ਹਲੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੋਟੇ ਹਲ ਨੂੰ ਹਲੀਰੀ ਕਹਿੰਦੇ ਹਨ। ਹਲੀਰੀ ਨਾਲ ਪਹਿਲਾਂ ਉੱਗੀ ਫਸਲ ਵਿਚ ਤੰਗ ਓਰੇ ਕੱਢ ਕੇ ਹੋਰ ਫਸਲ ਬੀਜੀ ਜਾਂਦੀ ਸੀ। ਪਹਿਲਾਂ ਥੋੜ੍ਹੀਆਂ-ਥੋੜ੍ਹੀਆਂ ਜ਼ਮੀਨਾਂ ਹੀ ਆਬਾਦ ਹੁੰਦੀਆਂ ਸਨ। ਥੋੜ੍ਹੀਆਂ ਹੀ ਫਸਲਾਂ ਬੀਜੀਆਂ ਜਾਂਦੀਆਂ ਸਨ। ਖੇਤੀ ਉਸ ਸਮੇਂ ਸਾਰੀ ਮੀਹਾਂ 'ਤੇ ਨਿਰਭਰ ਹੁੰਦੀ ਸੀ। ਇਸ ਲਈ ਇਕੋ ਖੇਤ ਵਿਚ ਕਈ ਫਸਲਾਂ ਬੀਜੀਆਂ ਜਾਂਦੀਆਂ ਸਨ। ਜਦ ਇਕ ਬੀਜੀ ਫਸਲ ਉੱਗ ਆਉਂਦੀ ਸੀ ਤਾਂ ਉਸ ਉੱਗੀ ਫਸਲ ਵਿਚ ਹੀ ਹਲੀਰੀ ਨਾਲ ਦੂਜੀ ਫਸਲ ਬੀਜ ਦਿੱਤੀ ਜਾਂਦੀ ਸੀ। ਵਿਸ਼ਵਾਸ ਇਹ ਕੀਤਾ ਜਾਂਦਾ ਸੀ ਕਿ ਜੇ ਪਹਿਲੀ ਬੀਜੀ ਫਸਲ ਸਿਰੇ ਨਾ ਚੜ੍ਹੀ ਤਾਂ ਦੂਜੀ ਬੀਜੀ ਫਸਲ ਹੋ ਜਾਵੇਗੀ। ਕਿਉਂ ਜੋ ਪਹਿਲਾਂ ਥੋੜ੍ਹੀ ਜ਼ਮੀਨ 'ਤੇ ਥੋੜ੍ਹੀ ਫਸਲ ਹੀ ਬੀਜੀ ਹੁੰਦੀ ਸੀ, ਇਸ ਲਈ ਉਸ ਸਮੇਂ ਕਈ ਵੇਰ ਉਹ ਹਲੀਰੀ ਵੀ ਵਰਤੀ ਜਾਂਦੀ ਸੀ ਜਿਸ ਨੂੰ ਇਕ ਆਦਮੀ ਖਿੱਚਦਾ ਹੁੰਦਾ ਸੀ। ਇਹ ਹਲੀਰੀ ਇਕ ਕਿਸਮ ਦੀ ਛੋਟੇ ਹਲ ਦਾ ਇਕ ਢਾਂਚਾ ਜਿਹਾ ਹੀ ਹੁੰਦੀ ਸੀ। ਫੇਰ ਹੋਰ ਜ਼ਮੀਨਾਂ ਆਬਾਦ ਹੋ ਗਈਆਂ। ਖੂਹ ਲੱਗ ਗਏ। ਫਸਲਾਂ ਨੂੰ ਪਾਣੀ ਲੱਗਣ ਲੱਗ ਗਿਆ। ਫੇਰ ਬਲਦਾਂ ਨਾਲ ਚੱਲਣ ਵਾਲੀਆਂ ਹਲੀਰੀਆਂ ਨਾਲ ਫਸਲਾਂ ਬੀਜੀਆਂ ਜਾਣ ਲੱਗੀਆਂ। ਅਸਲ ਵਿਚ ਇਹ ਮੁੰਨਾ ਹਲ/ਦੇਸੀ ਹਲ (ਬਣਤਰ ਲਈ ਮੁੰਨਾ ਹਲ ਵੇਖੇ। ਜਦ ਚੱਲ-ਚੱਲ ਕੇ ਘਸ ਜਾਂਦਾ ਸੀ ਤਾਂ ਹਲ ਦੇ ਮੁੰਨੇ ਦਾ ਹੇਠਲਾ ਹਿੱਸਾ ਤੇ ਚਊ ਘਸ ਕੇ ਪਤਲਾ ਹੋ ਜਾਂਦਾ ਸੀ। ਇਸ ਘਸਾਈ ਹੋਣ ਕਰਕੇ ਹੀ ਕਈ ਵੇਰ ਮੁੰਨਾ ਹਲ ਹਲੀਰੀ ਬਣ ਜਾਂਦਾ ਸੀ ਜਿਸ ਦੀ ਹਲੀਰੀ ਦੇ ਤੌਰ 'ਤੇ ਹੀ ਵਰਤੋਂ ਕਰਦੇ ਸਨ।[1]

ਹੁਣ ਸਾਰੀਆਂ ਜ਼ਮੀਨਾਂ ਨੂੰ ਪਾਣੀ ਲੱਗਦਾ ਹੈ। ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਹੁਣ ਇਕ ਖੇਤ ਵਿਚ ਇਕ ਹੀ ਫਸਲ ਬੀਜੀ ਜਾਂਦੀ ਹੈ। ਇਸ ਲਈ ਹਲੀਰੀ ਦੀ ਵਰਤੋਂ ਹੁਣ ਖਤਮ ਹੋ ਗਈ ਹੈ।[2]

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)