ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਆਨਿਆ ਹੈ। 'ਸਭਿਆਚਾਰ' ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿੱਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿੱਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।[1]
ਪਰਿਭਾਸ਼ਾ
[ਸੋਧੋ]- ਈ ਬੀ ਟਾਇਲਰ ਅਨੁਸਾਰ, "ਸਭਿਆਚਾਰ ਜਾਂ ਸਭਿਅਤਾ ਆਪਣੇ ਮਾਨਵ ਜਾਤੀ-ਵਿਗਿਆਨਕ ਅਰਥਾਂ ਵਿੱਚ ਅਜਿਹਾ ਜਟਿਲ ਸਮੁੱਚ ਹੈ, ਜਿਸ ਵਿੱਚ ਗਿਆਨ, ਕਲਾ, ਨੀਤੀ, ਨਿਯਮ, ਸੰਸਾਰਕ ਅਤੇ ਹੋਰ ਸਾਰੀਆ ਉਨ੍ਹਾਂ ਸਮਰੱਥਾਵਾਂ ਅਤੇ ਆਦਤਾਂ ਦਾ ਸਮਾਵੇਸ਼ ਹੁੰਦਾ ਹੈ, ਜਿਹੜੀਆਂ ਮਨੁੱਖ ਸਮਾਜ ਦਾ ਮੈਂਬਰ ਹੋਣ ਤੇ ਨਾਤੇ ਗ੍ਰਹਿਣ ਕਰਦਾ ਹੈ।"[2]
- ਵਿਲੀਅਮ ਆਰ ਬਾਸਕਮ ਸਭਿਆਚਾਰ ਦੇ ਸੰਬੰਧ ਵਿੱਚ ਲਿਖਦੇ ਹਨ ਕਿ, "ਸਭਿਆਚਾਰ ਮਨੁੱਖ ਦੀ ‘ਸਮਾਜਿਕ ਵਿਰਾਸਤ’ ਅਤੇ ‘ਲੋੜਾਂ ਦਾ ਮਨੁੱਖ-ਸਿਰਜਿਤ ਭਾਗ’ ਹੈ। ਇਸ ਵਿੱਚ ਵਿਵਹਾਰ ਦੇ ਸਾਰੇ ਰੂਪ, ਜੋ ਕਿ ਸਿਖਲਾਈ ਰਾਹੀਂ ਗ੍ਰਹਿਣ ਕੀਤੇ ਹੋਣ ਅਤੇ ਖਾਸ ਪੈਟਰਨ ਜੋ ਪ੍ਰਵਾਣਿਤ ਪ੍ਰਤਿਮਾਨਾਂ ਅਨੁਰੂਪ ਬਣੇ ਹੋਣ, ਲਾਜ਼ਾਮੀ ਤੌਰ ਤੇ ਵਿਦਮਾਨ ਹੁੰਦੇ ਹਨ।"[2]
- ਲੇਸਾਇਲ ਏ ਵਾਈਟ ਦੇ ਸ਼ਬਦਾਂ ਵਿੱਚ "ਸਭਿਆਚਾਰ ਤੋਂ ਭਾਵ ਅਜਿਹੀਆਂ ਵਿਸ਼ੇਸ਼ ਸਥੂਲ ਸੰਸਾਰੀ ਵਸਤਾਂ ਅਤੇ ਘਟਨਾਵਾਂ ਤੋਂ ਹੈ, ਜੋ ਕਿ ਪ੍ਰਤੀਕ ਯੋਗਤਾ ਉਤੇ ਆਧਾਰਿਤ ਹਨ, ਇਨ੍ਹਾਂ ਦਾ ਅਧਾਰ ਵੱਖ-ਵੱਖ ਸੰਦ, ਹਥਿਆਰ, ਭਾਂਡੇ, ਵਸਤਰ, ਗਹਿਣੇ, ਰਸਮਾਂ-ਸੰਸਥਾਵਾਂ, ਵਿਸ਼ਵਾਸ ਰੀਤੀ-ਰਿਵਾਜ਼, ਮੌਜ-ਮੇਲੇ ਵਾਲੀਆਂ ਖੇਡਾਂ, ਕਲਾ-ਕ੍ਰਿਤਾਂ ਅਤੇ ਭਾਸ਼ਾਵਾਂ ਆਦਿ ਹਨ।”[2]
- ਪ੍ਰੋ ਗੁਰਬਖ਼ਸ਼ ਸਿੰਘ ਫਰੈਂਕ ਅਨੁਸਾਰ, “ਸਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸਚਿਤ ਇਤਿਹਾਸਕ ਪੜ੍ਹਾਅ ਉਤੇ ਪ੍ਰਚਲਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਲ ਹੁੰਦੇ ਹਨ।”[3]
- ਐਨਸਾਈਕਲੋਪੀਡੀਆ ਅਮੈਰਿਕਾਨਾ ਅਨੁਸਾਰ, "ਸਭਿਆਚਾਰ ਕਿਸੇ ਸਮਾਜ ਦਾ ਵਿਹਾਰਕ ਵਸਤੂ ਹੁੰਦਾ ਹੈ।"[4]
- ਅਮਰੀਕੀ ਮਾਨਵ ਵਿਗਿਆਨੀ ਹਿਰਸਕੋਵਿਤਸ ਅਨੁਸਾਰ, (ੳ)"ਸਭਿਆਚਾਰ ਵਾਤਾਵਰਣ ਦਾ ਮਨੁੱਖ-ਸਿਰਜਿਆ ਭਾਗ ਹੈ।"[5]
(ਅ)"ਸਭਿਆਚਾਰ ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਹਨ।"[5]
- ਟੀ. ਐਸ.ਈਲੀਅ ਅਨੁਸਾਰ, "ਸਭਿਆਚਾਰ ਵੱਖ-ਵੱਖ ਪ੍ਰਕਿਰਿਆਵਾਂ ਨਾਲੋਂ ਕਿਤੇ ਵੱਧ ਜੀਵਨ ਜਿਊਣਾ ਦਾ ਰਸਤਾ ਹੈ।"[6]
- ਹੋਇਬਲ ਅਨੁਸਾਰ, "ਸਭਿਆਚਾਰ ਹੀ ਹੈ ਜੋ ਇੱਕ ਮਨੁੱਖ ਨੂੰ ਦੂਜੇ ਮਨੁੱਖ ਨਾਲੋਂ, ਇੱਕ ਸਮੂਹ ਨੂੰ ਦੂਜੇ ਸਮੂਹਾਂ ਨਾਲੋਂ ਅਤੇ ਇੱਕ ਸਮਾਜ ਨੂੰ ਦੂਜੇ ਸਮਾਜ ਤੋ ਅਲੱਗ ਕਰਦਾ ਹੈ।"[6]
- ਕਰੋਬਰ ਅਤੇ ਕਲੱਕਹੌਨ ਅਨੁਸਾਰ, "ਸਭਿਆਚਾਰ ਚਿੰਨ੍ਹਾਂ ਦੁਆਰਾ ਪ੍ਰਾਪਤ ਅਤੇ ਸੰਚਾਰਤ ਵਿਵਹਾਰ ਦੇ ਵਿਅਕਤ ਅਤੇ ਅਵਿਅਕਤ ਨਮੂਨਿਆਂ ਤੋਂ ਬਣਦਾ ਹੈ।ਇਹ ਮਨੁੱਖੀ ਗਰੁੱਪਾਂ ਦੀ ਵਿਲੱਖਣ ਪ੍ਰਾਪਤੀ ਹੈ, ਜੋ ਕਲਾ ਸਮੱਗਰੀ ਰਾਹੀ ਵਿਅਕਤ ਹੁੰਦੀ ਹੈ।ਸਭਿਆਚਾਰ ਇੱਕ ਹੱਥ ਕਿਰਤ ਦੀ ਸਿਰਜਣਾ ਹੈ ਤੇ ਦੂਸਰੇ ਹੱਥ ਉਸਦੇ ਤੱਤਾਂ ਦਾ ਅਨੁਕੂਲਣ ਕਰਦਾ ਹੈ।"[6]
- ਜਿਮੁੱਟ ਬੌਮਾਂ ਅਨੁਸਾਰ, "ਸਭਿਆਚਾਰ ਜੋ ਕਿ ਵਿਸ਼ੇਸ਼ ਕਰਕੇ ਮਨੁੱਖੀ ਹੋਂਦ ਦਾ ਸਮਾਨਾਰਥਕ ਹੈ,ਲੋੜਾਂ ਤੋ ਸੁਤੰਤਰਤਾ ਵੱਲ ਅਤੇ ਸਿਰਜਣਾ ਕਰ ਸਕਣ ਦੀ ਸੁਤੰਤਰਤਾ ਲਈ ਹੌਸਲੇ ਵਾਲੀ ਪੁਲਾਂਘ ਹੈ।"[7]
- ਮੈਲਿਨੋਵਸਕੀ ਅਨੁਸਾਰ "ਸਭਿਆਚਾਰ ਉਹ ਯੰਤਰ ਹੈ ਜਿਸ ਰਾਹੀ ਮਨੁੱਖ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ।ਇਹਨਾਂ ਲੋੜਾਂ ਦੇ ਸਰਵ-ਵਿਆਪਕ ਹੋਣ ਕਰਕੇ ਹੀ ਸਭਿਆਚਾਰ ਵੀ ਸਰਵ-ਵਿਆਪਕ ਹੈ।ਲੋੜਾਂ ਦੀ ਪੂਰਤੀ ਦੇ ਦੌਰਾਨ ਹੀ ਕੁਝ ਸੰਸਥਾਵਾਂ ਦਾ ਜਨਮ ਹੁੰਦਾ ਹੈ, ਜਿਨ੍ਹਾਂ ਰਾਹੀ ਮਨੁੱਖੀ ਵਿਵਹਾਰ ਦੇ ਆਦਰਸ਼ ਮਾਪਦੰਡ ਨਿਰਧਾਰਿਤ ਹੁੰਦੇ ਹਨ,ਸੋ ਮੁਢਲੀਆਂ ਲੋੜਾਂ ਅਤੇ ਗੌਣ ਲੋੜਾਂ ਦੀ ਪੂਰਤੀ ਦੇ ਯਤਨ ਵਿੱਚ ਹੀ ਪੈਦਾ ਹੋਈਆਂ ਸੰਸਥਾਵਾਂ ਦੀ ਆਪਸੀ ਪ੍ਰਕਿਰਿਆ ਹੀ ਸਭਿਆਚਾਰ ਹੈ।"[7]
ਸਭਿਆਚਾਰ ਦੇ ਲੱਛਣ
[ਸੋਧੋ]ਸਭਿਆਚਾਰ ਇਕਜੁੱਟ ਅਤੇ ਜਟਿਲ ਸਿਸਟਮ
[ਸੋਧੋ]ਸਿਸਟਮ ਭਾਵ ਪ੍ਰਬੰਧ ਦਾ ਮਤਲਬ ਇੱਕ ਅਜਿਹੇ ਸਮੂਹ ਤੋਂ ਹੁੰਦਾ ਹੈ ਜਿਹੜਾ ਭਾਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਹਨਾਂ ਭਾਗਾਂ ਦੀ ਆਪਸ ਵਿੱਚ ਅੰਤਰ ਕਿਰਿਆ ਵੀ ਚਲਦੀ ਹੈ। ਇਹ ਅੰਤਰ-ਸੰਬੰਧ ਵੀ ਰਖਦੇ ਹਨ, ਭਾਵ ਇਹ ਇੱਕ ਦੂਜੇ ਦੀ ਕਿਰਿਆ ਉਤੇ ਅਸਰ ਵੀ ਪਾਉਂਦੇ ਹਨ ਇੱਕ ਦੂਜੇ ਦੀ ਕਿਰਿਆ ਨੂੰ ਨਿਰਧਾਰਿਤ ਵੀ ਕਰਦੇ ਹਨ।ਪਰ ਜਦੋਂ ਸਿਸਟਮ ਦੇ ਭਾਗ ਇੱਕ ਦੂਜੇ ਦੀ ਹੌਂਦ ਨੂੰ ਨਿਰਧਾਰਿਤ ਕਰਦੇ ਹਨ ਤਾਂ ਉਸ ਨੂੰ ਇੱਕ ਜੁੱਟ ਸਿਸਟਮ ਕਿਹਾ ਜਾਂਦਾ ਹੈਂ।ਸਭਿਆਚਾਰ ਅਜਿਹਾ ਹੀ ਇੱਕ ਜੁੱਟ ਸਿਸਟਮ ਹੈ।[8]
ਸਭਿਆਚਾਰ ਪ੍ਰਬੰਧ ਦਾ ਪ੍ਰਬੰਧ ਹੈ
[ਸੋਧੋ]ਸਭਿਆਚਾਰ ਵਿੱਚ ਕੋਈ ਇੱਕ ਵਿਸ਼ੇਸ਼ ਕਿਰਿਆਸ਼ੀਲ ਨਹੀਂ ਹੁੰਦਾ ਸਗੋਂ ਕਈ ਪ੍ਰਬੰਧ ਕਿਰਿਆਸ਼ੀਲ ਹੁੰਦੇ ਹਨ। ਅੱਗੋਂ ਇਹ ਪ੍ਰਬੰਧ ਛੋਟੇ ਪ੍ਰਬੰਧਾਂ ਵਿੱਚ ਵੰਡੇ ਹੋਏ ਹੁੰਦੇ ਹਨ। ਜਿਸ ਤਰ੍ਹਾਂ ਲੋਕਧਾਰਾ ਸਭਿਆਚਾਰ ਦਾ ਇੱਕ ਪ੍ਰਬੰਧ ਹੈ, ਸਮਾਜ ਪ੍ਰਬੰਧ ਦੂਸਰਾ, ਰਾਜਨੀਤਕ ਪ੍ਰਬੰਧ, ਦਰਸ਼ਨ, ਧਰਮ ਆਦਿ ਵਿਭਿੰਨ ਪ੍ਰਬੰਧ ਜੁੜਕੇ, ਇਸ ਸੰਗਠਨ ਦੀ ਉਸਾਰੀ ਕਰਦੇ ਹਨ। ਇਹ ਸੰਗਠਨ ਹੀ ਸਭਿਆਚਾਰਕ ਹੈ।[8]
ਸਭਿਆਚਾਰ ਵਿਆਪਕ ਹੈ ਅਤੇ ਵਿਸ਼ੇਸ਼ ਵੀ ਹੈ
