ਸਮੱਗਰੀ 'ਤੇ ਜਾਓ

ਪੰਜਾਬੀ ਗ਼ਜ਼ਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਗ਼ਜ਼ਲ ਪੰਜਾਬੀ ਸ਼ਾਇਰੀ ਦੀ ਇੱਕ ਵੰਡ ਹੈ। ਗ਼ਜ਼ਲ ਅਰਬ ਤੋਂ ਤੁਰੀ ਤੇ ਈਰਾਨ ਤੋਂ ਹੁੰਦੀ ਹੋਈ ਪੰਜਾਬ ਆਈ। ਅਬਦੁਲ-ਗ਼ਫ਼ੂਰ ਕੁਰੈਸ਼ੀ ਗ਼ਜ਼ਲ ਬਾਰੇ ਕਹਿੰਦੇ ਹਨ, "ਜਿਸ ਵਿੱਚ ਆਸ਼ਿਕਾਨਾ, ਸੂਫ਼ੀਆਨਾ ਤੇ ਫ਼ਲਸਫ਼ਿਆਨਾ ਰੰਗ ਦੇ ਖਿਆਲ ਹੋਣ। ਇਸ ਵਿੱਚ ਹਰ ਤਰ੍ਹਾਂ ਦੇ ਮਜ਼ਮੂਨ ਸਮਾ ਜਾਂਦੇ ਹਨ।ਇਸ ਦਾ ਪਹਿਲਾ ਸ਼ਿਅਰ ਬੀਤ ਤੇ ਬਾਕੀ ਸ਼ਿਅਰ ਫ਼ਰਦ ਹੁੰਦੇ ਹਨ "।

ਇਤਿਹਾਸ

[ਸੋਧੋ]

ਸਮੁੱਚੇ ਸਾਹਿਤ ਜਗਤ ਵਿੱਚ ਇਹ ਸਮਝਿਆ ਜਾਂਦਾ ਸੀ ਕਿ ਗ਼ਜ਼ਲ ਦਾ ਆਰੰਭ ਫਾਰਸੀ ਵਿੱਚ 9ਵੀਂ ਸਦੀ ਵਿੱਚ ਕਸੀਦਾ ਕਾਵਿ ਰੂਪ ਵਿਚੋਂ ਹੋਇਆ ਅਤੇ ਇਹ ਧਾਰਨਾ ਪੇਸ਼ ਕੀਤੀ ਗਈ ਕਿ ਅਰਬ ਵਿੱਚ 6ਵੀਂ-7ਵੀਂ ਸਦੀ ਵਿੱਚ ਗ਼ਜ਼ਲ ਦਾ ਆਰੰਭ ਹੋ ਚੁੱਕਾ ਸੀ। ਗ਼ਜ਼ਲ ਅਰਬੀ ਪਦ ਹੈ। ਅਰਬ ਵਿੱਚ 6ਵੀਂ ਸਦੀ ਈਸਵੀ ਵਿੱਚ ਇਸ ਕਾਵਿ-ਸਿਨਫ਼ ਦਾ ਬੀਜ ਪੁੰਗਰ ਕੇ ਪੌਦਾ ਬਣਿਆ ਅਤੇ ਇੱਥੋਂ ਅੱਗੇ ਜਾ ਕੇ 9ਵੀਂ-10ਵੀਂ ਸਦੀ ਵਿੱਚ ਇਹ ਸਿਨਫ਼ੇ ਸੁਖ਼ਨ ਇਰਾਨ ਦੀਆਂ ਸਰਸਬਜ਼ ਘਾਟੀਆਂ ਅਤੇ ਦਰਬਾਰੀ ਰੰਗੀਨੀਆਂ ਭੋਗਦੀ ਹੋਈ 13ਵੀਂ-14ਵੀਂ ਸਦੀ ਵਿੱਚ ਭਾਰਤ ਵਿੱਚ ਪ੍ਰਵੇਸ਼ ਕਰਦੀ ਹੈ।[1]

