ਸਮੱਗਰੀ 'ਤੇ ਜਾਓ

ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਬਦ ਅਸਲ ਵਿਚ ਦੋ ਸ਼ਬਦਾਂ ਸੱਭਿਆਚਾਰ ਦਾ ਸੁਮੇਲ ਹੈ 'ਸੱਭਯ' ਦਾ ਸ਼ਾਬਦਿਕ ਅਰਥ ਨਿਯਮਬੱਧਤਾ ਹੈ ਜਦਕਿ 'ਅਚਾਰ' ਦਾ ਅਰਥ ਆਚਰਨ ਹੈ ਭਾਵੇਂ ਉਹ ਚਰਿਤਰ ਜੋ ਜੀਵਨ ਵਿੱਚ ਕਿਸੇ ਨਿਯਮਬੱਧਤਾ ਦਾ ਧਾਰਨੀ ਹੈ ਉਸ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਸਭਿਆਚਾਰ ਤੇ ਪੰਜਾਬੀ ਸਭਿਆਚਾਰ ਵਿੱਚੋਂ ਸਭਿਆਚਾਰ ਨੂੂੰ ਦੇਖੀਏ ਤਾਂ ਸਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਹੈ ਪਰ ਹਰ ਸਮਾਜ 'ਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈੇ, ਉਹ ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਵਿਕਾਸ ਦੇ ਕਿਸੇ ਪੜਾਅ 'ਤੇ ਕਿਉਂ ਨਾ ਹੋਵੇ।[1] ਉਸ ਵਿੱਚ ਕਿੱਤੇ, ਰੁਤਬੇ, ਜਮਾਤ, ਧਰਮ ਤੇ ਅੱਗੋਂ ਉਪ-ਸਮੂਹ ਬਣੇ ਹੁੰਦੇ ਹਨ। ਇਹ ਉਪ ਸਮੂਹ ਆਪਣੇ ਵੱਡੇ ਜਨ-ਸਮੂਹ ਨਾਲ ਵਧੇਰੇ ਸਾਂਝ ਰੱਖਦੇ ਹੋਏ ਵੀ ਕੁਝ ਵਿਲੱਖਣ ਤੱਤ ਰੱਖਦੇ ਹਨ। ਸਾਰੇ ਉਪ-ਸਭਿਆਚਾਰਾਂ ਦੇ ਸਾਂਝੇ ਤੱਤ ਮਿਲ ਕਰ ਮੂਲ ਸਭਿਆਚਾਰ ਦਾ ਕੇਂਦਰਤਿਤਵ ਬਣਦੇ ਹਨ।[2]

ਪਰਿਭਾਸ਼ਾ

[ਸੋਧੋ]

ਸਭਿਆਚਾਰ ਮਨੁੱਖੀ ਸਮਾਜ ਜਿੰਨਾਂ ਹੀ ਸਰਵ ਵਿਆਪਕ ਹੈ। ਇਸ ਲਈ ਇਹ ਕਿਸੇ ਇੱਕ ਚੀਜ਼ ਵੱਲ ਸੰਕੇਤ ਨਹੀਂ ਕਰਦਾ, ਇਸ ਲਈ ਅਜਿਹਾ ਵਿਆਪਕ ਵਰਤਾਰੇ ਦੀ ਪਰਿਭਾਸ਼ਾ ਕੁਦਰਤੀ ਤੌਰ 'ਤੇ ਦੇਣੀ ਸੌਖੀ ਨਹੀਂ ਹੋਵੇਗੀ[3] ਪਰ ਸਭਿਆਚਾਰ ਦੇ ਖੇਤਰ ਨਾਲ ਜੁੜੇ ਹੋਏ ਵੱਖ-ਵੱਖ ਵਿਦਵਾਨਾਂ ਨੇ ਸਭਿਆਚਾਰ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ.ਟਾਈਲਰ ਅਨੁਸਾਰ, "ਸਭਿਆਚਾਰ ਉਹ ਜਟਿਲ ਸਮੂਹ ਹੈ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।"[4]

ਸਭਿਆਚਾਰ: ਇੱਕ ਸਿਸਟਮ

[ਸੋਧੋ]

ਜੇ ਸਭਿਆਚਾਰ ਨੂੰ ਇੱਕ ਸਿਸਟਮ ਵੱਜੋਂ ਲਿਆ ਜਾਵੇ ਤਾਂ ਇਹ ਇੱਕਜੁੱਟ ਅਤੇ ਜਟਿਲ ਸਿਸਟਮ ਹੈ। ਸਭਿਆਚਾਰ ਸਿਸਟਮ ਤੋਂ ਭਾਵ ਇੱਕ ਐਸੇ ਸਮੂਹ ਤੋਂ ਹੈ, ਜਿਹੜਾ ਵੱਖ-ਵੱਖ ਭਾਗਾਂ ਤੋਂ ਮਿਲ ਕਰ ਬਣਿਆ ਹੁੰਦਾ ਹੈ।[5] ਸਭਿਆਚਾਰ ਦੇ ਸਾਰੇ ਅੰਗ ਆਪਸ ਵਿੱਚ ਆਰਗੈਨਿਕ ਤੇ ਪ੍ਰਬੰਧਆਤਮਕ ਤਰੀਕੇ ਨਾਲ ਜੁੜੇ ਹੁੰਦੇ ਹਨ। ਜਦੋਂ ਇੱਕ ਅੰਗ ਵਿੱਚ ਤਬਦੀਲੀ ਵਾਪਰਦੀ ਹੈ ਤਾਂ ਉਹ ਸਭਿਆਚਾਰ ਦੇ ਦੂਸਰੇ ਅੰਗਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਅੰਗ

[ਸੋਧੋ]

ਸਭਿਆਚਾਰ ਅਧਿਐਨ ਖੇਤਰ ਨਾਲ਼ ਜੁੜੇ ਹੋਏ ਵੱਖ-ਵੱਖ ਵਿਦਵਾਨਾਂ ਨੇ ਸਭਿਆਚਾਰ ਦੇ ਵੱਖੋ-ਵੱਖਰੇ ਅੰਗ ਮੰਨੇ ਹਨ। ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ, 'ਸਭਿਆਚਾਰ ਦੇ ਵੱਖੋਂ -ਵੱਖਰੇ ਅੰਗ ਮੰਨੇ ਹਨ। ਜਿਵੇਂ:

  1. ਪਦਾਰਥਕ ਅੰਗ।
  2. ਪ੍ਰਤੀਮਾਨਕ ਅੰਗ।
  3. ਬੋਧਾਤਮਿਕ ਅੰਗ।[6]

ਲੱਛਣ

[ਸੋਧੋ]

ਕਿਸੇ ਵੀ ਵਸਤੂ ਵਰਤਾਰੇ ਦੇ ਨਿਖੇੜੇ ਦੇ ਮੂਲ ਅਧਾਰ ਹੁੰਦੇ ਹਨ, ਜੋ ਉਸਨੂੰ ਦੂਜਿਆਂ ਨਾਲੋਂ ਨਿਖੇੜਦੇ ਹਨ, ਇਹ ਹੀ ਸਭਿਆਚਾਰ ਦੇ ਲੱਛਣ ਹਨ। ਜਿਵੇਂ:

  1. ਸਭਿਆਚਾਰ ਇੱਕ ਜਟਿਲ ਸਮੂਹ ਹੈ, ਜਿਸ ਦੇ ਅੰਤਰ ਸੰਬੰਧਿਤ ਅਤੇ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਭਾਗ ਹਨ।
  2. ਸਭਿਆਚਾਰ ਸਰਵ-ਵਿਆਪਕ ਪਰ ਹਰ ਸਮਾਜ ਦਾ ਵਿਲੱਖਣ ਸਭਿਆਚਾਰ ਹੁੰਦਾ ਹੈ।
  3. ਸਭਿਆਚਾਰ ਮਨੁੱਖੀ ਸਮਾਜ ਦਾ ਵਰਤਾਰਾ ਹੈ, ਜਿਹੜਾ ਜੀਵ ਵਿਗਿਆਨ ਵਿਰਸੇ ਵਿੱਚੋਂ ਨਹੀਂ ਮਿਲਦਾ ਸਗੋਂ ਸਮਾਜਿਕ ਵਿਰਸੇ ਵਿੱਚੋਂ ਮਿਲਦਾ ਹੈ, ਅਰਥਾਤ ਇਹ ਸਿੱਖਿਆ ਜਾਂਦਾ ਹੈ ਤੇ ਗ੍ਰਹਿਣ ਕੀਤਾ ਜਾਂਦਾ ਹੈ।
  4. ਸਭਿਆਚਾਰ ਸੰਚਿਤ ਹੋਣ ਦੀ ਅਤੇ ਰੱਦਣ ਦੀ ਪ੍ਰਕਿਰਤੀ ਰੱਖਦਾ ਹੈ।
  5. ਪ੍ਰਤੀਕਾਤਮਕਤਾ ਸਭਿਆਚਾਰ ਦਾ ਇੱਕ ਮਹੱਤਵਪੂਰਨ ਲੱਛਣ ਹੈ, ਜਿਸ ਲਈ ਇਹ ਸੰਚਾਰ ਦਾ ਮਾਧਿਅਮ ਹੋਣ ਦਾ ਝਾਉਲਾ ਪਾਉਂਦਾ ਹੈ। ਇਹ ਪ੍ਰਾਥਮਿਕ ਮੰਤਵ ਭਾਸ਼ਾ ਦਾ ਅਤੇ ਸੰਚਾਰ ਲਈ ਉਚੇਰੇ 'ਤੇ ਸਿਰਜੀਆਂ ਗਈਆਂ ਚਿੰਨ੍ਹ ਪ੍ਰਣਾਲੀਆਂ ਦਾ ਹੁੰਦਾ ਹੈ। ਇਹ ਚਿੰਨ੍ਹ ਪ੍ਰਣਾਲੀਆਂ ਆਪਣੇ ਸਭਿਆਚਾਰ ਵਿੱਚ ਹੀ ਅਰਥ ਰੱਖਦੀਆਂ ਹਨ।[7] 😁😁

ਸਭਿਆਚਾਰ ਦਾ ਵਿਸ਼ਲੇਸ਼ਣ

[ਸੋਧੋ]

ਵੱਖੋ ਵੱਖਰੇ ਖੇਤਰਾਂ ਵਿਚਲੇ ਵਿਸ਼ੇਸ਼ੱਗ ਆਪੋ ਆਪਣੇ ਖੇਤਰ ਦੀ ਵਿਧੀ ਅਨੁਸਾਰ ਸਭਿਆਚਾਰ ਦਾ ਵਿਸ਼ਲੇਸ਼ਣ ਕਰਦੇ ਹਨ। ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ਲੇਸ਼ਣ ਵਿਧੀ ਦੀ ਗੱਲ ਕਰ ਸਕਦੇ ਹਾਂ। ਸ ਤੋਂ ਪਹਿਲਾਂ ਅਸੀਂ ਉਸ ਵਿਸ਼ਲੇਸ਼ਣ-ਵਿਧੀ ਦੀ ਗੱਲ ਕਰ ਸਕਦੇ ਹਾਂ, ਜਿਹੜੀ 'ਸਭਿਆਚਾਰਕ ਵਸਤ' ਨੂੰ ਆਪਣੀ ਅਧਿਐਨ ਇਕਾਈ ਮੰਨ ਕੇ ਤੁਰਦੀ ਹੈ। ਸਭਿਆਚਾਰਕ ਵਸਤਾਂ ਵਿੱਚ ਦਿਲਚਸਪੀ ਮਾਨਵ-ਵਿਗਿਆਨੀ ਦੀ ਵੀ ਹੁੰਦੀ ਹੈ ਅਤੇ ਸਮਾਜ ਵਿਗਿਆਨੀ ਦੀ ਵੀ। ਪਰ ਸਭਿਆਚਾਰ ਦੇ ਵਿਸ਼ਲੇਸ਼ਣ ਵਿੱਚ ਦੋਹਾਂ ਦੀਆਂ ਵਿਧਿਆਂ ਵੱਖ ਵੱਖ ਹਨ। ਸਭਿਆਚਾਰ ਦੇ ਵਿਸ਼ਲੇਸ਼ਣ ਦੇ ਬੁਨਿਆਦੀ ਪਰਵਰਗ ਉਹੀ ਹੋ ਨਿਬੜਦੇ ਹਨ, ਜੋ ਪ੍ਤਿਮਾਨਕ ਸਭਿਆਚਾਰ ਸਿਰਲੇਖ ਹੇਠ ਵਿਚਾਰੇ ਗਏ ਹਨ: ਭਾਵ ਲੋਕਾਚਾਰ, ਸਦਾਚਾਰ, ਤਾਬੂ ਅਤੇ ਕਾਨੂੰਨ। ਸਭਿਆਚਾਰ ਆਪਣੇ ਆਪ ਵਿੱਚ ਇੱਕ ਬੇਹੱਦ ਜਟਿਲ ਵਰਤਾਰਾ ਹੈ, ਜਿਸ ਦਾ ਸਰਲ ਵਿਧੀਆਂ ਅਤੇ ਫ਼ਾਰਮੂਲਿਆਂ ਨਾਲ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਨਾ ਹੀ ਮੁਲੰਕਣ-ਮੁਕਤ ਵਿਸ਼ਲੇਸ਼ਣ ਸਭਿਆਚਾਰ ਦੀ ਹਕੀਕਤ ਸਮਝਣ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ।

ਸਭਿਆਚਾਰ ਪਰਿਵਰਤਨ

[ਸੋਧੋ]

