ਸ੍ਰੀ ਮੁਕਤਸਰ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ੍ਰੀ ਮੁਕਤਸਰ ਸਾਹਿਬ (ਜਿਸਨੂੰ ਕਈ ਵਾਰ ਮੁਕਤਸਰ ਵੀ ਕਿਹਾ ਜਾਂਦਾ ਹੈ) ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਸ੍ਰੀ ਮੁਕਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਨਾਲ ਜੁੜਿਆ ਹੋਇਆ ਹੈ।

ਇਤਿਹਾਸ[ਸੋਧੋ]

ਪੁਰਾਤਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬੇ ਜਲਾਲਾਬਾਦ (ਪੱਛਮੀ) ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੋਂ ਸ਼ਿਵ ਦੇ ਪੱਕੇ ਉਪਾਸਕ ਸਨ। ਇਨ੍ਹਾਂ ਦੇ ਨਾਂ ਸਨ-ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ। ਇਸ ਇਲਾਕੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ। ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਜਾਣ ਕਾਰਨ ਹੀ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਹਰ ਵਰ੍ਹੇ ਸਾਉਣ ਦੇ ਮਹੀਨੇ ਪੈਂਦੇ ਮੀਂਹ ਇਨ੍ਹਾਂ ਢਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾਂ ਲਾ ਦਿੰਦੇ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਅਤੇ ਆਪਣੇ ਪੀਣ ਲਈ ਕਰਦੇ। ਇਨ੍ਹਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਧਿੰਗਾਣਾ, ਰੁਪਾਣਾ ਅਤੇ ਖਿਦਰਾਣਾ ਵਸ ਗਏ। ਇਸ ਧਰਤੀ ਬਾਰੇ ਇੱਕ ਮਿੱਥ ਇਹ ਵੀ ਪ੍ਰਚੱਲਿਤ ਹੈ ਕਿ ਸਤਿਯੁਗ ਜਾਂ ਪੂਰਵ-ਇਤਿਹਾਸਕ ਕਾਲ ਵਿੱਚ ਇੱਥੇ ਸ਼ਿਵ ਜੀ ਨੇ ਤਪ ਕੀਤਾ ਸੀ। ਪੁਰਾਤਨ ਕਾਲ ਤੋਂ ਇਹ ਇਲਾਕਾ ਖੁਸ਼ਕ ਅਤੇ ਪਾਣੀ ਦੀ ਘਾਟ ਵਾਲਾ ਮੰਨਿਆ ਜਾਂਦਾ ਰਿਹਾ ਹੈ।

ਗੁਰੂ ਜੀ ਦਾ ਕੋਟਕਪੂਰੇ ਪਹੁੰਚਣਾ[ਸੋਧੋ]

ਮੁਕਤਸਰ ਦੀ ਅਸਲ ਇਤਿਹਾਸਕ ਯਾਤਰਾ ਦਸਮ ਪਾਤਸ਼ਾਹ ਦੇ ਆਉਣ ਨਾਲ ਸ਼ੁਰੂ ਹੋਈ। ਸੰਨ 1705 ਵਿੱਚ ਔਰੰਗਜ਼ੇਬ ਦੀਆਂ ਫੌਜਾਂ ਨਾਲ ਯੁੱਧ ਤੋਂ ਬਾਅਦ ਗੁਰੂ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਮੁੱਚਾ ਸਰਬੰਸ ਸਿੱਖ ਪੰਥ ਤੋਂ ਵਾਰ ਕੇ ਉਹ ਕੀਰਤਪੁਰ, ਰੋਪੜ, ਕੋਟਲਾ ਨਿਹੰਗ, ਚਮਕੌਰ ਸਾਹਿਬ ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਨੂੰ ਯਾਦ ਕਰਦੇ, ਆਲਮਗੀਰ, ਲੰਮੇ ਜੱਟਪੁਰੇ, ਰਾਏ ਕੋਟ, ਕਾਂਗੜ, ਦੀਨਾ ਰੁਖਾਲਾ, ਗੁਰੂ ਸਰ, ਭਾਈ ਭਗਤਾ, ਬਾਦਰਾ, ਬਰਮਾੜੀ, ਬਹਿਬਲ, ਸਰਾਵਾਂ, ਪੱਤੋ, ਜੈਤ, ਦੱਭ ਵਾਲੀ, ਮਲੂਕ ਦਾ ਕੋਟ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਅਖੀਰ ਕੋਟਕਪੂਰੇ ਪੁੱਜੇ। ਕੋਟਕਪੂਰੇ ਪੁੱਜ ਕੇ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ। ਉਸ ਵੇਲੇ ਕੋਟਕਪੂਰੇ ਇਲਾਕੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਕੋਲੋਂ ਅੰਮ੍ਰਿਤ ਛਕ ਕੇ ਕਪੂਰ ਸਿੰਘ ਬਣ ਚੁੱਕਿਆ ਸੀ। ਜਦੋਂ ਗੁਰੂ ਜੀ ਨੇ ਉਸ ਕੋਲੋਂ ਮੁਗਲਾਂ ਦਾ ਮੁਕਾਬਲਾ ਕਰਨ ਲਈ ਕਿਲ੍ਹਾ ਮੰਗਿਆ ਤਾਂ ਉਸ ਨੇ ਟਾਲ-ਮਟੋਲ ਕੀਤੀ ਤੇ ਗੁਰੂ ਜੀ ਸਾਹਮਣੇ ਗੁੱਸਾ ਵੀ ਪ੍ਰਗਟ ਕੀਤਾ। ਗੁਰੂ ਜੀ ਨੇ ਇਸ ਗੱਲੋਂ ਕਪੂਰੇ ਨੂੰ ਭ੍ਰਿਸ਼ਟਿਆ ਕਿਹਾ ਅਤੇ ਸਰਾਪ ਦਿੱਤਾ। ਸੰਨ 1708 ਵਿੱਚ ਕੋਟ ਈਸਾ ਖਾਨ ਦੇ ਈਸਾ ਖਾਨ ਮੰਝ ਨੇ, ਜੋ ਕਿ ਉਸ ਦਾ ਪੁਰਾਣਾ ਦੁਸ਼ਮਣ ਸੀ, ਨੂੰ ਫਾਹੇ ਲਾ ਕੇ ਮਾਰਿਆ। ਫਰੀਦਕੋਟ ਦਾ ਮਹਾਰਾਜਾ ਇਸੇ ਚੌਧਰੀ ਕਪੂਰ ਸਿੰਘ ਦੇ ਖਾਨਦਾਨ ਵਿੱਚੋਂ ਸੀ। ਇਸ ਉਪਰੰਤ ਗੁਰੂ ਜੀ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ ਉਤੇ ਜਾ ਪਚੁੰਚੇ।

