ਹੀਰ ਰਾਂਝਾ
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ. ਵਿੱਚ ਪੰਜਾਬ ਵਿੱਚ ਹੀ ਲੋਪ ਹੋ ਗਈ।[1]ਰਾਂਝੇ ਦੀਆਂ ਚਾਰ ਭਰਜਾਈਆਂ ਸਨ।
ਕਹਾਣੀ ਦਾ ਸਾਰ
[ਸੋਧੋ]ਹੀਰ ਪੰਜਾਬ ਦੇ ਝੰਗ ਸ਼ਹਿਰ ਵਿੱਚ ਜੱਟਾਂ ਦੀ ਸਿਆਲ ਜਾਤੀ ਦੇ ਇੱਕ ਅਮੀਰ ਪਰਵਾਰ ਵਿੱਚ ਪੈਦਾ ਹੋਈ ਇੱਕ ਬਹੁਤ ਸੁੰਦਰ ਕੁੜੀ ਸੀ। ਧੀਦੋ ਰਾਂਝਾ ਝਨਾ ਨਦੀ ਦੇ ਕੰਢੇ ਤਖ਼ਤ ਹਜ਼ਾਰਾ ਪਿੰਡ ਦੇ ਇੱਕ ਰਾਂਝਾ ਜਾਤੀ ਵਾਲੇ ਜੱਟ ਪਰਵਾਰ ਦੇ ਚਾਰ ਮੁੰਡਿਆਂ ਵਿੱਚ ਸਭ ਤੋਂ ਛੋਟਾ ਭਰਾ ਸੀ। ਉਹ ਆਪਣੇ ਪਿਤਾ ਦਾ ਲਾਡਲਾ ਸੀ ਇਸ ਲਈ ਜਿੱਥੇ ਉਸਦੇ ਭਰਾ ਖੇਤਾਂ ਵਿੱਚ ਮਿਹਨਤ ਕਰਦੇ ਸਨ, ਰਾਂਝਾ ਵੰਝਲੀ ਵਜਾਉਂਦਾ ਐਸ਼ ਕਰ ਰਿਹਾ ਸੀ। ਬਾਪ ਦੀ ਮੌਤ ਦੇ ਬਾਅਦ ਉਸਦੇ ਭਰਾਵਾਂ ਨੇ ਭ੍ਰਿਸ਼ਟ ਤਰੀਕੇ ਵਰਤ ਕੇ ਉਸਨੂੰ ਮਾੜੀ ਜ਼ਮੀਨ ਵੰਡ ਕੇ ਦੇ ਦਿੱਤੀ ਅਤੇ ਉਸਦੀਆਂ ਭਾਬੀਆਂ ਨੇ ਉਸਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਤਾਹਨੇ ਮਿਹਣੇ ਦੇ ਪ੍ਰੇਸ਼ਾਨ ਕਰਨ ਲਗੀਆਂ। ਉਹ ਘਰ ਛੱਡਕੇ ਨਿਕਲ ਪਿਆ ਅਤੇ ਹੀਰ ਦੇ ਪਿੰਡ ਪਹੁੰਚ ਗਿਆ। ਹੀਰ ਨੇ ਉਸਨੂੰ ਆਪਣੇ ਪਿਤਾ ਦਾ ਚੌਣਾ ਚਰਾਣ ਦੇ ਕੰਮ ਤੇ ਲੁਆ ਦਿੱਤਾ। ਰਾਂਝੇ ਦੀ ਵੰਝਲੀ ਸੁਣਕੇ ਉਹ ਰਾਂਝੇ ਤੇ ਮੋਹਿਤ ਹੋ ਗਈ। ਉਹ ਇੱਕ ਦੂਜੇ ਨੂੰ ਬੇਲੇ ਵਿੱਚ ਮਿਲਣ ਲੱਗੇ। ਹੀਰ ਦੇ ਈਰਖਾਲੂ ਚਾਚਾ, ਕੈਦੋਂ ਨੇ ਹੀਰ ਦੇ ਮਾਪਿਆਂ ਨੂੰ ਉਸ ਦੇ ਖਿਲਾਫ਼ ਭੜਕਾ ਦਿੱਤਾ ਅਤੇ ਉਸਦੇ ਮਾਪਿਆਂ ਨੇ ਹੀਰ ਨੂੰ ਇੱਕ ਖੇੜਿਆਂ ਦੇ ਸੈਦੇ ਨਾਲ ਵਿਆਹ ਦਿੱਤਾ।
ਰਾਂਝੇ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਹ ਜੋਗ ਲੈਣ ਲਈ ਗੋਰਖਨਾਥ ਦੇ ਡੇਰੇ, ਟਿੱਲਾ ਜੋਗੀਆਂ, ਚਲਾ ਗਿਆ ਅਤੇ ਕੰਨ ਵਿੰਨ੍ਹਵਾ ਕੇ ਜੋਗੀ ਬਣ ਹੀਰ ਨੂੰ ਖੇੜੇ ਜਾ ਮਿਲਦਾ ਹੈ। ਫਿਰ ਹੀਰ - ਰਾਂਝਾ ਦੋਨੋਂ ਝੰਗ ਆ ਜਾਂਦੇ ਹਨ। ਹੀਰ ਦੇ ਮਾਂ ਬਾਪ ਉਨ੍ਹਾਂ ਦਾ ਵਿਆਹ ਕਰਨ ਨੂੰ ਤਿਆਰ ਹੋ ਜਾਂਦੇ ਹਨ। ਲੇਕਿਨ ਕੈਦੋਂ ਜਲਦਾ ਹੈ ਅਤੇ ਵਿਆਹ ਦੇ ਦਿਨ ਹੀਰ ਦੇ ਖਾਣੇ ਵਿੱਚ ਜਹਿਰ ਪਾ ਦਿੰਦਾ ਹੈ। ਇਹ ਖ਼ਬਰ ਸੁਣਕੇ ਰਾਂਝਾ ਉਸਨੂੰ ਬਚਾਉਣ ਲਈ ਭੱਜਿਆ ਆਉਂਦਾ ਹੈ ਅਤੇ ਹੀਰ ਨੂੰ ਬੇਹੱਦ ਦੁੱਖੀ ਦੇਖ ਕੇ ਉਸੇ ਲੱਡੂ ਨੂੰ ਖਾ ਲੈਂਦਾ ਹੈ ਅਤੇ ਹੀਰ ਦੀ ਗੋਦ ਵਿੱਚ ਢੇਰੀ ਹੋ ਜਾਂਦਾ ਹੈ। ਉਨ੍ਹਾਂ ਨੂੰ ਝੰਗ ਵਿੱਚ ਹੀ ਦਫਨਾ ਦਿੱਤਾ ਜਾਂਦਾ ਹੈ ਅਤੇ ਅੱਜ ਵੀ ਦੂਰ ਦੂਰ ਤੋਂ ਲੋਕ ਉਸ ਦੇ ਮਜ਼ਾਰ ਉੱਤੇ ਆਉਂਦੇ ਹਨ।
ਕਹਾਣੀ ਦੇ ਭਿੰਨ ਰੂਪ
[ਸੋਧੋ]ਹੀਰ ਰਾਂਝੇ ਦਾ ਕਿੱਸਾ, ਪੰਜਾਬ ਦਾ ਪ੍ਰਥਮ ਕਿੱਸਾ ਹੈ। ਜਿਸਨੂੰ ਲਗਭਗ 52 ਕਵੀਆਂ ਨੇ ਪੰਜਾਬੀ ਵਿੱਚ, ਦੋ ਨੇ ਹਾਰਿਆਣਵੀ ਵਿੱਚ, ਦੋ ਨੇ ਹਿੰਦੀ ਵਿੱਚ ਅਤੇ ਇੱਕ ਨੇ ਬਲੋਚੀ ਵਿੱਚ ਵੀ ਰੇਚਿਆ ਹੈ।[1] ਦਾਮੋਦਰ ਕਵੀ, ਅਕਬਰ ਦੇ ਰਾਜਕਾਲ ਵਿੱਚ ਜੀਵਿਆ ਅਤੇ ਆਪਣੇ ਆਪ ਨੂੰ ਹੀਰ ਦੇ ਪਿਤਾ ਚੂਚਕ ਦਾ ਮਿੱਤਰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਇਹ ਸਭ ਮੇਰੀ ਅੱਖੀਂ ਵੇਖੀ ਘਟਨਾ ਹੈ। ਦਾਮੋਦਰ (1572) ਦੇ ਬਾਅਦ ਪੰਜਾਬੀ ਸਾਹਿਤ ਵਿੱਚ ਲਗਭਗ 30 ਕਿੱਸੇ ਹੀਰ ਜਾਂ ਹੀਰ ਰਾਂਝਾ ਨਾਮ ਦੇ ਮਿਲਦੇ ਹਨ ਜਿਨ੍ਹਾਂ ਵਿੱਚ ਗੁਰਦਾਸ (1607), ਅਹਮਦ ਗੁੱਜਰ (1792), ਮੀਆਂ ਚਿਰਾਗ ਅਵਾਨ (1710), ਮੁਕਬਲ (1755), ਵਾਰਿਸ ਸ਼ਾਹ (1775), ਹਾਮਿਦਸ਼ਾਹ (1805), ਹਾਸ਼ਿਮ, ਅਹਮਦਯਾਰ, ਪੀਰ ਮੁਹੰਮਦ ਬਖਸ਼, ਫਜਲਸ਼ਾਹ, ਮੌਲਾਸ਼ਾਹ, ਮੌਲਾਬਖਸ਼, ਭਗਵਾਨ ਸਿੰਘ, ਕਿਸ਼ਨ ਸਿੰਘ ਆਰਿਫ (1889), ਸੰਤ ਹਜ਼ਾਰਾ ਸਿੰਘ (1894), ਅਤੇ ਗੋਕੁਲਚੰਦ ਸ਼ਰਮਾ ਦੇ ਕਿੱਸੇ ਮਸ਼ਹੂਰ ਹਨ। ਪਰ ਜੋ ਪ੍ਰਸਿੱਧੀ ਵਾਰਿਸਸ਼ਾਹ ਦੀ ਕਿਰਤ ਨੂੰ ਪ੍ਰਾਪਤ ਹੋਈ ਉਹ ਕਿਸੇ ਹੋਰ ਕਿੱਸਾਕਾਰ ਨੂੰ ਨਹੀਂ ਮਿਲ ਸਕੀ। ਨਾਟਕੀ ਭਾਸ਼ਾ, ਅਲੰਕਾਰਾਂ ਅਤੇ ਵਕ੍ਰੋਕਤੀਆਂ ਦੀ ਨਵੀਨਤਾ, ਅਨੁਭਵ ਦੀ ਵਿਸਾਲਤਾ, ਅਚਾਰ ਵਿਹਾਰ ਦੀ ਆਦਰਸ਼ਵਾਦਤਾ, ਇਸ਼ਕ ਮਜਾਜੀ ਰਾਹੀਂ ਇਸ਼ਕ ਹਕੀਕੀ ਦੀ ਵਿਆਖਿਆ, ਵਰਣਨ ਅਤੇ ਭਾਵਾਂ ਦਾ ਓਜ ਆਦਿ ਉਸ ਦੇ ਕਿੱਸੇ ਦੀਆਂ ਅਨੇਕ ਵਿਸ਼ੇਸ਼ਤਾਈਆਂ ਹਨ। ਇਸ ਵਿੱਚ ਬੈਂਤ ਛੰਦ ਦਾ ਪ੍ਰਯੋਗ ਅਤਿਅੰਤ ਸਫਲਤਾਪੂਰਵਕ ਹੋਇਆ ਹੈ। ਪੇਂਡੂ ਜੀਵਨ ਦੇ ਚਿਤਰਣ, ਕਲਪਨਾ ਅਤੇ ਸਾਹਿਤਕਤਾ ਪਖੋਂ ਮੁਕਬਲ ਦਾ ਹੀਰ ਰਾਂਝਾ, ਵਾਰਿਸ ਦੀ ਹੀਰ ਡਾ ਮੁਕਾਬਲਾ ਕਰਦਾ ਹੈ।
