ਸਮੱਗਰੀ 'ਤੇ ਜਾਓ

ਮਾਰਕਸਵਾਦੀ ਪੰਜਾਬੀ ਆਲੋਚਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

''ਮਾਰਕਸਵਾਦੀ ਪੰਜਾਬੀ ਆਲੋਚਨਾ-ਦਸ਼ਾ ਅਤੇ ਦਿਸ਼ਾ''

ਮੁੱਢਲੀ ਪੰਜਾਬੀ ਆਲੋਚਨਾ ਆਪਣੇ ਮੂਲ ਸੁਭਾ ਵਿੱਚ ਅੰਤਰਮੁੱਖੀ , ਰੁਮਾਂਟਿਕ , ਪ੍ਰਭਾਵਵਾਦੀ , ਪ੍ਰਸ਼ੰਸਾਤਮਕ ਰੂਝਾਨਾਂ ਦਾ ਮਿਲਗੋਭਾ ਜਾਂ ਇਹਨਾਂ ਦਾ ਮਿਲਿਆ ਇਕ ਰੂਪ ਸੀ । 1950 ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਜੀਵਨ ਵਿੱਚ ਪ੍ਰਗਤੀਵਾਦੀ ਵਿਚਾਰਾਂ ਦੀ ਜਾਗ ਲੱਗਣੀ ਸ਼ੁਰੂ ਹੋਈ । ਸੰਤ ਸਿੰਘ ਸੇਖੋਂ ਦੀ ਪੁਸਤਕ '‘ਸਾਹਿਤਿਆਰਥ’' ਨਾਲ ਪੰਜਾਬੀ ਵਿੱਚ ਪਹਿਲੀ ਵਾਰ ਮਾਰਕਸਵਾਦੀ ਆਲੋਚਨਾ ਜਾਂ ਸਿੱਧਾਂਤਕ ਆਲੋਚਨਾ ਦਾ ਨੀਂਹ ਪੱਥਰ ਰੱਖਿਆ ਗਿਆ । 1960 ਤੋਂ ਬਾਅਦ ਕਿਸ਼ਨ ਸਿੰਘ ਨੇ ਮਾਰਕਸਵਾਦੀ ਆਲੋਚਨਾ ਖੇਤਰ ਵਿੱਚ ਪ੍ਰਵੇਸ਼ ਕੀਤਾ ।