ਖਿਦਰਾਣੇ ਦੀ ਢਾਬ[ਸੋਧੋ]

ਖਿਦਰਾਣੇ ਦੀ ਢਾਬ ’ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਸਨ, ਜਿਹੜੇ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ ਪਰ ਪਿੱਛੋਂ ਪਛਤਾਵੇ ਕਾਰਨ ਗੁਰੂ ਜੀ ਨਾਲ ਜਾ ਰਲੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿੱਚ ਜਾਣੇ ਜਾਣ ਲੱਗੇ। ਤਦੋਂ ਨੂੰ ਇੱਕ ਸਿੱਖ ਨੇ ਉਚੇ ਬ੍ਰਿਛ ਚੜ੍ਹ ਕੇ ਅਰਜ਼ ਕੀਤੀ ‘ਸੱਚੇ ਪਾਤਸ਼ਾਹ!ਤੁਰਕ ਨੇੜੇ ਆ ਪੁੱਜੇ ਹਨ, ਅਜੇ ਏਥੋਂ ਦੋ ਕੋਹ ਖਿਦਰਾਣਾ ਹੈ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਗੁਰੂ ਜੀ ਤਾਂ ਸਰਬੱਗ ਸੇ ਤੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਗੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅਗੇਰੇ ਹੋ ਜਾਵਾਂਗੇ, ਨਾਲੇ ਏਸ ਕੇਰ (ਟੋਬੇ ਵਿੱਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ) ਦੀ ਆੜ ਵਿੱਚ ਲੜਾਈ ਚੰਗੀ ਹੋ ਸਕਦੀ ਹੈ। ਏਹ ਬਾਤ ਸੁਣ, ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ ’ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲੱਗੇ। ਤਦੋਂ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ, ਜਿਹੜੇ ਮਝੈਲ ਸਿੰਘ ਸਾਹਿਬਾਂ ਦੇ ਮਰਗ ਮਗਰ ਆ ਰਹੇ ਸੇ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦਿਢ (ਦ੍ਰਿੜ) ਇੱਛਾ ਧਾਰ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ। ਤੇ ਆਪ ਨੂੰ ਥੋੜ੍ਹਿਆਂ ਤੋਂ ਬਹੁਤੇ ਦੇਖਾਵਣ, ਤੇ ਏਸ ਖਯਾਲ ਤੋਂ ਕਿ ਤੁਰਕ ਅਗਾਹਾਂ ਗੁਰੂ ਸਾਹਿਬ ਵਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਛਾਂ ’ਤੇ ਖਿੰਡਾ ਦਿੱਤੇ, ਜਿਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਾਨੀ ਫੌਜ ਸਭ ਓਧਰੇ ਝੁਕ ਗਈ। ਜਦ ਐਨ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਜੀਹ ਡਿੱਗ ਪਏ। ਅਚਾਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜੀਦ ਖਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ (1047) ਇੰਜ ਖਿਦਰਾਣੇ ਦੀ ਧਰਤੀ ’ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹਿ-ਗੱਚ ਲੜਾਈ ਹੋਣ ਲੱਗੀ। ਖੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉਠਿਆ।

ਹਵਾਲੇ[ਸੋਧੋ]