ਸਮੱਗਰੀ 'ਤੇ ਜਾਓ

ਅਨੁਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਨੁਵਾਦਕ ਤੋਂ ਮੋੜਿਆ ਗਿਆ)
ਕਿੰਗ ਚਾਰਲਸ ਪੰਜਵਾਂ ਅਰਸਤੂ ਦਾ ਅਨੁਵਾਦ ਕਰਵਾਉਂਦਾ ਹੈ। ਪਹਿਲੇ ਖ਼ਾਨੇ ਵਿੱਚ ਉਸਨੂੰ ਅਨੁਵਾਦ ਦਾ ਆਰਡਰ ਦਿੰਦੇ ਹੋਏ ਦਿਖਾਇਆ ਗਿਆ ਹੈ; ਦੂਜੇ ਖ਼ਾਨੇ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਤੀਜੇ ਅਤੇ ਚੌਥੇ ਖ਼ਾਨੇ ਵਿੱਚ ਪੂਰਾ ਅਨੁਵਾਦ ਲਿਆਂਦਾ ਜਾ ਰਿਹਾ, ਅਤੇ ਫਿਰ ਬਾਦਸ਼ਾਹ ਨੂੰ ਪੇਸ਼ ਕੀਤਾ ਜਾ ਰਿਹਾ ਹੈ।

ਅਨੁਵਾਦ ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।[1]

ਸ਼ਬਦ ਦੀ ਉਤਪਤੀ

[ਸੋਧੋ]

ਅੰਗਰੇਜੀ ਸ਼ਬਦ translation ਲਈ ਪੰਜਾਬੀ ਵਿੱਚ ਉਲਥਾ,ਉਲਟਾ,ਤਰਜਮਾ ਤੇ ਅਨੁਵਾਦ ਸ਼ਬਦ ਵਰਤੇ ਜਾਂਦੇ ਹਨ। ਅਨੁਵਾਦ ਸੰਸਕ੍ਰਿਤ ਦੇ ਧਾਤੂ "ਵਦ" ਤੋਂ ਆਇਆ ਜਿਸਦਾ ਭਾਵ ਹੈ ਕਹਿਣਾ ਜਾਂ ਬੋਲਣਾ,ਇਸਦੇ ਅਗੋਂ ਅਗੇਤਰ "ਅਨੁ" ਲੱਗਿਆ ਜਿਸਦਾ ਭਾਵ ਦੁਬਾਰਾ ਜਾਂ ਪੁਨਰ ਹੈ। translation ਸ਼ਬਦ latin ਭਾਸ਼ਾ ਦੇ ਦੋ ਸ਼ਬਦ trans+lation ਤੋਂ ਬਣਿਆ,trans ਦਾ ਅਰਥ ਹੈ ਦੂਸਰੇ ਪਾਸੇ ਪਾਰ, lation ਦਾ ਅਰਥ ਹੈ ਲੈ ਕੇ ਜਾਣਾ, ਸੋ ਅਨੁਵਾਦ ਓਹ ਕਾਰਜ ਹੈ, ਜਿਸ ਰਾਹੀ ਵਿਚਾਰਾਂ ਜਾਂ ਅਰਥਾਂ ਨੂੰ ਦੂਜੀ ਭਾਸ਼ਾ ਵਿੱਚ ਲਿਜਾਇਆ ਜਾਂਦਾ ਹੈ। ਅਰਥ ਵੀ ਨਿਹਿਤ ਹੋ ਜਾਂਦੇ ਹਨ।[2] ਮਹਾਨ ਕੋਸ਼ ਵਿੱਚ ਅਨੁਵਾਦ ਨੂੰ ਉਲਥਾ,ਤਰਜਮਾ,ਦੁਹਰਾਓਣ ਦੀ ਕਿਰਿਆ ਜਾਂ ਕਿਸੇ ਵਾਕ ਨੂੰ ਫੇਰ ਆਖਣਾ।

ਅਨੁਵਾਦ ਦੇ ਪ੍ਰਕਾਰ

[ਸੋਧੋ]

ਵੱਖ-ਵੱਖ ਵਿਦਵਾਨਾ ਅਨੁਸਾਰ ਅਨੁਵਾਦ ਨੂੰ ਬਹੁਤ ਭਾਗਾਂ ਵਿੱਚ ਵੰਡਿਆ ਹੈ।

  • ਬਿਜਯ ਕੁਮਾਰ ਦਾਸ ਨੇ ਅਨੁਵਾਦ ਦੇ ਦੋ ਪ੍ਰਕਾਰ ਦਸੇ ਇੱਕ ਸਾਹਿਤਕ(literary),ਗੈਰ-ਸਾਹਿਤਕ (non-litreary) ਸਾਹਿਤਕ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ phonological translation,graphological translation,grammatical translation.[3]
  • ਸੁਰੇਸ਼ ਸੇਹਲ ਨੇ ਅਨੁਵਾਦ ਦੀ ਵੰਡ ਦੋ ਭਾਗਾਂ ਵਿੱਚ ਕੀਤੀ, ਪ੍ਕ੍ਰਿਤੀ ਅਤੇ ਵਿਸ਼ੇ ਅਗੋਂ ਪ੍ਕ੍ਰਿਤੀ ਦੇ ਵਿੱਚ ਸ਼ਬਦ ਅਨੁਵਾਦ,ਭਾਵ ਅਨੁਵਾਦ,ਅਰਥ ਅਨੁਵਾਦ,ਛਾਇਆ ਅਨੁਵਾਦ,ਵਿਆਖਿਆ ਅਨੁਵਾਦ,ਸਾਰ ਅਨੁਵਾਦ,ਰੂਪਾਂਤਰਣ ਆਉਂਦੇ ਹਨ,ਵਿਸ਼ੇ ਨੂੰ ਫੇਰ ਦੋ ਹਿਸਿਆ ਵਿੱਚ ਰਖਿਆ,ਸਾਹਿਤਕ ਅਤੇ ਗੈਰ-ਸਾਹਿਤਕ,ਸਾਹਿਤਕ ਵਿੱਚ ਨਾਟਕ,ਕਵਿਤਾ,ਗਲਪ,ਵਾਰਤਕ,ਸਵੈ ਜੀਵਨੀ,ਆਲੋਚਨਾ ਸ਼ਾਮਿਲ ਹਨ।ਗੈਰ-ਸਾਹਿਤਕ ਵਿੱਚ ਵਿਗਿਆਨ ਅਤੇ ਤਕਨੀਕ,ਮਾਨਵੀ ਅਤੇ ਸਮਾਜ ਸਾਸ਼ਤਰੀ,ਸੰਚਾਰ ਆਦਿ ਸ਼ਾਮਿਲ ਹਨ।[4]

ਸ਼ਬਦ ਅਨੁਵਾਦ

[ਸੋਧੋ]

ਸ਼ਬਦ ਅਨੁਵਾਦ ਨੂੰ ਅੰਗ੍ਰੇਜੀ ਭਾਸ਼ਾ ਵਿੱਚ ਲਿਟਰਲ ਟਰਾਂਸਲੇਸ਼ਨ,ਵੇਰਬਲ ਟਰਾਂਸਲੇਸ਼ਨ,ਵਰਡ ਫ਼ਾਰ ਵਰਡ ਟਰਾਂਸਲੇਸ਼ਨ ਵੀ ਕਹਿੰਦੇ ਹਨ।ਸ਼ਬਦ ਅਨੁਵਾਦ ਦੇ ਵਿੱਚ ਅਨੁਵਾਦਕ ਦਾ ਮੂਲ ਭਾਸ਼ਾ ਦੇ ਹਰ ਸ਼ਬਦ ਉੱਪਰ ਧਿਆਨ ਜਾਂਦਾ ਹੈ। ਇਸ ਅਨੁਵਾਦ ਵਿੱਚ ਭਾਸ਼ਾ,ਸ਼ੈਲੀ,ਵਿਆਕਰਨ,ਕਾਵਿ-ਸਾਸ਼ਤਰ ਅਤੇ ਇਤਿਹਾਸਕ ਸੰਦਰਭਾਂ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਅਨੁਵਾਦਕ ਨੂੰ ਨਹੀਂ ਹੁੰਦੀ। ਸਰੋਤ ਭਾਸ਼ਾ ਦਾ ਇੰਨ-ਬਿੰਨ ਉਤਾਰਾ ਕਰਨਾ ਹੀ ਸ਼ਬਦ ਅਨੁਵਾਦ ਹੈ। ਇਹ ਉਪਰੋਂ ਜਿੰਨੀ ਸਰਲ ਲੱਗਦੀ ਹੈ,ਪਰ ਇਸਦਾ ਸੁਭਾਅ ਬਹੁਤ ਕਠਿਨ ਹੈ।ਇਸਦਾ ਜਿਆਦਾਤਰ ਪ੍ਰਯੋਗ ਧਾਰਮਿਕ ਗ੍ਰੰਥਾਂ ਲਈ ਕੀਤਾ ਜਾਂਦਾ ਹੈ।ਸਾਹਿਤ ਦੇ ਖੇਤਰ ਵਿੱਚ ਇਹ ਬਹੁਤਾ ਵਧੀਆ ਨਹੀਂ ਮੰਨਿਆ ਗਿਆ ਕਿਉਂਕਿ ਇੱਕ ਸ਼ਬਦ ਦੇ ਕਈ ਅਰਥ ਹੁੰਦੇ ਹਨ/ਹੋ ਸਕਦੇ ਹਨ।ਸਾਹਿਤਕ ਰਚਨਾ ਕਈ ਵਾਰ ਅਭਿਧਾ ਵਿੱਚ ਪੂਰੀ ਨਹੀਂ ਹੁੰਦੀ ਸਗੋਂ ਵਿਅੰਜਨਾ ੱਲਛਣ ਤੇ ਵਿਅੰਗ ਵਾਲੇ ਲੱਛਣ ਵੀ ਇਸਦੇ ਵਿੱਚ ਮੋਜੂਦ ਹੁੰਦੇ ਹਨ। ਮਿਸਾਲ ਦੇ ਤੋਰ ਤੇ-

  • He did not lose his head.
  • ਸ਼ਬਦ ਅਨੁਵਾਦ-ਓਸਨੇ ਆਪਣਾ ਸਿਰ ਨਹੀਂ ਖੋਇਆ।
  • ਸਹੀ ਅਨੁਵਾਦ-ਓਸਨੇ ਆਪਣਾ ਮਾਨਸਿਕ ਸੰਤੁਲਨ ਨਹੀਂ ਖੋਇਆ।
  • I am going to university.
  • ਸ਼ਬਦ ਅਨੁਵਾਦ-ਮੈਂ ਹਾਂ ਜਾ ਰਿਹਾ ਯੂਨੀਵਰਸਿਟੀ।
  • ਸਹੀ ਅਨੁਵਾਦ-ਮੈਂ ਯੂਨੀਵਰਸਿਟੀ ਜਾ ਰਿਹਾ ਹਾਂ।
  • His books were lying sixes and sevens.
  • ਸ਼ਬਦ ਅਨੁਵਾਦ-ਉਸਦੀਆਂ ਕਿਤਾਬਾਂ ਦੇ ਛੇ-ਛੇ ਅਤੇ ਸੱਤ-ਸੱਤ ਢੇਰ ਲੱਗੇ ਸਨ।
  • ਸਹੀ ਅਨੁਵਾਦ-ਉਸਦੀਆਂ ਕਿਤਾਬਾਂ ਖਿਲਰੀਆਂ ਪਾਈਆਂ ਸਨ।

ਪਰ ਕਈ ਵਾਰ ਇਹ ਅਨੁਵਾਦ ਸਾਹਿਤ ਦੇ ਕੁਝ ਵਾਕਾਂ ਵਿੱਚ ਸਹੀ ਵੀ ਉਤਰਦਾ ਹੈ ਜਿਵੇਂ ਅਸੀਂ ਦੇਖ ਸਕਦੇ ਹਾਂ-

  • Two and two make four.
  • ਸ਼ਬਦ ਅਨੁਵਾਦ- ਦੋ ਅਤੇ ਦੋ ਚਾਰ ਹੁੰਦੇ ਹਨ।
  • The sun rises in the east.
  • ਸ਼ਬਦ ਅਨੁਵਾਦ- ਸੂਰਜ ਪੂਰਬ ਤੋਂ ਨਿਕਲਦਾ ਹੈ।

ਇਸ ਤਰ੍ਹਾਂ ਕਈ ਥਾਵਾਂ ਉੱਪਰ ਇਹ ਅਨੁਵਾਦ ਸਫ਼ਲ ਹੁੰਦਾ ਹੈ,ਤੇ ਕਈ ਵਾਰ ਇਹ ਆਪਣਾ ਸੰਤੁਲਨ ਖੋ ਕੇ ਹਾਸੋ-ਹੀਣਾ ਹੋ ਨਿਬੜਦਾ ਹੈ।ਇਹ ਅਨੁਵਾਦ ਵਪਾਰ,ਤਕਨੀਕ,ਸੰਗੀਤ,ਵਿਗਿਆਨ ਦੇ ਪੱਧਰ ਤੇ ਸਹੀ ਮੰਨਿਆ ਜਾਂਦਾ ਹੈ।ਸੰਗੀਤ ਦੇ ਸੁਰ ਜਿਵੇਂ ਸਾ,ਰੇ,ਗਾ,ਮਾ ਵਿੱਚ ਅਸੀਂ ਸ਼ਬਦ ਅਨੁਵਾਦ ਦਾ ਹੀ ਪ੍ਰਯੋਗ ਕਰਾਂਗੇ।[5]

