ਕਨ੍ਹੱਈਆ ਮਿਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਨ੍ਹਈਆ ਦੀ ਮਿਸਲ ਤੋਂ ਰੀਡਿਰੈਕਟ)

ਕਨਹਈਆ ਮਿਸਲ ਦੀ ਸਥਾਪਨਾ ਸਰਦਾਰ ਜੈ ਸਿੰਘ ਨੇ ਕੀਤੀ ਜੋ ਕਿ ਲਾਹੌਰ ਦੇ ਦੱਖਣ-ਪੱਛਮ ਵੱਲ 15 ਮੀਲ ਦੇ ਫ਼ਾਸਲੇ ਉੱਤੇ ਸਥਿਤ ਪਿੰਡ ਕਾਹਨਾ ਦਾ ਰਹਿਣ ਵਾਲਾ ਸੀ। ਜੈ ਸਿੰਘ ਨੇ 1739 ਦੇ ਕਰੀਬ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਦੀ ਚੜ੍ਹਤ ਦੇਖ ਕੇ ਖੰਡੇ ਦਾ ਪਾਹੁਲ ਸਰਦਾਰ ਕਪੂਰ ਸਿੰਘ ਕੋਲੋਂ ਅੰਮ੍ਰਿਤਸਰ ਵਿਖੇ ਲਿਆ।ਸਰਦਾਰ ਜੈ ਸਿੰਘ ਨੇ 1749 ਦੇ ਕਰੀਬ 400 ਘੋੜ-ਸੁਆਰ ਇਕੱਠੇ ਕਰ ਲਏ ਸਨ।

1754 ਵਿੱਚ ਜੈ ਸਿੰਘ ਦਾ ਭਰਾ ਝੰਡਾ ਸਿੰਘ ਰਾਵਲਕੋਟ ਦੇ ਸ੍ਰ: ਨਿਧਾਨ ਸਿੰਘ ਹੱਥੋਂ ਆਪਸੀ ਲੜਾਈ ਵਿੱਚ ਮਾਰਿਆ ਗਿਆ। ਜੈ ਸਿੰਘ ਨੇ ਝੰਡਾ ਸਿੰਘ ਦੀ ਪੱਤਨੀ ਦੇਸਾਂ ਉੱਤੇ ਚੱਦਰ ਪਾ ਲਈ ਹਾਲਾਂਕਿ ਜੈ ਸਿੰਘ ਪਹਿਲਾਂ ਹੀ ਹਮੀਰ ਸਿੰਘ ਨਾਭਾ ਦੀ ਸਪੁੱਤਰੀ ਨਾਲ ਵਿਆਹਿਆ ਹੋਇਆ ਸੀ। ਝੰਡਾ ਸਿੰਘ ਦੇ ਇਲਾਕੇ ਵੀ ਜੈ ਸਿੰਘ ਦੇ ਕਬਜ਼ੇ ਹੇਠ ਆ ਗਏ। ਹੁਣ ਜੈ ਸਿੰਘ ਦੀ ਗਿਣਤੀ ਵੱਡੇ ਸਰਦਾਰਾਂ ਵਿੱਚ ਹੋਣ ਲੱਗ ਪਈ ਸੀ। ਉਸ ਨੇ ਨਾਗ, ਮੁਕੇਰੀਆਂ, ਹਾਜੀਪੁਰ, ਪਠਾਨਕੋਟ, ਧਰਮਕੋਟ ਤੇ ਸੁਜਾਨਪੁਰ ਆਦਿ ਉੱਤੇ ਵੀ ਕਬਜ਼ਾ ਕਰ ਲਿਆ। ਹੁਣ ਦੂਰ-ਦੂਰ ਦੇ ਪਹਾੜੀ ਰਾਜੇ ਜਿਵੇਂ ਕਿ ਕਾਂਗੜਾ, ਨੂਰਪੁਰ, ਦਾਤਾਰਪੁਰ ਆਦਿ ਉਸ ਨੂੰ ਨਜ਼ਰਾਨੇ ਭੇਂਟ ਕਰਦੇ ਸਨ।

