ਅਦੀਨਾ ਬੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਦੀਨਾ ਬੇਗ ਖ਼ਾਨ (ਮੌਤ। 1758): ਕੁੱਝ ਮਹੀਨਿਆਂ ਲਈ 1758 ਵਿੱਚ ਪੰਜਾਬ ਦਾ ਗਵਰਨਰ ਸੀ।

ਜਨਮ ਤੇ ਪਿਛੋਕੜ[ਸੋਧੋ]

ਫ਼ਾਰਸੀ ਦੇ ਇੱਕ ਅਣਛਪੇ ਖਰੜੇ ਅਹਿਵਾਲ ਅਦੀਨਾ ਬੇਗ ਖ਼ਾਨ ਮੁਤਾਬਿਕ ਇਹ ਇੱਕ ਚੰਨੋ, ਅਰਾਈਂ ਕਿਸਾਨ ਦਾ ਪੁੱਤਰ ਸੀ। ਅਰਾਈਂ ਆਮ ਤੌਰ 'ਤੇ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਆਬਾਦ ਸਨ। ਅਦੀਨਾ ਬੇਗ ਖ਼ਾਨ ਦਾ ਜਨਮ ਲਾਹੌਰ ਦੇ ਨੇੜੇ ਅਜੋਕੇ ਸ਼ੇਖ਼ੂਪੁਰਾ ਜ਼ਿਲੇ ਦੇ ਪਿੰਡ ਸ਼ਿਰਕ ਪੁਰ ਵਿਖੇ ਹੋਇਆ।[1] ਅਦੀਨਾ ਬੇਗ ਦਾ ਪਾਲਣ-ਪੋਸਣ ਜਲਾਲਾਬਾਦ ਖ਼ਾਨਪੁਰ ਅਤੇ ਜਲੰਧਰ ਦੋਆਬ ਦੇ ਬਜਵਾੜਾ ਦੇ ਮੁਗ਼ਲ ਘਰਾਣਿਆਂ ਵਿੱਚ ਹੋਇਆ।[1]

ਸੱਤਾ ਵਿਚ[ਸੋਧੋ]

ਇਸ ਨੇ ਅਪਣਾ ਕੰਮ-ਕਾਜ਼ੀ ਜੀਵਨ ਇੱਕ ਸਿਪਾਹੀ ਵੱਜੋਂ ਸ਼ੁਰੂ ਕੀਤਾ ਅਤੇ ਸੁਲਤਾਨ ਪੁਰ ਲੋਧੀ ਨੇੜੇ ਲੋਹੀਆਂ ਇਲਾਕੇ ਵਿੱਚ ਕੰਗ ਪਿੰਡ ਵਿਖੇ ਮਾਲੀਆ ਉਗਰਾਹੁਣ ਲਈ ਕਾਰਦਾਰ ਦੇ ਅਹੁਦੇ ਤੱਕ ਜਾ ਪਹੁੰਚਾ। ਪਹਿਲਾਂ ਉਸ ਨੇ ਕੰਗ ਖੇਤਰ ਦੇ ਅੱਧੀ ਦਰਜਨ ਪਿੰਡ ਪਟੇ ਤੇ ਲਏ ਅਤੇ ਮਗਰੋਂ ਇੱਕ ਸਾਲ ਵਿੱਚ ਹੀ ਸਾਰਾ ਕੰਗ-ਇਲਾਕਾ ਪਟੇ ਤੇ ਲੈ ਲਿਆ। ਕੁੱਝ ਸਮੇਂ ਪਿੱਛੋਂ ਲਾਹੌਰ ਦੇ ਸੂਬੇਦਾਰ ਨਵਾਬ ਜ਼ਕਰੀਆ ਖ਼ਾਨ ਨੇ ਉਸ ਨੂੰ ਸੁਲਤਾਨ ਪੁਰ ਲੋਧੀ ਦਾ ਫ਼ੌਜਦਾਰ ਥਾਪ ਦਿੱਤਾ। ਨਾਦਰ ਸ਼ਾਹ ਦੇ ਹਮਲੇ (1739) ਪਿੱਛੋਂ ਜਦੋਂ ਸਿੱਖ ਤਾਕਤਵਰ ਹੋਣ ਲੱਗੇ ਤਾਂ ਜ਼ਕਰੀਆ ਖ਼ਾਨ ਨੇ ਅਦੀਨਾ ਬੇਗ ਖ਼ਾਨ ਨੂੰ ਸਿੱਖਾਂ ਨੂੰ ਦਬਾਉਣ ਲਈ ਜਲੰਧਰ ਦੋਆਬ ਦਾ ਨਾਜ਼ਿਮ (ਪ੍ਰਬੰਧਕ) ਲੱਗਾ ਦਿੱਤਾ। ਚਲਾਕ ਅਦੀਨਾ ਬੇਗ ਖ਼ਾਨ ਅਪਣਾ ਅਹੁਦਾ ਕਾਇਮ ਰੱਖਣ ਲਈ ਸਿੱਖਾਂ ਨੂੰ ਦਬਾਉਣ ਦੀ ਥਾਂ ਉਹਨਾਂ ਨੂੰ ਅੰਦਰੋ ਅੰਦਰੀ ਚੁੱਕਦਾ ਰਿਹਾ। ਪਰ ਜ਼ਕਰੀਆ ਖ਼ਾਨ ਵੱਲੋਂ ਜ਼ੋਰ ਪੈਣ ਤੇ ਉਸ ਨੂੰ ਆਪਣੇ ਇਲਾਕੇ ਵਿਚੋਂ ਸਿੱਖਾਂ ਨੂੰ ਬੇਦਖ਼ਲ ਕਰਨਾ ਪਿਆ। ਫੇਰ ਵੀ ਅਦੀਨਾ ਬੇਗ ਨੂੰ ਸਰਕਾਰੀ ਖ਼ਜ਼ਾਨੇ ਦੀ ਪੂਰੀ ਰਕਮ ਨਾ ਜਮ੍ਹਾਂ ਕਰਾਉਣ ਦੇ ਇਲਜ਼ਾਮ ਵਿੱਚ ਕੈਦ ਕਰ ਲਿਆ ਗਿਆ ਅਤੇ ਤਸੀਹੇ ਵੀ ਦਿੱਤੇ ਗਏ। ਇੱਕ ਸਾਲ ਪਿੱਛੋਂ ਰਿਹਾਈ ਉਪਰੰਤ ਉਸ ਨੂੰ ਸ਼ਾਹ ਨਵਾਜ਼ ਖ਼ਾਨ ਮਾਤਹਿਤ ਉਪ ਨਾਜ਼ਿਮ ਤਾਇਨਾਤ ਕੀਤਾ ਗਿਆ। 1 ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ਯਹਸਾ ਖ਼ਾਨ ਅਤੇ ਸ਼ਾਹ ਨਵਾਜ਼ ਖ਼ਾਨ ਵਿਚਕਾਰ ਲਾਹੌਰ ਦੀ ਨਜ਼ਾਮਤ ਹਾਸਲ ਕਰਨ ਲਈ ਦੌੜ ਲੱਗ ਪਈ। ਅਦੀਨਾ ਬੇਗ ਨੇ ਚਤੁਰਾਈ ਨਾਲ਼ ਦੋਹਾਂ ਭਰਾਵਾਂ ਨਾਲ਼ ਚੰਗੇ ਤਾਲੁਕਾਤ ਬਣਾਈ ਰੱਖੇ। ਸ਼ਾਹ ਨਵਾਜ਼ ਖ਼ਾਨ ਨੇ ਲਾਹੌਰ ਉੱਪਰ ਕਬਜ਼ਾ ਕਰਨ ਮਗਰੋਂ ਅਦੀਨਾ ਬੇਗ ਨੂੰ ਜਲੰਧਰ ਦੋਆਬ ਦਾ ਫ਼ੌਜਦਾਰ ਤਾਇਨਾਤ ਕਰ ਦਿੱਤਾ। ਇਸੇ ਦੌਰਾਨ ਨਾਦਰ ਸ਼ਾਹ ਦੀ 19 ਜੂਨ 1747 ਨੂੰ ਮੌਤ ਉਪਰੰਤ ਅਹਿਮਦ ਸ਼ਾਹ ਦੁਰਾਨੀ ਕਾਬਲ ਅਤੇ ਕੰਧਾਰ ਦਾ ਬਾਦਸ਼ਾਹ ਬਣ ਗਿਆ। ਸ਼ਾਹ ਨਵਾਜ਼ ਨੇ ਅਦੀਨਾ ਬੇਗ ਦੀ ਸਲਾਹ ਤੇ ਅਹਿਮਦ ਸ਼ਾਹ ਦੁਰਾਨੀ ਨੂੰ ਪੰਜਾਬ ਉੱਪਰ ਹਮਲਾ ਕਰਨ ਲਈ ਸੱਦਾ ਦਿੱਤਾ ਪਰ ਨਾਲ਼ ਹੀ ਦੁਰਾਨੀ ਦੇ ਹਮਲੇ ਦੀ ਸਕੀਮ ਬਾਰੇ ਦਿੱਲੀ ਦੀ ਮੁਗ਼ਲ ਸਰਕਾਰ ਨੂੰ ਵੀ ਸੁਚੇਤ ਕਰ ਦਿੱਤਾ। ਅਹਿਮਦ ਸ਼ਾਹ ਜਦੋਂ ਲਾਹੌਰ ਵੱਲ ਵਧਿਆ ਤਾਂ ਸ਼ਾਹ ਨਵਾਜ਼ ਦਿੱਲੀ ਨੂੰ ਭੱਜ ਗਿਆ। ਮੁਗ਼ਲ ਦਰਬਾਰ ਦੇ ਵਜ਼ੀਰ ਕਮਰ ਉੱਦ ਦੀਨ ਦਾ ਲੜਕਾ, ਮੁਈਨ ਉਲਮੁਲਕ ਉਰਫ਼ ਮੇਰ ਮਨੂੰ ਸਰਹਿੰਦ ਦੇ ਨੇੜੇ ਮਾਨੂਪੁਰ ਵਿਖੇ ਅਹਿਮਦ ਸ਼ਾਹ ਨੂੰ ਰੋਕਣ ਵਿੱਚ ਕਾਮਯਾਬ ਹੋ ਗਿਆ। ਉਸ ਵੇਲੇ ਅਦੀਨਾ ਬੇਗ ਮੁਈਨ ਉਲਮੁਲਕ ਨਾਲ਼ ਰਲ਼ ਗਿਆ ਅਤੇ ਮਾਨੂਪੁਰ ਦੀ ਲੜਾਈ ਵਿੱਚ ਜ਼ਖ਼ਮੀ ਹੋਇਆ। ਅਹਿਮਦ ਸ਼ਾਹ ਦੇ ਹਾਰ ਕੇ ਕਾਬਲ ਵੱਲ ਪਰਤ ਜਾਣ ਉਪਰੰਤ ਮੁਈਨ ਉਲਮੁਲਕ ਨੂੰ ਲਾਹੌਰ ਦਾ ਨਾਜ਼ਿਮ ਤਾਇਨਾਤ ਕਰ ਦਿੱਤਾ ਗਿਆ। ਉਸ ਨੇ ਕੌੜਾ ਮੁੱਲ ਨੂੰ ਅਪਣਾ ਦਿਵਾਨ ਬਣਾ ਲਿਆ ਅਤੇ ਅਦੀਨਾ ਬੇਗ ਨੂੰ ਪਹਿਲਾਂ ਵਾਂਗ ਜਲੰਧਰ ਦੋਆਬ ਦਾ ਫ਼ੌਜਦਾਰ ਬਣਿਆ ਰਹਿਣ ਦਿੱਤਾ। ਅਹਿਮਦ ਸ਼ਾਹ ਦੁਰਾਨੀ ਨੇ ਦਸੰਬਰ 1751 ਈਸਵੀ ਵਿੱਚ ਤੀਜੀ ਵਾਰ ਪੰਜਾਬ ਤੇ ਹਮਲਾ ਕੀਤਾ। ਇਸ ਵਾਰ ਮੁਈਨ ਉਲਮੁਲਕ ਨੂੰ ਅਹਿਮਦ ਸ਼ਾਹ ਦੁਰਾਨੀ ਦੀ ਈਨ ਮੰਨਣੀ ਪਈ। ਦੁਰਾਨੀ ਨੇ ਮੁਈਨ ਨੂੰ ਆਪਣੇ ਵੱਲੋਂ ਹੀ ਲਾਹੌਰ ਦਾ ਨਾਜ਼ਿਮ ਮੰਨ ਲਿਆ। ਮੀਰ ਮਨੂੰ ਅਤੇ ਅਦੀਨਾ ਬੇਗ ਨੇ ਆਪਣੀ ਤਾਕਤ ਸਿੱਖਾਂ ਨੂੰ ਦਬਾਉਣ ਵੱਲ ਲਾ ਦਿੱਤੀ। ਮਾਰਚ 1753 ਦੇ ਹੋਲੇ ਮੁਹੱਲੇ ਦੇ ਅਵਸਰ ਤੇ ਅਦੀਨਾ ਬੇਗ ਨੇ ਆਨੰਦਪੁਰ ਵਿਖੇ ਸਿੱਖਾਂ ਦੇ ਭਰਵੇਂ ਇਕੱਠ ਉੱਪਰ ਹਮਲਾ ਕਰਕੇ ਭਾਰੀ ਗਿਣਤੀ ਵਿੱਚ ਸਿੱਖ ਕਤਲ ਕਰ ਦਿੱਤੇ। ਸਿੱਖਾਂ ਨੇ ਬਦਲਾ ਲੈਣ ਲਈ ਜਲੰਧਰ ਅਤੇ ਬਾਰੀ ਦੋਆਬਾਂ ਵਿੱਚ ਪਿੰਡਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਅਦੀਨਾ ਬੇਗ ਜਿਵੇਂ ਜਲਦੀ ਹੀ ਦੁਸ਼ਮਣੀ ਮੁੱਲ ਲੈਂਦਾ ਸੀ ਉਵੇਂਹੀ ਸਮਝੌਤਾ ਕਰਨ ਵਿੱਚ ਵੀ ਬਹੁਤ ਤੇਜ਼ ਸੀ। ਉਸ ਨੇ ਆਪਣੇ ਇਲਾਕੇ ਦੇ ਮਾਲੀਆ ਦਾ ਕੁੱਝ ਹਿੱਸਾ ਸਿੱਖਾਂ ਨਾਲ਼ ਵੰਡਣਾ ਮੰਨ ਲਿਆ ਅਤੇ ਕਈ ਹੋਰਾਂ ਸਮੇਤ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੀ ਫ਼ੌਜ ਵਿੱਚ ਸ਼ਾਮਿਲ ਕਰ ਲਿਆ।

ਪੰਜਾਬ ਦੀ ਸੂਬੇਦਾਰੀ[ਸੋਧੋ]

ਮੁਈਨ ਉਲ ਮੁਲਕ ਦੀ 3 ਨਵੰਬਰ, 1753 ਨੂੰ ਮੌਤ ਹੋ ਗਈ ਅਤੇ ਉਸ ਦੀ ਬੇਵਾਹ ਮੁਰਾਦ ਬੇਗਮ ਉਰਫ਼ ਮੁਗ਼ਲਾਣੀ ਬੇਗਮ ਦੇ ਵੇਲੇ ਵਿੱਚ ਅਦੀਨਾ ਬੇਗ ਨੇ ਜਲੰਧਰ ਦੋਆਬ ਵਿੱਚ ਲਗਭਗ ਆਜ਼ਾਦ ਰਾਜ ਹੀ ਬਣਾ ਲਿਆ ਅਤੇ ਅਪਣਾ ਅਸਰ ਸਰਹਿੰਦ (ਮਾਰਚ 1755) ਤਕ ਵਧਾ ਲਿਆ। ਦਿੱਲੀ ਦੇ ਬਾਦਸ਼ਾਹ ਵੱਲੋਂ ਉਸ ਨੂੰ ਜ਼ਫ਼ਰ ਜੰਗ ਖ਼ਾਂ ਦਾ ਖ਼ਿਤਾਬ ਦੇ ਕੇ ਨਿਵਾਜ਼ਿਆ ਗਿਆ ਗਿਆ। ਕਾਨਗੜੇ ਦੇ ਪਹਾੜੀ ਰਾਜੇ ਨੇ ਉਸਦੀ ਪ੍ਰਮੁੱਖਤਾ ਮੰਨ ਲਈ। ਮਈ 1756 ਵਿੱਚ ਉਸ ਨੂੰ ਦਿੱਲੀ ਦੀ ਮੁਗ਼ਲ ਸਰਕਾਰ ਵੱਲੋਂ ਸਾਲਾਨਾ 30 ਲੱਖ ਦੇ ਖ਼ਰਾਜ ਦੇਣ ਤੇ ਲਾਹੌਰ ਤੇ ਮੁਲਤਾਨ ਦੀਆਂ ਸਰਕਾਰਾਂ ਦਾ ਨਾਜ਼ਿਮ ਮੰਨ ਲਿਆ ਗਿਆ। ਕੁੱਝ ਹੀ ਵੇਲੇ ਪਿੱਛੋਂ ਅਹਿਮਦ ਸ਼ਾਹ ਦੁਰਾਨੀ ਮੁਗ਼ਲਾਣੀ ਬੇਗਮ ਦੀ ਮਦਦ ਲਈ ਪੰਜਾਬ ਆਇਆ ਤਾਂ ਅਦੀਨਾ ਬੇਗ ਨੇ ਸ਼ਿਵਾਲਿਕ ਪਹਾੜੀਆਂ ਵਿੱਚ ਜਾ ਪਨਾਹ ਲਈ।

ਸਿੱਖਾਂ ਨਾਲ਼ ਸਮਝੌਤਾ[ਸੋਧੋ]

ਅਫ਼ਗ਼ਾਨਾਂ ਨੇ ਮੁੜ ਇਸ ਨੂੰ ਜਲੰਧਰ ਦੋਆਬ ਦਾ ਫ਼ੌਜਦਾਰ ਤਾਇਨਾਤ ਕਰ ਦਿੱਤਾ। ਤੈਮੂਰ ਸ਼ਾਹ ਦੀ ਲਾਹੌਰ ਦੀ ਨਜ਼ਾਮਤ (1757–58) ਦੇ ਵੇਲੇ ਅਦੀਨਾ ਬੇਗ ਨੇ ਅਫ਼ਗ਼ਾਨਾਂ ਨੂੰ ਕੱਢਣ ਲਈ ਸੰਗੀ-ਸਾਥੀ ਲੱਭਣੇ ਸ਼ੁਰੂ ਕਰ ਦਿੱਤੇ। ਉਸ ਨੇ ਸਿੱਖਾਂ ਨਾਲ਼ ਸਮਝੌਤਾ ਕਰ ਲਿਆ ਅਤੇ ਇਸ ਪ੍ਰਕਾਰ ਤਕੜੀ ਫ਼ੌਜੀ ਵਹੀਰ ਇਕੱਠੀ ਕਰਕੇ ਅਦੀਨਾ ਬੇਗ ਅਤੇ ਸਿੱਖਾਂ ਨੇ ਮਾਹਲਪੁਰ (ਜ਼ਿਲ੍ਹਾ ਹਸ਼ਿਆਰਪੁਰ) ਵਿਖੇ ਅਫ਼ਗ਼ਾਨਾਂ ਨੂੰ ਤਕੜੀ ਹਾਰ ਦਿੱਤੀ। ਉਪਰੰਤ ਅਦੀਨਾ ਬੇਗ ਨੇ ਇੱਕ ਹਜ਼ਾਰ ਰੁਪਏ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕਰਕੇ ਅਤੇ ਜਲੰਧਰ ਦੋਆਬ ਲਈ ਸਵਾ ਲੱਖ ਰਾਖੀ ਵੱਜੋਂ ਦੇ ਕੇ ਸਿੱਖਾਂ ਮੁਤਅੱਲਕ ਆਪਣੀ ਕ੍ਰਿਤੱਗਤਾ ਜ਼ਾਹਰ ਕੀਤੀ। ਅਦੀਨਾ ਬੇਗ ਸਿੱਖ ਸਰਦਾਰਾਂ ਨਾਲ਼ ਗੱਠ-ਜੋੜ ਦਾ ਭਰਮ ਬਣਾਈ ਰੱਖਣਾ ਤਾਂ ਚਾਹੁੰਦਾ ਸੀ ਪਰ ਨਾਲ਼ ਹੀ ਉਹ ਉਹਨਾਂ ਦੇ ਪੰਜਾਬ ਵਿੱਚ ਬਾਅਸਰ ਤਾਕਤ ਬਣਨ ਵਿੱਚ ਰੁਕਾਵਟਾਂ ਪਾਉਂਦਾ ਸੀ। ਇਸੇ ਲਈ ਉਸ ਨੇ ਮਰਾਠਿਆਂ ਨੂੰ ਦਿੱਲੀ ਦੀ ਜਿੱਤ ਉਪਰੰਤ ਪੰਜਾਬ ਆਉਣ ਦਾ ਸੱਦਾ ਦੇ ਦਿੱਤਾ ਅਤੇ ਨਾਲ਼ ਹੀ ਉਹਨਾਂ ਨੂੰ ਰੋਜ਼ਾਨਾ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ। ਉਸ ਨੇ ਸਿੱਖਾਂ ਨੂੰ ਵੀ ਅਫ਼ਗ਼ਾਨਾਂ ਖ਼ਿਲਾਫ਼ ਮਰਾਠਿਆਂ ਦੀ ਮਦਦ ਲਈ ਰਾਗ਼ਬ ਕੀਤਾ। ਉਸ ਵੇਲੇ ਮਰਾਠਿਆਂ ਦੀ ਅਗਵਾਈ ਰਘੁਨਾਥ ਰਾਓ ਕਰ ਰਿਹਾ ਸੀ।

