ਉਮਰ ਮੁਖ਼ਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮਰ ਮੁਖ਼ਤਾਰ

ਉਮਰ ਮੁਖ਼ਤਾਰ (1862-1931) ਲਿਬੀਆ ਦਾ ਇੱਕ ਲੜਾਕਾ ਸਰਦਾਰ ਸੀ। 1912 ਵਿੱਚ ਜਦੋਂ ਇਟਲੀ ਲਿਬੀਆ ਤੇ ਮੱਲ ਮਾਰਨ ਨੂੰ ਤੁਰਿਆ ਤੇ ਉਮਰ ਮੁਖ਼ਤਾਰ ਨੇ ਲੋਕਾਂ ਨੂੰ ਇਟਲੀ ਨਾਲ਼ ਲੜਨ ਲਈ ਤਿਆਰ ਕੀਤਾ। ਉਹ 20 ਵਰਿਆਂ ਤਕ ਇਟਲੀ ਨਾਲ਼ ਲੜਦਾ ਰਿਹਾ। 1931 ਚਿ ਫੜਨ ਤੋਂ ਮਗਰੋਂ ਇਟਲੀ ਦੀ ਹਕੂਮਤ ਨੇ ਉਹਨੂੰ ਫਾਂਸੀ ਦਿੱਤੀ।

ਜਨਮ[ਸੋਧੋ]

ਉਮਰ ਮੁਖ਼ਤਾਰ 1862 ਈ. ਲੀਬੀਆ ਦੇ ਇੱਕ ਪਿੰਡ ਜਨਜ਼ੋਰ ਚ ਪੈਦਾ ਹੋਇਆ ਸੀ।

ਗੁਰੀਲਾ ਜੰਗ[ਸੋਧੋ]

ਉਮਰ ਮੁਖ਼ਤਾਰ ਇੱਕ ਕੁਰਆਨ ਦਾ ਉਸਤਾਦ ਸੀ। ਉਹ ਬੱਚਿਆਂ ਨੂੰ ਕੁਰਾਨ ਅਤੇ ਕੁਰਾਨ ਦੇ ਜ਼ਰੀਏ ਵਿਗਿਆਨ ਪੜ੍ਹਾਉਂਦਾਸੀ। ਉਹ ਮਾਰੂਥਲੀ ਇਲਾਕਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਯੋਧਾ ਸੀ ਤੇ ਉਹ ਮਾਰੂਥਲਾਂ ਵਿੱਚ ਲੜਨ ਦੀਆਂ ਵਿਧੀਆਂ ਨੂੰ ਵੀ ਖ਼ੂਬ ਸਮਝਦਾ ਸੀ। ਉਸ ਨੇ ਇਲਾਕਾਈ ਭੂਗੋਲ ਦੇ ਬਾਰੇ ਆਪਣੀ ਜਾਣਕਾਰੀ ਦਾ ਜੰਗ ਵਿੱਚ ਇਟਲੀ ਦੀਆਂ ਫ਼ੌਜਾਂ ਦੇ ਖ਼ਿਲਾਫ਼ ਭਰਪੂਰ ਇਸਤੇਮਾਲ ਕੀਤਾ। ਉਹ ਅਕਸਰ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਇਤਾਲਵੀ ਫ਼ੌਜਾਂ ਤੇ ਹਮਲੇ ਕਰਦਾ ਤੇ ਫ਼ਿਰ ਮਾਰੂਥਲੀ ਇਲਾਕੇ ਵਿੱਚ ਗ਼ਾਇਬ ਹੋ ਜਾਂਦਾ। ਉਮਰ ਮੁਖ਼ਤਾਰ ਦੀਆਂ ਆਜ਼ਾਦੀ-ਪਸੰਦ ਟੁਕੜੀਆਂ, ਫ਼ੌਜੀ ਕਾਫ਼ਲਿਆਂ ਨੂੰ ਨਿਸ਼ਾਨਾ ਬਣਾਂਦੀਆਂ ਤੇ ਰਸਦ ਤੇ ਮੁਵਾਸਲਤ ਦੀ ਰਾਹ ਕੱਟ ਦਿੰਦੇ।

