ਮੁਹਾਰ ਜਮਸ਼ੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹਾਰ ਜਮਸ਼ੇਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਮੁਹਾਰ ਜਮਸ਼ੇਰ ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਸਰਹੱਦੀ ਪਿੰਡ ਹੈ ਜੋ ਫਾਜ਼ਿਲਕਾ ਤੋਂ 12 ਕਿਲੋਮੀਟਰ ਦੂਰ ਉੱਤਰ ਪੱਛਮ ਵੱਲ ਸਥਿਤ ਹੈ। ਇਹ ਪੰਜਾਬ ਦਾ ਅਜਿਹਾ ਪਿੰਡ ਹੈ ਜਿਸਦੇ ਤਿੰਨ ਪਾਸੇ ਪਾਕਿਸਤਾਨ ਦੀ ਹੱਦ ਲਗਦੀ ਹੈ ਜਿਸ ਕਾਰਨ ਪਿੰਡ ਵਿੱਚ ਜਾਣ ਦਾ ਸਿਰਫ ਇੱਕ ਹੀ ਰਸਤਾ ਹੈ। ਭਾਰਤ ਪਾਕਿਸਤਾਨ ਦਾ ਨਕਸ਼ਾ ਵੇਖਿਆਂ ਸਾਫ ਨਜ਼ਰ ਆਉਂਦਾ ਹੈ ਕਿ ਇਸ ਚਾਰਦੁਆਰੀ ਤੇ ਪਾਕਿਸਤਾਨ ਦਾ ਵਧੇਰੇ ਖੇਤਰ ਲਗਦਾ ਹੈ ਭਾਰਤ ਦਾ ਘੱਟ। ਨਿਰੋਲ ਸਰਹੱਦੀ ਪਿੰਡ ਹੋਣ ਕਰਕੇ ਇਹ ਪਿੰਡ ਕਾਫੀ ਪਛੜਿਆ ਹੋਇਆ ਹੈ ਜਿਸ ਦਾ ਪ੍ਰਮੁੱਖ ਕਾਰਨ ਸੁਰੱਖਿਆ ਪਾਬੰਦੀਆਂ ਹਨ। ਇੱਕ ਤਰਾਂ ਦਾ ਇਹ ਫੌਜੀ ਖੇਤਰ ਬਣਿਆ ਹੋਇਆ ਹੈ। ਇਸ ਪਿੰਡ ਦੀਆਂ ਵੋਟਾਂ ਕਰੀਬ 522 ਅਤੇ ਅਬਾਦੀ 800 ਦੇ ਕਰੀਬ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਹੈ, ਤੇ ਸਿਰਫ ਇੱਕ ਪ੍ਰਾਇਮਰੀ ਸਕੂਲ ਹੈ। ਪਿੰਡ ਦੇ ਜ਼ਿਆਦਾਤਰ ਲੋਕ ਅਨਪੜ੍ਹ ਹਨ। ਪਿੰਡ ਵਿੱਚ ਰੋਜ਼ ਮਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਸਿਰਫ ਇੱਕ ਹੀ ਛੋਟਾ ਜਿਹਾ ਕਰਿਆਨਾ ਸਟੋਰ ਹੈ।

ਇਸ ਪਿੰਡ ਬਾਰੇ ਮੰਨਿਆ ਜਾਂਦਾ ਹੈ ਕਿ ਭਾਰਤ ਪਾਕਿ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆੲੇ ਲੋਕਾਂ ਨੇ ਹੀ ਇਸ ਪਿੰਡ ਨੂੰ ਵਸਾਇਆ ਸੀ। ਉਹਨਾਂ ਲੋਕਾਂ ਨੈ ਹੀ ਇਥੋਂ ਦੀ ਜ਼ਮੀਨ ਨੂੰ ਆਬਾਦ ਕੀਤਾ ਸੀ ਪਰ ਇਹ ਕਿਸਾਨ ਜ਼ਮੀਨ ਦੇ ਅਜੇ ਤੱਕ ਵੀ ਪੂਰੇ ਮਾਲਕ ਨਹੀਂ ਬਣ ਸਕੇ। 2007 ਦੇ ਭੂਮੀ ਐਕਟ ਤਹਿਤ ਇਨ੍ਹਾਂ ਤੋਂ ਕੁਝ ਪੈਸੇ ਕਿਸ਼ਤਾਂ ਰਾਹੀਂ ਲੈ ਕੇ ਜ਼ਮੀਨੀ ਹੱਕ ਦਿੱਤੇ ਸਨ, ਪਰ ਅਦਾਲਤੀ ਹੁਕਮਾਂ ਕਾਰਨ ਇਹ ਕਿਸਾਨ ਮਾਲਕੀ ਹੱਕ ਤੋਂ ਫਿਰ ਸੱਖਣੇ ਹੋ ਗਏ ਹਨ।

ਭੂਗੋਲਿਕ ਸਥਿਤੀ ਪੱਖੋਂ ਇਹ ਨਿਵੇਕਲਾ ਪਿੰਡ ਹੈ ਜਿਸ ਦੇ ਚੌਥੇ ਪਾਸੇ ਸਤਲੁਜ ਦਰਿਆ ਵਗਦਾ ਹੈ। ਹੁਣ ਇਸ ਦਰਿਆ ਉਪਰ ਪੁਲ ਬਣਿਆ ਹੋਇਆਂ ਹੈ ਪਰ ਪਹਿਲਾਂ ਤਾਂ ਲੋਕ ਬੇੜੀ ਰਾਹੀਂ ਦਰਿਆ ਨੂੰ ਪਾਰ ਕਰਕੇ ਪਿੰਡ ਪਹੁੰਚਦੇ ਸਨ। ਪਾਕਿਸਤਾਨ ਦੀਆਂ ਸਮਗਲਿੰਗ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਇੱਥੇ ਕੰਡਿਆਲੀ ਤਾਰ ਲਾਈ ਹੋਈ ਹੈ। ਸਤਲੁਜ ਦਰਿਆ ਵਾਲੇ ਪਾਸੇ ਵੀ ਕੰਡਿਆਲੀ ਤਾਰ ਹੋਣ ਕਾਰਨ ਪਿੰਡ ਵਿੱਚ ਦਾਖਿਲ ਹੋਣ ਲਈ ਇੱਕ ਹੀ ਰਸਤਾ ਹੈ। ਪਹਿਲਾਂ ਇਸ ਰਸਤੇ ਤੇ ਗੇਟ ਲਾਇਆ ਗਿਆ ਸੀ, ਜਿਸ ਉਪਰ 24 ਘੰਟੇ ਫੌਜ ਦੀ ਨਿਗਰਾਨੀ ਰਹਿਦੀ ਸੀ। ਉਸ ਸਮੇਂ ਤੋ ਹੀ ਫੌਜ ਵੱਲੋ ਪਿੰਡ ਵਿੱਚ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾਂਦੀ ਸੀ। ਪਰ ਲੋਕਾਂ ਦੀ ਮੰਗ ਤੇ ਇਹ ਗੇਟ ਪਿੰਡ ਵਾਸੀਆਂ ਲਈ ਪੱਕੇ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਇਹ ਗੇਟ ਅੱਜ ਵੀ ਬੀਐਸਐਫ ਦੀ ਨਿਗਰਾਨੀ ਹੇਠ ਹੈ।[1]

ਹਵਾਲੇ[ਸੋਧੋ]

  1. ਗੁਰਪ੍ਰੀਤ ਸਿੰਘ ਸੰਧੂ. "ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਪਿੰਡ".