ਼ ਕੀਤੀ ਅਤੇ ਉਸਨੂੰ ਹੈਰਤਨਾਕ ਕਾਮਯਾਬੀ ਹੋਈ। ਇਸ ਦੌਰ ਦੀਆਂ ਅਨੇਕ ਫ਼ਿਲਮਾਂ ਦੇ ਗੀਤ ਸਾਗਰ ਦੇ ਲਿਖੇ ਹੋਏ ਹਨ। ਉਸ ਜ਼ਮਾਨੇ ਵਿੱਚ ਉਸ ਦੇ ਸਭ ਤੋਂ ਵੱਡੇ ਸਰਪਰਸਤ ਅਨਵਰ ਕਮਾਲ ਪਾਸ਼ਾ (ਇਬਨ ਹਕੀਮ ਅਹਿਮਦ ਸ਼ੁਜਾਅ) ਸਨ, ਜੋ ਪਾਕਿਸਤਾਨ ਵਿੱਚ ਫ਼ਿਲਮਸਾਜ਼ੀ ਦੀ ਸਨਅਤ ਦੇ ਬਾਨੀਆਂ ਵਿੱਚੋਂ ਸੀ। ਉਸ ਨੇ ਆਪਣੀ ਬਹੁਤੀਆਂ ਫ਼ਿਲਮਾਂ ਦੇ ਗੀਤ ਸਾਗ਼ਰ ਤੋਂ ਲਿਖਵਾਏ ਅਤੇ ਇਹ ਬਹੁਤ ਮਕਬੂਲ ਹੋਏ।

1947 ਤੋਂ 1952 ਤੱਕ ਸਾਗਰ ਦੀ ਜ਼ਿੰਦਗੀ ਦਾ ਚੜ੍ਹਤ ਦਾ ਦੌਰ ਕਿਹਾ ਜਾ ਸਕਦਾ ਹੈ। ਉਹ ਲਾਹੌਰ ਦੇ ਕਈ ਰੋਜ਼ਾਨਾ ਅਤੇ ਹਫ਼ਤਾਵਾਰ ਪਰਚਿਆਂ ਨਾਲ ਜੁੜ ਗਿਆ, ਸਗੋਂ ਕਈ ਜਰੀਦੇ ਤਾਂ ਉਸੇ ਦੀ ਸੰਪਾਦਕੀ ਵਿੱਚ ਛਪਦੇ ਰਹੇ। ਪਰ ਇਸ ਦੇ ਬਾਅਦ ਹਾਲਾਤ ਨੇ ਅਜਿਹਾ ਪਲਟਾ ਖਾਧਾ ਕਿ ਉਹ ਕਿਤੇ ਦਾ ਨਾ ਰਿਹਾ।

1952 ਦੀ ਗੱਲ ਹੈ ਕਿ ਉਹ ਇੱਕ ਸਾਹਿਤਕ ਮਾਸਕ ਦੇ ਦਫਤਰ ਵਿੱਚ ਬੈਠਾ ਸੀ। ਉਸ ਨੇ ਸਿਰ ਦਰਦ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ। ਕੋਲ ਹੀ ਬੈਠੇ ਇੱਕ ਹੋਰ ਸ਼ਾਇਰ ਦੋਸਤ ਨੇ ਹਮਦਰਦੀ ਵਿੱਚ ਉਸ ਨੂੰ ਮਾਰਫ਼ੀਆ ਦਾ ਟੀਕਾ ਲਗਾ ਦਿੱਤਾ। ਸਿਰਦਰਦ ਅਤੇ ਬੇਹੋਸ਼ੀ ਤਾਂ ਦੂਰ ਹੋ ਗਈ ਪਰ ਇਸ ਮਾਮੂਲੀ ਵਾਕੇ ਨੇ ਉਸ ਦੇ ਜਿਸਮ ਦੇ ਅੰਦਰ ਨਸ਼ਾਬਾਜ਼ੀ ਦੇ ਦਰਖ਼ਤ ਦਾ ਬੀਜ ਬੋ ਦਿੱਤਾ। ਬਦਕਿਸਮਤੀ ਨਾਲ ਇੱਕ ਹੋਰ ਵਾਕੇ ਨੇ ਇਸ ਰੁਝਾਨ ਨੂੰ ਹੋਰ ਤਕੜਾ ਕਰ ਦਿੱਤਾ।

