ਖ਼ੁਰਸ਼ੀਦ ਬਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖ਼ੁਰਸ਼ੀਦ ਬਾਨੋ ਪੰਜਾਬੀ ਫ਼ਿਲਮਾਂ ਦੀ ਪਹਿਲੀ ਅਦਾਕਾਰਾ ਸੀ। ਉਹ ਗਾਇਕਾ ਵੀ ਸੀ। ਖ਼ੁਰਸ਼ੀਦ ਬਾਨੋ ਦਾ ਜਨਮ 14 ਅਪਰੈਲ, 1914 ਨੂੰ ਤਹਿਸੀਲ ਚੂਨੀਆ, ਜ਼ਿਲ੍ਹਾ ਲਾਹੌਰ (ਹੁਣ ਜ਼ਿਲ੍ਹਾ ਕਸੂਰ) ਦੇ ਮੁਸਲਿਮ ਪੰਜਾਬੀ ਪਰਿਵਾਰ ਵਿੱਚ ਹੋਇਆ।[1]

ਫ਼ਿਲਮੀ ਸਫ਼ਰ[ਸੋਧੋ]

ਖ਼ੁਰਸ਼ੀਦ ਬਾਨੋ ਨੇ 1930 ਦੇ ਦਹਾਕੇ ਵਿੱਚ ਸਿਨੇਟੋਨ ਕੰਪਨੀ ਵੱਲੋਂ ਮਹਾਂ-ਪੰਜਾਬ (ਭਾਰਤ) ਦੀ ਪਹਿਲੀ ਬੋਲਦੀ ਪੰਜਾਬੀ ਫ਼ਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ ਵਿੱਚ "ਸਾਹਿਬਾਂ" ਦੀ ਭੂਮਿਕਾ ਅਦਾ ਕੀਤੀ।ਇਸ ਫ਼ਿਲਮ ਵਿੱਚ ਹੀਰੋ ਦਾ ਕਿਰਦਾਰ ਭਾਈ ਦੇਸੇ ਨੇ ਨਿਭਾਇਆ।[2] ਇਸ ਫ਼ਿਲਮ ਦੇ ਸੱਤ ਸਾਲਾਂ ਬਾਅਦ ਉਸਨੇ ਆਪਣੇ ਪਤੀ ਲਾਲਾ ਯਕੂਬ ਨਾਲ ਆਪਣੇ ਜ਼ਾਤੀ ਬੈਨਰ ਮਾਡਰਨ, ਪਿਕਚਰਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਪਟੋਲਾ’ (1942) ਬਣਾਈ। ਲਾਲਾ ਯਾਕੂਬ ਅਤੇ ਮੁਨੱਵਰ ਐੱਚ ਕਾਸਿਮ ਦੀ ਸਾਂਝੀ ਨਿਰਦੇਸ਼ਨਾ ’ਚ ਬਣੀ ਇਸ ਫ਼ਿਲਮ ਵਿੱਚ ਖ਼ੁਰਸ਼ੀਦ ਬਾਨੋ ਨੇ ‘ਮੀਰੋ’ ਦਾ ਮੁੱਖ ਕਿਰਦਾਰ ਅਦਾ ਕੀਤਾ। ਹੀਰੋ ਦੇ ਕਿਰਦਾਰ ਵਿੱਚ ਗੁੱਜਰਾਂਵਾਲੇ ਦਾ ਗੱਭਰੂ ਅਰੂਨ ਅਹੂਜਾ ਉਰਫ਼ ਗੁਲਸ਼ਨ ਸਿੰਘ ਅਹੂਜਾ (ਅੱਜ ਦੇ ਹੀਰੋ ਗੋਵਿੰਦਾ ਦੇ ਪਿਤਾ) ‘ਅਸਲਮ’ ਦਾ ਪਾਤਰ ਨਿਭਾ ਰਿਹਾ ਸੀ। ਅਰਸ਼ਦ ਗੁਜਰਾਤੀ, ਤਨਵੀਰ ਨਕਵੀ, ਜ਼ਮਾਨਬੀ ਵਰਗੇ ਅਜ਼ੀਮ ਨਗ਼ਮਾਗ਼ਿਾਰਾਂ ਦੇ ਲਿਖੇ 9 ਗੀਤ ਖ਼ੁਰਸ਼ੀਦ ਨੇ ਗਾਏ ਜੋ ਬੇਹੱਦ ਮਕਬੂਲ ਹੋਏ। ਇਹ ਫ਼ਿਲਮ ਸੁਪਰਹਿੱਟ ਰਹੀ। 1930ਵਿਆਂ ਦਾ ਦਹਾਕਾ ਖ਼ੁਰਸ਼ੀਦ ਲਈ ਇੰਤਹਾਈ ਚੜ੍ਹਤ ਦਾ ਵਰ੍ਹਾ ਸੀ। ਇਸ ਦੌਰਾਨ ਉਸ ਦੀਆਂ 17 ਫ਼ਿਲਮਾਂ ਰਿਲੀਜ਼ ਹੋਈਆਂ। ਖ਼ੁਰਸ਼ੀਦ ਦੀ ਪਹਿਲੀ ਹਿੰਦੀ ਫ਼ਿਲਮ ਨੈਸ਼ਨਲ, ਸਟੂਡੀਓ, ਲਾਹੌਰ ਦੀ ‘ਸਵਰਗ ਕੀ ਸੀੜੀ’ ਉਰਫ਼ ‘ਸਤੀ ਵਿਮਲਾ’ (1935) ਸੀ। ਇਸ ਤੋਂ ਬਾਅਦ ਉਸਨੇ ਮਹਾਂਲਕਸ਼ਮੀ ਸਿਨੇਟੋਨ, ਬੰਬਈ ਦੀਆਂ ‘ਚਿਰਾਗ-ਏ-ਹੁਸਨ’ ਤੇ ‘ਬੰਬ ਸ਼ੈੱਲ’ ਉਰਫ਼ ‘ਖ਼ਬਰਦਾਰ’ (1935), ਸਰੋਜ ਮੂਵੀਟੋਨ, ਬੰਬਈ ਦੀਆਂ ‘ਗੈਬੀ ਸਿਤਾਰਾ’ (1935), ‘ਐਲਾਨ-ਏ-ਜੰਗ’, ‘ਸਿਪਹਾਸਲਾਰ’ ਤੇ ‘ਕਿਮੀਆਗਰ’ (1936), ‘ਇਮਾਨ ਫ਼ਰੋਸ਼’ (1937), ‘ਮਧੁਰ ਮਿਲਨ’ ਤੇ ‘ਪ੍ਰੇਮ ਸਮਾਧੀ’ (1938) ਅਤੇ ‘ਮੁਰਾਦ’ (1939) ਕੀਤੀਆਂ। ਵੈਰਾਇਟੀ ਪਿਕਚਰਜ਼, ਬੰਬਈ ਦੀ ‘ਸ਼ੋਖ ਦਿਲਰੂਬਾ’ (1936) ’ਚ ਅਦਾਕਾਰ ਨਜ਼ੀਰ ਨਾਲ ਅਤੇ ਫ਼ਿਲਮ ‘ਸਾਕੀ’ (1937) ’ਚ ਜੈ ਰਾਜ ਨਾਲ ਅਦਾਕਾਰੀ ਕਰਕੇ ਸ਼ੋਹਰਤ ਪਾਈ। ਹਿੰਦੋਸਤਾਨ ਸਿਨੇਟੋਨ, ਬੰਬਈ ਦੀ ‘ਕੌਣ ਕਿਸੀਕਾ’, ਸੁਪਰ ਪਿਕਚਰਜ਼, ਬੰਬਈ ਦੀ ‘ਡਾਟਰਸ ਆਫ ਇੰਡੀਆ’ (1939), ਐਵਰੇਸਟ ਪਿਕਚਰਜ਼ ਆਫ, ਬੰਬਈ ਦੀ ਅਜਰਾ ਮੀਰ ਨਿਰਦੇਸ਼ਿਤ ‘ਸਿਤਾਰਾ’ (1939) ’ਚ ਆਸ਼ਿਕ ਹੂਸੈਨ ਨਾਲ ਅਦਾਕਾਰੀ ਕਰਨ ਦੇ ਨਾਲ-ਨਾਲ ਗੀਤ ਵੀ ਗਾਏ। ਸੁਦਾਮਾ ਪ੍ਰੋਡਕਸ਼ਨ, ਬੰਬਈ ਦੀ ਸਰਵੋਤਮ ਬਦਾਮੀ ਨਿਰਦੇਸ਼ਿਤ ‘ਆਪਕੀ ਮਰਜ਼ੀ’ ਉਰਫ਼ ‘ਐਜ਼ ਯੂ ਪਲੀਜ਼’ (1939) ਵਿੱਚ ਉਸਨੇ ‘ਮੰਜਰੀ’ ਦਾ ਕਿਰਦਾਰ ਅਦਾ ਕੀਤਾ।