ਕਿਸ਼ਨ ਸਿੰਘ ਦੀ ਗੁਰਬਾਣੀ , ਕਿੱਸਾ-ਕਾਵਿ, ਸੂਫ਼ੀ ਕਾਵਿ, ਸਿੱਖ ਲਹਿਰ ਅਤੇ ਭਗਤੀ ਲਹਿਰ ਦੇ ਪ੍ਰਸੰਗ ਵਿੱਚ ਪੇਸ਼ ਧਾਰਨਾਵਾਂ ਸੇਖੋਂ ਦੀਆ ਧਾਰਨਾਵਾਂ ਦੇ ਵਿਰੁੱਧ ਜਾਂਦੀਆਂ ਹਨ । ਜਿੱਥੇ ਸੇਖੋਂ ਵਿਚਾਰਧਾਰਕ ਤੇ ਕਾਵਿ-ਸ਼ਾਸਤ੍ਰੀ ਦ੍ਰਿਸ਼ਟੀ ਦੇ ਸਮਨਵੈ ਨੂੰ ਆਪਣੀ ਦ੍ਰਿਸ਼ਟੀ ਦਾ ਆਧਾਰ ਬਣਾਉਂਦਾ ਹੈ ਉੱਥੇ ਕਿਸ਼ਨ ਸਿੰਘ ਦਾ ਚਿੰਤਨ ਰਚਨਾ ਵਿੱਚ ਪੇਸ਼ ਵਿਚਾਰਧਾਰਾ ਤੇ ਸਾਹਿਤ ਨੂੰ ਕਿਸੇ ਸਮੇਂ ਵਿਸ਼ੇਸ਼ ਦੇ ਸਮਾਜ ਵਿੱਚ ਚੱਲ ਰਹੀ ਜਮਾਤੀ ਟੱਕਰ ਦੇ ਕਲਾਤਮਕ ਪ੍ਰਗਟਾਵੇ ਵਜੋਂ ਪਰਿਭਾਸ਼ਿਤ ਕਰਦਾ ਹੈ । ਫਿਰ ਵੀ ਇਸ ਦੌਰ ਦੀ ਮਾਰਕਸਵਾਦੀ ਆਲੋਚਨਾ ਦੀ ਵੱਡੀ ਪ੍ਰਾਪਤੀ ਅੰਤਰਮੁੱਖੀ / ਪ੍ਰਭਾਵਵਾਦੀ ਅਤੇ ਰੁਮਾਂਸਵਾਦੀ ਆਲੋਚਨਾ ਦੇ ਵਿਰੋਧ ਵਿੱਚ ਸਾਹਿਤ ਨੂੰ ਕਿਸੇ ਇਕ ਬਾਹਰਮੁੱਖੀ ਦ੍ਰਿਸ਼ਟੀਕੋਣ ਅਤੇ ਸਿੱਧਾਂਤਕ ਪਰਿਪੇਖ ਵਿੱਚ ਸਮਝੇ ਜਾਣ ਦੀ ਜਰੂਰਤ ਨੂੰ ਸਥਾਪਿਤ ਅਤੇ ਵਿਕਸਿਤ ਕਰਨ ਵਿੱਚ ਵੇਖੀ ਜਾਣੀ ਚਾਹੀਦੀ ਹੈ । ਸਾਹਿਤਿਕ ਕ੍ਰਿਤ ਦੇ ਕਰਤਾ , ਸਮਾਜ , ਇਤਿਹਾਸ ਸੱਭਿਆਚਾਰ , ਰਾਜਨੀਤੀ , ਸਾਹਿਤਿਕ ਪਰੰਪਰਾ ਆਦਿ ਨਾਲ ਦਵੰਦਾਤਮਕ ਸੰਬੰਧਾਂ ਦੇ ਪ੍ਰਸੰਗਾਂ ਵਿੱਚ ਕਿਸੇ ਰਚਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਨੂੰ ਆਪਣਾ ਬੁਨਿਆਦੀ ਸਿੱਧਾਂਤ ਪ੍ਰਵਾਨ ਕਰਨਾ ਇਸ ਦੋਰ ਦੀ ਇਕ ਇਤਿਹਾਸਿਕ ਪ੍ਰਾਪਤੀ ਹੈ । ਇਸ ਦੋਰ ਦੀ ਸਮੁੱਚੀ ਆਲੋਚਨਾ ਪ੍ਰਧਾਨ ਰੂਪ ਵਿੱਚ ਮਾਰਕਸਵਾਦੀ ਆਲੋਚਨਾ ਦੇ ਮੂਲ ਸੰਕਲਪਾਂ ਦੇ ਸਮਾਨਾਯ ਪੱਖਾਂ ਉੱਪਰ ਹੀ ਜ਼ੋਰ ਦਿੰਦੀ ਪ੍ਰਤੀਤ ਹੁੰਦੀ ਹੈ ।

ਮਾਰਕਸਵਾਦੀ ਪੰਜਾਬੀ ਆਲੋਚਨਾ ਵਿੱਚ ਮਾਰਕਸਵਾਦੀ ਆਲੋਚਨਾ ਦ੍ਰਿਸ਼ਟੀ ਦੇ ਵਧੇਰੇ ਵਿਗਿਆਨਕ , ਬਾਹਰਮੁੱਖੀ , ਜਟਿਲ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਆਪਸੀ ਸੰਬੰਧਾਂ, ਇਸਦੇ ਵਸਤੂ- ਖੇਤਰ , ਵਿਧੀ ਵਿਗਿਆਨ, ਦ੍ਰਿਸ਼ਟੀਕੋਣ ਅਤੇ ਪਾਠ ਅਤੇ ਪ੍ਰਸੰਗ ਆਦਿ ਸਾਹਿਤ ਮੁੱਦਿਆ ਉੱਪਰ ਵਧੇਰੇ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਹੈ ।