1774 ਵਿੱਚ ਜੈ ਸਿੰਘ ਨੇ ਅੰਮ੍ਰਿਤਸਰ ਵਿੱਚ ਕਟੜਾ (ਬਾਜ਼ਾਰ) ਬਣਵਾਇਆ ਜਿਸ ਨੂੰ ਕਟੜਾ ਕਨਹਈਆ ਕਿਹਾ ਜਾਂਦਾ ਸੀ। 1782 ਵਿੱਚ ਰਾਜਾ ਸੰਸਾਰ ਚੰਦ ਕਾਂਗੜੇ ਦਾ ਰਾਜਾ ਬਣਿਆਂ। ਉਹ ਕਾਂਗੜੇ ਦੇ ਕਿਲ੍ਹੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਕਈ ਵਾਰ ਕਿਲ੍ਹੇ ਉੱਤੇ ਹਮਲਾ ਕੀਤਾ ਪਰ ਕਾਮਯਾਬੀ ਨਾ ਮਿਲੀ। ਸੈਫ਼ ਅਲੀ ਖ਼ਾਨ ਦੀ ਮੌਤ ਉੱਪਰੰਤ ਇੱਕ ਵਾਰੀ ਫਿਰ ਸੰਸਾਰ ਚੰਦ ਨੇ ਕਿਲ੍ਹੇ ਉੱਤੇ ਹਮਲਾ ਕੀਤਾ ਪਰ ਕਿਲ੍ਹੇ ਉੱਤੇ ਕਬਜ਼ਾ ਨਾ ਕਰ ਸਕਿਆ। ਉਸ ਨੇ ਜੈ ਸਿੰਘ ਕਨਹਈਆ ਤੋਂ ਇਮਦਾਦ ਮੰਗੀ। ਜੈ ਸਿੰਘ ਨੇ ਆਪਣੇ ਸਪੁੱਤਰ ਗੁਰਬਖ਼ਸ਼ ਸਿੰਘ ਨੂੰ ਕੁਝ ਯੋਧਿਆਂ ਸਮੇਤ ਭੇਜਿਆ ਅਤੇ ਨਾਲ ਹੀ ਸਰਦਾਰ ਬਘੇਲ ਸਿੰਘ ਰਵਾਨਾ ਹੋਇਆ। ਇਸੇ ਸਾਲ ਹੀ ਜੈ ਸਿੰਘ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਰਹੇ ਖ਼ਾਸ ਦੋਸਤ ਹਕੀਕਤ ਸਿੰਘ ਦੀ ਮੌਤ ਹੋ ਗਈ। ਖਾਲਸਾ ਫੌਜ ਦੀ ਮਦਦ ਨਾਲ ਕਾਂਗੜੇ ਦਾ ਕਿਲ੍ਹਾ ਫ਼ਤਿਹ ਹੋ ਗਿਆ। ਜੈ ਸਿੰਘ ਦੀ 1793 ਵਿੱਚ ਮੌਤ ਹੋਈ। ਉਹ ਉਸ ਸਮੇਂ 81 ਸਾਲ ਦਾ ਸੀ। ਕਨਹਈਆ ਮਿਸਲ ਦਾ ਕੰਟਰੋਲ ਸਰਦਾਰ ਜੈ ਸਿੰਘ ਦੀ ਨੂੰਹ ਰਾਣੀ ਸਦਾ ਕੌਰ ਕੋਲ ਚਲਾ ਗਿਆ (ਸਦਾ ਕੌਰ ਦੇ ਪਤੀ ਗੁਰਬਖ਼ਸ਼ ਸਿੰਘ ਦੀ 1785 ਵਿੱਚ ਅਚਲ ਬਟਾਲਾ ਵਿਖੇ ਹੋਈ ਲੜਾਈ ਵਿੱਚ ਮੌਤ ਹੋ ਗਈ ਸੀ)। ਰਾਣੀ ਸਦਾ ਕੌਰ ਨੇ ਆਪਣੀ ਬੇਟੀ ਮਹਿਤਾਬ ਕੌਰ ਦੀ ਸ਼ਾਦੀ ਸ਼ੁਕਰਚਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕੀਤੀ ਤੇ ਦੋਹਾਂ ਮਿਸਲਾਂ ਦੇ ਵਿਆਹਕ ਸੰਬੰਧਾਂ ਨੇ ਦੋਹਾਂ ਮਿਸਲਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ। ਹਕੀਕਤ ਸਿੰਘ ਦੀ ਪੋਤੀ ਚੰਦ ਕੌਰ (ਬੇਟੀ ਸਰਦਾਰ ਜੈਮਲ ਸਿੰਘ) ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸਪੁੱਤਰ ਕੰਵਰ ਖੜਕ ਸਿੰਘ ਨਾਲ ਹੋਈ। ਜੈਮਲ ਸਿੰਘ ਦਾ 1812 ਵਿੱਚ ਦੇਹਾਂਤ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਜੈਮਲ ਸਿੰਘ ਦਾ ਸਾਰਾ ਖ਼ਜ਼ਾਨਾ ਜੋ ਕਿ ਉਸ ਨੇ ਫ਼ਤਿਹਗੜ੍ਹ ਦੇ ਕਿਲ੍ਹੇ ਵਿੱਚ ਰੱਖਿਆ ਹੋਇਆ ਸੀ, ਉੱਤੇ ਕਬਜ਼ਾ ਕਰ ਲਿਆ। ਉਸ ਦੇ ਸਾਰੇ ਇਲਾਕੇ ਪ੍ਰਿੰਸ ਖੜਕ ਸਿੰਘ ਦੇ ਨਾਂ ਕਰ ਦਿੱਤੇ ਗਏ। ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦੀ ਹੈਸੀਅਤ ਰੱਖਣ ਵਾਲੀ ਰਾਣੀ ਸਦਾ ਕੌਰ ਦੇ ਇਲਾਕੇ ਵੀ ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਰਾਣੀ ਸਦਾ ਕੌਰ ਕੋਲੋਂ ਬਟਾਲਾ ਖੋਹ ਕੇ ਮਹਾਰਾਜੇ ਨੇ ਆਪਣੇ ਬੇਟੇ ਕੰਵਰ ਸ਼ੇਰ ਸਿੰਘ ਦੇ ਨਾਂ ਕਰ ਦਿੱਤਾ। ਰਾਣੀ ਚਾਹੁੰਦੀ ਸੀ ਕਿ ਉਹ ਕਨਹਈਆ ਮਿਸਲ ਦੀ ਸੁਤੰਤਰ ਰੂਪ ਵਿੱਚ ਸਰਦਾਰਨੀ ਬਣੀਂ ਰਹੇ ਪਰ ਜਦੋਂ ਮਹਾਰਾਜੇ ਨੇ ਦੇਖਿਆ ਕਿ ਰਾਣੀ ਖ਼ੁਫ਼ੀਆ ਤੌਰ ਉੱਤੇ ਸਰ ਚਾਰਲਸ ਮੈਟਕਾਫ਼ ਅਤੇ ਸਰ ਡੇਵਿਡ ਅਖ਼ਤਰਲੋਨੀ ਨਾਲ ਗੱਲਬਾਤ ਕਰ ਰਹੀ ਹੈ ਤਾਂ ਮਹਾਰਾਜੇ ਨੇ ਉਸ ਦੇ ਬਾਕੀ ਦੇ ਇਲਾਕੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਗਵਰਨਰਸ਼ਿੱਪ ਅਧੀਨ ਕਰ ਦਿੱਤੇ ਅਤੇ ਰਾਣੀ ਨੂੰ ਕੈਦ ਕਰ ਲਿਆ। ਉਸ ਦੀ 1832 ਵਿੱਚ ਹਿਰਾਸਤ ਵਿੱਚ ਹੀ ਮੌਤ ਹੋਈ।

ਹਵਾਲੇ[ਸੋਧੋ]