  • 61ਵੀਂ ਸਦੀ ਤੋਂ ਚੱਲੀ ਅਰਬੀ ਦੀ ਸਿਨਫ਼-ਏ-ਸੁਖਨ ਗ਼ਜ਼ਲ ਸਾਰ-ਤੱਤ ਪੱਖੋਂ ਇਸਤਰੀ ਕੇਂਦਰਿਤ ਸੀ।
  • ਮੁਢਲੀ ਅਰਬੀ ਗ਼ਜ਼ਲ ਨਾਲੋਂ ਮੁਢਲੀ ਫ਼ਾਰਸੀ ਗ਼ਜ਼ਲ ਵਿੱਚ ਕਲਾ ਜੁਗਤਾਂ ਪ੍ਰਤਿ ਵਧੇਰੇ ਚੇਤਨਾ ਸੀ।
  • ਭਾਰਤ ਵਿੱਚ ਗ਼ਜ਼ਲ ਦਾ ਪ੍ਰਵੇਸ਼ ਮੁਸਲਮਾਨਾਂ ਦੀ ਆਮਦ ਨਾਲ 13ਵੀਂ ਸਦੀ ਵਿੱਚ ਹੁੰਦਾ ਹੈ।
  • 19ਵੀਂ ਸਦੀ ਤੋਂ ਉਰਦੂ ਗ਼ਜ਼ਲ ਰਚਨਾਤਮਕ ਪੱਧਰ ‘ਤੇ ਨਿੱਜ ਤੋਂ ਪਰ ਵੱਲ ਰੁਖ਼ ਕਰ ਕੇ ਗ਼ਜ਼ਲ ਦੇ ਸਾਰ-ਤੱਤ ਨੂੰ ਨਵੇਂ ਪਾਸਾਰ ਪ੍ਰਦਾਨ ਕਰਦੀ ਹੋਈ ਸਮਾਜ-ਮੁਖਤਾ ਦਾ ਪ੍ਰਮਾਣ ਦਿੰਦੀ ਹੈ।

ਪੰਜਾਬੀ ਵਿੱਚ ਭਾਵੇਂ ਗ਼ਜ਼ਲ ਦਾ ਜਨਮ ਉਰਦੂ ਗ਼ਜ਼ਲ ਦੇ ਨਾਲ ਹੀ ਹੁੰਦਾ ਹੈ ਪਰ ਇਸ ਦਾ ਵਿਕਾਸ ਉਰਦੂ ਗ਼ਜ਼ਲ ਵਾਂਗ ਨਹੀਂ ਹੋਇਆ।

  • ਲਤਾਫ਼ਤ, ਬਲਾਗ਼ਤ, ਸਲਾਸਤ, ਨਜ਼ਾਕਤ, ਨਫ਼ਾਸਤ ਆਦਿ ਖੂਬੀਆਂ ਅਜੇ ਵੀ ਉੱਤਮ ਗ਼ਜ਼ਲ ਦੀ ਜਿੰਦ-ਜਾਨ ਹਨ।
  • ਉਰਦੂ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਮੁਸਲਮਾਨ ਗ਼ਜ਼ਲ ਕਹਿਣ ਦੀ ਇੱਕ ਅਮੀਰ ਪਰੰਪਰਾ ਹੈ।
  • ਵਸਤੂ ਤੇ ਰੂਪ ਪੱਖੋਂ ਭਾਵੇਂ ਪੰਜਾਬੀ ਗ਼ਜ਼ਲ ਉਰਦੂ/ਹਿੰਦੋਸਤਾਨੀ ਗ਼ਜ਼ਲ ਨਾਲੋਂ ਕਿਸੇ ਤਰ੍ਹਾ ਵੀ ਘੱਟ ਨਹੀਂ, ਸਗੋਂ ਸੱਚ ਤਾਂ ਇਹ ਹੈ ਕਿ ਪੰਜਾਬੀ ਗ਼ਜ਼ਲ ਦਾ ਮੌਲਿਕ ਮੁਹਾਵਰਾ ਇਸ ਸਿਨਫ਼ ਨੂੰ ਪੰਜਾਬ ਦੀਆਂ ਹੀ ਨਹੀਂ, ਸਗੋਂ ਹੋਰ ਭਾਰਤੀ ਭਾਸ਼ਾਵਾਂ ਦੀਆਂ ਕਾਵਿ-ਸਿਨਫ਼ਾਂ ਨਾਲੋਂ ਇੱਕ ਵਿਸ਼ੇਸ਼ ਸਨਮਾਨ ਦੇਣ ਦੇ ਯੋਗ ਹੈ ਪਰ ਪੰਜਾਬੀ ਦਾ ਬਾਜ਼ਾਰ ਤੇ ਰੁਜ਼ਗਾਰ ਦੀ ਭਾਸ਼ਾ ਨਾ ਬਣਨ ਕਾਰਨ ਫ਼ਿਲਮੀ ਦੁਨੀਆਂ ਅਤੇ ਮੀਡੀਆ ਵਿੱਚ ਵੀ ਉਹ ਸਥਾਨ ਨਹੀਂ ਬਣ ਸਕਿਆ ਜੋ ਉਰਦੂ/ਹਿੰਦੋਸਤਾਨੀ ਗ਼ਜ਼ਲ ਦਾ ਹੈ।