ਉਸ ਜ਼ਮਾਨੇ ਵਿੱਚ ਉਹ ਅਨਾਰਕਲੀ ਲਾਹੌਰ ਵਿੱਚ ਇੱਕ ਦੋਸਤ ਦੇ ਡਾਕਟਰ ਬਾਪ ਦੀ ਉੱਪਰਲੀ ਮੰਜ਼ਿਲ `ਤੇ ਰਹਿੰਦਾ ਸੀ। ਉਸ ਦੇ ਨਾਲ‍ ਇੱਕ ਦੋਸਤ ਵੀ ਰਹਿੰਦਾ ਸੀ ਜਿਸ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਦੀ ਆਦਤ ਸੀ। ਸਾਗਰ ਵੀ ਨਸ਼ਿਆਂ ਦਾ ਆਦੀ ਹੋ ਗਿਆ। ਖ਼ੁਦ ਉਸ ਦੇ ਦੋਸਤਾਂ ਵਿੱਚੋਂ ਵੀ ਬਹੁਤਿਆਂ ਨੇ ਉਨ੍ਹਾਂ ਦੇ ਨਾਲ‍ ਜੁਲਮ ਕੀਤਾ। ਇਹ ਲੋਕ ਉਸ ਨੂੰ ਨਸ਼ੀਲੇ ਪਦਾਰਥ ਦਿੰਦੇ ਅਤੇ ਬਦਲੇ ਵਿੱਚ ਗ਼ਜ਼ਲਾਂ ਅਤੇ ਗੀਤ ਲੈ ਜਾਂਦੇ, ਆਪਣੇ ਨਾਮ ਨਾਲ ਪੜ੍ਹਦੇ ਅਤੇ ਛਪਵਾਉਂਦੇ ਅਤੇ ਸ਼ਾਇਰ ਅਤੇ ਆਪਣੀ ਸ਼ੌਹਰਤ ਵਿੱਚ ਵਾਧਾ ਕਰਦੇ। ਇਸ ਦੇ ਬਾਅਦ ਉਸ ਨੇ ਰਸਾਲਿਆਂ ਦੇ ਦਫ਼ਤਰਾਂਅਤੇ ਫ਼ਿਲਮਾਂ ਦੇ ਸਟੂਡੀਓ ਆਣਾ ਜਾਣਾ ਛੱਡ ਦਿੱਤਾ ਅਤੇ ਉਹ ਬਿਲਕੁਲ ਅਵਾਰਾ ਹੋ ਗਿਆ। ਨੌਬਤ ਇਥੋਂ ਟੱਕ ਆ ਗਈ ਕਿ ਉਹ ਕਦੇ ਨੰਗਾ ਇੱਕ ਹੀ ਮੈਲੀ ਕੁਚੈਲੀ ਚਾਦਰ ਓੜੇ ਅਤੇ ਕਦੇ ਚੀਥੜੇ ਪਹਿਨੀ, ਵਾਲ ਖਿੰਡੇ, ਨੰਗੇ ਪੈਰ.... ਮੂੰਹ ਵਿੱਚ ਬੀੜੀ ਜਾਂ ਸਿਗਰਟ ਲਈ ਸੜਕਾਂ ਉੱਤੇ ਫਿਰਦਾ ਰਹਿੰਦਾ ਅਤੇ ਰਾਤ ਨੂੰ ਨਸ਼ੇ ਵਿੱਚ ਧੁੱਤ ਕਿਤੇ ਕਿਸੇ ਸੜਕ ਦੇ ਕੰਢੇ ਕਿਸੇ ਦੁਕਾਨ ਦੇ ਥੜੇ ਜਾਂ ਤਖ਼ਤ ਦੇ ਉੱਤੇ ਜਾਂ ਹੇਠਾਂ ਪਿਆ ਮਿਲਦਾ।