[ਸੋਧੋ]ਸਭਿਆਚਾਰ ਵਿਆਪਕ ਇਸ ਕਰਕੇ ਹੈ ਕਿ ਇਹ ਮਨੁੱਖੀ ਹੋਂਦ ਦੀ ਪ੍ਰਲੱਭਤ ਹੈ। ਜਿਥੇ ਕਿਤੇ ਮਨੁੱਖੀ ਹੋਂਦ ਹੈ ਉਥੇ ਸਭਿਆਚਾਰ ਵੀ ਮੌਜੂਦ ਹੈ। ਸਭਿਆਚਾਰ ਦੀ ਵਿਆਪਕਤਾ ਦਾ ਹੋਰ ਪੱਖ ਵੀ ਹੈ। ਜਦੋਂ ਵਿਸ਼ਵ ਦੇ ਸਭਿਆਚਾਰ ਵਸਤੂ ਮੁਲਕ ਦ੍ਰਿਸ਼ਟੀ ਤੋਂ ਪਰਖੇ ਜਾਂਦੇ ਹਨ ਤਾਂ ਉਹਨਾਂ ਵਿੱਚ ਕਈ ਪੱਖਾਂ ਤੋਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਸਭਿਆਚਾਰ ਵਿੱਚ ਧਰਮ, ਦਰਸ਼ਨ, ਸਿਲਪ, ਕਲਾ ਤੇ ਹੋਰ ਸੁਹਜ ਸਮੱਗਰੀ ਉਪਲਬਧ ਹੁੰਦੀ ਹੈ। ਇਹ ਸਭਿਆਚਾਰ ਦੀ ਵਿਆਪਕਤਾ ਹੈ। ਸਭਿਆਚਾਰ ਦੀ ਵਿਸ਼ੇਸਤਾ ਦਾ ਰਾਜ ਇਸ ਗੱਲ ਵਿੱਚ ਹੈ ਕਿ ਦੁਨੀਆ ਉਪਰ ਅਜਿਹੀ ਕੋਈ ਕੋਮ, ਵਰਗ, ਸਮਾਜ, ਭਾਈਚਾਰਾ ਨਹੀਂ ਜਿਸਦਾ ਆਪਣਾ ਸਭਿਆਚਾਰ ਨਹੀਂ ਹੈ ਸਭਿਆਚਾਰ ਹਰ ਥਾਂ ਮੋਜੂਦ ਹੈ ਤੇ ਹਰ ਕੋਮ,ਵਰਗ ਸਮਾਜ ਦਾ ਆਪਣਾ ਨਿਵੇਕਲਾ ਸਭਿਆਚਾਰ ਹੁੰਦਾ ਹੈ ਜਿਹੜਾ ਦੂਸਰੇ ਸਭਿਆਚਾਰ ਨਾਲੋ ਨਿਵੇਲਕਾ ਹੁੰਦਾ ਹੋਇਆ ਆਪਣੀ ਹੋਂਦ ਨੂੰ ਨਿਰਧਰਿਤ ਕਰਦਾ ਹੈ। ਹਰ ਸਭਿਆਚਾਰ ਆਪਣੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜਰਬੇ ਦੀ ਸਿਰਜਣਾ ਹੁੰਦਾ ਹੈ। ਇਸ ਲਈ ਕੋਈ ਸਭਿਆਚਾਰਕ ਉਨ੍ਹੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਹਨਾਂ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਸਕ ਤਜ਼ਰਬੇ ਤੋਂ ਜਾਣੂ ਨਾ ਹੋਇਆ ਜਾਵੇ।[8]
ਸਭਿਆਚਾਰ ਜੀਵ ਵਿਗਿਆਨਕ ਵਿਰਾਸਤ ਨਹੀਂ ਬਲਕਿ ਸਿੱਖਿਆ ਜਾਣ ਵਾਲਾ ਵਰਤਾਰਾ ਹੈ
[ਸੋਧੋ]ਜਦੋਂ ਅਸੀਂ ਸਭਿਆਚਾਰ ਨੂੰ ਮਨੁੱਖੀ ਵਿਵਹਾਰ ਦਾ ਭਾਗ ਕਹਿੰਦੇ ਹਾਂ ਤਾਂ ਸਭਿਆਚਾਰ ਦੇ ਲਈ ਲੱਛਣਾਂ ਵੱਲ ਸੰਕੇਤ ਕਰ ਰਹੇ ਹੁੰਦੇ ਹਾਂ। ਸਿਖਿਅਤ ਤੋਂ ਭਾਵ ਹੈ, ਜਿਹੜਾ ਅਭਿਆਸ ਸਦਕਾ ਸਿੱਖਿਆ ਜਾਵੇ, ਸਭਿਆਚਾਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਇਸ ਮਾਧਿਅਮ ਦੁਆਰਾ ਸੰਚਾਲਤ ਹੁੰਦਾ ਹੈ। ਇਹ ਲੱਛਣ ਸਿੱਧੇ ਹੀ ਸਭਿਆਚਾਰ ਦੇ ਪਰੰਪਰਾਗਤ ਹੋਣ ਵਾਲੇ ਸੰਕੇਤ ਕਰਦਾ ਹੈ। ਸਿਖਿਅਤ ਇਸ ਲੱਛਣ ਵਲ ਵੀ ਸੰਕੇਤ ਕਰਦਾ ਹੈ ਕਿ ਮਨੁੱਖ ਆਪਣੀਆਂ ਪ੍ਰਵਿਰਤੀਆਂ ਨੂੰ ਇਸ ਸਿੱਖਿਆ ਦੇ ਅਨੁਸਾਰ ਢਾਲਦਾ ਹੈ। ਸਭਿਆਚਾਰ ਨੂੰ ਵਿਅਕਤੀ ਆਪਣੇ ਪਰਿਵਾਰ, ਭਾਈਚਾਰੇ, ਸਮਾਜ ਵਿੱਚ ਵਿਚਰਦਾ ਹੋਇਆ ਗਹਿਣ ਕਰਦਾ ਹੈ।[9]
ਸਭਿਆਚਾਰ ਬਦਲਦਾ ਰਹਿੰਦਾ ਹੈ
[ਸੋਧੋ]“ਸਭਿਆਚਾਰ ਵਿਕਾਸਸ਼ੀਲ ਸੁਭਾਅ ਕਰਕੇ ਹੀ ਇਸ ਵਿੱਚ ਨਿਰੰਤਰ ਤਬਦੀਲੀ ਆਉਂਦੀ ਰਹਿੰਦੀ ਹੈ। ਸਭਿਆਚਾਰਕ ਵਿਕਾਸ ਪਦਾਰਥਕ, ਸਮਾਜਿਕ ਅਤੇ ਇਤਿਹਾਸਕ ਹਾਲਤਾਂ ਅਨੁਸਾਰ ਸਮਾਜਿਕ ਵਹਿਣ ਦੇ ਨਿਯਮਾਂ ਅਨੁਸਾਰ ਹੁੰਦਾ ਹੈ। ਵਿਕਾਸ ਦੀ ਨਿਰੰਤਰ ਪ੍ਰਕਿਰਿਆ ਹੋਣ ਕਰਕੇ ਜੀਵਿਤ ਸਭਿਆਚਾਰ ਇੱਕ ਲਹਿਰ ਹੈ ਜੋ ਕਿ ਭੂਤ ਨੂੰ ਭਵਿੱਖ ਨਾਲ ਜੋੜਦੀ ਹੈ। ਕੁਝ ਬਾਹਰਲੇ ਲੋਕਾਂ ਦਾ ਕਿਸੇ ਸਭਿਆਚਾਰ ਵਿੱਚ ਪਰਿਵੇਸ਼ ਕਰਨਾ ਸਭਿਆਚਾਰਕ ਤਬਦੀਲੀ ਦਾ ਕਾਰਨ ਬਣਦਾ ਹੈ। ਸਭਿਆਚਾਰਕ ਪਰਿਵਰਤਨ ਦੀਆਂ ਵੱਖ-ਵੱਖ ਦਿਸ਼ਾਵਾਂ ਨਾਲ ਸੰਬੰਧਿਤ ਸਭਿਆਚਾਰਕ-ਖਿਲਾਰ, ਸਭਿਆਚਾਰਕ-ਪਛੜੇਵਾਂ ਅਤੇ ਸਭਿਆਚਾਰੀਕਰਣ ਦੇ ਸੰਕਲਪ ਆ ਜਾਂਦੇ ਹਨ। ਸੋ ਸਭਿਆਚਾਰਕ ਪਰਿਵਰਤਨ ਦੇ ਅਸਲ ਵਿੱਚ ਮਨੁੱਖੀ ਪਹੁੰਚ ਕਿਰਿਆਸ਼ੀਲ ਹੁੰਦੀ ਹੈ।[8]