ਗੁਰੂ ਗੋਬਿੰਦ ਸਿੰਘ ਵਾਲਾ ਭਿੰਨ ਰੂਪ
[ਸੋਧੋ]ਗੁਰਬਚਨ ਸਿੰਘ ਭੁੱਲਰ ਦੇ ਸ਼ਬਦਾਂ ਵਿੱਚ: “ਜਿਥੇ ਹੀਰ ਦੇ ਬਹੁਤੇ ਕਿੱਸੇ ਮੁੱਢਲੇ ਮੁਸਲਮਾਨ ਕਿੱਸਾਕਾਰਾਂ ਦੀ ਪਾਈ ਪਿਰਤ ਅਨੁਸਾਰ ਇਸਲਾਮੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਹੋਏ ਮਿਲਦੇ ਹਨ, ਗੁਰੂ ਜੀ ਨੇ ਇਸ ਨੂੰ ਭਾਰਤੀ ਮਿਥਿਹਾਸ ਦਾ ਰੰਗ ਦਿੱਤਾ। ਇੰਦਰਪੁਰੀ ਦੀ ਅਪਸਰਾ ਮੈਨਕਲਾ ਨੂੰ ਕਪਿਲ ਰਿਸ਼ੀ ਕਰੋਪ ਹੋ ਕੇ ਤੁਰਕਾਂ ਦੇ ਘਰ ਜੰਮਣ ਦਾ ਸਰਾਪ ਦੇ ਦਿੰਦਾ ਹੈ। ਪਰ ਨਾਲ ਹੀ ਉਹ ਇਹ ਵੀ ਆਖ ਦਿੰਦਾ ਹੈ ਕਿ ਇੰਦਰ ਵੱਲੋਂ ਰਾਂਝੇ ਦੇ ਰੂਪ ਵਿੱਚ ਉਸ ਦਾ ਉਦਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰਸਿੱਧ ਰਚਨਾ 'ਮਿੱਤਰ ਪਿਆਰੇ ਨੂੰ' ਵਿੱਚ ਵੀ ਬਿਰਹਾ ਦਾ ਤੀਬਰ ਪ੍ਰਭਾਵ ਹੀਰ ਦੇ ਹਵਾਲੇ ਨਾਲ ਹੀ ਸਿਰਜਿਆ ਹੈ: ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।
"ਬਚਪਨ ਤੋਂ ਮੈਂ ਸਾਡੇ ਇਲਾਕੇ ਵਿੱਚ ਪ੍ਰਚਲਿਤ ਇੱਕ ਦਿਲਚਸਪ ਵਾਰਤਾ ਸੁਣਦਾ ਆਇਆ ਹਾਂ। ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਬਠਿੰਡੇ ਦੇ ਕਿਲੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਟਿਕੇ ਹੋਏ ਸਨ। ਰਾਤ ਨੂੰ ਹੇਠ ਕਿਲੇ ਦੀ ਦੀਵਾਰ ਨਾਲ ਊਠਾਂ ਵਾਲਿਆਂ ਨੇ ਉਤਾਰਾ ਕੀਤਾ। ਰੋਟੀ-ਟੁੱਕ ਤੋਂ ਵਿਹਲੇ ਹੋ ਕੇ ਉਹ ਹੀਰ ਗਾਉਣ ਲੱਗੇ। ਸਵੇਰੇ ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਤੇ ਰਾਤ ਵਾਲਾ ਪ੍ਰਸੰਗ ਗਾਉਣ ਦੀ ਫ਼ਰਮਾਇਸ਼ ਕੀਤੀ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ, ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!" ਗੁਰੂ ਜੀ ਨੇ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਉਹਨਾਂ ਤੋਂ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।”