ਭਾਵ ਅਨੁਵਾਦ

[ਸੋਧੋ]

ਜਿਵੇਂ ਕਿ ਨਾਮ ਤੋਂ ਹਿ ਸਪਸ਼ਟ ਹੈ ਕਿ ਭਾਵਾਂ ਦੀ ਅਭਿਵਿਅਕਤੀ ਕਰਨੀ,ਇਸ ਪ੍ਰਕਾਰ ਦੇ ਅਨੁਵਾਦ ਵਿੱਚ ਮੂਲ ਭਾਸ਼ਾ ਦੇ ਸ਼ਬਦ,ਵਾਕੰਸ਼,ਵਾਕ ਆਦਿ ਤੇ ਧਿਆਨ ਨਾ ਦੇ ਕੇ ਭਾਵ,ਅਰਥ,ਵਿਚਾਰ ਉੱਪਰ ਧਿਆਨ ਕੇਂਦਰਿਤ ਹੁੰਦਾ ਹੈ ਅਤੇ ਉਸਨੂੰ ਲਕਸ਼ ਭਾਸ਼ਾ ਵਿੱਚ ਪੇਸ਼ ਕਰਨਾ ਜਿਵੇਂ ਸ਼ਬਦ ਅਨੁਵਾਦ ਵਿੱਚ ਅਨੁਵਾਦ ਦਾ ਧਿਆਨ ਮੂਲ ਸਮਗਰੀ ਦੇ ਸਰੀਰ ਉੱਤੇ ਹੁੰਦਾ ਹੈ,ਉਥੇ ਭਾਵ ਅਨੁਵਾਦ ਦਾ ਧਿਆਨ ਆਤਮਾ ਦੇ ਉੱਪਰ ਕੇਂਦਰਿਤ ਹੁੰਦਾ ਹੈ।ਅੰਗਰੇਜੀ ਵਿੱਚ ਇਸਨੂੰ sense of sense ਅਤੇ free translation ਵੀ ਕਹੰਦੇ ਹਨ।ਅਜਿਹਾ ਅਨੁਵਾਦ ਕੋਸ਼ਗਤ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਸਿਰਫ ਸ਼ਬਦਾਂ ਦੇ ਸਥਾਪਨ ਤੋਂ ਹੀ ਕਾਰਜ ਨਹੀਂ ਚਲਦਾ ਸ਼ਬਦਾਂ ਦੇ ਨਾਲ-ਨਾਲ ਭਾਵਨਾ ਵੀ ਜੁੜੀ ਰਹਿੰਦੀ ਹੈ ਅਤੇ ਉਸਨੂੰ ਵੀ ਲਕਸ਼ ਭਾਸ਼ਾ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ।ਭਾਵ ਅਨੁਵਾਦ ਵਿੱਚ ਅਨੁਵਾਦਕ ਨੂੰ ਰਚਨਾ ਘਟਾਉਣ ਵਧਾਉਣ ਦੀ ਖੁੱਲ ਹੁੰਦੀ ਹੈ।[6]

ਮੋਟੇ ਤੋਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਰਸ਼ ਅਨੁਵਾਦ ਓਹ ਹੁੰਦਾ ਹੈ ਜੋ ਸ਼ਬਦ ਅਨੁਵਾਦ ਅਤੇ ਭਾਵ ਅਨੁਵਾਦ ਦੋਨਾਂ ਪਰਿਸਥਿਤੀਆਂ ਨੂੰ ਆਪਣਾ ਕੇ ਮੂਲ ਭਾਵ ਦੇ ਨਾਲ-ਨਾਲ ਮੂਲ ਸ਼ੈਲੀ ਨੂੰ ਵੀ ਆਪਣੇ ਵਿੱਚ ਉਤਾਰ ਲੈਂਦਾ ਹੈ ਅਤੇ ਨਾਲ ਹੀ ਲਕਸ਼ ਭਾਸ਼ਾ ਦੀ ਸਹਿਜ ਪ੍ਰਕ੍ਰਿਤੀ ਦਾ ਵੀ ਸੰਤੁਲਨ ਬਣਾਈ ਰੱਖਦਾ ਹੈ।[7] ਉਦਾਹਰਣ ਦੇ ਤੋਰ ਤੇ-