ਇਸ ਸੰਦਰਭ ਵਿੱਚ ‘ਸੇਧ’ ਮਾਸਿਕ ਪੱਤਰ ਵਿੱਚ ਛਪੇ ਹਰਭਜਨ ਸਿੰਘ, ਸੁਤਿੰਦਰ ਸਿੰਘ ਨੂਰ , ਤੇਜਵੰਤ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਰਵੀ ਦੇ ਲੇਖ ਵੇਖੇ ਜਾਣੇ ਚਾਹੀਦੇ ਹਨ । ਭਾਵੇ ਇਹ ਲੇਖ ਸੰਬੰਧਿਤ ਲੇਖਕਾਂ ਦੀਆਂ ਪੁਸਤਕਾਂ ਵਿੱਚ ਵੀ ਛਪ ਚੁੱਕੇ ਹਨ । 1975 ਤੋਂ 1985 ਤੱਕ ਦੀ ਇਸ ਮਾਰਕਸਵਾਦੀ ਪੰਜਾਬੀ ਆਲੋਚਨਾ ਵਿੱਚ ਦੋ ਰੁਝਾਨ ਬੜੇ ਸ਼ਪੱਸਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ ।

ਰਵਿੰਦਰ ਰਵੀ ਦੀ ਆਲੋਚਨਾ ਵਿੱਚ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦੀ ਦੂਸਰੀਆ ਪੱਛਮੀ ਆਲੋਚਨਾ ਪ੍ਰਣਾਲੀਆ ਜਿਵੇ ਸੰਰਚਨਾਵਾਦੀ / ਰੂਪਵਾਦੀ ਅਤੇ ਚਿਹਨ-ਵਿਗਿਆਨਿਕ ਆਦਿ ਆਲੋਚਨਾ ਪ੍ਰਣਾਲੀਆ ਨਾਲੋਂ ਸਾਹਿਤ ਅਤੇ ਸਮਾਜ ਦੋਹਾਂ ਦੀ ਠੀਕ ਸਮਝ ਲਈ ਸਾਰਥਕਤਾ ਅਤੇ ਸੰਪੂਰਣਤਾ ਨੂੰ ਦ੍ਰਿੜ ਕਰਵਾਉਣ ਦੀ ਰੁਚੀ ਪ੍ਰਧਾਨ ਹੈ ।

ਦੂਸਰੇ ‘'ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ’' ਦੀ ਸਰਬਾਂਗੀ ਆਲੋਚਨਾ ਮਾਰਕਸਵਾਦੀ ਦ੍ਰਿਸ਼ਟੀ ਅਨੁਸਾਰ ਕਰਦਿਆ ਸਾਰ ਰੂਪ ਵਿੱਚ ਇਹਨਾ ਨਵੀਨ - ਆਲੋਚਨਾ ਪ੍ਰਣਾਲੀਆਂ ਦੀ ਆਸ਼ਿਕਤਾ, ਇਕ ਪਾਸਤੜਾ , ਪ੍ਰਸੰਗ ਮੁੱਕਤ, ਇਤਿਹਾਸ ਮੁੱਕਤ ਅਤੇ ਵਿਚਾਰਧਾਰਾ ਮੁੱਕਤ ਹੋਣ ਦੇ ਸਿਧਾਂਤਾ ਦਾ ਦਲੀਲ ਪੂਰਵਕ ਖੰਡਨ ਇਨ੍ਹਾਂ ਪ੍ਰਣਾਲੀਆ ਦੀ ਸਥਾਪਤੀ ਪੱਖੀ ਅਤੇ ਵਿਗਿਆਨ ਦੇ ਪਰਦੇ ਹੇਠ ਅਵਿਗਿਆਨਿਕ ਅਤੇ ਪੂਰੀ ਤਰ੍ਹਾ ਵਿਚਾਰਧਾਰਕ ਹੋਣ ਦੇ ਮੁੱਦਿਆ ਨੂੰ ਬੜੀ ਸਪਸ਼ਟਤਾ ਅਤੇ ਤਾਰਕਿਕਤਾ ਨਾਲ ਸਿੱਧ ਕੀਤਾ ਗਿਆ ਹੈ ।


ਇਸਦੀ ਦੂਜੀ ਪ੍ਰਵਿਰਤੀ ਪਹਿਲਾ ਹੋ ਚੁੱਕੀ ਮਾਰਕਸਵਾਦੀ ਆਲੋਚਨਾ ਦੇ ਆਲੋਚਨਾਤਮਕ ਮੁੱਲਾਂਕਣ ਕੀਤੇ ਜਾਣ ਦੀ ਜਰੂਰਤ ਵਿੱਚ ਵੇਖੀ ਜਾ ਸਕਦੀ ਹੈ । ਹਰਭਜਨ ਸਿੰਘ ਭਾਟੀਆ ਹੁਣ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਖੋਜ-ਪ੍ਰਬੰਧ ਇਸ ਦਿਸ਼ਾ ਵਿੱਚ ਪਹਿਲਾ ਬਾਹਰਮੁਖੀ ਅਤੇ ਆਲੋਚਨਾਤਮਕ ਯਤਨ ਹੈ । ਹਰਭਜਨ ਸਿੰਘ ਭਾਟੀਆ ਭਾਵੇਂ ਖੁਦ ਮਾਰਕਸਵਾਦੀ ਹੋਣ ਦਾ ਦਾਅਵਾ ਨਹੀ ਕਰਦੇ ਪਰੰਤੂ ਉਨ੍ਹਾ ਸੇਖੋਂ , ਕਿਸ਼ਨ ਸਿੰਘ ਦੀ ਆਲੋਚਨਾ ਦਾ ਬਾਹਰਮੁਖੀ ਮੁੱਲਾਂਕਣ ਕਰਨ ਦਾ ਪਹਿਲਾ ਵਿਗਿਆਨਿਕ ਯਤਨ ਕੀਤਾ ਹੈ । ਮਾਰਕਸਵਾਦੀ ਦ੍ਰਿਸ਼ਟੀ ਤੋ ਸੇਖੋਂ ਕਿਸ਼ਨ ਸਿੰਘ ਤੇ ਸੱਯਦ ਦੀ ਸਮੁੱਚੀ ਆਲੋਚਨਾ ਦਾ ਆਲੋਚਨਾਤਮਕ ਮੁੱਲਾਂਕਣ "ਮਾਰਕਸਵਾਦੀ ਪੰਜਾਬੀ ਆਲੋਚਨਾ" ਪੁਸਤਕ ਵਿੱਚ ਕੀਤਾ ਗਿਆ ਪ੍ਰਾਪਤ ਹੁੰਦਾ ਹੈ ।

ਪੰਜਾਬੀ ਸੰਕਟ ਦਾ ਮਾਰਕਸਵਾਦੀ ਪੰਜਾਬੀ ਆਲੋਚਨਾ ਉੱਪਰ ਪ੍ਰਭਾਵ ਪੈਣਾ ਸੁਭਾਵਿਕ ਸੀ ਪਰੰਤੂ ਬਹੁਤੇ ਮਾਰਕਸਵਾਦੀ ਪੰਜਾਬੀ ਆਲੋਚਕਾਂ ਨੇ ਪੰਜਾਬ ਸੰਕਟ ਦੇ ਬਹੁ-ਪਰਤੀ ਵਿਸ਼ਲੇਸ਼ਣ ਤੋ ਲੈਂ ਕੇ ਇਸ ਸੰਕਟ ਦੇ ਪੰਜਾਬੀ ਸਾਹਿਤ ਉਪਰ ਪੈਣ ਵਾਲੇ ਪ੍ਰਭਾਵਾਂ ਦਾ ਵੀ ਵਿਸ਼ਲੇਸ਼ਣ ਕੀਤਾ । ਪ੍ਰਧਾਨ ਰੂਪ ਵਿੱਚ ਸਾਡੇ ਆਲੋਚਕਾਂ ਨੇ ਇਸ ਸਥਿਤੀ ਦੇ ਮਾਨਵ-ਵਿਰੋਧੀ ਤੇ ਮਜ਼ਦੂਰ ਜਮਾਤ ਵਿਰੋਧੀ ਪੱਖਾਂ ਨੂੰ ਪਰੋਖ ਜਾਂ ਅਪ੍ਰੋਖ ਰੂਪ ਵਿੱਚ ਆਪਣੇ , ਵਿਸ਼ਲੇਸ਼ਣ ਵਿੱਚ ਬੁਨਿਆਦੀ  ਸੂਤਰ ਵਜੋਂ ਉਭਾਰਿਆ ।