ਸਭਿਆਚਾਰਕ ਮਨੁੱਖੀ ਦੌੜ ਦੀ ਸਮਿਤੀ ਹੈ
[ਸੋਧੋ]ਸਭਿਆਚਾਰਕ ਮਨੁੱਖਤਾ ਦੇ ਵਿਕਾਸ ਦੀਆਂ ਯਾਂਦਾ ਦਾ ਸਮੂਹ ਹੈ। ਹਰ ਸਭਿਆਚਾਰ ਹਰ ਮਨੁੱਖ ਲਈ ਉਸ ਤੋਂ ਪਿਛਲੇ ਮਨੁੱਖ ਅਰਥਾਤ ਉਸਦੇ ਵੱਡੇ-ਵਡੇਰਿਆ ਦੀਆਂ ਕੋਸ਼ਿਸਾਂ ਅਤੇ ਕਾਮਯਾਬੀਆਂ ਦੀ ਸੰਭਾਲੀ ਯਾਦ ਦਿੰਦਾ ਹੈ। ਇਹ ਮਨੁੱਖੀ ਵਿਰਾਸਤ ਦੀ ਸੰਭਾਲ਼ ਕਰਦਾ ਹੈ, ਜੋ ਅੱਗੇ ਜਾ ਕੇ ਉਸ ਲਈ ਸਭਿਆਚਾਰ ਦੀ ਵਿਸ਼ੇਸ਼ ਪਹਿਚਾਣ ਬਣਦੀ ਹੈ।[8]
ਸਭਿਆਚਾਰ ਪ੍ਰਤੀਕਾਂ ਦਾ ਪ੍ਰਬੰਧ ਹੈ
[ਸੋਧੋ]'ਯੱਕ ਲਾਂਕਾਂ' ਨੇ ਸਭਿਆਚਾਰ ਵਿੱਚ ਪ੍ਰਤੀਕਮਈ ਦਾ ਸੰਕਲਪ ਦਿਤਾ। ਸਮਾਜ ਵਿੱਚ ਮੌਜੂਦ ਪ੍ਰਤੀਕਾਂ ਤੋਂ ਭਾਵ ਸਮਾਜ ਦਾ ਵਰਤਾਰਾ ਹੈ। ਪ੍ਰਤੀਕ ਉਸਨੂੰ ਕਹਿੰਦੇ ਹਨ ਜਦੋਂ ਕਿਸੇ ਘਟਨਾ, ਵਿਚਾਰ ਜਾਂ ਵਰਤਾਰੇ ਨੂੰ ਸੰਬੰਧਿਤ ਮਨੁੱਖੀ ਸਮਾਜ ਵਲੋਂ ਕੁਝ ਅਰਥ ਦਿੱਤੇ ਗਏ ਹੋਣ। ਪ੍ਰਤੀਕ ਮਨੁੱਖ ਦੇ ਕਿਸੇ ਨਿਸ਼ਚਿਤ ਸਮਾਜਿਕ ਸੰਸਥਾ ਵਿੱਚ ਹੀ ਅਰਥ ਗ੍ਰਹਿਣ ਕਰਦਾ ਹੈ। ਪ੍ਰਤੀਕਾਤਮਕ ਵਿਵਹਾਰ ਕੇਵਲ ਮਨੁੱਖ ਹੀ ਕਰਦਾ ਹੈ ਕਿਉਂਕਿ ਸਭਿਆਚਾਰ ਉਸਨੂੰ ਅਜਿਹਾ ਸਿਖਾਉਂਦਾ ਹੈ। ਸਭਿਆਚਾਰ ਦਾ ਸਭ ਤੋਂ ਮਹੱਤਵਪੂਰਨ ਪ੍ਰਤੀਕਾਰਤਮਕ ਪੱਖ ਭਾਸ਼ਾ ਹੈ। ਪ੍ਰਤੀਕਾਂ ਬਿਨ੍ਹਾਂ ਸਭਿਆਚਾਰਕ ਸੰਸਥਾਵਾਂ ਦਾ ਉਭਰਨਾ ਅਸੰਭਵ ਸੀ ਜਿਵੇਂ ਕਿ ਧਰਮ, ਕਲਾ, ਰਾਜਨੀਤਿਕ-ਸੰਸਥਾਵਾਂ ਆਦਿ। ਸਪੀਅਰ ਦਾ ਵਿਚਾਰ ਵੀ ਇਸ ਤਰ੍ਹਾਂ ਦਾ ਹੀ ਹੈ ਕਿ ਭਾਸ਼ਾ ਦੇ ਮਾਧਿਅਮ ਨਾਲ ਹੀ ਮਨੁੱਖ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਭਿਆਚਾਰ ਨੂੰ ਪਹੁੰਚਾਉਂਦਾ ਹੈ।”[10]
ਸਭਿਆਚਾਰ ਵਿੱਚ ਸੰਚਿਤ ਹੋਣ ਦੀ ਵਿਲੱਖਣਤਾ
[ਸੋਧੋ]ਸਭਿਆਚਾਰ ਸੰਚਿਤ ਹੋਂਦ ਦੀ ਪ੍ਰਕਿਰਤੀ ਰੱਖਦਾ ਹੈ ਜਿਸ ਕਰਕੇ ਲੰਘਦੇ ਸਮੇਂ ਨਾਲ ਇਸ ਦੀ ਵਿਕਾਸ ਗਤੀ ਤੇਜ਼ ਹੋਈ ਜਾਂਦੀ ਹੈ। ਸਭਿਆਚਾਰ ਆਪਣੀ ਹਰ ਕਿਰਤ ਸੰਭਾਲ਼ ਕੇ ਰੱਖਦਾ ਹੈ, ਪਦਾਰਥਕ ਸਭਿਆਚਾਰ ਲਈ ਇਹ ਵਧੇਰੇ ਢੁੱਕਦਾ ਹੈ, ਕਿਉਂਕਿ ਪਦਾਰਥਕ ਖੇਤਰ ਵਿਚਲੀ ਹਰ ਨਵੀਂ ਕਾਢ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਨਾਲ ਲੈ ਕੇ ਚਲਦੀ ਹੈ। ਪਰ ਗੈਰ ਪਦਾਰਥਕ ਖੇਤਰ ਵਿੱਚ ਵਿਕਾਸ ਕਰਦੇ ਸਮੇਂ ਕਈ ਨਵੇਂ ਅੰਸ਼ ਆਪਣੇ ਅੰਸ਼ਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਥਾਂ ਲੈਂਦੇ ਹਨ। ਮਹਿੰਜੋਦੜੋ ਦੇ ਸਮੇਂ ਦੀਆਂ ਪਦਾਰਥਕ ਲੱਭਤਾਂ ਉਦੋਂ ਦੇ ਲੋਕਾਂ ਤੇ ਪਦਾਰਥਕ ਸਭਿਆਚਾਰਕ ਪੱਧਰ ਦੀਆਂ ਤਾਂ ਸੂਚਕ ਹਨ ਪਰ ਉਹਨਾਂ ਦੇ ਸਮਾਜਕ ਸੰਗਠਤ ਵਿਸ਼ਵਾਸਾਂ ਸ਼ਿਸਟਾਚਾਰ ਆਦਿ ਬਾਰੇ ਇਨ੍ਹਾਂ ਤੋਂ ਕੇਵਲ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ, ਸਭਿਆਚਾਰਕ ਦੇ ਸੰਚਿਤ ਹੋਣ ਦੀ ਪ੍ਰਕਿਰਤੀ ਨੂੰ ਪ੍ਰਗਟ ਕਰਦਾ ਇੱਕ ਤੱਥ ਇਹ ਵੀ ਹੈ ਕਿ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਮਨੁੱਖ ਦੇ ਸਭਿਆਚਾਰਕ ਵਿਕਾਸ ਦੀ ਗਤੀ ਤੇਜ਼ ਹੁੰਦੀ ਜਾਂਦੀ ਹੈ।[11]