ਮੌਤ[ਸੋਧੋ]

18 ਅਪਰੈਲ, 2001 ਨੂੰ ਕਰਾਚੀ, ਪਾਕਿਸਤਾਨ ਵਿੱਚ ਹਿੰਦ-ਪਾਕਿ ਫ਼ਿਲਮਾਂ ਦੀ ਮੁਮਤਾਜ਼ ਅਦਾਕਾਰਾ ਅਤੇ ਗੁਲੂਕਾਰਾ ਖ਼ੁਰਸ਼ੀਦ ਬਾਨੋ 87 ਸਾਲ ਦੀ ਉਮਰ ਵਿੱਚ ਵਫ਼ਾਤ ਪਾ ਗਈ।

ਹਵਾਲੇ[ਸੋਧੋ]

  1. "ਪੰਜਾਬੀ ਫ਼ਿਲਮਾਂ ਦੀ ਪਹਿਲੀ ਹੀਰੋਇਨ". Tribune Punjabi. 2018-07-27. Retrieved 2018-07-28. 
  2. ਮਨਦੀਪ ਸਿੰਘ ਸਿੱਧੂ (2018-05-04). "ਪੰਜਾਬੀ ਫ਼ਿਲਮਾਂ ਦਾ ਪਹਿਲਾ ਹੀਰੋ ਭਾਈ ਦੇਸਾ". Tribune Punjabi. Retrieved 2018-07-28.