ਕੜਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਣਕ ਦਾ ਆਟਾ, ਘਿਉ ਤੇ ਖੰਡ ਨਾਲ ਬਣਾਏ ਖਾਣ ਪਦਾਰਥ ਨੂੰ ਕੜਾਹ ਕਹਿੰਦੇ ਹਨ। ਹੁਣ ਕਣਕ ਦੇ ਆਟੇ ਦੀ ਥਾਂ ਸੂਜੀ ਨਾਲ ਵੀ ਕੜਾਹ ਬਣਾਇਆ ਜਾਂਦਾ ਹੈ। ਕਈ ਕੜਾਹ ਨੂੰ ਹਲਵਾ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾ ਕੇ ਗੁਰੂਦਵਾਰੇ ਵਿਚ ਬੈਠੀ ਸੰਗਤ ਨੂੰ ਜੋ ਕੜਾਹ ਵਰਤਾਇਆ ਜਾਂਦਾ ਹੈ, ਵੰਡਿਆ ਜਾਂਦਾ ਹੈ, ਉਸ ਨੂੰ ਕੜਾਹ ਪਰਸ਼ਾਦ ਕਹਿੰਦੇ ਹਨ। ਦੇਗ ਵੀ ਕਹਿੰਦੇ ਹਨ। ਭੋਗ ਵੀ ਕਹਿੰਦੇ ਹਨ। ਕੁਣਕਾ ਪਰਸ਼ਾਦ ਵੀ ਕਹਿੰਦੇ ਹਨ। ਪਹਿਲਾਂ ਕੜਾਹ ਗੁੜ ਨਾਲ ਬਣਾਇਆ ਜਾਂਦਾ ਸੀ। ਬਰਾਤਾਂ ਦੀ ਸੇਵਾ ਤੇ ਆਏ ਗਏ ਦੀ ਸੇਵਾ ਵੀ ਗੁੜ ਨਾਲ ਬਣਾਏ ਕੜਾਹ ਨਾਲ ਕੀਤੀ ਜਾਂਦੀ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਸ਼ਰੀਕੇ ਕਬੀਲੇ ਨੂੰ ਰੋਟੀ ਵੀ ਗੁੜ ਤੇ ਕੜਾਹ ਨਾਲ ਖਵਾਈ ਜਾਂਦੀ ਸੀ। ਸ਼ਰੀਕੇ ਵਿਚ ਪਰੋਸਾ ਵੀ ਕੜਾਹ ਨਾਲ ਦਿੱਤਾ ਜਾਂਦਾ ਸੀ। ਪਹਿਲੇ ਸਮਿਆਂ ਵਿਚ ਮੀਂਹ ਪਵਾਉਣ ਲਈ ਯੱਗ ਵੀ ਕੜਾਹ ਨਾਲ ਕੀਤੇ ਜਾਂਦੇ ਸਨ।

ਕੜਾਹ ਬਣਾਉਣ ਲਈ ਕਣਕ ਦਾ ਆਟਾ, ਘਿਉ ਤੇ ਗੁੜ ਆਮ ਤੌਰ ਤੇ ਇਕੋ ਮਾਤਰਾ ਵਿਚ ਲਿਆ ਜਾਂਦਾ ਹੈ। ਤਿੰਨੇ ਵਸਤਾਂ ਇਕੋ ਜਿਹੀਆਂ ਲੈਣ ਕਰ ਕੇ ਬਣੇ ਕੜਾਹ ਨੂੰ ਤਿੰਨ ਮੇਲ ਦਾ ਕੜਾਹ ਕਹਿੰਦੇ ਹਨ। ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲ ਕੇ ਉਬਾਲਾ ਦਿੱਤਾ ਜਾਂਦਾ ਹੈ। ਇਸ ਉਬਾਲੇ ਪਾਣੀ ਨੂੰ ਚਾਸ ਕਹਿੰਦੇ ਹਨ। ਘਿਉ ਨੂੰ ਕੜਾਹੀ ਜਾਂ ਪਤੀਲੇ ਵਿਚ ਪਾ ਕੇ ਗਰਮ ਕੀਤਾ ਜਾਂਦਾ ਹੈ। ਫਿਰ ਘਿਉ ਵਿਚ ਆਟਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਭੁੰਨਿਆ ਜਾਂਦਾ ਹੈ। ਭੁੰਨੇ ਆਟੇ ਵਿਚ ਚਾਸ ਪਾਈ ਜਾਂਦੀ ਹੈ। ਬੱਸ, ਬਣ ਗਿਆ ਕੜਾਹ। ਜਿਸ ਕੜਾਹ ਵਿਚ ਚਾਸ ਜ਼ਿਆਦਾ ਪਾਈ ਜਾਂਦੀ ਹੈ, ਉਹ ਕੜਾਹ ਪਤਲਾ ਬਣਦਾ ਹੈ। ਪਤਲੇ ਬਣੇ ਕੜਾਹ ਨੂੰ ਗੋਈ/ ਲਾਪਸੀ ਕਹਿੰਦੇ ਸਨ।

ਹੁਣ ਘਰਾਂ ਵਿਚ ਕੜਾਹ ਘੱਟ ਹੀ ਬਣਦਾ ਹੈ। ਹੁਣ ਪ੍ਰਾਹੁਣਿਆਂ ਦੀ ਸੇਵਾ ਕੜਾਹ ਨਾਲ ਨਹੀਂ, ਸਗੋਂ ਸ਼ਰਾਬ ਤੇ ਮੀਟ ਨਾਲ ਕੀਤੀ ਜਾਂਦੀ ਹੈ। ਵਿਆਹਾਂ ਵਿਚ ਹੋਰ ਸਵੀਟ ਡਿਸ਼ਾਂ ਦੇ ਨਾਲ ਕਈ ਵੇਰ ਕੜਾਹ ਵੀ ਰੱਖਿਆ ਜਾਂਦਾ ਹੈ। ਪਰ ਇਹ ਕੜਾਹ ਸੂਜੀ ਨਾਲ ਜਾਂ ਮੂੰਗੀ ਦੇ ਆਟੇ ਨਾਲ ਬਣਾਇਆ ਹੁੰਦਾ ਹੈ, ਜਿਸ ਵਿਚ ਖੋਪਾ, ਦਾਖਾਂ, ਬਾਦਾਮ, ਕਾਜੂ ਆਦਿ ਪਾਏ ਹੁੰਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.