ਮਨੁੱਖੀ ਲੋੜਾਂ ਦੀ ਪੂਰਤੀ
[ਸੋਧੋ]“ਸਭਿਆਚਾਰ ਦੀ ਇੱਕ ਵਿਲੱਖਣਤਾ ਮਨੁੱਖੀ ਲੋੜਾਂ ਦੀ ਪੂਰੀਆਂ ਕਰਨ ਹਿੱਤ ਦੀ ਹੈ ਹਰੇਕ ਮਨੁੱਖੀ ਸਿਰਜਣਾ ਦਾ ਕੋਈ ਮਨੋਰਥ ਹੁੰਦਾ ਹੈ ਜੋ ਉਸ ਦੀ ਕਿਸੇ ਨਾ ਕਿਸੇ ਲੋੜ ਨੂੰ ਪੂਰਾ ਕਰਨ ਲਈ ਸਿਰਜੀ ਜਾਂਦੀ ਹੈ। ਮੈਲਿਨੋਵਸਕੀ ਨੇ ਸਭਿਆਚਾਰ ਨੂੰ ਮਨੁੱਖ ਦੀ ਪ੍ਰਾਥਮਿਕ ਅਤੇ ਗੌਣ ਲੋੜਾਂ ਦੀ ਸੰਤੁਸ਼ਟੀ ਕਰਨ ਦੀ ਮੁੱਢਲੀ ਸ਼ਰਤ ਵਜੋਂ ਦਰਸਾਇਆ ਹੈ।” ਹਰ ਸਭਿਆਚਾਰਕ ਸਿਰਜਣਾ ਕਿਸੇ ਪੱਧਰ ਤੇ ਮਾਨਵੀ ਲੋੜਾਂਦੀ ਦੀ ਉਪਜ ਹੈ। ਪਰ ਮਨੁੱਖ ਦੀ ਦੂਜੇ ਜੀਵਨ ਨਾਲੋਂ ਵਿਲੱਖਣਤਾ ਇਹ ਹੈ ਕਿ ਇਹ ਕੇਵਲ ਆਪਣੀਆਂ ਲੋੜਾਂ ਲਈ ਹੀ ਸਿਰਜਣਾ ਨਹੀਂ ਕਰਦਾ ਸਗੋਂ ਆਪਣੀਆਂ ਵਿਸ਼ਾਲ ਮਨੁੱਖੀ ਸੰਭਾਵਨਾਵਾਂ ਦਾ ਪ੍ਰਯੋਗ ਕਰਦਾ ਹੋਇਆ ਨਵੀਆਂ ਸਿਰਜਣਾਵਾਂ ਵੀ ਕਰਦਾ ਹੈ।[11]
ਮਨੁੱਖ ਅਤੇ ਪ੍ਰਕਿਰਤੀ ਦਾ ਦਵੰਦ
ਮਨੁੱਖ ਮੂਲ ਰੂਪ ਵਿਚ ਪ੍ਰਾਕ੍ਰਿਤਿਕ ਜੀਵ ਹੈ। ਚੇਤਨ ਪਾਣੀ ਹੋਣ ਕਾਰਨ ਉਹ ਪ੍ਰਕਿਰਤੀ ਦਾ ਹੱਥ ਬੱਧਾ ਗੁਲਾਮ ਨਹੀਂ ਹੈ। ਚੇਤਨਤਾ ਦੇ ਪਹਿਲੇ ਪੜਾਅ ਤੋਂ ਹੀ ਮਨੁੱਖ ਪ੍ਰਕਿਰਤੀ ਨੂੰ ਸਮਝਣ, ਇਸ ਉੱਤੇ ਵਿਜੇ ਹਾਸਲ ਕਰਨ, ਅਥਵਾ ਕਿਰਤੀ ਨੂੰ ਆਪਣੇ ਅਨੁਕੂਲ ਢਾਲਣ ਜਾਂ ਆਪਣੇ ਆਪ ਨੂੰ ਪ੍ਰਕਿਰਤੀ ਦੇ ਅਨੁਕੂਲ ਢਾਲਣ ਲਈ ਜਤਨ ਕਰਦਾ ਰਿਹਾ ਹੈ। ਆਪਣੇ ਇਸ ਜਤਨ ਦੀ ਸਫਲਤਾ ਲਈ ਉਸ ਨੇ ਸੰਦਾਂ ਸਾਧਨਾਂ ਦੀ ਸਿਰਜਨਾ ਕਰ ਲਈ ਹੈ। ਕਿਰਤੀ ਅਤੇ ਮਨੁੱਖ ਦੇ ਇਨ੍ਹਾਂ ਸੰਬੰਧਾਂ ਵਿਚੋਂ ਅਨੇਕਾਂ ਅਜਿਹੀਆਂ ਸਥੂਲ ਵਸਤਾਂ ਨੇ ਜਨਮ ਲਿਆ ਹੈ ਜੋ ਮਨੁੱਖੀ ਵਿਕਾਸ ਵਿਚ ਅਤਿਅੰਤ ਸਹਾਈ ਹੋਈਆਂ ਹਨ। ਮਨੁੱਖ ਦੇ ਖਾਣ ਪੀਣ ਤੇ ਭੋਜਨ ਤਿਆਰ ਕਰਨ ਦੀ ਸਮੱਗਰੀ ਪਹਿਰਾਵਾ, ਹਾਰ-ਸ਼ਿੰਗਾਰ ਦੇ ਤੱਤ, ਉਪਜੀਵਕਾ ਅਤੇ ਘਰੇਲੂ ਕੰਮਕਾਜ ਦੇ ਸੰਦ-ਸਾਧਨ, ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨ, ਇਮਾਰਤਾਂ, ਪੂਜਾ ਸਮੱਗਰੀ, ਸੰਦ ਅਤੇ ਹਥਿਆਰ, ਮਨੋਰੰਜਨ ਅਤੇ ਸਜਾਵਟ ਦਾ ਸਾਜ਼-ਸਮਾਨ ਆਦਿ। ਇਸ ਤਰ੍ਹਾਂ ਦੇ ਹੋਰ ਅਨੇਕ ਪਦਾਰਥਕ ਤੱਤ ਮਨੁੱਖ ਦੇ ਕਿਰਤੀ ਨਾਲ ਦਵੰਦਾਤਮਕ ਸੰਬੰਧਾਂ ਦਾ ਹੀ ਸਿੱਟਾ ਹਨ।
ਮਨੁੱਖ ਅਤੇ ਸਮੂਹ (ਸਮਾਜ) ਦਾ ਦਵੰਦ
ਆਪਣੇ ਮੂਲ ਵਿਚ ਮਨੁੱਖ ਪ੍ਰਕਿਰਤਕ ਜੀਵ ਹੈ। ਇਸ ਲਈ ਉਸ ਅੰਦਰ ਉਹ ਸਾਰੀਆ ਵਿਰਤੀਆਂ ਮੌਜੂਦ ਹਨ ਜਿਹੜੀਆਂ ਪ੍ਰਕਿਰਤੀ ਦੇ ਬਾਕੀ ਜੀਵ-ਜੰਤਾਂ ਵਿਚ ਪਾਈਆਂ ਜਾਂਦੀਆਂ ਹਨ। ਕਾਮ-ਤ੍ਰਿਪੜੀ, ਭੁੱਖ-ਤੇਹ ਅਤੇ ਪਿਆਰ ਵਰਗੀਆਂ ਆਪ-ਹੁਦਰੀਆਂ ਪ੍ਰਵਿਰਤੀਆਂ ਤੋਂ ਮਨੁੱਖ ਸੱਖਣਾ ਨਹੀਂ ਹੈ ਪਰ ਇਹਨਾਂ ਦੀ ਪੂਰਤੀ ਮਨੁੱਖ ਉਵੇਂ ਨਹੀਂ ਕਰਦਾ ਜਿਵੇਂ ਪਸ਼ੂਪੰਛੀ ਆਪਣੀ ਇੱਛਾ ਅਨੁਸਾਰ ਕਰ ਲੈਂਦੇ ਹਨ। ਇਨ੍ਹਾਂ ਦੀ ਪੂਰਤੀ ਦੇ ਨਿਯਮ ਸੰਬੰਧਤ ਸਮਾਜ ਨਿਰਧਾਰਿਤ ਕਰਦਾ ਹੈ, ਜਿਸ ਵਿਚ ਕਿ ਵਿਅਕਤੀ ਪਰ ਰਿਹਾ ਹੁੰਦਾ ਹੈ। ਸਮਾਜਕ ਨਿਯੰਤਰਨ ਮਨੁੱਖ ਦੇ ਆਪ-ਹੁਦਰੇਪਣ ਉੱਤੇ ਪਾਬੰਦੀ ਲਾਉਂਦਾ ਹੈ। ਮਨੁੱਖ ਅਤੇ ਸਮਾਜ ਵਿਚਕਾਰ ਸੰਬੰਧਾਂ ਦਾ ਸੰਤੁਲਨ ਕਾਇਮ ਰੱਖਣ ਲਈ ਹਰ ਸਮਾਜ ਅੰਦਰ ਕੁਝ ਅਕੀਦੇ ਕਾਇਮ ਕਰ ਲਏ ਜਾਂਦੇ ਹਨ।