ਉਮਰ ਮੁਖ਼ਤਾਰ ਦੀ ਮਜ਼ਾਹਮਤੀ ਲਹਿਰ ਨੂੰ ਕਮਜ਼ੋਰ ਕਰਨ ਵਾਸਤੇ ਇਤਾਲਵੀਆਂ ਨੇ ਨਵੀਂ ਚਾਲ ਚਲੀ ਤੇ ਮਰਦਾਂ, ਔਰਤਾਂ ਤੇ ਬਚਿਆਂ ਨੂੰ ਕੈਂਪਾਂ ਵਿੱਚ ਬੰਦ ਕਰ ਦਿੱਤਾ। ਇਨ੍ਹਾਂ ਕੈਂਪਾਂ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਉਮਰ ਮੁਖ਼ਤਾਰ ਦੀ ਮਜ਼ਾਹਮਤੀ ਲਹਿਰ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਜਾਵੇ। ਇਨ੍ਹਾਂ ਕੈਂਪਾਂ ਚ 1 ਲੱਖ 25 ਹਜ਼ਾਰ ਲੋਕ ਕੈਦ ਸਨ ਜਿਨ੍ਹਾਂ ਵਿੱਚੋਂ ਦੋ ਤਿਹਾਈ ਸ਼ਹੀਦ ਹੋ ਗਏ। ਏਨੀ ਵੱਡੀ ਤਾਦਾਦ ਵਿੱਚ ਲੋਕਾਂ ਨੂੰ ਕੈਦ ਕਰਨ ਦੇ ਬਾਵਜੂਦ ਉਮਰ ਮੁਖ਼ਤਾਰ ਦੀ ਤਹਿਰੀਕ ਰੁਕੀ ਨਹੀਂ ਬਲਕਿ ਉਨ੍ਹਾਂ ਨੇ ਆਪਣੇ ਮੁਲਕ ਤੇ ਅਵਾਮ ਦੀ ਆਜ਼ਾਦੀ ਲਈ ਜੱਦੋ ਜਹਿਦ ਜਾਰੀ ਰੱਖੀ।

ਗ੍ਰਿਫ਼ਤਾਰੀ ਤੇ ਸ਼ਹਾਦਤ[ਸੋਧੋ]

ਗ੍ਰਿਫ਼ਤਾਰੀ

ਉਮਰ ਮੁਖ਼ਤਾਰ ਦੀ 20 ਸਾਲਾ ਜੱਦੋ ਜਹਿਦ ਉਸ ਵੇਲੇ ਖ਼ਤਮ ਹੋਈ ਜਦੋਂ ਉਹ ਇੱਕ ਜੰਗ ਚ ਜ਼ਖ਼ਮੀ ਹੋ ਗਿਆ ਅਤੇ ਇਤਾਲਵੀਆਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਵਕਤ ਉਸ ਦੀ ਉਮਰ 70 ਸਾਲ ਸੀ ਤੇ ਇਸਦੇ ਬਾਵਜੂਦ ਉਸ ਨੂੰ ਭਾਰੀ ਜ਼ੰਜ਼ੀਰਾਂ ਨਾਲ਼ ਬੰਨਿਆ ਗਿਆ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਗਈਆਂ। ਤਸ਼ੱਦੁਦ ਕਰਨ ਵਾਲੇ ਫ਼ੌਜੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਤੇ ਤਸ਼ੱਦੁਦ ਕੀਤਾ ਜਾਂਦਾ ਜਾਂ ਤਫ਼ਸ਼ੀਸ਼ ਕੀਤੀ ਜਾਂਦੀ ਤਾਂ ਉਹ ਅੱਖਾਂ ਵਿੱਚ ਅੱਖਾਂ ਪਾ ਕੇ ਕੁਰਆਨ ਮਜੀਦ ਦੀਆਂ ਆਇਤਾਂ ਤਲਾਵਤ ਕਰਦੇ ਰਹਿੰਦੇ।