ਪੰਜਾਬੀ ਗ਼ਜ਼ਲ ਦੇ ਮੁਢ ਬਾਰੇ ਇਹ ਕਿਹਾ ਜਾਂਦਾ ਹੈ ਕਿ ਮਸਊਦ ਸਲਮਾਨ ਪੰਜਾਬੀ ਵਿੱਚ ਗ਼ਜ਼ਲ ਦਾ ਪਹਿਲਾ ਸ਼ਾਇਰ ਸੀ ਪਰ ਉਹਦਾ ਕੋਈ ਦੀਵਾਨ ਨਹੀਂ ਬਚਿਆ। ਉਸ ਦੇ ਮਗਰੋਂ ਬਾਬਾ ਫ਼ਰੀਦ ਸ਼ਕਰ ਗੰਜ ਨੂੰ ਪੰਜਾਬੀ ਦਾ ਪਹਿਲਾ ਸ਼ਾਇਰ ਮੰਨਿਆ ਜਾਂਦਾ ਏ। ਹਜ਼ਰਤ ਨੋਸ਼ਾ ਗੰਜ ਬਖ਼ਸ਼ ਨੂੰ ਪੰਜਾਬੀ ਦਾ ਪਹਿਲਾ ਗ਼ਜ਼ਲ ਦਾ ਸ਼ਾਇਰ ਮੰਨਿਆ ਜਾਂਦਾ ਏ। ਉਹਨਾਂ ਦਾ ਇੱਕ ਸ਼ਿਅਰ:

ਹਿੱਕ ਪਲ ਸੁੱਖ ਨਾ ਆਵੇ ਤੁਧ ਬਿਨ ਹਿੱਕ ਪਲ ਸੁੱਖ ਨਾ ਆਵੇ
ਪਲ ਪਲ ਦਰਦੋਂ ਆਹੀਂ ਭਰਾਂ ਸੇ ਓਤੇ ਜੀ ਖਾਵੇ

