ਸਮੱਗਰੀ 'ਤੇ ਜਾਓ

ਗੁਰਚਰਨ ਸਿੰਘ ਟੌਹੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ
ਜਨਮ(1924-09-24)24 ਸਤੰਬਰ 1924
ਮੌਤ1 ਅਪ੍ਰੈਲ 2004(2004-04-01) (ਉਮਰ 79)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਰਾਜਨੀਤਿਕ ਦਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)

ਜਥੇਦਾਰ ਗੁਰਚਰਨ ਸਿੰਘ ਟੌਹੜਾ (24 ਸਤੰਬਰ 1924 -1 ਅਪਰੈਲ 2004) ਨੇ ਸ. ਦਲੀਪ ਸਿੰਘ ਦੇ ਗ੍ਰਹਿ ਮਾਤਾ ਬਸੰਤ ਕੌਰ ਦੀ ਕੁੱਖੋਂ ਜਨਮ ਲਿਆ। ਉਹਨਾਂ ਵਿੱਚ ਬਚਪਨ ਤੋਂ ਹੀ ਧਾਰਮਿਕ ਰੁਚੀ ਪ੍ਰਬਲ ਸੀ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਹਨਾਂ ਗਿਆਨੀ ਕੀਤੀ। ਗੁਰਮਤਿ ਸਿਧਾਂਤਾਂ ਤੇ ਪੰਥਕ ਸੇਵਾ ਨੂੰ ਸਮਰਪਿਤ ਪਰਿਵਾਰ ਦੇ ਇਸ ਹੋਣਹਾਰ ਨੌਜਵਾਨ ਨੇ 1937 ਵਿੱਚ ਅੰਮ੍ਰਿਤਧਾਰੀ ਹੋ ਕੇ ਪਰਵਾਰ ਦੀ ਇਸ ਛੱਬ ਨੂੰ ਹੋਰ ਚਾਰ-ਚੰਨ ਲਾਏ। ਆਸਾ ਦੀ ਵਾਰ ਦਾ ਪਾਠ ਕੰਠ ਕਰ ਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਹੋਰ ਵੀ ਗੁਰਮਤਿ ਸਾਹਿਤ ਦਾ ਕਾਫ਼ੀ ਅਧਿਐਨ ਕੀਤਾ। ਆਪ ਨੇ ਅੰਮ੍ਰਿਤ-ਸੰਚਾਰ ਲਹਿਰ ਦੇ ਬਹੁਤ ਸਾਰੇ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲਿਆ।

ਰਾਜਨੀਤਕ ਜੀਵਨ

[ਸੋਧੋ]

ਜਥੇਦਾਰ ਟੌਹੜਾ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ। 1944 ਤੋਂ ਪੰਥਕ ਮੋਰਚਿਆਂ ਲਈ ਜੇਲ੍ਹ ਯਾਤਰਾ ਸ਼ੁਰੂ ਕੀਤੀ ਤੇ ਫਿਰ ਹਰ ਮੋਰਚੇ ਵਿੱਚ ਪਹਿਲੀ ਕਤਾਰ ’ਚ ਹੋ ਕੇ ਜੇਲ੍ਹ ਗਏ। 1942 ਵਿੱਚ ਜ਼ਿਲ੍ਹਾ ਅਕਾਲੀ ਜਥਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਚੁਣੇ ਗਏ। 1947 ਵਿੱਚ ਪਟਿਆਲਾ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਚੁਣੇ ਗਏ ਅਤੇ 1948 ਵਿੱਚ ਰਿਆਸਤੀ ਅਕਾਲੀ ਦਲ ਦੇ ਸਕੱਤਰ ਬਣੇ, ਇਹ ਸਫਰ ਨਿਰੰਤਰ ਜਾਰੀ ਰਿਹਾ। 1959 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ ਅਤੇ 1960 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

[ਸੋਧੋ]

12 ਸਾਲ ਦੇ ਵਕਫੇ ਉੱਪਰੰਤ 6 ਜਨਵਰੀ 1973 ਈ: ਨੂੰ ਜਥੇਦਾਰ ਟੌਹੜਾ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨਗੀ ਪਦ ਸੰਭਾਲ ਲਿਆ। ਇਸ ਉੱਪਰੰਤ ਥੋੜ੍ਹੇ ਜਿਹੇ ਵਕਫੇ ਨੂੰ ਛੱਡ ਕੇ ਇਹ ਪ੍ਰਧਾਨਗੀ ਦਾ ਤਾਜ ਲਗਾਤਾਰ ਜਥੇਦਾਰ ਟੌਹੜਾ ਦੇ ਸਿਰ ਹੀ ਸਸ਼ੋਭਿਤ ਹੁੰਦਾ ਰਿਹਾ। ਸਿੱਖ ਸਿਆਸਤ ਤੇ ਇਤਿਹਾਸ ਵਿੱਚ ਜਥੇਦਾਰ ਟੌਹੜਾ ਹੀ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਹਨਾਂ ਨੂੰ ਇਸ ਸੰਸਥਾ ਦੇ ਏਨੀ ਵਾਰ ਤੇ ਲੰਮਾ ਸਮਾਂ ਪ੍ਰਧਾਨ ਬਣਨ ਦਾ ਮੌਕਾ ਮਿਲਿਆ, ਜਥੇਦਾਰ ਟੌਹੜਾ 6 ਜਨਵਰੀ 1973 ਨੂੰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ 1986 ਵਿੱਚ ਸ. ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਸਮੇਂ ਦਾ ਕੁਝ ਸਮਾਂ ਛੱਡ ਕੇ 1990 ਤਕ ਬਤੌਰ ਪ੍ਰਧਾਨ ਇਸ ਮਹਾਨ ਸੰਸਥਾ ਦੀ ਅਗਵਾਈ ਕਰਦੇ ਰਹੇ। 1990 ਤੋਂ 1991 ਤਕ ਸ. ਬਲਦੇਵ ਸਿੰਘ ਸਿਬੀਆ ਨੂੰ ਇਸ ਅਹੁਦੇ ਦਾ ਮਾਣ ਮਿਲਿਆ। 1991 ਤੋਂ 1999 ਤਕ ਇਹ ਪ੍ਰਧਾਨਗੀ ਅਹੁਦਾ ਫਿਰ ਜਥੇਦਾਰ ਟੌਹੜਾ ਪਾਸ ਰਿਹਾ।

ਰਾਜ ਸਭਾ ਦੇ ਮੈਂਬਰ

[ਸੋਧੋ]

1969 ਤੋਂ 76 ਤਕ ਅਤੇ ਫਿਰ 1980 ਤੋਂ 1988 ਤਕ ਰਾਜ ਸਭਾ ਦੇ ਮੈਂਬਰ ਬਣੇ। 1998 ਤੋਂ ਹੁਣ ਤਕ ਰਾਜ ਸਭਾ ਦੇ ਮੈਂਬਰ ਚਲੇ ਆ ਰਹੇ ਸਨ। 1977 ਤੋਂ 1979 ਤਕ ਉਹ ਲੋਕ ਸਭਾ ਦੇ ਮੈਂਬਰ ਚੁਣੇ ਗਏ। ਉਹ ਹੋਰ ਵੀ ਅਨੇਕਾਂ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਸਰਪਰਸਤ ਤੇ ਪ੍ਰਧਾਨ ਸਨ। 27-7-2003 ਨੂੰ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬ- ਸੰਮਤੀ ਨਾਲ ਮੁੜ ਉਹਨਾਂ ਨੂੰ ਪ੍ਰਧਾਨ ਚੁਣ ਕੇ ਪੰਥਕ ਏਕਤਾ ਤੇ ਮੋਹਰ ਲਾਈ ਸੀ ਤੇ 15 ਨਵੰਬਰ 2003 ਨੂੰ ਇਸ ਤਰ੍ਹਾਂ ਜਥੇਦਾਰ ਟੌਹੜਾ ਸ਼੍ਰੋਮਣੀ ਕਮੇਟੀ ਦੇ 37 ਵੇਂ ਪ੍ਰਧਾਨ ਬਣੇ ਸੀ। ਜਥੇਦਾਰ ਟੌਹੜਾ 27ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 25 ਸਾਲ 18 ਦਿਨ ਤੱਕ ਪ੍ਰਧਾਨ ਰਹੇ

ਗੁਰਦੁਆਰਾ ਬੋਰਡ ਦੇ ਪ੍ਰਧਾਨ

[ਸੋਧੋ]

ਜਥੇਦਾਰ ਟੌਹੜਾ ਨੇ ਕੇਂਦਰੀ ਸਿੰਘ ਸਭਾ, ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ, ਨਨਕਾਣਾ ਸਾਹਿਬ ਐਜੂਕੇਸ਼ਨ ਸੁਸਾਇਟੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਗੁਰਦੁਆਰਾ ਬੋਰਡ ਦੇ ਪ੍ਰਧਾਨ ਦੀ ਸੇਵਾ ਵੀ ਸਾਲਾਂ-ਬੱਧੀ ਬਾਖ਼ੂਬੀ ਨਿਭਾਈ, ਇਹ ਸਾਰੀਆਂ ਜ਼ੁੰਮੇਵਾਰੀਆਂ ਗੁਰੂ ਬਖਸ਼ਿਸ਼ ਸਦਕਾ ਅਤੇ ਗੁਰਸਿੱਖਾਂ ਦੀਆਂ ਅਸੀਸਾਂ ਨਾਲ ਬੜੀ ਕਾਮਯਾਬੀ ਨਾਲ ਨਿਭਾਈਆਂ।

ਮੌਤ

[ਸੋਧੋ]

ਸਿੱਖ ਇਤਿਹਾਸ ਵਿੱਚ ਅਤੇ ਅਕਾਲੀ ਸਿਆਸਤ ਦੀ ਤਵਾਰੀਖ ਵਿੱਚ 1 ਅਪਰੈਲ ਦੇ ਦਿਹਾੜੇ ਨੂੰ ਸੋਗੀ ਦਿਹਾੜੇ ਵਜੋਂ ਯਾਦ ਕੀਤਾ ਜਾਵੇਗਾ ਜਿਸ ਨੇ ਪੰਥ ਦੇ ਅਨਮੋਲ ਹੀਰੇ, ਅਣਥੱਕ ਵਰਕਰ ਤੇ ਬੇਨਜ਼ੀਰ ਚਿੰਤਕ ਨੂੰ ਸਾਥੋਂ ਸਦਾ-ਸਦਾ ਲਈ ਖੋਹ ਲਿਆ। ਭਾਵੇਂ ਇਹ ਅਕਾਲ ਪੁਰਖ ਦਾ ਭਾਣਾ ਹੈ ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੀ ਲਾਮਿਸਾਲ ਸ਼ਖ਼ਸੀਅਤ ਦੀ ਗ਼ੈਰ-ਹਾਜ਼ਰੀ ਨੂੰ ਭਾਣੇ ਵਾਂਗ ਮੰਨਣ ਲਈ ਪੰਥ ਨੂੰ ਲੰਮੇ ਸਮੇਂ ਦੀ ਲੋੜ ਰਹੇਗੀ।