ਸਭਿਆਚਾਰ ਦੇ ਸਬੰਧ ਵਿੱਚ ਇੱਕ ਨਿਰਪੇਖ ਸਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਬੇਸ਼ੱਕ ਇਹ ਏਡੀ ਵੱਡੀ ਸੱਚਾਈ ਹੈ ਕਿ ਇਹ ਤਬਦੀਲੀ ਕੋਈ ਆਪਣੇ ਆਪ ਨਹੀਂ ਆਉਂਦੀ, ਸਗੋਂ ਕਿਸੇ ਨਾ ਕਿਸੇ ਹੱਦ ਤੱਕ ਸੰਘਰਸ਼ ਦਾ ਸਿੱਟਾ ਹੁੰਦੀ ਹੈ। ਇਹ ਤਬਦੀਲੀ ਵਿਅਕਤੀ ਜਾਂ ਕਿਸੇ ਸਮਾਜ ਦੀ ਇੱਛਾ ਉਪਰ ਨਿਰਭਰ ਨਹੀਂ ਕਰਦੀ। ਇਹ ਪ੍ਕਿਰਤੀ ਦਾ ਨਿਯਮ ਹੈ ਅਤੇ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ ਚੌਖਟਾ ਹੈ। ਸਭਿਆਚਾਰਕ ਪਰਿਵਰਤਨ ਦਾ ਸੱਭਿਆਚਾਰੀਕਰਨ ਦੇ ਸੰਦਰਭ ਵਿੱਚ ਅਧਿਐਨ ਕਰਨਾ ਆਪਣੇ ਆਪ ਵਿੱਚ ਕਈ ਸਮੱਸਿਆਵਾਂ ਖੜੀਆਂ ਕਰ ਦਿੰਦਾ ਹੈ, ਜਿਹੜੀਆਂ ਖਿੰਡਾਅ ਦੇ ਅਮਲ ਦੇ ਅਧਿਐਨ ਨਾਲੋਂ ਕੀਤੇ ਜ਼ਿਆਦਾ ਜਟਿਲ ਹੁੰਦੀਆਂ ਹਨ। ਸੱਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਦੇ ਪੂਰੇ ਸਬੰਧੰਤ ਸੱਭਿਆਚਾਰਾਂ ਵਿੱਚ ਆਇਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।

ਸਭਿਆਚਾਰ ਅਤੇ ਹੋਰ ਗਿਆਨ-ਖੇਤਰ

[ਸੋਧੋ]

ਗਿਆਨ-ਖੇਤਰਾਂ ਨਾਲੋਂ ਸਭਿਆਚਾਰ ਦਾ ਨਿਖੇੜਾ ਕਰਨਾ ਜਾਂ ਇਹਨਾਂ ਵਿਚਕਾਰ ਅੰਤਰ ਸੰਬੰਧ ਵੇਖਣਾ ਜ਼ਰੂਰੀ ਹੈ, ਕਿਉਂਕਿ ਇਹਨਾਂ ਬਾਰੇ ਵੱਖ ਵੱਖ ਦ੍ਰਿਸ਼ਟੀਕੋਨ ਮਿਲਦੇ ਹਨ, ਅਤੇ ਸਧਾਰਨ ਪੱਧਰ ਉੱਤੇ ਇਹਨਾਂ ਅੰਤਰ ਸੰਬੰਧਾਂ ਬਾਰੇ ਕਾਫ਼ੀ ਅਸਪਸ਼ਤਾ ਆ ਜਾਂਦੀ ਹੈ ਜੋ ਹੇਠ ਲਿਖੇ ਹਨ।

  1. ਸਭਿਆਚਾਰ ਅਤੇ ਸਭਿਅਤਾ
  2. ਸਭਿਆਚਾਰ ਅਤੇ ਭੂਗੋਲ
  3. ਸਭਿਆਚਾਰ ਅਤੇ ਜੀਵ-ਵਿਗਿਆਨ
  4. ਸਭਿਆਚਾਰ ਅਤੇ ਆਰਥਿਕਤਾ
  5. ਸਭਿਆਚਾਰ ਅਤੇ ਧਰਮ
  6. ਸਭਿਆਚਾਰ ਅਤੇ ਭਾਸ਼ਾ

ਸਾਹਿਤ ਅਤੇ ਸਭਿਆਚਾਰ

[ਸੋਧੋ]

ਇਸ ਅਧਿਆਇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਸਾਹਿਤ ਆਪਣੇ ਸੱਭਿਆਚਾਰ ਦੀ ਸ੍ਵੈਚੇਤਨਾ ਹੁੰਦਾ ਹੈ। ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ, ਯਥਾਰਥ ਦੇ ਸੰਕਲਪਾਤਮਕ ਰੂਪ ਵਜੋਂ ਬਿੰਬ-ਸਿਰਜਣਾ ਸਾਹਿਤ ਅਤੇ ਦੂਜੀਆਂ ਕਲਾਵਾਂ ਵਿੱਚ ਸਾਂਝਾ ਲੱਛਣ ਹੈ। [8] ਸਾਹਿਤ ਦੀ ਵਿਲੱਖਣਤਾ ਆਪਣੇ ਮਾਧਿਅਮ, ਭਾਸ਼ਾ, ਕਰਕੇ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਸੱਭਿਆਚਾਰਕ ਸਿਰਜਣਾ ਹੈ, ਜੋ ਕਿਸੇ ਸਮਾਜ ਨੇ ਸੰਚਾਰ ਦੇ ਆਸ਼ੇ ਨਾਲ ਕੀਤੀ ਹੁੰਦੀ ਹੈ। ਬਿੰਬ ਅਤੇ ਭਾਸ਼ਾ ਵਿੱਚ ਵਿਸ਼ੇਸ਼ਤਾ ਤਿੰਨ ਪੱਧਰਾਂ ਉੱਤੇ ਆ ਸਕਦੀ ਹੈ:ਯੁੱਗ, ਧਾਰਾ ਅਤੇ ਵਿਅਕਤੀਗਤ ਪੱਧਰ ਉੱਤੇ। ਸਾਹਿਤ ਸੱਭਿਆਚਾਰ ਦੇ ਬੋਧਾਤਮਕ ਸੱਭਿਆਚਾਰ ਦਾ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ। ਕਲਾ ਦੇ ਬਾਕੀ ਰੂਪ, ਫਲਸਫ਼ਾ, ਧਰਮ, ਇਤਿਹਾਸ, ਮਿਥਿਹਾਸ ਆਦਿ ਇਸ ਅੰਗ ਦੇ ਬਾਕੀ ਹਿੱਸੇ ਹੁੰਦੇ ਹਨ, ਪਰ ਛੋਟਾ ਜਿਹਾ ਅੰਗ ਵੀ ਸੱਭਿਆਚਾਰ ਨੂੰ ਇਸ ਦੀ ਸਮੁੱਚਤਾ ਵਿੱਚ ਪ੍ਰਤਿਬੱਧ ਕਰਨ ਦੇ ਸਮਰੱਥ ਹੁੰਦਾ ਹੈ। ਇਹ ਸਮਕਾਲੀ ਸਮਾਜ ਵਿੱਚ ਵਾਪਰ ਰਹੇ ਅਮਲਾਂ ਨੂੰ ਨਾ ਸਿਰਫ਼ ਬਿੰਬ ਅਤੇ ਸੰਕਲਪ ਦੀ ਪੱਧਰ ਉੱਤੇ ਪੇਸ਼ ਹੀ ਕਰਦਾ ਹੈ, ਸਗੋਂ ਉਹਨਾਂ ਅਮਲਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਸਾਹਿਤ ਦੀ ਇਸ ਸਮਰੱਥਾ ਉਪਰ ਸੰਦੇਹ ਵੀ ਸਮਕਾਲੀ ਸਭਿਆਚਾਰਕ ਸਥਿਤੀ ਦੀ ਹੀ ਉਪਜ ਹੁੰਦਾ ਹੈ। ਹਾਲਾਂਕਿ ਐਸੀਆਂ ਉਦਾਹਰਣਾਂ ਮਿਲਦੀਆਂ ਹਨ, ਜਦੋਂ ਸਾਹਿਤ ਨੇ ਸਮਾਜਕ ਸਭਿਆਚਾਰ ਤਬਦੀਲੀ ਵਿੱਚ ਫ਼ੈਸਲਾਕੁਨ ਰੋਲ਼ ਨਿਭਾਇਆ ਹੁੰਦਾ ਹੈ। ਸਾਹਿਤ ਅਤੇ ਸੱਭਿਆਚਾਰ ਦੇ ਇਸ ਜਟਿਲ ਸੰਬੰਧ ਕਾਰਨ ਹੀ ਸਾਹਿਤ ਦੇ ਸਭਿਆਚਾਰਕ ਅਧਿਐਨ ਲਈ ਕੇਵਲ ਮਾਨਵ-ਵਿਗਿਆਨਕ ਪਹੁੰਚ ਬੇਹੱਦ ਅਧੂਰੀ ਹੈ, ਜਿਸ ਅਨੁਸਾਰ ਕਿਸੇ ਸਮੇਂ ਦੇ ਸਾਹਿਤ ਵਿੱਚ ਮਿਲਦੇ ਸਭਿਆਚਾਰਕ ਅਤੇ ਲੋਕਯਾਨਿਕ ਅੰਸ਼ਾਂ ਨੂੰ ਗਿਣਵਾ ਦਿੱਤਾ ਜਾਂਦਾ ਹੈ। ਕੋਈ ਵੀ ਅੰਸ਼ ਸਾਹਿਤ ਵਿੱਚ ਜਿਉਂ ਦਾ ਤਿਉਂ ਕਦੀ ਵੀ ਪ੍ਤੀਬਿੰਬਤ ਨਹੀਂ ਹੁੰਦਾ, ਸਗੋਂ ਬਿੰਬ ਦਾ ਰੂਪ ਧਾਰ ਕੇ ਹੀ ਪੇਸ਼ ਹੁੰਦਾ ਹੈ। ਇਸ ਤਰ੍ਹਾਂ ਸਾਹਿਤ ਦਾ ਸਭਿਆਚਾਰਕ ਅਧਿਐਨ ਸਮਾਜ ਅਤੇ ਸੱਭਿਆਚਾਰ ਦੀ ਆਪਣੇ ਪ੍ਰਤੀ ਚੇਤਨਾ ਦਾ ਅਧਿਐਨ ਹੋ ਨਿਬੜਦਾ ਹੈ।