[2] ਇਸੇ ਪ੍ਰਸੰਗ ਵਿੱਚ ਪ੍ਰਸਿਧ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਲਿਖਦੇ ਹਨ, “ ਹੀਰ ਰਾਂਝੇ ਦੀ ਪ੍ਰੇਮ ਕਥਾ ਦਾ ਮਾਣ ਓਦੋਂ ਅਦੁੱਤੀ ਉਚਾਈ ਨੂੰ ਛੁਹ ਲੈਦਾ ਹੈ ਜਦੋਂ ਇਸ ਦਾ ਸੂਖ਼ਮ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸ਼ਬਦ ਵਿੱਚ ਸਥਾਨ ਪ੍ਰਾਪਤ ਕਰ ਲੈਦਾ ਹੈ ਜੋ,ਜਿਹੜਾ ਸ਼ਬਦ ਉਨ੍ਹਾਂ ਨੇ ਓਦੋਂ ਉਚਾਰਿਆ ਜਦੋਂ ਉਹ ਆਪਣਾ ਸਰਬੰਸ ਵਾਰ ਕੇ ਇਕੱਲੇ ਮਾਛੀਵਾੜੇ ਦੇ ਜੰਗਲ ਵਿੱਚ ਬੈਠੇ ਸਨ:[3]
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ
ਤੁਧ ਬਿਨ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ
ਸੂਲ ਸੁਰਾਹੀ ਖ਼ੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ
ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁਨਰ ਬਿਰਤਾਂਤ
[ਸੋਧੋ]'ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ' ਨਾਂ ਦੀ ਆਪਣੀ ਪੁਸਤਕ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸੋਹਣੀ ਵਾਰਤਕ ਸ਼ੈਲੀ ਵਿੱਚ ਪੰਜਾਬ ਦੀਆਂ ਪ੍ਰੀਤ ਕਹਾਣੀਆਂ ਨੂੰ ਬਿਆਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਹੀਰ ਰਾਂਝੇ ਦੀ ਵੀ ਹੈ।
ਹਵਾਲੇ
[ਸੋਧੋ]- ↑ 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "ਕਿੱਸਿਆਂ ਦਾ ਸਰਦਾਰ, ਕਿੱਸਾ ਹੀਰ ਦਾ - ਗੁਰਬਚਨ ਸਿੰਘ ਭੁੱਲਰ". Archived from the original on 2016-03-05. Retrieved 2012-11-23.
{{cite web}}
: Unknown parameter|dead-url=
ignored (|url-status=
suggested) (help) Archived 2016-03-05 at the Wayback Machine. - ↑ ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ- ਸੁਰਜੀਤ ਪਾਤਰ