ਸੋਹਣੀ ਮਹੀਂਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਿੰਧ (ਪਾਕਿਸਤਾਨ) ਦੇ ਸ਼ਹਿਰ ਸਹਿਦਾਦਪੁਰ ਵਿੱਚ ਸੋਹਣੀ ਦਾ ਮਕਬਰਾ
ਸੋਹਣੀ ਮਹੀਂਵਾਲ ਨੂੰ ਮਿਲਣ ਲਈ ਤੈਰਕੇ ਝਨਾਅ ਪਾਰ ਕਰ ਰਹੀ ਹੈ, 1780 ਪੇਂਟਿੰਗ ਲਾਸ ਐਂਜਲਸ ਕਾਊਂਟੀ ਮਿਊਜੀਅਮ ਆਫ਼ ਆਰਟ

ਸੋਹਣੀ ਮਹੀਂਵਾਲ ਪੰਜਾਬ ਦੀਆਂ ਮੁੱਖ ਇਸ਼ਕ ਕਹਾਣੀਆਂ ਵਿਚੋਂ ਇਕ ਹੈ। ਦੂਜੀਆਂ ਕਹਾਣੀਆਂ ਵਿਚ ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁੰਨੂੰ ਦੇ ਨਾਮ ਸ਼ਾਮਲ ਹਨ। ਸੋਹਣੀ ਝਨਾਂ ਦੇ ਕੰਢੇ ਗੁਜਰਾਤ ਨਗਰ ਦੇ ਤੁੱਲਾ ਘੁਮਿਆਰ ਦੀ ਧੀ ਸੀ[1] ਅਤੇ ਮਹੀਂਵਾਲ ਬੁਖ਼ਾਰਾ ਦੇ ਇਕ ਅਮੀਰ ਸੌਦਾਗਰ ਅਲੀ ਬੇਗ਼ ਦਾ ਪੁੱਤਰ ਸੀ ਅਤੇ ਉਸਦਾ ਅਸਲੀ ਨਾਂ "ਮਿਰਜ਼ਾ ਇੱਜ਼ਤ ਬੇਗ਼" ਸੀ।[2]

ਕਹਾਣੀ[ਸੋਧੋ]

ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਆਇਆ ਇੱਜ਼ਤ ਬੇਗ ਤੁੱਲੇ ਦੀ ਦੁਕਾਨ ਉੱਤੇ ਚਿੱਤਰ ਪ੍ਰਦਰਸ਼ਨੀ ਨੁਮਾ ਸਲੀਕੇ ਨਾਲ ਚਿਣੇ ਭਾਂਡਿਆਂ ਵਿੱਚੋਂ ਝਲਕਦੀ ਤੁੱਲੇ ਦੀ ਧੀ, ਸੋਹਣੀ ਦੀ ਪ੍ਰਤਿਭਾ ਦਾ ਕਾਇਲ ਹੋ ਗਿਆ। ਉਸ ਨੇ ਮੂੰਹ ਮੰਗੀ ਕੀਮਤ ਤਾਰ ਕੇ ਬਹੁਤ ਸਾਰੇ ਭਾਂਡੇ ਖਰੀਦ ਲਏ। ਵਪਾਰ ਭੁੱਲ ਉਹ ਸੋਹਣੀ ਦੇ ਇਸ਼ਕ ਵਿੱਚ ਲੀਨ ਹੋ ਗਿਆ। ਵਪਾਰ ਵਿੱਚ ਘਾਟਾ ਖਾ ਇੱਜ਼ਤ ਬੇਗ ਅਖੀਰ ਤੁੱਲੇ ਦੀਆਂ ਮਹੀਆਂ ਦਾ ਪਾਲੀ ਬਣ ਗਿਆ। ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਜਦੋਂ ਸੋਹਣੀ ਨੂੰ ਉਸਦੇ ਦਿਲ ਦੀ ਵਿਥਿਆ ਦਾ ਪਤਾ ਲੱਗਿਆ ਤਾਂ ਉਹ ਵੀ ਮਹੀਂਵਾਲ ਦੀ ਹੀ ਹੋਕੇ ਰਹਿ ਗਈ। ਉਨ੍ਹਾਂ ਦੀਆਂ ਪ੍ਰੇਮ ਮਿਲਣੀਆਂ ਦੇ ਲੋਕਾਂ ਵਿੱਚ ਚਰਚੇ ਸ਼ੁਰੂ ਹੋ ਗਏ ਅਤੇ ਤੁੱਲੇ ਨੂੰ ਵੀ ਪਤਾ ਚੱਲ ਗਿਆ। ਉਸਨੇ ਮਹੀਂਵਾਲ ਨੂੰ ਨੌਕਰੀ ਤੋਂ ਕਢ ਦਿੱਤਾ ਤੇ ਸੋਹਣੀ ਨੂੰ ਨੇੜ ਦੇ ਹੀ ਇਕ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ। ਮਹੀਂਵਾਲ ਹੁਣ ਫਕੀਰ ਬਣ ਝਨਾਅ ਦੇ ਪਾਰ ਝੁੱਗੀ ਪਾ ਕੇ ਰਹਿਣ ਲੱਗ ਪਿਆ। ਸੋਹਣੀ ਨੇ ਪੱਕੇ ਘੜੇ ਦੀ ਮਦਦ ਨਾਲ ਝਨਾਅ ਪਾਰ ਕਰ ਮਹੀਂਵਾਲ ਨੂੰ ਮਿਲਣ ਜਾਣਾ ਸ਼ੁਰੂ ਕਰ ਦਿੱਤਾ। ਪਰ ਉਹਦੀ ਨਣਦ ਨੇ ਭੇਤ ਪਤਾ ਲੱਗਣ ਤੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰਖਵਾ ਦਿੱਤਾ। ਮੰਝਧਾਰ ਵਿੱਚ ਘੜਾ ਖੁਰ ਗਿਆ ਤੇ ਉਹ ਡੁੱਬ ਮੋਈ। ਪਰ ਤੋਂ ਡੁੱਬਦੀ ਸੋਹਣੀ ਦੀਆਂ ਆਵਾਜ਼ਾਂ ਸੁਣ ਮਹੀਂਵਾਲ ਵੀ ਸ਼ੂਕਦੀ ਝਨਾਂ ਵਿੱਚ ਕੁੱਦ ਪਿਆ ਅਤੇ ਉਹ ਵੀ ਪ੍ਰੇਮਿਕਾ ਦੇ ਨਾਲ ਹੀ ਡੁੱਬ ਮੋਇਆ।

ਹਵਾਲੇ[ਸੋਧੋ]

  1. Mahiwal, a romantic legend of Gujrat By Mansoor Behzad Butt
  2. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 1910.