ਹੁਣ ਉਸ ਦੀ ਇਹ ਆਦਤ ਹੋ ਗਈ ਕਿ ਕਿਤੇ ਕੋਈ ਚੰਗੇ ਵਕਤਾਂ ਦਾ ਦੋਸਤ ਮਿਲ ਜਾਂਦਾ ਤਾਂ ਉਸ ਕੋਲੋਂ ਇੱਕ ਚਵਾਨੀ ਅਠਿਆਨੀ ਮੰਗਦਾ। ਉਸ ਦੀ ਇਹ ਚਵਾਨੀ ਮੰਗਣ ਦੀ ਆਦਤ ਸਾਰਿਆਂ ਨੂੰ ਪਤਾ ਸੀ ਇਸ ਲਈ ਅਕਸਰ ਅਜਿਹਾ ਹੁੰਦਾ ਕਿ ਜਦੋਂ ਕੋਈ ਦੋਸਤ ਉਸਨੂੰ ਸਾਹਮਣੇ ਤੋਂ ਆਉਂਦੇ ਵੇਖਦਾ ਤਾਂ ਤੁਰਤ ਜੇਬ ਵਿੱਚੋਂ ਚਵਾਨੀ ਕੱਢ ਕੇ ਹੱਥ‍ ਵਿੱਚ ਲੈ ਲੈਂਦਾ ਅਤੇ ਕੋਲ ਪੁੱਜ ਕੇ ਦੁਆ ਸਲਾਮ ਦੇ ਬਾਅਦ ਹੱਥ ਮਿਲਾਂਦੇ ਸਮੇਂ ਚਵਾਨੀ ਸਾਗਰ ਦੇ ਹੱਥ‍ ਵਿੱਚ ਛੱਡ ਦਿੰਦਾ। ਉਹ ਖ਼ੁਸ਼ ਹੋ ਜਾਂਦਾ। ਇਵੇਂ ਸ਼ਾਮ ਤੱਕ ਜੋ ਦਸ ਵੀਹ ਰੁਪਏ ਜਮਾਂ ਹੋ ਜਾਂਦੇ, ਉਹ ਉਸ ਦਿਨ ਦੇ ਨਸ਼ੇ ਦੇ ਲੇਖੇ ਲੱਗ ਜਾਂਦੇ।

ਜਨਵਰੀ 1974 ਵਿੱਚ ਉਸ ਨੂੰ ਲਕਵਾ ਹੋ ਗਿਆ। ਸੱਜਾ ਹੱਥ‍ ਹਮੇਸ਼ਾ ਲਈ ਬੇਕਾਰ ਹੋ ਗਿਆ। ਫਿਰ ਕੁੱਝ‍ ਦਿਨ ਬਾਅਦ ਮੂੰਹ ਵਿੱਚੋਂ ਖ਼ੂਨ ਆਉਣ ਲਗਾ। ਅਤੇ ਇਹ ਆਖਿਰ ਤੱਕ ਦੂਜੇ ਤੀਸਰੇ ਜਾਰੀ ਰਿਹਾ। ਇਨ੍ਹਾਂ ਦਿਨਾਂ ਵਿੱਚ ਉਸਦੀ ਖ਼ੁਰਾਕ ਨਾਮ ਮਾਤਰ ਸੀ। ਜਿਸਮ ਸੁੱਕ‍ ਕੇ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ। 19 ਜੁਲਾਈ 1974 ਦੀ ਸਵੇਰੇ ਉਸ ਦੀ ਲਾਸ਼ ਸੜਕ ਦੇ ਕੰਢੇ ਮਿਲੀ ਅਤੇ ਦੋਸਤਾਂ ਨੇ ਉਸਨੂੰ ਮਿਆਨੀ ਸਾਹਿਬ ਦੇ ਕਬਰਿਸਤਾਨ ਵਿੱਚ ਦਫਨ ਕਰ ਦਿੱਤਾ।

ਹਵਾਲੇ[ਸੋਧੋ]