ਸਭਿਆਚਾਰ ਦੇ ਅਧਿਐਨ ਦੇ ਸਰੋਤ

[ਸੋਧੋ]

ਸੱਭਿਆਚਾਰ ਦਾ ਅਧਿਐਨ ਸਮੁੱਚੀ ਮਨੁੱਖਾ ਜ਼ਿੰਦਗੀ ਜਾਂ ਕਿਸੇ ਮਨੁੱਖੀ ਸਮਾਜ ਦੀ ਸਮੁੱਚੀ ਜ਼ਿੰਦਗੀ ਨੂੰ ਆਪਣੀ ਲਪੇਟ ਵਿੱਚ ਲਏ ਤੋਂ ਬਿਨਾਂ ਸਾਰਥਕ ਨਹੀਂ ਹੋ ਸਕਦਾ। ਗੁਰਬਖਸ਼ ਸਿੰਘ ਫਰੈਂਕ ਨੇ ਵਿਗਿਆਨਕਾਂ ਦੀਆਂ ਪ੍ਰੀਭਾਸ਼ਾਵਾਂ ਨੂੰ ਨਿਖੇੜਦੇ ਹੋਏ ਹੇਠ ਲਿਖੇ ਸਭਿਆਚਾਰ ਦੇ ਅਧਿਐਨ ਖੇਤਰ ਨਿਸ਼ਚਿਤ ਕੀਤੇ ਹਨ:

