ਹਲਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਹੇ ਦੀ ਉਸ ਮਸ਼ੀਨਰੀ ਨੂੰ, ਜਿਸ ਨਾਲ ਇਕ ਬਲਦ ਜਾਂ ਇਕ ਕੱਟਾ ਜੋੜ ਕੇ ਜਾਂ ਹੱਥ ਨਾਲ ਗੇੜ ਕੇ ਖੂਹੀ ਵਿਚੋਂ ਪਾਣੀ ਕੱਢਿਆ ਜਾਂਦਾ ਹੈ, ਹਲਟੀ ਕਹਿੰਦੇ ਹਨ। ਕਈ ਇਸ ਨੂੰ ਹਰਟੀ ਕਹਿੰਦੇ ਹਨ। ਹਲਟੀ ਆਮ ਤੌਰ 'ਤੇ ਪਿੰਡ ਦੇ ਦਰਵਾਜ਼ੇ ਦੇ ਨੇੜੇ ਲਾਈ ਜਾਂਦੀ ਸੀ। ਹਲਟੀ ਤੋਂ ਪਾਣੀ ਘਰ ਵਰਤਣ ਲਈ ਲਿਆ ਜਾਂਦਾ ਸੀ। ਲੋਕੀਂ ਇਸ਼ਨਾਨ ਕਰਦੇ ਸਨ। ਹਲਟੀ ’ਤੇ ਜਨਾਨੀਆਂ ਕੱਪੜੇ ਧੋਂਦੀਆਂ ਸਨ। ਪਸ਼ੂਆਂ ਨੂੰ ਪਿਲਾਇਆ ਜਾਂਦਾ ਸੀ। ਹਲਟੀ ਦਾ ਪਾਣੀ ਪਹਿਲਾਂ ਪਾੜਛੇ ਵਿਚ ਡਿੱਗਦਾ ਸੀ। ਪਾੜਛੇ ਵਿਚੋਂ ਪਾਣੀ ਨਸਾਰ ਵਿਚ ਦੀ ਹੁੰਦਾ ਹੋਇਆ ਆਮ ਤੌਰ ਤੇ ਸੀਮਿੰਟ ਦੇ ਬਣੇ ਇਕ ਲੰਮੇ ਹੌਜ ਵਿਚ ਜਾਂਦਾ ਸੀ। ਹੌਜ਼ ਦੇ ਦੋਵੇਂ ਪਾਸੇ ਟੂਟੀਆਂ ਲੱਗੀਆਂ ਹੁੰਦੀਆਂ ਸਨ। ਇਕ ਪਾਸੇ ਪੁਰਸ਼ਾਂ ਦੇ ਵਰਤਣ ਲਈ ਇਕ ਪਾਸੇ ਜਨਾਨੀਆਂ ਦੇ ਵਰਤਣ ਲਈ।ਹੌਜ਼ ਦੀਆਂ ਟੂਟੀਆਂ ਤੋਂ ਜਨਾਨੀਆਂ ਘਰ ਵਰਤਣ ਲਈ ਪਾਣੀ ਭਰਦੀਆਂ ਸਨ। ਕੱਪੜੇ ਉਥੇ ਹੀ ਧੋ ਲੈਂਦੀਆਂ ਸਨ। ਮਰਦ ਟੂਟੀਆਂ ਥੱਲੇ ਬੈਠ ਕੇ ਨਹਾ ਲੈਂਦੇ ਸਨ।ਹੌਜ਼ ਵਿਚੋਂ ਦੀ ਪਾਣੀ ਹੋ ਕੇ ਆਮ ਤੌਰ ਤੇ ਪਸ਼ੂਆਂ ਦੇ ਪੀਣ ਲਈ ਬਣਾਈ ਖੇਲ ਵਿਚ ਵੀ ਜਾਂਦਾ ਸੀ। ਸਵੇਰੇ ਸ਼ਾਮ ਪਸ਼ੂ ਇਸ ਖੇਲ ਤੋਂ ਪਾਣੀ ਪੀਂਦੇ ਸਨ। ਪਿੰਡਾਂ ਦੀਆਂ ਹਲਟੀਆਂ ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ। ਕਈ ਇਸ ਤੋਂ ਵੱਖਰੀਆਂ ਵੀ ਹੁੰਦੀਆਂ ਸਨ। ਕਈ ਹਲਟੀਆਂ ਤੇ ਪਸ਼ੂਆਂ ਦੇ ਪਾਣੀ ਪੀਣ ਲਈ ਖੇਲਾਂ ਨਹੀਂ ਹੁੰਦੀਆਂ ਸਨ।[1]

ਹਲਟੀ ਇੰਨ-ਬਿੰਨ ਹਲਟ ਦੀ ਤਰ੍ਹਾਂ ਬਣਦੀ ਸੀ।(ਵੇਖੋ ਹਲਟ) ਫਰਕ ਸਿਰਫ ਇਹ ਹੁੰਦਾ ਸੀ ਕਿ ਹਲਟੀ ਦਾ ਹਰ ਅੰਗ/ਹਿੱਸਾ ਹਲਟ ਦੇ ਮੁਕਾਬਲੇ ਛੋਟਾ ਹੁੰਦਾ ਸੀ। ਕਾਰਨ ਸੀ ਹਲਟ ਨੂੰ ਬਲਦਾਂ ਦੀ ਜੋੜੀ ਨਾਲ ਚਲਾਇਆ ਜਾਂਦਾ ਸੀ ਜਦ ਕਿ ਹਲਟੀ ਨੂੰ ਇਕ ਬਲਦ/ਝੋਟੇ ਨਾਲ ਜਾਂ ਹੱਥਾਂ ਨਾਲ ਚਲਾਇਆ ਜਾਂਦਾ ਸੀ। ਹਲਟ ਨਾਲ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਸੀ ਜਦ ਕਿ ਹਲਟੀ ਦਾ ਪਾਣੀ ਪੀਣ ਲਈ, ਨਹਾਉਣ ਲਈ, ਕੱਪੜੇ ਧੌਣ ਲਈ ਤੇ ਪਸ਼ੂਆਂ ਨੂੰ ਪਿਆਉਣ ਲਈ ਵਰਤਿਆ ਜਾਂਦਾ ਸੀ। ਹੁਣ ਪਾਣੀ ਬਹੁਤ ਦੂਰ ਚਲਿਆ ਗਿਆ ਹੈ। ਇਸ ਲਈ ਹਲਟੀ ਦੀ ਥਾਂ ਹੁਣ ਸਰਕਾਰੀ ਜਲ ਘਰਾਂ ਨੇ ਲੈ ਲਈ ਹੈ। ਕਈ ਲੋਕਾਂ ਨੇ ਆਪਣੇ ਨਲਕਿਆਂ ਉਪਰ ਬਿਜਲੀ ਦੀਆਂ ਮੋਟਰਾਂ ਲਾ ਲਈਆਂ ਹਨ। ਕਈਆਂ ਨੇ ਸਮਰਸੀਬਲ ਪੰਪ ਲਾ ਲਏ ਹਨ।[2]

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)