  • ਮੂਲ ਭਾਸ਼ਾ -the girl who fell from the bulding died in the hospital.
  • ਸ਼ਬਦ ਅਨੁਵਾਦ -ਓਹ ਕੁੜੀ ਜੋ ਮੰਜਿਲ ਤੋਂ ਗਿਰੀ ਸੀ,ਓਹ ਹਸਪਤਾਲ ਵਿੱਚ ਮਰ ਗਈ।
  • ਭਾਵ ਅਨੁਵਾਦ-ਮੰਜਿਲ ਤੋਂ ਗਿਰਨ ਵਾਲੀ ਕੁੜੀ ਹਸਪਤਾਲ ਵਿੱਚ ਮਰ ਗਈ।
  • ਮੂਲ ਭਾਸ਼ਾ-it would be stopping very low for him.
  • ਸ਼ਬਦ ਅਨੁਵਾਦ-ਇਹ ਉਸ ਲਈ ਨੀਚੇ ਝੁਕਣ ਵਾਲੀ ਗੱਲ ਸੀ।
  • ਭਾਵ ਅਨੁਵਾਦ-ਉਸ ਲਈ ਇਹ ਡੁੱਬ ਕੇ ਮਰਨ ਵਾਲੀ ਗੱਲ ਸੀ।[8]

ਛਾਇਆ ਅਨੁਵਾਦ

[ਸੋਧੋ]

ਕੁੱਝ ਵਿਦਵਾਨਾ ਨੇ ਛਾਇਆ ਅਨੁਵਾਦ ਨੂੰ 'ਮੂਲ ਮੁਕਤ' ਤੇ 'ਭਾਵ ਅਨੁਵਾਦ'ਦਾ ਵੀ ਨਾਮ ਦਿੱਤਾ ਹੈ। ਅਨੁਵਾਦਕ ਨੇ ਮੂਲ ਕ੍ਰਿਤ ਨੂੰ ਪੜ੍ਹ ਕੇ ਜੋ ਸਮਝਿਆ,ਅਨੁਭਵ ਕੀਤਾ ਅਤੇ ਜਿਹੜਾ ਪ੍ਰਭਾਵ ਗ੍ਰਹਿਣ ਕੀਤਾ ਓਹੀ ਛਾਇਆ ਅਨੁਵਾਦ ਹੈ। ਇਸ ਵਿੱਚ ਵੀ ਅਨੁਵਾਦਕ ਨੂੰ ਪੁਰਨ ਤੋਰ ਤੇ ਛੁੱਟ ਮਿਲਦੀ ਹੈ ਕਿ ਓਹ ਮੁੱਖ ਭਾਵ ਨੂੰ ਲੈ ਕੇ ਸੁੰਤਤਰ ਪਾਠ ਰਚਨਾ ਵੀ ਕਰ ਸਕੇ। ਇਸ ਅਨੁਵਾਦ ਵਿੱਚ ਮੂਲ ਪਾਠ ਦਾ ਪਰਛਾਵਾਂ ਨਾਂ ਮਾਤਰ ਹੀ ਹੁੰਦਾ ਹੈ ਮੂਲ ਭਾਸ਼ਾ ਦਾ ਕਥਨ,ਲਕਸ਼ ਭਾਸ਼ਾ ਦੀ ਸਮਾਜਿਕ ਸੰਸਕ੍ਰਿਤਕ ਪਰਿਸਥਿਤੀਆਂ ਦੇ ਅਨੁਰੂਪ ਵਿੱਚ ਕਰ ਲਿਆ ਜਾਂਦਾ ਹੈ। ਇਹ ਇੱਕ ਪ੍ਰਕਾਰ ਦਾ ਰੂਪਾਂਤਰਣ ਹੀ ਹੈ। ਜਿਸ ਵਿੱਚ ਨਾਮ,ਸਥਾਨ,ਵਾਤਾਵਰਣ ਆਦਿ ਨੂੰ ਬਦਲਿਆ ਜਾਂਦਾ ਹੈ,ਇਸ ਨਾਲ ਮੂਲ ਰਚਨਾ ਦਾ ਵਿਸ਼ਾ ਲੈ ਕੇ ਪਾਠਕਾਂ ਤੱਕ ਓਹਨਾਂ ਦੀ ਸਮਝ ਅਨੁਸਾਰ ਢਾਲ ਲਿਆ ਜਾਂਦਾ ਹੈ ਇਸ ਨਾਲ ਓਹ ਰਚਨਾ ਆਪਣੀ ਹੀ ਜਾਪਦੀ ਹੈ ਓਦਾਹਰਣ ਦੇ ਤੋਰ ਤੇ-jackson- ਜੈ ਕਿਸ਼ਨ,harry- ਹਰੀ ਬਣ ਜਾਵੇਗਾ,ਪੰਜਾਬੀ ਨਾਟਕ ਵਿੱਚ ਸੁਰਜੀਤ ਪਾਤਰ ਦੁਆਰਾ ੱਪਛਮੀ ਨਾਟਕ 'ਬਲੱਡ ਵੈਡਿੰਗ' ਨੂੰ 'ਅੱਗ ਦੇ ਕਲੀਰੇ' ਨਾਮ ਦੇ ਸਿਰਲੇਖ ਹੇਠ ਅਨੁਵਾਦ ਕੀਤਾ ਬਰਤੋਲ ਬਰੇਖਤ ਦਾ ਨਾਟਕ ਦਾ 'ਕਾਕੇਸ਼ੀਅਨ ਚਾਕ ਸਰਕਲ' ਨੂੰ ਸਤੀਸ਼ ਕੁਮਾਰ ਵਰਮਾ ਨੇ 'ਇੰਝ ਹੋਇਆ ਇਨਸਾਫ਼'ਦੇ ਸਿਰਲੇਖ ਹੇਠ ਅਨੁਵਾਦ ਕੀਤਾ।[9]