  1. ਮਾਨਵ ਵਿਗਿਆਨ ਵੱਲ ਇਸ ਦੇ ਸਾਰੇ ਪਸਾਰਾਂ ਵਿੱਚ।
  2. ਸਮਾਜ-ਵਿਗਿਆਨ, ਖ਼ਾਸ ਕਰਕੇ ਸਮਾਜਕ ਸੰਸਥਾਵਾਂ ਅਤੇ ਸਮਾਜਕ ਸਿਧਾਂਤ ਵੱਲ।
  3. ਮਨੋਵਿਗਿਆਨ ਖ਼ਾਸ ਕਰਕੇ ਸਮਾਜਕ ਮਨੋਵਿਗਿਆਨ ਵੱਲ।
  4. ਇਤਿਹਾਸ ਵੱਲ ਕਿਉਂਕਿ ਇਤਿਹਾਸ ਮਨੁੱਖੀ ਸਮਾਜ ਦੇ ਵਿਕਾਸ ਨੂੰ ਵੱਖੋ ਵੱਖਰੇ ਪੱਧਰਾਂ ਉੱਤੇ ਪੇਸ਼ ਕਰਦਾ ਹੈ।
  5. ਸਾਹਿਤ ਵੱਲ ਕਿਸੇ ਜਨ-ਸਮੂਹ ਦੀ ਸਮਾਜਕ ਚੇਤਨਾ ਅਤੇ ਕਿਸੇ ਸੱਭਿਆਚਾਰ ਦੀ ਸ੍ਵੈ ਚੇਤਨਾ ਵਜੋਂ।
  6. ਭਾਸ਼ਾ ਵੱਲ ਕਿਉਂਕਿ ਇਹ ਕਿਸੇ ਸਭਿਆਚਾਰ ਦਾ ਮੁਹਾਫ਼ਜ਼ਖ਼ਾਨਾ ਹੀ ਨਹੀਂ ਹੁੰਦੀ, ਸਗੋਂ ਬਾਹਰਲੇ ਯਥਾਰਥ ਨੂੰ ਗ੍ਰਹਿਣ ਕਰਨ ਦੀ ਵਿਧੀ ਅਤੇ ਗ੍ਰਹਿਣ ਕੀਤੇ ਯਥਾਰਥ ਨੂੰ ਪ੍ਗਟ ਕਰਨ ਦੇ ਪਰਵਰਗਾਂ ਨੂੰ ਵੀ ਪੇਸ਼ ਕਰਦੀ ਹੈ।
  7. ਭੂਗੋਲ ਵੱਲ ਕਿਸੇ ਸਭਿਆਚਾਰ ਦੇ ਹੋਂਦ-ਚੌਖਟੇ ਵਜੋਂ ਅਤੇ ਸੱਭਿਆਚਾਰਕ ਅੰਸ਼ਾਂ ਦੇ ਪਸਾਰ-ਖੇਤਰ ਜਾਨਣ ਲਈ।
  8. ਆਰਥਕਤਾ ਵੱਲ ਉਤਪਾਦਨ ਅਤੇ ਪੁਨਰ-ਉਤਪਾਦਨ ਦੇ ਉਹਨਾਂ ਸੰਬੰਧਾਂ ਨੂੰ ਜਾਨਣ ਲਈ ਜਿਹੜੇ ਸਭਿਆਚਾਰਕ ਸਿਰਜਨਾਵਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਮਾਜਕ-ਆਰਥਕ ਦੌਰ ਦੇ ਖਾਸੇ ਨੂੰ ਵੀ ਨਿਸ਼ਚਿਤ ਕਰਦੇ ਹਨ।
  9. ਲੋਕ-ਸਿਰਜਨਾਵਾਂ, ਪ੍ਗਟਾ-ਵਿਧੀਆਂ ਅਤੇ ਸਮੂਹਿਕ ਚਿੰਤਨ ਦੇ ਢੰਗਾਂ ਵੱਲ ਪਥਰਾਏ ਰੂਪਾਂ ਵਜੋਂ ਵਰਨਣ ਵਾਸਤੇ ਨਹੀਂ ਸਗੋਂ ਨਿਸ਼ਚਿਤ ਸਮੇਂ ਅਤੇ ਸਥਾਨ ਵਿੱਚ ਹੋਂਦ ਰੱਖਦੇ ਜੀਵੰਤ ਪਰੰਪਰਾ ਦੇ ਅੰਸ਼ਾਂ ਵਜੋਂ।
  10. ਪਦਾਰਥਕ ਸਭਿਆਚਾਰ ਵੱਲ ਨਾ ਸਿਰਫ਼ ਪਦਾਰਥਕ ਵਿਕਾਸ ਦੀ ਪੱਧਰ ਪ੍ਗਟ ਕਰਦੇ ਸਗੋਂ ਪ੍ਕਿਰਤੀ ਉੱਪਰ ਮਨੁੱਖ ਦੇ ਅਧਿਕਾਰ ਦੀ ਸੀਮਾ ਦਾ ਅੰਦਾਜ਼ਾ ਦੇਂਦੇ ਅੰਸ਼ਾਂ ਵਜੋਂ।
  11. ਫਲਸਫ਼ੇ ਵੱਲ ਸੰਸਾਰ -ਦ੍ਰਿਸ਼ਟੀਕੋਣ ਦੇ ਵਿਚਾਰ ਵਜੋਂ।
  12. ਕਲਾਂ-ਰੂਪਾਂ ਅਤੇ ਉਹਨਾਂ ਦੇ ਇਤਿਹਾਸ ਵੱਲ ਮਨੁੱਖ ਵਲੋਂ ਆਪਣੀਆਂ ਸੁਹਜ-ਸ਼ਕਤੀਆਂ ਸਾਕਾਰ ਕਰਨ ਦੇ ਯਤਨ ਵਜੋਂ।
  13. ਸਮਾਜਕ, ਧਾਰਮਿਕ ਅਤੇ ਰਾਜਨੀਤਕ ਲਹਿਰਾਂ ਦੇ ਇਤਿਹਾਸ ਵੱਲ ਸਮੂਹਿਕ ਕਾਰਵਾਈ ਵਿੱਚ ਵਿਸ਼ੇਸ਼ ਤਬਕਿਆਂ ਦੀ ਸਹਿਮਤੀ ਦੇ ਪ੍ਗਟਾਅ ਵਜੋਂ ਆਦਿ।

ਸੋ, ਉਪਰ ਗਿਣਵਾਏ ਗਏ ਬਹੁਤ ਸਾਰੇ ਖੇਤਰਾਂ ਨੂੰ ਪੰਜਾਬੀ ਸਭਿਆਚਾਰ ਦੇ ਅਧਿਐਨ ਸਰੋਤ ਵਜੋਂ ਵਰਤਣ ਦਾ ਆਰੰਭ ਕੀਤਾ ਗਿਆ ਹੈ। ਜਿਉਂ-ਜਿਉਂ ਇਹ ਅਧਿਐਨ ਵਿਕਾਸ ਕਰੇਗਾ, ਆਧਾਰ ਸਮੱਗਰੀ ਦੇ ਨਵੇਂ ਸਰੋਤ ਸਾਹਮਣੇ ਆਈ ਜਾਣਗੇ।

ਪੰਜਾਬੀ ਸਭਿਆਚਾਰ ਨਾਮਕਰਨ, ਭੂਗੋਲਿਕ ਚੌਖਟਾ, ਇਤਿਹਾਸ

[ਸੋਧੋ]

ਇਸ ਅਧਿਆਇ ਵਿੱਚ ਪੰਜਾਬੀ ਸਭਿਆਚਾਰ ਦੇ ਨਾਮਕਰਨ ਅਤੇ ਇਸ ਦੇ ਭੂਗੋਲਿਕ ਖਿੱਤੇ ਨੂੰ ਇੱਕ ਸਮੱਸਿਆ ਵਜੋਂ ਪੇਸ਼ ਕੀਤਾ ਹੈ। ਇਹ ਗੱਲ ਸਵੀਕਾਰ ਕਰਨੀ ਅਸੰਭਵ ਹੈ ਕਿ ਪਿਛਲੇ ਤਿੰਨ ਹਜ਼ਾਰ ਸਾਲ ਵਿੱਚ ਪੰਜਾਬੀ ਸਮਾਜ ਵਿੱਚ ਅਤੇ ਇਸ ਦੇ ਅਨੁਕੂਲ ਪੰਜਾਬੀ ਸਭਿਆਚਾਰ ਵਿੱਚ ਕੋਈ ਬੁਨਿਆਦੀ ਪਰਿਵਰਤਨ ਨਹੀਂ ਆਏ। ਅੱਗੇ ਇਹ ਸਵਾਲ ਖੜ੍ਹਾ ਕੀਤਾ ਗਿਆ ਹੈ ਕਿ ਸਭਿਆਚਾਰਾਂ ਨੂੰ ਪੰਜਾਬੀ ਸਭਿਆਚਾਰ ਕਹਿ ਸਕਦੇ ਹਾਂ, ਜਿਹੜੇ ਆਪਣੀ ਸ੍ਵੈਧੀਨ ਹੋਂਦ ਦੇ ਰਾਹ ਤੁਰ ਪਏ ਹਨ? ਨਿਸ਼ਚਿਤ ਭੂਗੋਲਿਕ ਖਿੱਤਾ, ਵਿਸ਼ੇਸ਼ ਜੀਵਨ ਢੰਗ ਅਤੇ ਭਾਸ਼ਾ ਮਿਲ ਕੇ ਹੀ ਕਿਸੇ ਸਭਿਆਚਾਰ ਨੂੰ ਪਰਿਭਾਸ਼ਿਤ ਕਰਦੇ ਹਨ। ਗੁਰਬਖਸ਼ ਸਿੰਘ ਫਰੈਂਕ ਨੇ ਇਹਨਾਂ ਨੁਕਤਿਆਂ ਨੂੰ ਇਸ ਪ੍ਕਾਰ ਪੇਸ਼ ਕੀਤਾ ਹੈ:

