ਆਹਲੂਵਾਲੀਆ ਮਿਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ: ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈ: ਨੂੰ ਸ: ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ।ਜੱਸਾ ਸਿੰਘ ਆਹਲੂਵਾਲੀਆ (1718-1783) ਆਹਲੂਵਾਲੀਆ ਮਿਸਲ ਦੇ ਸਰਦਾਰ ਸਨ ਜਿਹਨਾਂ ਨੇ ਸਿੱਖ ਕੌਮ ਲਈ ਬੇਮਿਸਾਲ ਘਾਲਣਾ ਘਾਲੀ। ਉਹਨਾਂ ਦਾ ਜੀਵਨ-ਕਾਲ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ 1716 ਵਿੱਚ ਹੋਈ ਸ਼ਹਾਦਤ ਤੋਂ ਲੈ ਕੇ 1801 ਵਿੱਚ ਸਿੱਖ ਰਾਜ ਦੀ ਸਥਾਪਨਾ ਦੇ ਦਰਮਿਆਨ ਵਾਲਾ ਸੀ। ਸੁਲਤਾਨ-ਉਲ-ਕੌਮ ਦਾ ਜਨਮ ਲਾਹੌਰ ਨੇੜੇ ਪਿੰਡ ਆਹਲੂ ਵਿੱਚ ਹੋਇਆ ਸੀ ਜਿਸ ਦੀ ਮੋਹੜੀ ਉਹਨਾਂ ਦੇ ਪੁਰਖੇ ਸਰਦਾਰ ਸਦਾ ਸਿੰਘ ਨੇ ਗੱਡੀ ਸੀ ਜੋ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਅਨੁਆਈ ਸਨ। ਆਹਲੂ ਪਿੰਡ ਤੋਂ ਹੀ ਮਿਸਲ ਦਾ ਨਾਂ ਆਹਲੂਵਾਲੀਆ ਪੈ ਗਿਆ।ਸੰਨ 1748 ਨੂੰ ਹੋਏ ਸਰਬੱਤ ਖ਼ਾਲਸਾ ਵੇਲੇ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਪਣਾ ਜ਼ਾਨਸ਼ੀਨ ਨਿਯੁਕਤ ਕਰ ਦਿੱਤਾ।

ਇਸ ਤਰ੍ਹਾਂ ਨਵਾਬ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਆਪ ਦੇ ਰਾਜਨੀਤਿਕ ਜੀਵਨ ਦਾ ਅਰੰਭ ਹੋਇਆ ਅਤੇ ਛੇਤੀ ਹੀ ਆਪ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਦੇ ਨੇਤਾਵਾਂ ਵਿੱਚ ਹੋਣ ਲੱਗ ਪਈ। ਨਵਾਬ ਕਪੂਰ ਸਿੰਘ ਦੀ ਸਲਾਹ 'ਤੇ 1748 ਈ: ਨੂੰ ਉਸ ਸਮੇਂ ਤੱਕ ਹੋਂਦ ਵਿੱਚ ਆ ਚੁੱਕੇ 65 ਜਥਿਆਂ ਨੂੰ ਦੁਬਾਰਾ 11 ਜਥਿਆਂ ਵਿੱਚ ਵੰਡ ਦਿੱਤਾ ਗਿਆ ਅਤੇ 11 ਜਥਿਆਂ ਦੇ ਇਕੱਠ ਨੂੰ 'ਦਲ ਖਾਲਸਾ' ਦਾ ਨਾਂਅ ਦਿੱਤਾ ਗਿਆ। ਅਦਭੁੱਤ ਯੋਗਤਾ ਦੇ ਕਾਰਨ ਸਿੱਖਾਂ ਦਾ ਪ੍ਰਧਾਨ ਸੈਨਾਪਤੀ ਜੱਸਾ ਸਿੰਘ ਆਹਲੂਵਾਲੀਆ ਨੂੰ ਨਿਯੁਕਤ ਕੀਤਾ ਗਿਆ। 