ਮਸ਼ੀਨੀ ਅਨੁਵਾਦ

[ਸੋਧੋ]

ਜਦੋਂ ਕਿਸੇ ਦੋ ਭਾਸ਼ਾਵਾਂ ਦੀ ਸਾਮੱਗਰੀ ਨੂੰ ਕੰਪਿਊਟਰ ਵਿੱਚ ਪਾਇਆ ਜਾਂਦਾ ਹੈ ਜਿਸ ਦੀ ਮਦਦ ਨਾਲ ਕੰਪਿਊਟਰ ਸਹੀ ਸ਼ਬਦ ਚੁਣ ਕੇ ਅਨੁਵਾਦ ਕਰਦਾ ਹੈ। ਜਿਹਨਾਂ ਦੋ ਭਾਸ਼ਾਵਾਂ ਨੂੰ ਆਪੋ ਵਿੱਚ ਅਨੁਵਾਦ ਕਰਨਾ ਹੋਵੇ ਉਨ੍ਹਾਂ ਦੀਆਂ ਕੁਝ ਪਹਿਲਾਂ ਅਨੁਵਾਦ ਕਿਤਾਬਾਂ ਜੋ ਦੋਵੇਂ ਭਾਸ਼ਾਵਾਂ ਵਿੱਚ ਮਿਲਦੀਆਂ ਹੋਣ ਉਨ੍ਹਾਂ ਨੂੰ ਕੰਪਿਊਟਰ ਵਿੱਚ ਪਾ ਦਿਓ। ਕੰਪਿਊਟਰ ਦੋਵੇਂ ਭਾਸ਼ਾਵਾਂ ਦੀ ਸਾਮਗਰੀ ਦੀ ਤੁਲਨਾ ਦੇ ਅਧਾਰ ਤੇ ਸ਼ਬਦਾਵਲੀ ਬਣਾ ਲਵੇਗਾ ਅਤੇ ਫਿਰ ਕੁਝ ਨਵਾਂ ਅਨੁਵਾਦ ਕਰਨ ਲਈ ਇਸ ਨੂੰ ਵਰਤੇਗਾ। ਭਾਵੇਂ ਇਸ ਅਨੁਵਾਦ ਵਿੱਚ ਵਿਆਕਰਨ ਠੀਕ ਨਹੀਂ ਹੁੰਦੀ, ਪਰ ਇਹ ਅਨੁਵਾਦ ਕੁਝ ਨਾ ਕੁਝ ਸਮਝ ਬਣਾਉਣ ਵਿੱਚ ਕੰਮ ਆਉਂਦਾ ਹੈ।