ਮੁੱਖ ਰੂਪ ਵਿਚ ਸਮਾਜਕ ਮੁੱਲਾਂ ਦੇ ਹੇਠ ਲਿਖੇ ਰੂਪ ਵੇਖਣ ਵਿਚ ਆਉਂਦੇ ਹਨ -ਲੋਕਾਚਾਰ, ਸਦਾਚਾਰ, ਤਾਬੂ ਅਤੇ ਕਾਨੂੰਨ। ਇਨ੍ਹਾਂ ਮੁੱਲਾਂ ਦੀ ਪੂਰਤੀ ਲਈ ਮਨੁੱਖ ਅਤੇ ਸਮਾਜ ਅੰਦਰ ਹਮੇਸ਼ਾ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ। ਜੇਕਰ ਇਹ ਤਣਾਅ ਨਾ ਹੋਵੇ ਤਾਂ ਜੀਵਨ ਵਿਚ ਅਰਾਜਕਤਾ ਫੈਲ ਸਕਦੀ ਹੈ।
ਸਭਿਆਚਾਰ ਅੰਦਰ ਵੰਨ-ਸਵੰਨਤਾ ਅਥਵਾ ਵਿਲੱਖਣਤਾ ਹੁੰਦੀ ਹੈ
ਮਨੁੱਖ ਅਤੇ ਉਸਦੇ ਸਭਿਆਚਾਰ ਨਾਲ ਸੰਬੰਧਤ ਕਾਰਜਾਂ ਦੀ ਇਕ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਕਿਸੇ ਇਕ ਖੇਤਰ ਨਾਲ ਸੰਬੰਧਤ ਵੱਖ-ਵੱਖ ਮਨੁੱਖਾਂ ਦੇ ਕਾਰਜਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਸਿੱਟਿਆਂ ਵਿਚ ਪਰਸਪਰ ਵਖਰੇਵਾਂ ਹੁੰਦਾ ਹੈ, ਕਿਉਂਕਿ ਮਨੁੱਖ ਦਾ ਵਿਅਕਤਿਤਵ ਸਮਾਜਕ ਹਾਲਤਾਂ ਦੀ ਉਪਜ ਹੁੰਦਾ ਹੈ। ਸਮਾਜਕ ਹਾਲਤਾਂ ਵਿਚ ਵੰਨ-ਸਵੰਨਤਾ ਹੁੰਦੀ ਹੈ, ਉਸ ਦੇ ਭੂਗੋਲਿਕ ਇਤਿਹਾਸਕ, ਅੰਦਰੂਨੀ ਤੇ ਬਾਹਰੀ ਅਨੇਕ ਕਾਰਨ ਹੋ ਸਕਦੇ ਹਨ। ਦੂਜਾ ਮਨੁੱਖੀ ਚੇਤਨਾ ਕਾਰਨ ਵੀ ਅਜਿਹਾ ਹੁੰਦਾ ਹੈ। ਮਨੁੱਖੀ ਚੇਤਨਾ ਭਾਵੇਂ ਸਮਾਜਕ ਹਾਲਤਾਂ ਦੀ ਉਪਜ ਹੁੰਦੀ ਹੈ, ਪਰੰਤੂ ਕਿਸੇ ਮਨੁੱਖ ਦੀ ਵਿਅਕਤੀਗਤ ਚੇਤਨਾ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ ਕਿ ਉਸ ਵਿਅਕਤੀ ਦਾ ਜਨਮ ਕਿਹੜੀਆਂ ਸਮਾਜਕ ਸਥਿਤੀਆਂ ਵਿਚ ਹੋਇਆ ਹੈ, ਉਸ ਦੀ ਸਿੱਖਿਆ, ਯੋਗਤਾਵਾਂ ਅਤੇ ਉਸ ਦੀਆਂ ਨਿੱਜੀ ਜੀਵਨ ਦੀਆਂ ਸਥਿਤੀਆਂ ਕਿਹੋ ਜਿਹੀਆਂ ਹਨ।
ਸਭਿਆਚਾਰ ਗ੍ਰਹਿਣ ਕੀਤਾ ਜਾਂਦਾ ਹੈ
[ਸੋਧੋ]“ਸਭਿਆਚਾਰ ਮਨੁੱਖ ਦਾ ਸਮਾਜਕ ਵਿਰਸਾ ਹੈ, ਜੀਵ-ਵਿਗਿਆਨਕ ਵਿਰਸਾ ਨਹੀਂ ਹੈ। ਸਭਿਆਚਾਰਕ ਨੂੰ ਜਮਾਂਦਰੂ ਜਾਂ ਵਿਰਾਸਤ ਵਾਂਗ ਹੀ ਗ੍ਰਹਿਣ ਨਹੀਂ ਕੀਤਾ ਜਾਂਦਾ ਸਗੋਂ ਇਸ ਨੂੰ ਅਭਿਆਸ ਰਾਹੀਂ ਸਿੱਖਿਆ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੇਕਰ ਇੱਕ ਜੰਮਦੇ ਬੱਚੇ ਨੂੰ ਕਿਸੇ ਹੋਰ ਸਭਿਆਚਾਰ ਵਿੱਚ ਪਾ ਲਿਆ ਜਾਵੇ ਤਾਂ ਉਹ ਨਵੇਂ ਸਭਿਆਚਾਰ ਨੂੰ ਗ੍ਰਹਿਣ ਹੀ ਕਰੇਗਾ ਮਨੁੱਖ ਦੀ ਹਰ ਨਵੇਂ ਪੁਸ਼ਤ ਨੂੰ ਆਪਣਾ ਸਭਿਆਚਾਰ ਨਵੇਂ ਸਿਰ ਤੋਂ ਸਿੱਖਣਾ ਪੈਂਦਾ ਹੈ। ਇਸ ਵਿਚੋਂ ਕੁਝ ਗ੍ਰਹਿਣ ਕਰ ਲਿਆ ਅਤੇ ਕੁਝ ਛੱਡ ਦਿੱਤਾ ਜਾਂਦਾ ਹੈ।”[12]
ਸਭਿਆਚਾਰ ਨਿਰੋਲ ਮਨੁਖੀ ਵਰਤਾਰਾ ਹੈ
[ਸੋਧੋ]ਮਨੁਖੀ ਮਨੋ-ਸਰੀਰਕ ਬਣਤਰ ਖੜੇਦਾਰ ਹੋਣ ਕਾਰਨ ਖੂਨ ਦੀ ਸਪਲਾਈ ਠੀਕ ਮਾਤਰਾ ਵਿੱਚ ਦਿਮਾਗ ਤੱਕ ਪਹੁੰਦੀ ਹੈ ਤੇ ਦਿਮਾਗ ਧੜ ਦੇ ਉਪਰ ਹੋਣ ਕਾਰਨ ਸਰੀਰ ਦੇ ਹਰੇਕ ਅੰਗ ਦੀ ਦਿਮਾਗ ਵਿੱਚ ਪੇਸ਼ਕਾਰੀ ਅਲੱਗ ਹੈ। ਜਿਸ ਕਾਰਨ ਉਹ ਹਰੇਕ ਕੰਮ ਨੂੰ ਬਹੁਤ ਧਿਆਨੀ ਨਾਲ ਕਰ ਸਕਦਾ ਹੈ ਤੇ ਖਾਸ ਹਾਲਤਾਂ ਵਿੱਚ ਆਪਣੇ ਅੰਗਾ ਤੋਂ ਖਾਸ ਹਰਕ਼ਤਾਂ ਕਰਵਾ ਲੈਦਾ ਹੈ ਪਰ ਜਾਨਵਰਾਂ ਦੀ ਸਥਿਤੀ ਅਜਿਹੀ ਨਹੀਂ ਹੈ ਉਹਨਾਂ ਦੀ ਮਨੋਂ ਸਰੀਰਕ ਬਣਤਰ ਲੇਟੇਦਰ ਹੋਣ ਕਾਰਨ ਉਹਨਾਂ ਦੇ ਅੰਗ ਉਹ ਕਾਰਜ ਨਹੀਂ ਕਰ ਸਕਦੇ ਜੋ ਮਨੁਖ ਦੇ ਅੰਗ ਕਰ ਸਕਦੇ ਹਨ।ਜਿਨਾਂ ਦੀ ਸਹਾਇਤਾ ਨਾਲ ਮਨੁੱਖ ਬਾਰੀਕੀ ਵਾਲਾ ਕਾਰਜ ਕਰਕੇ ਆਪਣੇ ਸਭਿਆਚਾਰ ਦੀ ਸਿਰਜਨਾ ਕਰਦਾ ਹੈ।
ਹਰ ਸਭਿਆਚਾਰ ਦੀ ਆਪਣੀ ਵਿਲੱਖਣ ਪ੍ਰਣਾਲੀ ਹੁੰਦੀ ਹੈ
ਸਭਿਆਚਾਰ ਭਾਵੇਂ ਇਕ ਸਰਬ ਵਿਆਪਕ ਵਰਤਾਰਾ ਹੈ, ਪਰ ਇਸ ਦੇ ਸਰਬ ਵਿਆਪਕ ਅੰਸ਼ ਜਦੋਂ ਕਿਸੇ ਨਿਸ਼ਚਿਤ ਪ੍ਰਣਾਲੀ ਵਿਚ ਪ੍ਰਗਟ ਹੁੰਦੇ ਹਨ ਤਾਂ ਉਨ੍ਹਾਂ ਵਿਚ ਵਿਲੱਖਣਤਾ ਆ ਜਾਂਦੀ ਹੈ। ਰਿਸ਼ਤਾ ਪ੍ਰਣਾਲੀ, ਭੋਜਨ ਪ੍ਰਣਾਲੀ, ਮੁਦਰਾ ਪ੍ਰਣਾਲੀ, ਇਸ ਦੇ ਕੁਝ ਉਦਾਹਰਨ ਹੋ ਸਕਦੇ ਹਨ। ਜੇ ਕੋਈ ਵਿਦੇਸ਼ੀ ਕਿਸੇ ਪੰਜਾਬੀ ਨਾਲ ਪੌਡ, ਸ਼ਲਿੰਗ, ਪੈਂਸ ਜਾਂ ਡਾਲਰਾਂ ਦੀ ਗੱਲ ਕਰ ਰਿਹਾ ਹੋਵੇ ਤਾਂ ਪੰਜਾਬੀ ਸਭਿਆਚਾਰ ਵਾਲਾ ਵਿਅਕਤੀ ਉਸ ਦੇ ਸ਼ਬਦਾਂ ਨੂੰ ਆਪਣੇ ਸਮਾਜ ਦੇ ਰੁਪਏ, ਪੈਸੇ ਦੇ ਸੰਦਰਭ ਵਿਚ ਹੀ ਸਮਝ ਸਕੇਗਾ। ਇਹੋ ਹਾਲ ਰਿਸ਼ਤਾ ਪ੍ਰਣਾਲੀ ਅਤੇ ਭਾਸ਼ਾ ਪ੍ਰਣਾਲੀ ਦਾ ਹੈ। ਇਵੇਂ ਹੀ ਭੋਜਨ ਕਰਨ ਦਾ ਅਮਲ ਤਾਂ ਸਰਬ ਵਿਆਪਕ ਹੈ ਪਰ ਕੋਈ ਸਮਾਜ, ਭੋਜਨ, ਕਿਸ ਵੇਲੇ ਕਿੰਨ੍ਹਾਂ ਪਦਾਰਥਾਂ ਦੇ ਸੁਮੇਲ ਨਾਲ, ਕਿਸ ਕਰਕੇ ਅਤੇ ਕਿਸ ਢੰਗ ਨਾਲ ਖਾਂਦਾ ਹੈ, ਇਹ ਉਸ ਦੀ ਵਿਲੱਖਣ ਪ੍ਰਣਾਲੀ ਨਾਲ ਹੀ ਸੰਬੰਧ ਰੱਖਦਾ ਹੈ।
ਸਭਿਆਚਾਰ ਵਿਅਕਤੀਗਤ ਸੰਪੱਤੀ ਨਹੀਂ
[ਸੋਧੋ]ਸਭਿਆਚਾਰ ਮਨੁੱਖ ਦਾ ਸਮਾਜਕ ਵਿਰਸਾ ਹੈ।ਅਰਥਾਤ ਸਮੂਹ ਤੋਂ ਬਿਨਾਂ ਸਭਿਆਚਾਰ ਦੀ ਹੌਂਦ ਸੰਭਵ ਨਹੀਂ ਹੈਂ।ਪਦਾਰਥਕ, ਪ੍ਰਤਿਮਾਨਕ, ਬੋਧਾਤਮਕ ਸਭਿਆਚਾਰ ਦੇ ਕਿਸੇ ਵੀ ਇਕੱਲੇ ਦਾ ਯੋਗਦਾਨ ਨਹੀਂ।ਅਸਲ ਵਿੱਚ ਸਭਿਆਚਾਰ ਉਹ ਵਿਵਹਾਰ ਹੈਂ ਜੋ ਵਿਅਕਤੀ ਸਮਾਜ ਰਾਹੀ ਅਰਥਾਤ ਸਮਾਜ ਦਾ ਮੈਂਬਰ ਹੋਣ ਵਜੋਂ ਅਪਣਾਉਂਦਾ ਹੈ।[8]
ਸਭਿਆਚਾਰ:ਜੀਵਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਦਾ ਸਿਰਜਕ
[ਸੋਧੋ]ਸਭਿਆਚਾਰ ਦੀ ਅਗਲੀ ਮੁੱਖ ਵਿਸ਼ੇਸ਼ਤਾ ਇਸਦੇ ਜਨ ਸਮੂਹ ਨੂੰ ਜੀਵਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਵਿੱਚ ਹੈ। ਮਨੁੱਖ ਨੇ ਆਪਣੇ ਜੀਵਨ ਸੰਘਰਸ਼ ਵਿਚੋਂ ਹਰੇਕ ਸਮਾਜਿਕ ਘਟਨਾ, ਵਰਤਾਰੇ ਬਾਰੇ ਇੱਕ ਦ੍ਰਿਸ਼ਟੀਕੋਣ ਪ੍ਰਾਪਤ ਕੀਤਾ ਹੁੰਦਾ ਹੈ। ਜਿਸ ਅਨੁਸਾਰ ਉਹ ਹਰੇਕ ਪੱਖ, ਰੂਪ ਨੂੰ ਸਮਝਦਾ ਅਤੇ ਪ੍ਰਵਾਨ ਕਰਦਾ ਹੈ। ਇਹ ਦ੍ਰਿਸ਼ਟੀਕੋਣ ਸਭਿਆਚਾਰ ਦੀ ਦੇਣ ਹੈ।[13]
ਸਭਿਆਚਾਰ:ਮਨੁੱਖੀ ਸ਼ਖ਼ਸੀਅਤ ਦਾ ਸਿਰਜਕ