  1. ਅੱਜ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਨਿਸ਼ਚਿਤ ਕਰਦਿਆਂ ਅਸੀਂ ਅੱਜ ਦੀਆਂ ਹਾਲਤਾਂ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ ਅਤੇ ਇਹ ਹਾਲਤਾਂ ਇਸ ਨਿਰਣੇ ਦੀ ਆਧਾਰ ਦਲੀਲ ਬਣਦੀਆਂ ਹਨ ਕਿ ਅੱਜ ਦੇ ਭਾਰਤੀ ਪੰਜਾਬੀ ਨੂੰ ਹੀ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਮੰਨਿਆ ਜਾਏ।
  2. ਇਸ ਤੋਂ ਪਹਿਲਾਂ ਦੀਆਂ ਭੂਗੋਲਿਕ ਤਬਦੀਲੀਆਂ ਅਤੇ ਬਾਕੀ ਸਮਾਜਕ-ਰਾਜਸੀ ਵਰਤਾਰੇ ਪੰਜਾਬੀ ਸਭਿਆਚਾਰ ਦੇ ਇਥੋਂ ਤੱਕ ਪੁੱਜਣ ਦੇ ਇਤਿਹਾਸ ਦਾ ਅੰਗ ਹਨ।
  3. ਇਹ ਇਤਿਹਾਸ ਆਦਿ ਕਾਲ ਤੋਂ ਸ਼ੁਰੂ ਨਹੀਂ ਹੁੰਦਾ, ਸਗੋਂ ਉਦੋਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਤੋਂ ਅੱਜ ਦੇ ਪੰਜਾਬੀ ਸਭਿਆਚਾਰ ਨੇ ਰੂਪ ਧਾਰਨਾ ਸ਼ੁਰੂ ਕੀਤਾ ਅਤੇ ਇਹ ਸਮਾਂ ਨੌਵੀਂ ਤੋਂ ਬਾਰਵੀਂ ਸਦੀ ਦਾ ਸਮਾਂ ਹੈ ਜਦੋਂ ਕਿ ਨਾ ਸਿਰਫ਼ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੇ ਰੂਪ ਧਾਰਨਾ ਸ਼ੁਰੂ ਕੀਤਾ।
  4. ਪੰਜਾਬੀ ਸਭਿਆਚਾਰ ਚੇਤਨਾ ਦੀ ਮੌਜੂਦਾ ਸਥਿਤੀ ਬਾਰੇ ਜਾਨਣ ਲਈ ਜਰੂਰੀ ਹੈ ਕਿ ਕੌਮੀ ਅਤੇ ਕੌਮੀਅਤ ਸਭਿਆਚਾਰਾਂ ਦੀ ਸੰਬਾਦਕਤਾ ਨੂੰ ਸਮਝਿਆ ਜਾਏ।

ਪੰਜਾਬ ਦਾ ਭੂਗੋਲ ਅਤੇ ਸਭਿਆਚਾਰ ਪ੍ਰਸਪਰ ਸੰਬੰਧ

[ਸੋਧੋ]

ਇਸ ਅਧਿਆਇ ਵਿੱਚ ਪੰਜਾਬੀ ਸਭਿਆਚਾਰ ਦੇ ਭੂਗੋਲਿਕ ਚੌਖਟੇ ਨੂੰ ਨਿਸਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਦੇ ਆਰੰਭ ਦਾ ਸੰਭਵ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਅਤੇ ਉਸ ਤੋਂ ਮਗਰੋਂ ਇਸ ਦੇ ਇਤਿਹਾਸ ਨੂੰ ਇੱਕ ਵਿਸ਼ੇਸ਼ ਦਿਸ਼ਟੀ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ:ਪੰਜਾਬੀ ਕੌਮੀਅਤ ਦੇਖ ਰੂਪ ਧਾਰਨ ਦੀ ਦਿਸ਼ਟੀ ਤੋਂ, ਜਿਹੜੀ ਕੌਮੀਅਤ ਕਿ ਪੰਜਾਬੀ ਸਭਿਆਚਾਰ ਦੀ ਵਾਹਕ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਦਾ ਇਤਿਹਾਸਿਕ ਪੱਖ ਵਿਚਰਦਿਆਂ ਫ਼ਰੈਂਕ ਨੇ ਇਹ ਧਾਰਨਾ ਦਿੱਤੀ ਹੈ ਕਿ ਭੂਗੋਲਿਕ ਹੱਦਬੰਦੀ ਦੀ ਇਹ ਅਸਥਿਰਤਾ ਸਭਿਆਚਾਰਕ ਨਿਸਚਿਤਤਾ ਨੂੰ ਵੀ ਧੁੰਦਲਾ ਬਣਾਉਂਦੀ ਹੈ ਅਤੇ ਨਾਲ ਹੀ ਉਸ ਸਮੂਹ ਨੂੰ ਵੀ ਆਪਣੀ ਹੋਂਦ ਇੱਕ ਇਕਾਈ ਵਜੋਂ ਪਛਾਨਣ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ, ਜਿਹੜਾ ਸਮੂਹ ਇਸ ਸਭਿਆਚਾਰ ਦਾ ਵਾਹਕ ਹੁੰਦਾ ਹੈ।[9] ਇਸ ਅਧਿਆਇ ਵਿੱਚ ਖਿੱਤੇ ਦੇ ਭੂਗੋਲ ਅਤੇ ਸਭਿਆਚਾਰ ਦੇ ਪ੍ਸਪਰ ਸੰਬੰਧ ਨੂੰ ਪੜਤਾਲਦਿਆਂ ਦੱਸਿਆ ਗਿਆ ਹੈ ਕਿ ਪੰਜਾਬ ਹਮੇਸ਼ਾ ਸਰਹੱਦੀ ਪ੍ਰਾਂਤ ਰਿਹਾ ਹੈ, ਜਿਸ ਕਾਰਨ ਇੱਥੋ ਦੇ ਜਮਪਲਾਂ ਵਿੱਚ ਸਰੀਰਕ ਪੱਖੋਂ ਸੁਡੌਲਤਾ, ਬਹਾਦਰੀ, ਦਲੇਰੀ ਪੰਜਾਬੀਆਂ ਦੀ ਮਜ਼ਬੂਰੀ ਹੈ। ਸਰਹੱਦੀ ਪ੍ਰਾਂਤ ਹੋਣ ਕਾਰਨ ਹੀ ਪੰਜਾਬ ਵਿੱਚ ਵੱਧ ਤੋਂ ਵੱਧ ਨਸਲੀ ਮਿਸ਼ਰਨ ਹੈ। ਪੰਜਾਬੀ ਸੁਭਾਅ ਦੀ ਇਹੀ ਮਾਨਸਿਕਤਾ ਧਰਮ ਦੇ ਖੇਤਰ ਵਿੱਚ ਵੀ ਪ੍ਰਗਟ ਹੁੰਦੀ ਹੈ। ਉਪਰੋਕਤ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਭੂਗੋਲਿਕ ਤੱਥਾਂ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਕਈ ਅੰਸ਼ ਦਿੱਤੇ ਹਨ। ਅਖੀਰ ਵਿੱਚ ਦੱਸਿਆ ਗਿਆ ਹੈ ਕਿ ਭੂਗੋਲ ਹਰ ਸਭਿਆਚਾਰ ਦਾ ਮੁੱਢਲਾ ਸਰੋਤ ਹੁੰਦਾ ਹੈ, ਐਸਾ ਸਮਾਂ ਕਦੀ ਵੀ ਨਹੀਂ ਆਉਂਦਾ ਜਦੋਂ ਭੂਗੋਲ ਕਿਸੇ ਸਭਿਆਚਾਰ ਵਿੱਚ ਕਿਸੇ ਵੀ ਨਵੇਂ ਅੰਸ਼ ਦਾ ਸੋਮਾ ਨਾ ਰਹੇ।

ਪੰਜਾਬੀ ਸਭਿਆਚਾਰ ਦੇ ਮੂਲ ਸੋਮੇ

[ਸੋਧੋ]

ਇਸ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਸਭਿਆਚਾਰ ਬੇਅੰਤ ਅੰਸ਼ਾ ਦਾ ਮਿਸ਼ਰਣ ਹੁੰਦਾ ਹੈ। ਇਸ ਦਾ ਹਰ ਅੰਸ਼ ਕਿਤੋਂ ਨਾ ਕਿਤੋਂ ਆਰੰਭ ਹੁੰਦਾ ਹੈ ਅਤੇ ਸਭਿਆਚਾਰ ਸਿਸਟਮ ਵਿੱਚ ਥਾਂ ਪਾ ਕੇ ਇਸ ਦੇ ਅਨੁਕੂਲ ਵਿਕਾਸ ਕਰਦਾ ਜਾਂਦਾ ਹੈ। ਹਰ ਅੰਸ਼ ਦੀ ਹੋਂਦ ਦਾ ਸੋਮਾ ਉਸ ਦਾ ਆਪਣਾ ਸਭਿਆਚਾਰ ਹੀ ਹੁੰਦਾ ਹੈ, ਜਿਸ ਦੇ ਸਿਸਟਮ ਦੇ ਅੰਦਰ ਇਹ ਅੰਸ਼ ਆਪਣੇ ਕਾਰਜ ਨਿਭਾਉਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਹ ਅੰਸ਼ ਆਪਣੇ ਸਭਿਆਚਾਰ ਦੀ ਹੀ ਸਿਰਜਣਾ ਹੋਵੇ। ਇਹ ਕਿਸੇ ਹੋਰ ਸਭਿਆਚਾਰ ਵਿੱਚੋਂ ਵੀ ਆਇਆ ਹੋ ਸਕਦਾ ਹੈ, ਜਿਸ ਦਾ ਪਤਾ ਅਸੀਂ ਤੁਲਨਾਤਮਕ ਇਤਿਹਾਸਿਕ- ਸਭਿਆਚਾਰਕ ਵਿਸ਼ਲੇਸ਼ਣ ਰਾਹੀਂ ਲਾ ਸਕਦੇ ਹਾਂ। ਗੁਰਬਖ਼ਸ਼ ਸਿੰਘ ਫ਼ਰੈਂਕ ਨੇ ਦੱਸਿਆ ਹੈ ਕਿ ਪੰਜਾਬੀ ਸਭਿਆਚਾਰ ਦੇ ਮੂਲ ਸੋਮਿਆਂ ਵਿੱਚ ਉਹ ਸਾਰਾ ਕੁਝ ਆ ਜਾਏਗਾ, ਜਿਸ ਨੇ ਇਸ ਨੂੰ ਘੜਣ ਵਿਚ, ਕਾਇਮ ਰੱਖਣ ਵਿੱਚ ਅਤੇ ਅੱਗੇ ਵਧਾਉਣ ਵਿੱਚ ਹਿੱਸਾ ਪਾਇਆ ਹੈ। ਇਸ ਵਿੱਚ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਸਭਿਆਚਾਰ ਨੇ ਆਪਣੇ ਇਤਿਹਾਸ ਦੇ ਦੌਰਾਨ, ਅਤੇ ਉਹਨਾਂ ਸਭਿਆਚਾਰਾਂ ਦੇ ਇਤਿਹਾਸ ਦੇ ਦੌਰਾਨ, ਜਿਨ੍ਹਾਂ ਦਾ ਇਹ ਵਾਰਿਸ ਹੈ, ਕਿਹੜੇ ਕਿਹੜੇ ਅੰਸ਼ ਕਿਸ ਕਿਸ ਸੋਮੇ ਤੋਂ ਲਏ ਹਨ। ਇਹਨਾਂ ਸੋਮਿਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:

  1. ਸਥਾਨਕ: ਸਭਿਆਚਾਰ ਦੀ ਆਪਣੀ ਹੋਂਦ ਦੇ ਅਮਲ, ਭੂਗੋਲਿਕ ਸਥਿਤੀ, ਲੋਕਯਾਨ।
  2. ਭਾਰਤੀ: ਜਿਸ ਵਿੱਚ ਉਹ ਸਾਰਾ ਕੁਝ ਆ ਜਾਏਗਾ, ਜੋ ਕੁਝ ਪੰਜਾਬੀ ਸਭਿਆਚਾਰ ਨੇ ਆਪਣੇ ਵਡੇਰੇ ਸਮੂਹ, ਭਾਰਤੀ ਚੌਗਿਰਦੇ ਤੋਂ ਲਿਆ ਹੈ। ਇਸ ਵਿੱਚ ਪੰਜਾਬੀ ਸਭਿਆਚਾਰ ਤੋਂ ਪਹਿਲਾਂ ਦੇ ਸਭਿਆਚਾਰ ਵੀ ਆ ਜਾਣਗੇ।
  3. ਬਦੇਸ਼ੀ: ਜਿਹੜੇ ਅੰਸ਼-ਪਸਾਰ ਜਾਂ ਸਭਿਆਚਾਰੀਕਰਨ ਰਾਹੀਂ ਪੰਜਾਬੀ ਸਭਿਆਚਾਰ ਵਿੱਚ ਸ਼ਾਮਿਲ ਹਨ।

ਪੰਜਾਬੀ ਸਭਿਆਚਾਰ ਦੀ ਕਦਰ-ਪ੍ਰਣਾਲੀ

[ਸੋਧੋ]