ਵਿਆਖਿਆ ਅਨੁਵਾਦ

[ਸੋਧੋ]

ਸਰੋਤ ਭਾਸ਼ਾ ਰਚਨਾ ਨੂੰ ਲਕਸ਼ ਭਾਸ਼ਾ ਵਿੱਚ ਯੋਗ ਤੇ ਲੋੜੀਂਦੀਆ ਟਿਪਣੀਆ ਅਤੇ ਉਦਾਹਰਨਾ ਦੇ ਕੇ ਅਨੁਵਾਦਿਤ ਰਚਨਾ ਵਿੱਚ ਵਿਸਥਾਰ ਕੀਤਾ ਜਾਂਦਾ ਹੈ।ਮੂਲ ਰਚਨਾ ਦੇ ਸੰਕਲਪਾ ਦੇ ਅਰਥਾਂ ਦੀ ਸਪਸ਼ਟਤਾ ਦੇ ਲਈ,ਇਸ ਅਨੁਵਾਦਤ ਰਚਨਾ ਦਾ ਅਕਾਰ ਮੂਲ ਰਚਨਾ ਦੇ ਵਿਸ਼ਾ ਵਸਤੂ,ਲੇਖਕ ਦੇ ਵਿਚਾਰ ਪ੍ਰਵਾਹ, ਸੰਦੇਸ਼ ਨੂੰ ਲਕਸ਼ ਭਾਸ਼ਾ ਵਿੱਚ ਸਰਲਤਾ ਤੇ ਸਪਸ਼ਟਤਾ ਸਹਿਤ ਅਨੁਵਾਦ ਦੇ ਪਾਠਕਾ ਤੱਕ ਭੇਜਣਾ ਹੈ।

ਸਾਰ ਅਨੁਵਾਦ

[ਸੋਧੋ]

ਇਹ ਵਿਆਖਿਆ ਅਨੁਵਾਦ ਦੀ ਵਿਰੋਧੀ ਪ੍ਰਵਿਰਤੀ ਦਾ ਅਨੁਵਾਦ ਹੈ। ਇਸ ਦਾ ਮੰਤਵ ਸਰਲ ਅਤੇ ਸੰਜਮ ਦੀ ਪ੍ਰਵਿਰਤੀ ਵਿੱਚ ਪੇਸ਼ ਕਰਨਾ ਹੈ,ਸਰੋਤ ਭਾਸ਼ਾ ਰਚਨਾ ਦੇ ਵਿਸ਼ਾ ਤੱਤ ਕੇਂਦਰੀ ਭਾਵ ਵਿੱਚ ਪ੍ਰਸਤੁਤ ਕਰਨਾ ਹੈ।ਸਾਰ ਰਚਨਾ ਦਾ ਮੂਲ ਰਚਨਾ ਦੇ ਪ੍ਰਸੰਗ ਨੂੰ ਸਖੇਪਿਤ ਰੂਪ ਵਿੱਚ ਪ੍ਰਸਤੁਤ ਕਰਨਾ,ਮੂਲ ਮਕਸਦ ਹੁੰਦਾ ਹੈ।ਚੰਗੀਆਂ ਰਚਨਾਵਾ ਚਾਹੇ ਗਦ ਹੋਣ ਚਾਹੇ ਪਦ ਰਚਨਾਵਾ ਹੋਣ ਓਹਨਾ ਦਾ ਜੋ ਸਾਰ ਪ੍ਰਸਤੁਤ ਕੀਤਾ ਜਾਂਦਾ ਹੈ,ਓਹ ਇਸ ਅਨੁਵਾਦ ਦੇ ਘੇਰੇ ਵਿੱਚ ਆਉਂਦਾ ਹੈ।ਪ੍ਰਾਚੀਨ ਰਚਨਾਵਾ ਦਾ ਆਧੁਨਿਕ ਭਾਸ਼ਾਵਾ ਵਿੱਚ ਪੁਨਰ ਵਿਆਖਿਆਨ ਵੀ ਸਾਰ ਅਨੁਵਾਦ ਦੇ ਵਿੱਚ ਮਿਲਦਾ ਜੁਲਦਾ ਇੱਕ ਵਿਸ਼ਿਸ਼ਿਟ ਪ੍ਰਕਾਰ ਹੈ।ਫਿਰ ਇਹ ਅਨੁਵਾਦ ਜਿਆਦਤਰ ਗੈਰ ਸਾਹਿਤਕ ਵਿਸ਼ਿਆ ਦਾ ਹੁੰਦਾ ਹੈ।ਜਿਵੇਂ ਲੋਕ ਸਭਾ ਦੇ ਵਾਦ ਵਿਵਾਦ ਦੀ ਸਮਗਰੀ ਦਾ ਅਨੁਵਾਦ, ਚੰਗੇ ਭਾਸ਼ਣਾ ਦਾ ਅਨੁਵਾਦ,ਵਿਚਾਰਾਂ,ਕਾਨਫਰੰਸਾ,ਪ੍ਰਸ਼ਾਸਨਿਕ ਕੰਮਾਂ ਤੇ ਪੱਤਰਕਾਰੀ ਆਦਿ ਦਾ ਅਨੁਵਾਦ ਕਰਨਾ ਇਸਦੇ ਘੇਰੇ ਵਿੱਚ ਸ਼ਾਮਿਲ ਹਨ।