[ਸੋਧੋ]ਸਭਿਆਚਾਰ ਮਨੁੱਖੀ ਸਮੂਹ ਦੀ ਸਿਰਜਣਾ ਹੈ।ਸਭਿਆਚਾਰ ਅਤੇ ਮਨੁੱਖੀ ਸ਼ਖ਼ਸੀਅਤ ਦਾ ਆਪਸੀ ਦਵੰਦਾਤਮਕ ਰਿਸ਼ਤਾ ਹੈ। ਸਭਿਆਚਾਰ ਇੱਕ ਪ੍ਰਬੰਧ ਵਜੋਂ ਉਸਰਨ ਬਾਅਦ 'ਵਿਭਿੰਨ ਪੈਟਰਨ'ਅਤੇ ਕੀਮਤਾਂ ਵਜੋਂ ਸਮਾਜ ਵਿੱਚ ਜਿਹੜਾ ਜੀਵਨ ਢੰਗ ਸਿਰਜਦਾ ਹੈ, ਉਹ ਉਸ ਦਾ ਮਨੁੱਖੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਬਦਲਣ ਵਿੱਚ ਮੁਢਲਾ ਰੋਲ ਹੁੰਦਾ ਹੈ।[14]
ਸਭਿਆਚਾਰ:ਯੂਨੀਕ ਮਨੁੱਖੀ ਮਨੋ-ਸਰੀਰਕ ਬਣਤਰ ਦਾ ਪਰਿਮਾਣ
[ਸੋਧੋ]ਸਭਿਆਚਾਰ ਮਨੁੱਖੀ ਮਨੋ-ਸਰੀਰਕ ਬਣਤਰ ਦਾ ਪਰਿਮਾਣ ਹੈ।ਮਨੁੱਖ ਦੇ ਸਾਧਾਰਨ ਜਾਨਵਰ ਤੋਂ ਮਨੁੱਖ ਬਣਨ ਦੇ ਜੀਵ-ਵਿਗਿਆਨ ਵਿਕਾਸ ਦੇ ਨਾਲ ਹੀ ਉਸਦੀ ਸਰੀਰਕ ਨੁਹਾਰ ਅਤੇ ਮਾਨਸਿਕ ਪ੍ਰਤਿਭਾ ਵਿਕਸਦੀ ਹੈ।ਮਨੁੱਖ ਨੇ ਇਸ ਨਿਵੇਕਲੇਪਣ ਸਦਕਾ ਹੀ ਸਭਿਆਚਾਰ ਦੀ ਸਿਰਜਣਾ ਕੀਤੀ ਹੈ।[15]
ਸਿੱਟਾ
[ਸੋਧੋ]ਸੋ, ਵੱਖ-ਵੱਖ ਵਿਦਵਾਨਾਂ ਅਨੁਸਾਰ ਸਭਿਆਚਾਰ ਨੂੰ ਵਿਲੱਖਣ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਤੇ ਇਸ ਦੇ ਲੱਛਣਾਂ ਸੰਬੰਧੀ ਵਿਖਿਆਨ ਕੀਤਾ ਹੈ।
ਹਵਾਲੇ
[ਸੋਧੋ]- ↑ ਪੰਜਾਬੀ ਸਭਿਆਚਾਰ ਪਛਾਣ ਚਿੰਨ,ਡਾ.ਜਸਵਿੰਦਰ ਸਿੰਘ,2012, ਪੰਨਾ ਨੰਬਰ:2
- ↑ 2.0 2.1 2.2 ਪੰਜਾਬੀ ਸਭਿਆਚਾਰ ਪਛਾਣ ਚਿੰਨ,ਡਾ.ਜਸਵਿੰਦਰ ਸਿੰਘ, 2012, ਪੰਨਾ ਨੰਬਰ:6-7
- ↑ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪ੍ਰੋ.ਗੁਰਬਖ਼ਸ਼ ਸਿੰਘ ਫਰੈਕ, ਪੰਨਾ ਨੰਬਰ:23
- ↑ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪ੍ਰੋ.ਗੁਰਬਖ਼ਸ਼ ਸਿੰਘ ਫਰੈਕ, ਪੰਨਾ ਨੰਬਰ:19
- ↑ 5.0 5.1 ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪ੍ਰੋ.ਗੁਰਬਖ਼ਸ਼ ਸਿੰਘ ਫਰੈਕ, ਪੰਨਾ ਨੰਬਰ:18
- ↑ 6.0 6.1 6.2 ਸਭਿਆਚਾਰ ਦਾ ਫ਼ਲਸਫ਼ਾ, ਡਾ.ਗੁਰਜੀਤ ਸਿੰਘ, ਪੰਨਾ ਨੰਬਰ:4-5
- ↑ 7.0 7.1 ਸਭਿਆਚਾਰ ਦਾ ਫ਼ਲਸਫ਼ਾ,ਡਾ.ਗੁਰਜੀਤ ਸਿੰਘ,ਪੰਨਾ ਨੰਬਰ:4-5
- ↑ 8.0 8.1 8.2 8.3 8.4 8.5 ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਡਾ.ਜੀਤ ਸਿੰਘ ਜੋਸ਼ੀ, ਪੰਨਾ ਨੰਬਰ:19
- ↑ ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ,ਡਾ.ਜੀਤ ਸਿੰਘ ਜੋਸ਼ੀ,ਪੰਨਾ ਨੰਬਰ:19
- ↑ ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਡਾ.ਜੀਤ ਸਿੰਘ ਜੋਸ਼ੀ, ਪੰਨਾ ਨੰਬਰ:21
- ↑ 11.0 11.1 ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਡਾ.ਜੀਤ ਸਿੰਘ ਜੋਸ਼ੀ, ਪੰਨਾ ਨੰਬਰ:20
- ↑ ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ,ਪ੍ਰੋ.ਸੈਰੀ
- ↑ ਪੰਜਾਬੀ ਸਭਿਆਚਾਰ ਪਛਾਣ ਚਿੰਨ, ਡਾ.ਜਸਵਿੰਦਰ ਸਿੰਘ, ਪੰਨਾ ਨੰਬਰ:15
- ↑ ਪੰਜਾਬੀ ਸਭਿਆਚਾਰ ਪਛਾਣ ਚਿੰਨ, ਡਾ.ਜਸਵਿੰਦਰ ਸਿੰਘ, ਪੰਨਾ ਨੰਬਰ:13
- ↑ ਪੰਜਾਬੀ ਸਭਿਆਚਾਰ ਪਛਾਣ ਚਿੰਨ,ਡਾ.ਜਸਵਿੰਦਰ ਸਿੰਘ,ਪੰਨਾ ਨੰਬਰ:12