ਮੌਤ[ਸੋਧੋ]

ਮਰਾਠੇ, ਸਿੱਖ ਅਤੇ ਅਦੀਨਾ ਬੇਗ ਅਪ੍ਰੈਲ 1758 ਵਿੱਚ ਲਾਹੌਰ ਦਾਖ਼ਲ ਹੋ ਗਏ। ਅਦੀਨਾ ਬੇਗ ਨੇ 75 ਲੱਖ ਸਾਲਾਨਾ ਮਰਾਠਿਆਂ ਨੂੰ ਦੇਣਾ ਮੰਨ ਕੇ ਉਹਨਾਂ ਤੋਂ ਪੰਜਾਬ ਦੀ ਸੂਬੇਦਾਰੀ ਹਾਸਲ ਕਰ ਲਈ। ਹੁਣ ਪੰਜਾਬ ਦੇ ਤਿੰਨ ਮਾਲਿਕ ਸਨ: ਮੁਗ਼ਲ, ਅਫ਼ਗ਼ਾਨ ਅਤੇ ਮਰਾਠੇ। ਮਗਰ ਅਸਲ ਮਾਲਿਕ ਅਦੀਨਾ ਬੇਗ ਅਤੇ ਸਿੱਖ ਹੀ ਸਨ। ਅਦੀਨਾ ਬੇਗ ਅਪਣਾ ਕੋਈ ਮੁਖ਼ਾਲਿਫ਼ ਸਹਿਣ ਨਹੀਂ ਕਰ ਸਕਦਾ ਸੀ ਇਸ ਲਈ ਇਸ ਨੇ ਸਿੱਖਾਂ ਦੇ ਖ਼ਿਲਾਫ਼ ਮੁਹਿੰਮ ਵੱਢ ਦਿੱਤੀ ਅਤੇ ਆਪਣੀ ਫ਼ੌਜੀ ਤਾਕਤ ਵਧਾ ਲਈ। ਸਿੱਖਾਂ ਦੇ ਜੰਗਲਾਂ ਵਿੱਚ ਖ਼ੁਫ਼ੀਆ ਟਿਕਾਣੇ ਤਬਾਹ ਕਰਨ ਲਈ ਹਜ਼ਾਰਾਂ ਲੱਕੜ ਹਾਰੇ ਦਰਖ਼ਤ ਕੱਟਣ ਲਈ ਲਾ ਲਏ। ਨਾਲ਼ ਹੀ ਰਾਮ ਰੌਣੀ (ਅੰਮ੍ਰਿਤਸਰ) ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਪਰ ਸਿੱਖਾਂ ਨਾਲ਼ ਟਾਕਰੇ ਤੋਂ ਪਹਿਲਾਂ ਹੀ ਅਦੀਨਾ ਬੇਗ 10 ਸਤੰਬਰ 1758 ਨੂੰ ਬਟਾਲਾ ਵਿਖੇ ਸੂਲ ਦੇ ਦਰਦ ਨਾਲ਼ ਮਰ ਗਿਆ। ਉਸ ਦਾ ਜਿਸਮ ਉਸ ਦੀ ਇੱਛਾ ਮੁਤਾਬਿਕ ਹਸ਼ਿਆਰਪੁਰ ਤੋਂ ਦੋ ਕਿਲੋਮੀਟਰ ਉੱਤਰ ਵੱਲ ਖ਼ਾਨਪੁਰ ਦੇ ਥਾਂ ਦੇ ਦਫ਼ਨਾ ਦਿੱਤਾ ਗਿਆ।

ਹਵਾਲੇ[ਸੋਧੋ]

  1. 1.0 1.1 Thomas William Beale, An Oriental Biographical Dictionary: Founded on Materials Collected by the Late Thomas William Beale, BiblioBazaar, 2010