ਇਸ ਦੌਰ ਦੀ ਆਤੰਕਵਾਦੀ ਲਹਿਰ ਨੇ ਰਾਜਨੀਤਿਕ ਪੱਧਰ ਉਪਰ ਮਾਰਕਸਵਾਦੀ ਆਲੋਚਨਾ ਦੇ ਵਿਕਾਸ ਨੂੰ ਬਹੁਤ ਡੂੰਘੀ ਤਰ੍ਹਾ ਪ੍ਰਭਾਵਿਤ ਕੀਤਾ ਹੈ ਪਰੰਤੂ ਇਸ ਲਹਿਰ ਦੇ ਆਪਣੇ ਵਿਚਾਰਧਾਰਕ ਵਿਆਖਿਆਕਾਰਾਂ ਦੀ ਘਾਟ ਕਾਰਨ ਇਹ ਸੰਕਟ ਕੋਈ ਵਿਚਾਰਧਾਰਕ ਵਿਰੋਧ ਖੜ੍ਹਾ ਨਾ ਕਰ ਸਕਿਆ । ਇਸ ਲਹਿਰ ਨੇ ਸੰਬਾਦ ਦੀ ਦ੍ਰਿਸ਼ਟੀ ਤੋ ਸਮੁੱਚੇ ਅਕਾਦਮਿਕ ਮਾਹੌਲ ਨੂੰ ਨਾਹ-ਪੱਖੀ ਰੋਲ ਨਾਲ ਪ੍ਰਭਾਵਿਤ ਕੀਤਾ ।


ਚੌਥੀ ਪ੍ਰਵਿਰਤੀ ਜੋ ਕਿ ਵਿਧਾਗਤ ਆਲੋਚਨਾ ਦੇ ਵਿਕਾਸ ਵਿੱਚ ਵੇਖੀ ਜਾ ਸਕਦੀ ਹੈ । ਪੰਜਾਬੀ ਗਲਪ ਆਲੋਚਨਾ ਵਿੱਚ ਸੇਖੋਂ , ਕਿਸ਼ਨ ਸਿੰਘ ਦੇ ਮੁੱਢਲੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ ਪਰੰਤੂ ਕਿਸੇ ਇਕ ਵਿਧਾ ਨੂੰ ਆਧਾਰ ਬਣਾਕੇ ਸਮੁੱਚੇ ਰੂਪ ਵਿੱਚ ਵਿਧਾਗਤ ਆਲੋਚਨਾ ਦਾ ਵਿਕਾਸ ਇਸ ਦੌਰ ਦੀ ਇਕ ਵਿਲੱਖਣਤਾ ਹੈ । ਗਲਪ-ਸ਼ਾਸਤ੍ਰ ਦੇ ਨਿਰਮਾਣ ਵਿੱਚ ਡਾ. ਜੋਗਿੰਦਰ ਸਿੰਘ ਰਾਹੀ , ਡਾ. ਟੀ. ਆਰ. ਵਿਨੋਦ ਦਾ ਯੋਗਦਾਨ ਵਿਸ਼ੇਸ ਵਰਣਨ ਦਾ ਅਧਿਕਾਰੀ ਹੈ । ਕਵਿਤਾ ਦੀ ਵਿਧਾਗਤ ਆਲੋਚਨਾ ਦੇ ਖੇਤਰ ਵਿੱਚ ਡਾ. ਅਤਰ ਸਿੰਘ , ਡਾ. ਕੇਸਰ, ਡਾ. ਕਰਮਜੀਤ ਸਿੰਘ , ਡਾ. ਰਵੀ ਅਤੇ ਡਾ. ਤੇਜਵੰਤ ਗਿੱਲ ਅਤੇ ਨਵੀ ਪੀੜ੍ਹੀ ਵਿਚੋਂ ਸੁਖਦੇਵ ਸਿੰਘ ਸਰਸਾ ਦਾ ਯੋਗਦਾਨ ਮਾਰਕਸਵਾਦੀ ਆਲੋਚਨਾ ਦੀ ਇਕ ਵਿਸ਼ੇਸ਼ ਪ੍ਰਾਪਤੀ ਹੈ ।

ਸਿੱਟਾ

ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ਉੱਪਰ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਮਾਰਕਸਵਾਦੀ ਪੰਜਾਬੀ  ਆਲੋਚਨਾ 1950 ਤੋਂ ਆਰੰਭ ਹੋ ਕੇ 1970 ਤੱਕ ਇਕ ਭਾਰੂ ਆਲੋਚਨਾ ਪ੍ਰਣਾਲੀ ਵਜੋਂ ਸਥਾਪਿਤ ਰਹੀ। 1970 ਤੋਂ ਬਾਅਦ ਪੱਛਮ ਦੀਆਂ ਵਿਕਸਿਤ ਆਲੋਚਨਾ ਪ੍ਰਣਾਲੀਆਂ ਨਾਲ ਇਸ ਦਾ ਭਰਭੂਰ ਸੰਵਾਦ ਚਲਦਾ ਰਿਹਾ। 1985 ਤੋਂ ਬਾਅਦ ਮਾਰਕਸਵਾਦ ਪੰਜਾਬੀ ਆਲੋਚਨਾ ਵਿੱਚ ਸਨਾਤਨੀ ਮਾਰਕਸਵਾਦ ਤੋਂ ਤੁਰ ਕੇ ਸਰੰਚਨਾਵਾਦੀ ਮਾਰਕਸਵਾਦੀ, ਨਵ- ਮਾਰਕਸਵਾਦ ਅਤੇ ਦੂਸਰੀਆਂ ਪ੍ਰਣਾਲੀਆਂ ਵਿੱਚ ਪੈਸ਼ ਕੁਝ ਸੰਕਲਪਾਂ ਨੂੰ ਉਹਨਾਂ ਰੂਪਵਾਦੀ ਅਤੇ ਆਦਰਸ਼ਵਾਦੀ ਰੁਝਾਂਨਾ ਤੋਂ ਮੁਕਤ ਕਰਕੇ ਉਹਨਾਂ ਨੂੰ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਵਿੱਚ ਆਤਮਸਾਤ ਕਰਦਿਆਂ ਇਸ ਨੂੰ ਸਿਧਾਂਤਕ ਅਤੇ ਵਿਹਾਰਕ ਦੋਹਾਂ ਪੱਧਰਾਂ ਉੱਪਰ  ਵਿਕਸਿਤ ਕੀਤਾ ਗਿਆ ਹੈ। ਇਸ ਆਲੋਚਨਾ ਨੇ ਸਾਹਿਤ ਦੀ ਹੋਂਦ ਵਿਧੀ ਤੋਂ ਲੈ ਕੇ ਇਸ ਨਾਲ ਜੁੜੀਆਂ ਸਿਧਾਂਤਕ  ਸਮੱਸਿਆਵਾਂ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ ਹੈ ਅਤੇ ਆਪਣੇ ਆਪ ਨੂੰ ਨਵੇਂ ਗਿਆਨ ਦੀ ਰੋਸ਼ਨੀ ਵਿੱਚ ਸਮਰਿੱਧ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰੰਤੂ ਮਾਰਕਸਵਾਦੀ ਪੰਜਾਬੀ ਆਲੋਚਨਾ ਅਜੇ ਤੱਕ ਹੀ ਸੀਮਿਤ ਕਰੀ ਬੈਠੀ ਹੈ। ਇਸ ਆਲੋਚਨਾ ਦੇ ਸਰਬਪੱਖੀ ਵਿਕਾਸ ਲਈ ਪੰਜਾਬੀ ਸੱਭਿਆਚਾਰ, ਪੰਜਾਬੀ ਸੁਹਜ ਸ਼ਾਸਤਰ, ਪੰਜਾਬੀ ਸੰਗੀਤ ਅਤੇ ਦੂਸਰੀਆਂ ਲਲਿਤ ਕਲਾਵਾਂ ਦੇ ਅਧਿਐਨ ਹਿਤ ਇਸ ਦਾ ਘੇਰਾ ਵਿਸ਼ਾਲ ਕੀਤੇ ਜਾਣ ਦੀ ਜਰੂਰਤ ਬੜੀ ਅਹਿਮ ਹੈ।