ਕਿਸੇ ਸਭਿਆਚਾਰ ਨੂੰ ਐਸੀਆਂ ਕਦਰਾਂ-ਕੀਮਤਾਂ ਦੀ ਸੂਚੀ ਵਜੋਂ ਵੀ ਦੇਖਿਆ ਜਾ ਸਕਦਾ ਹੈ, ਜਿਹੜੀਆਂ ਉਸ ਸਭਿਆਚਾਰ ਵਾਲੇ ਜਨ-ਸਮੂਹ ਦੇ ਜੀਵਨ-ਵਿਹਾਰ ਵਿਚੋਂ ਝਲਕਦੀਆਂ ਹੁੰਦੀਆਂ ਹਨ। ਇਸ ਸੂਚੀ ਵਿਚਲੀਆਂ ਸਾਰੀਆਂ ਕਦਰਾਂ-ਕੀਮਤਾਂ ਦੀ ਇਕੋ ਜਿੰਨੀ ਮਹੱਤਤਾ ਨਹੀਂ ਹੁੰਦੀ। ਸਮਾਂ ਬਦਲਣ ਨਾਲ ਇਹ ਮਹੱਤਤਾ ਵਧਦੀ ਘਟਦੀ ਵੀ ਰਹਿੰਦੀ ਹੈ। ਤਾਂ ਵੀ ਐਸੀਆਂ ਕੁਝ ਕੁ ਕਦਰਾਂ-ਕੀਮਤਾਂ ਨੂੰ ਹਮੇਸ਼ਾ ਹੀ ਲੱਭਿਆ ਜਾ ਸਕਦਾ ਹੈ, ਜਿਹੜੀਆਂ ਉਸ ਸਮੂਹ ਵਿਚਲੇ ਵੱਧ ਤੋਂ ਵੱਧ ਜੀਵਾਂ ਵਲੋਂ ਵੱਧ ਤੋਂ ਵੱਧ ਸਮੇਂ ਤੱਕ ਬੇਹੱਦ ਮਹੱਤਵਪੂਰਨ ਸਮਝੀਆਂ ਜਾਂਦੀਆਂ ਹਨ। ਪੰਜਾਬੀ ਸਭਿਆਚਾਰ ਦੇ ਸੰਬੰਧ ਵਿੱਚ ਵੀ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਬੁਨਿਆਦੀ ਕਦਰ ਹੈ, ਜਿਹੜੀ ਪੰਜਾਬੀ ਸਭਿਆਚਾਰ ਦਾ ਖਾਸਾ ਨਿਰਧਾਰਿਤ ਕਰਦੀ ਹੈ ਅਤੇ ਇਸ ਨੂੰ ਦੂਜੇ ਸਭਿਆਚਾਰਾਂ ਤੋਂ ਨਿਖੇੜਦੀ ਹੈ? ਇਸ ਦੇ ਕਈ ਜਵਾਬ ਵੀ ਦਿੱਤੇ ਜਾਂਦੇ ਹਨ ਕਿ ਇਹ ਬੁਨਿਆਦੀ ਕਦਰ ਹੈ - ਬਹਾਦਰੀ, ਜਾਂ ਪ੍ਰਾਹੁਣਾਚਾਰੀ, ਸਖੀਪੁਣਾ, ਜਾਂ ਧਾਰਮਿਕਤਾ ਆਦਿ। ਗੁਰਬਖ਼ਸ਼ ਸਿੰਘ ਫ਼ਰੈਂਕ ਅਨੁਸਾਰ ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਅਤੇ ਪੰਜਾਬੀ ਸਭਿਆਚਾਰ ਉੱਤੇ ਨਜ਼ਰ ਮਾਰ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿੱਚ ਜਿਹੜੀ ਕਦਰ ਕੇਂਦਰੀ ਮਹੱਤਤਾ ਰੱਖਦੀ ਦਿੱਸਦੀ ਹੈ, ਉਹ ਉਹੀ ਹੈ ਜਿਸ ਨੂੰ ਕਦੀ ਬਾਬਾ ਸ਼ੇਖ ਫਰੀਦ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਇਆ ਸੀ: ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ।। ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹਿ।। 42।। ਇਹ 'ਬਾਰਿ ਪਰਾਇ ਬੈਸਣ' ਦਾ ਸੰਤਾਪ ਪੰਜਾਬੀ ਆਚਰਨ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੇ ਜਿਊਣ ਨਾਲੋਂ ਤਾਂ ਨਾ ਜਿਉਣਾ ਵਧੇਰੇ ਚੰਗਾ ਹੈ। ਕਿਸੇ ਹੋਰ ਤਰੀਕੇ ਨਾਲ ਲੋਕ ਗੀਤ ਦੀ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ: ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ। ਇਹ ਕੇਂਦਰੀ ਕਦਰ ਹੈ, ਜਿਸ ਦੇ ਹਵਾਲੇ ਨਾਲ ਬਾਕੀ ਕਦਰਾਂ ਅਰਥ ਰੱਖਦੀਆਂ ਹਨ।

ਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਿਕ ਸਭਿਆਚਾਰ

[ਸੋਧੋ]

ਇਸ ਅਧਿਆਇ ਵਿੱਚ ਪੰਜਾਬੀ ਸਾਹਿਤਿਕ ਸਭਿਆਚਾਰ ਵਿਚਲੇ ਕੁਝ ਅਮਲਾਂ ਨੂੰ ਨਿਖੇੜਣ ਅਤੇ ਉਘਾੜਣ ਦਾ ਯਤਨ ਕੀਤਾ ਗਿਆ ਹੈ, ਜਿਸ ਤੋਂ ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਅਤੇ ਇਸ ਦੇ ਵਿਕਾਸ ਦੀ ਪ੍ਕਿਰਤੀ ਦਾ ਪਤਾ ਲੱਗ ਸਕਦਾ ਹੈ। ਵੀਹਵੀਂ ਸਦੀ ਦੇ ਸਾਹਿਤਕ ਸਭਿਆਚਾਰ ਬਾਰੇ ਦੋ ਤੱਥ ਵਰਣਨਯੋਗ ਹਨ। ਇੱਕ ਤਾਂ ਇਹ ਕਿ ਬਹੁਤ ਥੋੜਿਆਂ ਨੂੰ ਛੱਡ ਕੇ ਪੰਜਾਬੀ ਦੇ ਸਥਾਪਤ ਸਾਹਿਤਕਾਰਾਂ ਵਿੱਚੋਂ ਬਹੁਤੇ ਨਾਲ ਹੀ ਸਮਾਜਿਕ ਪੱਖੋਂ ਸਮਰੱਥ ਵਿਅਕਤੀ ਵੀ ਹਨ। ਦੂਜਾ ਤੱਥ ਸਾਹਿਤਕ ਸਭਿਆਚਾਰ ਦੇ ਆਰਥਿਕ ਪੱਖ ਨਾਲ ਸੰਬੰਧ ਰੱਖਦਾ ਹੈ।

ਹਵਾਲਾ

[ਸੋਧੋ]

ਸਭਿਆਚਾਰ

  1. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1987, ਪੰਨਾ-10
  2. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1987, ਪੰਨਾ-13
  3. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1987, ਪੰਨਾ-15
  4. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1987, ਪੰਨਾ-18
  5. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1987, ਪੰਨਾ-24
  6. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1986, ਪੰਨਾ-26
  7. ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬ਼ਖਸ਼ ਸਿੰਘ ਫਰੈਂਕ, ਵਾਰਿਸ ਸ਼ਾਹ ਫਾਉਂਡੇਸ਼ਨ, 1987, ਪੰਨਾ-73
  8. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬਖਸ਼ ਸਿੰਘ ਫਰੈਂਕ, 1987, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ-87
  9. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਲੇਖਕ-ਗੁਰਬਖਸ਼ ਸਿੰਘ ਫਰੈਂਕ, 1987, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ-115