ਸ਼ਾਹ ਹੁਸੈਨ ਦੀਆਂ ਕਾਫ਼ੀਆਂ ਨੂੰ ਵੀ ਗ਼ਜ਼ਲ ਨਾਲ਼ ਰਲਦੀ ਮਿਲਦੀ ਸ਼ੈ ਆਖਿਆ ਜਾ ਸਕਦਾ ਏ। ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚ ਵੀ ਤਗ਼ਜ਼ਲ ਦਾ ਰੰਗ ਦਿਸਦਾ ਏ। ਅਲੀ ਹੈਦਰ ਮੁਲਤਾਨੀ ਦੀਆਂ ਸੀਹਰਫ਼ੀਆਂ ਗ਼ਜ਼ਲ ਦੇ ਨੇੜ ਨੇੜੇ ਲਗਦੀਆਂ ਹਨ। ਸ਼ਾਹ ਮੁਰਾਦ ਖ਼ਾਨਪੁਰੀ (1628-1720) ਪੰਜਾਬੀ ਦੇ ਪਹਿਲੇ ਸ਼ਾਇਰ ਹਨ ਜਿੰਨਾਂ ਗ਼ਜ਼ਲਾਂ ਲਿਖੀਆਂ। ਸ਼ਾਹ ਮੁਰਾਦ ਦੀਆਂ ਅੱਠ ਗ਼ਜ਼ਲਾਂ ਹੀ ਹਨ। ਉਸ ਦੀਆਂ ਗ਼ਜ਼ਲਾਂ ਫ਼ਾਰਸੀ ਨਾਲ਼ ਰਲਦੀਆਂ ਦਿੱਸਦੀਆਂ ਹਨ। ਸ਼ਾਹ ਮੁਰਾਦ ਦੀ ਸ਼ਾਇਰੀ ਚ ਪੀੜ ਤੇ ਰਾਗ ਦਾ ਪੱਖ ਵੀ ਦਿੱਸਦਾ ਏ। ਮੀਆਂ ਮੁਹੰਮਦ ਬਖ਼ਸ਼ ਨੇ ਆਪਣੀ ਕਿਤਾਬ ਸੈਫ਼ ਉਲ ਮਲੂਕ ਚ ਟਾਂਵੀਆਂ ਟਾਂਵੀਆਂ ਜ਼ਿਲਾਂ ਲਿਖੀਆਂ ਨੇਂ। ਇੱਕ ਸ਼ਿਅਰ:

ਤਖ਼ਤੀ ਦਿਲ ਦੀ ਉੱਤੇ ਲਿਖੇ ਸੂਰਤ ਨਕਸ਼ ਸੱਜਣ ਦੇ
ਧੋਤੇ ਦੂਰ ਨਾ ਹੁੰਦੇ ਹਰਗਿਜ਼ ਡੂੰਘੇ ਅੱਖਰ ਮਨ ਦੇ

ਇਨ੍ਹਾਂ ਮਗਰੋਂ ਉਸਤਾਦ ਗਾਮੋਂ ਖ਼ਾਨ, ਉਸਤਾਦ ਬਰਦਾ ਪਿਸ਼ਾਵਰੀ ਤੇ ਮੌਲਵੀ ਦਿਲਪਜ਼ੀਦੀ ਦੇ ਨਾਂ ਅੱਗੇ ਆਉਂਦੇ ਹਨ। ਅਗਲੇ ਵੱਡੇ ਪੰਜਾਬੀ ਸ਼ਾਇਰ ਮੌਲਾ ਬਖ਼ਸ਼ ਕੁਸ਼ਤਾ ਹਨ। ਉਹਨਾਂ ਰੱਦਿਓ ਵਾਰ ਜ਼ਿਲਾਂ ਲਿਖ ਕੇ 1903 ਚ ਇਨ੍ਹਾਂ ਦਾ ਦਿਵਾਨ ਛਪਵਾਇਆ।

ਪੰਜਾਬੀ ਗ਼ਜ਼ਲ ਦੇ ਹੋਰ ਸ਼ਾਇਰ:[2]

ਹਵਾਲੇ

[ਸੋਧੋ]
  1. ਪੰਜਾਬੀ ਗ਼ਜ਼ਲ ਸ਼ਾਸਤਰ ਖੋਜੀ ਡਾ.ਐਸ.ਤਰਸੇਮ
  2. ਪਰੰਪਰਕ ਪੰਜਾਬੀ ਗ਼ਜ਼ਲ ਇੱਕ ਅਧਿਐਨ ਡਾ. ਅਰੁਣ ਕੁਮਾਰ ਦਾ ਪੀ.ਐਚ.ਡੀ. ਦਾ ਥੀਸਿਸ