ਹਵਾਲੇ

[1][2][3][4][5][6][7][8]

  1. ਗੁਰਬਖਸ਼ ਸਿੰਘ ਫਰੈਂਕ, ਸੰਬਾਦ-1/1984, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਿਰੋਧ ਵਿਕਾਸ ਅਤੇ ਸਾਹਿਤ।
  2. ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਵਿਰਸਾ ਤੇ ਵਰਤਮਾਨ, ਰਵੀ ਚੇਤਨਾ, ਪ੍ਰਗਤੀਵਾਦ ਅਤੇ ਪੰਜਾਬੀ ਸਾਹਿਤ।
  3. ਹਰਿਭਜਨ ਸਿੰਘ, ਰਚਨਾ ਸੰਰਚਨਾ, ਸਾਹਿਤ ਸ਼ਾਸਤਰ, ਅਧਿਅਨ ਅਤੇ ਅਧਿਆਪਨ, ਮੁੱਲ ਤੇ ਮੁਲੰਕਣ, ਸਾਹਿਤ ਅਧਿਐਨ।
  4. ਤੇਜਵੰਤ ਸਿੰਘ ਗਿੱਲ, ਸੰਤ ਸਿੰਘ ਸੇਖੋ: ਚਿੰਤਨ ਤੇ ਕਲਾ ਪੰਜਾਬੀ ਪ੍ਰਮਾਣ ਪ੍ਰਤਿਮਾਨ, ਪੁਨਰ ਸੰਵਾਦ।
  5. ਟੀ. ਆਰ. ਵਿਨੋਦ , ਸਾਹਿਤ ਅਤੇ ਚਿੰਤਨ , ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ , ਪੰਜਾਬੀ ਨਾਵਲ ਦਾ ਸੰਸਕ੍ਰਿਤਿਕ ਅਧਿਅਐਨ , ਪੰਜਾਬੀ ਕਹਾਣੀ।
  6. ਜੋਗਿੰਦਰ ਸਿੰਘ ਰਾਹੀ, ਪੰਜਾਬੀ ਨਾਵਲ, ਮਸਲੇ ਗਲਪ ਦੇ
  7. ਸੰਤ ਸਿੰਘ ਸੇਖੋਂ 'ਸਾਹਿਤਿਆਰਥ' , ਪ੍ਰਸਿੱਧ ਪੰਜਾਬੀ ਕਵੀ , ਕਾਵਿ ਸ਼ਿਰੋਮਣੀ, ਸਮੀਖਿਆ ਪ੍ਰਣਾਲੀਆ , ਭਾਈ ਗੁਰਦਾਸ , ਭਾਈ ਵੀਰ ਸਿੰਘ ਅਤੇ ਉਨਾਂ ਦਾ ਯੁੱਗ।
  8. ਸੁਰਜੀਤ, ਸਿੰਘ ਭੱਟੀ. ਪੰਜਾਬੀ ਆਲੋਚਨਾ ਦਸ਼ਾ ਅਤੇ ਦਿਸ਼ਾ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. ISBN 81-7883-018-3.