ਇਨ੍ਹਾਂ ਤੇ ਇਟਲੀ ਦੀ ਇੱਕ ਫ਼ੌਜੀ ਅਦਾਲਤ ਚ ਮੁਕੱਦਮਾ ਚਲਾਇਆ ਗਿਆ ਤੇ ਮੌਤ ਦੀ ਸਜ਼ਾ ਸੁਣਾਈ ਗਈ। ਇਤਿਹਾਸਕਰ ਤੇ ਦਾਨਿਸ਼ਵਰ ਉਸ ਤੇ ਆਇਦ ਮੁਕੱਦਮੇ ਤੇ ਅਦਾਲਤ ਦੀ ਨਿਰਪੱਖਤਾ ਨੂੰ ਸ਼ੱਕ ਦੀ ਨਿਗਾਹ ਨਾਲ਼ ਵੇਖਦੇ ਹਨ। ਜਦੋਂ ਉਨ੍ਹਾਂ ਕੋਲੋਂ ਆਖ਼ਰੀ ਖ਼ਾਹਿਸ਼ ਪੁੱਛੀ ਗਈ ਤਾਂ ਉਸ ਨੇ "ਅਨਾਲਲਾ ਵਾਨਾ ਅਲੀਆ ਰਾਜੀਊਨ" ਪੜ੍ਹਿਆ।

ਉਮਰ ਮੁਖ਼ਤਾਰ ਨੂੰ 16 ਸਤੰਬਰ 1931 ਵਿੱਚ ਸਰੇਆਮ ਫਾਂਸੀ ਦਿੱਤੀ ਗਈ ਕਿਉਂਕਿ ਇਤਾਲਵੀ ਅਦਾਲਤ ਦਾ ਹੁਕਮ ਸੀ ਕਿ ਉਮਰ ਮੁਖ਼ਤਾਰ ਨੂੰ ਉਸ ਦੇ ਪੈਰੋਕਾਰਾਂ ਦੇ ਸਾਹਮਣੇ ਫਾਂਸੀ ਲਾਈ ਜਾਵੇ।

ਮਾਰੂਥਲ ਦਾ ਸ਼ੇਰ[ਸੋਧੋ]

ਅੱਜ ਕੱਲ੍ਹ ਉਮਰ ਮੁਖ਼ਤਾਰ ਦੀ ਮੂਰਤ ਲਿਬੀਆ ਦੇ ਦਸ ਦੀਨਾਰ ਦੇ ਨੋਟ ਤੇ ਛਪੀ ਹੋਈ ਹੈ। ਜਦਕਿ ਦੁਨੀਆ ਦੀ ਸਭ ਤੋਂ ਵੱਡੀ ਫ਼ਿਲਮੀ ਸਨਅਤ ਹਾਲੀਵੁੱਡ ਨੇ 1981 ਵਿੱਚ ਉਮਰ ਮੁਖ਼ਤਾਰ ਦੀ ਜ਼ਿੰਦਗੀ ਤੇ ਇੱਕ ਫ਼ਿਲਮ "ਮਾਰੂਥਲ ਦਾ ਸ਼ੇਰ" ਬਣਾਈ ਇਸ ਫ਼ਿਲਮ ਦਾ ਡਾਇਰੈਕਟਰ ਮੁਸਤਫ਼ਾ ਅਲਾਕਾਦ ਸੀ, ਫ਼ਿਲਮ ਚ ਉਮਰ ਮੁਖ਼ਤਾਰ ਦਾ ਕਿਰਦਾਰ ਉਂਥੋਨੀ ਕੂਈਨ ਨੇ ਅਦਾ ਕੀਤਾ।