ਸਿੱਠਣੀਆਂ ਦੇਣੀਆਂ
ਕੁੜੀ ਦੇ ਵਿਆਹ ਸਮੇਂ ਕੁੜਮਾਂ ਨੂੰ ਅਤੇ ਬਰਾਤੀਆਂ ਨੂੰ ਜੋ ਮਿੱਠੀ ਨੋਕ-ਝੋਕ ਵਾਲੇ, ਮਖੌਲਾਂ ਵਾਲੇ, ਮਿਹਣਿਆਂ ਵਾਲੇ, ਨਿਹੋਰਿਆਂ ਵਾਲੇ, ਠਿੱਠ ਕਰਨ ਵਾਲੇ ਗੀਤ ਸੁਣਾਏ ਜਾਂਦੇ ਹਨ, ਉਨ੍ਹਾਂ ਨੂੰ ਸਿੱਠਣੀਆਂ ਕਹਿੰਦੇ ਹਨ। ਸਿੱਠਣੀਆਂ ਵਿਚ ਕੁੜਮ, ਕੁੜਮਣੀ, ਲਾੜਾ, ਲਾੜੇ ਦੀ ਭੈਣ, ਜੀਜਾ, ਭਾਈ, ਚਾਚਾ, ਤਾਇਆ, ਚਾਚੀਆਂ, ਤਾਈਆਂ, ਭੂਆ, ਫੁੱਫੜਾਂ, ਮਾਮੇ, ਮਾਮੀਆਂ, ਮਾਸੀਆਂ, ਮਾਸੜ, ਬਰਾਤ ਵਿਚ ਆਏ ਬਰਾਤੀਆਂ ਦੇ ਰੰਗ ਰੂਪ, ਦਾਹੜੀ ਮੁੱਛਾਂ, ਚਾਲ-ਢਾਲ, ਖਾਣ-ਪੀਣ, ਗੱਲ ਕੀ ਸਭ ਕਾਸੇ ਦਾ ਮਖੌਲ ਉਡਾਇਆ ਜਾਂਦਾ ਸੀ।
ਪਹਿਲੇ ਸਮਿਆਂ ਵਿਚ ਬਰਾਤਾਂ ਕਈ-ਕਈ ਦਿਨ ਠਹਿਰਦੀਆਂ ਸਨ। ਜਿੰਨੀ ਵਾਰੀ ਵੀ ਬਰਾਤ ਘਰ ਰੋਟੀ ਖਾਣ ਜਾਂਦੀ ਸੀ, ਮੇਲਣਾਂ, ਸ਼ਰੀਕੇ ਵਾਲੀਆਂ, ਗਲੀ ਗੁਆਂਢ ਦੀਆਂ ਮੁਟਿਆਰਾਂ, ਜਨਾਨੀਆਂ ਕੋਠਿਆਂ ਦੇ ਬਨੇਰਿਆਂ ਉੱਪਰ ਬੈਠ ਕੇ ਰੋਟੀ ਖਾਂਦੇ ਜਾਨੀਆਂ ਨੂੰ ਸਿੱਠਣੀਆਂ ਦਿੰਦੀਆਂ ਹੁੰਦੀਆਂ ਸਨ। ਜਦ ਨਾਨਕੀਆਂ ਆਪਣੇ ਦੋਹਤੇ ਦੋਹਤੀਆਂ ਦੇ ਵਿਆਹ ਸਮੇਂ ਆਪਣੀ ਧੀ ਦੇ ਸਹੁਰੇ ਪਿੰਡ ਨਾਨਕ ਛੱਕ ਤੇ ਪਹੁੰਚਦੀਆਂ ਸਨ, ਉਸ ਸਮੇਂ ਵੀ ਨਾਨਕੀਆਂ, ਦਾਦਕੀਆਂ ਨੂੰ ਤੇ ਦਾਦਕੀਆਂ, ਨਾਨਕੀਆਂ ਨੂੰ ਸਿੱਠਣੀਆਂ ਦਿੰਦੀਆਂ ਸਨ।ਹੁਣ ਤਾਂ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ ਜਿਹੜੇ 5-6 ਘੰਟਿਆਂ ਵਿਚ ਖ਼ਤਮ ਹੋ ਜਾਂਦੇ ਹਨ। ਬਰਾਤ ਦਿਨ ਦੇ 11 ਕੁ ਵਜੇ ਆਉਂਦੀ ਹੈ ਤੇ ਸ਼ਾਮ ਦੇ 5 ਵਜੇ ਨੂੰ ਡੋਲੀ ਲੈ ਕੇ ਵਾਪਸ ਚਲੀ ਜਾਂਦੀ ਹੈ। ਹੁਣ ਵਿਆਹਾਂ ਵਿਚ ਸਿੱਠਣੀਆਂ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਡੀ.ਜੇ. ਵੱਜਦਾ ਹੈ। ਨਾ ਹੀ ਅੱਜ ਦੀ ਪੀੜ੍ਹੀ ਸਿੱਠਣੀਆਂ ਦੇਣ ਜਾਣਦੀ ਹੈ। ਨਾ ਹੀ ਅੱਜ ਦੀ ਪੀੜ੍ਹੀ ਸਿੱਠਣੀਆਂ ਕੀ ਹੁੰਦੀਆਂ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.