ਰੂਪਾਂਤਰਣ ਅਨੁਵਾਦ

[ਸੋਧੋ]

ਰੂਪ+ਅੰਤਰ(ਭਾਵ ਰੂਪ ਬਦਲ ਦੇਣਾ) ਸਰੋਤ ਭਾਸ਼ਾ ਰਚਨਾ ਨੂੰ ਆਪਣੀ ਰੂਚੀ ਅਨੁਸਾਰ ਲਕਸ਼ ਭਾਸ਼ਾ ਦੇ ਵਸਤੂ ਯਥਾਰਥ ਸਹਿਤ ਰੂਪ ਤੇ ਭਾਸ਼ਾਈ ਪ੍ਰਕਿਰਤੀ ਦੇ ਅਨੁਕੂਲ ਕਰ ਦੇਣਾ ਹੈ। ਰੂਪਾਂਤਰਣ ਦੀ ਪ੍ਰੀਕ੍ਰਿਆ ਅਨੁਵਾਦ ਦੇ ਨਾਲੋਂ ਮੋਲਿਕ ਪ੍ਰਭਾਵ ਦੇ ਸਿਰਜਨਾ ਦੇ ਵਧੇਰੇ ਨਜਦੀਕ ਹੈ ਕਿਓਂਕਿ ਇਸ ਵਿੱਚ ਮੂਲ ਰਚਨਾ ਦੇ ਵਸਤੂ ਜਗਤ ਵਾਤਾਵਰਣ,ਪਾਤਰ-ਚਿਤਰਣ,ਭਾਸ਼ਾ (ਰੂਪ ਅਤੇ ਕਲਾ ਦੇ ਪੱਖ)ਸਾਹਿਤ ਨੂੰ ਲਕਸ਼ ਭਾਸ਼ਾਈ ਰੂਪ ਵਿੱਚ ਢਾਲ ਲਿਆ ਜਾਂਦਾ ਹੈ,ਇਸ ਨਾਲ ਲਕਸ਼ ਭਾਸ਼ਾ ਦੀ ਰਚਨਾਤਮਕ ਪ੍ਰਵਿਰਤੀ ਅਤੇ ਸਾਹਿਤ ਰੂਪ ਸਭਿਆਚਾਰਕ ਸੰਦਰਭ ਤੇ ਅਨੁਵਾਦ ਦਾ ਆਪਣਾ ਰਚਨਾ ਅਨੁਭਵ ਨਜ਼ਰ ਆਉਣ ਲਗਦਾ ਹੈ।

ਹਵਾਲੇ

[ਸੋਧੋ]
  1. Tribune Punjabi » News » ਭਾਸ਼ਾ ਦਾ ਗ਼ਲਬਾ ਤੇ ਅਨੁਵਾਦ
  2. ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:26
  3. a handbook of translation studies,bijay kumar das,p.g 27
  4. ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ.111
  5. ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ 112-115
  6. ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:117,
  7. ਅਨੁਵਾਦ ਕਾ ਵਿਆਕਰਨ,ਭੋਲਾ ਨਾਥ ਤਿਵਾੜੀ ਅਤੇ ਗਾਗਰੀ ਗੁਪਤ,ਪੰਨਾ ਨੰ:21
  8. ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:117
  9. ਅਨੁਵਾਦ ਕਿਯਾ ਹੈ?,ਮੰਜੁਲਾ ਦਾਸ,ਪੰਨਾ ਨੰ:29,