1761 ਈ: ਨੂੰ ਜੱਸਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਪਾਣੀਪਤ ਦੀ ਲੜਾਈ ਤੋਂ ਮੁੜ ਰਹੇ ਅਹਿਮਦ ਸ਼ਾਹ ਅਬਦਾਲੀ 'ਤੇ ਹਮਲਾ ਕਰਕੇ 2200 ਹਿੰਦੂ ਔਰਤਾਂ ਨੂੰ ਪਠਾਣਾਂ ਦੇ ਚੁੰਗਲ ਤੋਂ ਛੁਡਾ ਲਿਆ ਅਤੇ ਘਰੋ-ਘਰੀ ਪਹੁੰਚਾਇਆ।

5 ਫਰਵਰੀ 1762 ਈ: ਨੂੰ ਕੁੱਪ ਰੁਹੀੜਾ ਵਿੱਚ ਵਾਪਰੇ ਵੱਡੇ ਘੱਲੂਘਾਰੇ ਦੇ ਨਾਜ਼ੁਕ ਸਮੇਂ ਦੌਰਾਨ ਜੱਸਾ ਸਿੰਘ ਨੇ ਮੋਹਰੇ ਹੋ ਕੇ ਬੜੀ ਬਹਾਦਰੀ ਨਾਲ ਕੌਮ ਦੀ ਅਗਵਾਈ ਕੀਤੀ ਅਤੇ ਆਪ ਦੇ ਸਰੀਰ 'ਤੇ 22 ਫੱਟ ਲੱਗੇ। 1764 ਈ: ਨੂੰ ਖਾਲਸੇ ਨੇ ਸਰਹਿੰਦ ਦੇ ਗਵਰਨਰ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਜਿੱਤ ਲਿਆ। ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿੱਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1 ਮਾਰਚ 1783 ਈ: ਨੂੰ ਸਿੱਖ ਸਰਦਾਰਾਂ ਦੀਆਂ ਸੰਯੁਕਤ ਫੌਜਾਂ ਨੇ ਦਿੱਲੀ ਫਤਹਿ ਕਰ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਝੁਲਾਇਆ ਤਾਂ ਸੁਲਤਾਨ-ਉਲ-ਕੌਮ ਜੱਸਾ ਸਿੰਘ ਨੂੰ ਦੀਵਾਨੇ ਆਮ ਵਿੱਚ ਬਾਦਸ਼ਾਹ ਘੋਸ਼ਿਤ ਕੀਤਾ ਗਿਆ। ਬਾਅਦ ਵਿੱਚ ਇੱਕ ਮਤੇ ਅਨੁਸਾਰ ਸ: ਬਘੇਲ ਸਿੰਘ ਨੂੰ ਉਹਨਾਂ ਦੀ ਫੌਜ ਨਾਲ ਗੁਰਦੁਆਰਿਆਂ ਦੀ ਭਾਲ ਕਰਨ ਅਤੇ ਬਣਾਉਣ ਲਈ ਕੁਝ ਸਮਾਂ ਦਿੱਲੀ ਛੱਡ ਕੇ ਬਾਕੀ ਸਿੰਘ ਆਪ ਸਮੇਤ ਵਾਪਸ ਪਰਤ ਆਏ। ਅੰਤ ਅਕਤੂਬਰ 1783 ਈ: ਨੂੰ 18ਵੀਂ ਸਦੀ ਦੇ ਲਾਸਾਨੀ ਜਰਨੈਲ, ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ ਆਪਣੇ ਕੋਈ ਔਲਾਦ ਨਾ ਹੋਣ ਕਾਰਨ ਇਲਾਕੇ ਦਾ ਪ੍ਰਬੰਧ ਸ: ਭਾਗ ਸਿੰਘ ਨੂੰ ਸੌਂਪ ਕੇ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ।